ਅੰਮ੍ਰਿਤਸਰ, 3 ਸਤੰਬਰ ( ਤਾਜੀਮਨੂਰ ਕੌਰ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਸ਼ਹੀਦੀ ਸਮਾਗਮ ‘ਚ 4 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੁੰਮ-ਹੁਮਾ ਕੇ ਪਹੁੰਚੋ, ਜਿੱਥੇ ਇਨ੍ਹਾਂ ਸੂਰਮਿਆਂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਧੁਰ ਕੀ ਬਾਣੀ ਦਾ ਕੀਰਤਨ ਹੋਵੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਇਹਨਾਂ ਸੂਰਮਿਆਂ ਨੇ ਹਿੰਦ ਸਰਕਾਰ ਵਿਰੁੱਧ ਹਥਿਆਰਬੰਦ ਲੜਾਈ ਲੜੀ ਅਤੇ ਫਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਕੀਤੀ। ਇਹ ਸੂਰਮੇ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਆਪਾ ਵਾਰ ਗਏ। ਅੱਜ ਜੇਕਰ ਸਾਡੇ ਸਿਰਾਂ ਉੱਤੇ ਕੇਸ ਅਤੇ ਦਸਤਾਰਾਂ ਸ਼ੋਭਦੀਆਂ ਹਨ ਤਾਂ ਇਹਨਾਂ ਸ਼ਹੀਦਾਂ ਦੀ ਦੇਣ ਹੈ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਚਾਰ ਮੈਂਬਰ ਵੀ ਸਰਕਾਰ ਨੇ ਪੂਹਲੇ ਕੈਟ ਰਾਹੀਂ ਸ਼ਹੀਦ ਕਰਵਾ ਦਿੱਤੇ ਸਨ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਇੱਕ ਭਰਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਭਾਈ ਰਣਜੀਤ ਸਿੰਘ ਨੇ ਬੀਤੇ ਕੱਲ੍ਹ ਹੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਭੈਣ ਬੀਬੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਪਤੀ ਦੇ ਹੋਏ ਐਕਸੀਡੈਂਟ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਬੀਬੀ ਸੁਰਿੰਦਰ ਕੌਰ ਦੇ ਪਤੀ ਦੀ ਮੌਤ ਹੋ ਗਈ ਅਤੇ ਬੀਬੀ ਜੀ ਦੀ ਲੱਤ ਟੁੱਟ ਗਈ ਤੇ ਉਹ ਜੇਰੇ ਇਲਾਜ ਹਸਪਤਾਲ ਦਾਖਲ ਹਨ।
Author: Gurbhej Singh Anandpuri
ਮੁੱਖ ਸੰਪਾਦਕ