ਅੰਮ੍ਰਿਤਸਰ, 30 ਅਗਸਤ (ਤਾਜੀਮਨੂਰ ਕੌਰ )ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੇ ਸ਼ਹੀਦੀ ਸਮਾਗਮ ਵਿੱਚ ਹੁੰਮ-ਹੁਮਾ ਕੇ ਪੁੱਜੋ। ਉਹਨਾਂ ਕਿਹਾ ਕਿ ਭਾਈ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਅਜੋਕੇ ਜ਼ਕਰੀਆ ਖਾਂ ਭਾਵ ਪੰਜਾਬ ਦੇ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਨੂੰ ਬੰਬ ਨਾਲ ਉਡਾ ਕੇ ਉਸ ਦੇ ਚੀਥੜੇ ਚੀਥੜੇ ਕਰ ਦਿੱਤੇ ਤੇ ਇਸ ਐਕਸ਼ਨ ਵਿੱਚ ਭਾਈ ਦਿਲਾਵਰ ਸਿੰਘ ਨੇ ਆਪਾ ਕੌਮ ਲਈ ਕੁਰਬਾਨ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਜੇਕਰ ਅੱਜ ਸਾਡੇ ਸਿਰਾਂ ਉੱਤੇ ਦਸਤਾਰਾਂ ਸ਼ੋਭਦੀਆਂ ਹਨ ਤਾਂ ਇਹ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਦੇਣ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿਹੁੰ ਜੋ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਸੀ, ਭਾਈ ਦਿਲਾਵਰ ਸਿੰਘ ਨੇ ਝੂਠੇ ਪੁਲੀਸ ਮੁਕਾਬਲੇ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਬੰਦ ਕਰਵਾਈ। ਉਹਨਾਂ ਕਿਹਾ ਕਿ ਭਾਈ ਦਿਲਾਵਰ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਲਈ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਲੰਬਾ ਸੰਘਰਸ਼ ਕੀਤਾ ਸੀ। ਉਹਨਾਂ ਕਿਹਾ ਕਿ ਭਾਈ ਦਿਲਾਵਰ ਸਿੰਘ ਦੇ ਭਰਾ ਸ. ਚਮਕੌਰ ਸਿੰਘ ਨੂੰ ਖਾਲਸਾ ਪੰਥ ਵੱਲੋਂ ਸਨਮਾਨ ਕਰਕੇ ਅਸੀਂ ਫ਼ਖ਼ਰ ਮਹਿਸੂਸ ਕਰਦੇ ਹਾਂ। ਉਹਨਾਂ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਉਹਨਾਂ ਦੇ ਸਾਥੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਆਦਿ ਸਿੰਘਾਂ ਦੀ ਕੁਰਬਾਨੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ