ਅੰਮ੍ਰਿਤਸਰ, 5 ਸਤੰਬਰ ( ਤਾਜੀਮਨੂਰ ਕੌਰ ) ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਬੱਬਰ ਖ਼ਾਲਸਾ ਦੇ ਜੁਝਾਰੂ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ। ਇਹ ਮੰਗ ਕਰਦਿਆਂ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਭਰਾ ਸ. ਸਤਪਾਲ ਸਿੰਘ ਝੱਲੀਆਂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਨੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਨਾਲ ਹੀ 4 ਸਤੰਬਰ 1991 ਨੂੰ ਇੱਕ ਪੁਲਿਸ ਮੁਕਾਬਲੇ ‘ਚ ਸ਼ਹਾਦਤ ਦਾ ਜਾਮ ਪੀਤਾ ਸੀ। ਜਦੋਂ ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਗੀਤ ਗਾਇਆ ਜਿਸ ਵਿੱਚ ਭਾਈ ਜਟਾਣੇ ਦਾ ਜ਼ਿਕਰ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਹੀ ਸ਼ਹੀਦ ਭਾਈ ਜਟਾਣੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕਰ ਦਿੱਤੀ। ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਭਰਾ ਸ. ਸਤਪਾਲ ਸਿੰਘ ਨੇ ਕਿਹਾ ਕਿ ਭਾਈ ਜਟਾਣਾ ਅਤੇ ਭਾਈ ਚੰਨਾ ਦੋਵੇਂ ਗੂੜ੍ਹੇ ਦੋਸਤ ਸਨ, ਇਕੱਠੇ ਹੀ ਸੰਘਰਸ਼ ‘ਚ ਵਿਚਰੇ, ਐਕਸ਼ਨ ਕੀਤੇ ਅਤੇ ਇਕੱਠੇ ਹੀ ਸ਼ਹਾਦਤ ਪਾ ਕੇ ਪੰਥ ਲਈ ਆਪਾ ਵਾਰ ਗਏ। ਉਹਨਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਸਾਥੀ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਛੇਤੀ ਹੀ ਲਗਾਈ ਜਾਵੇ। ਸ. ਸਤਪਾਲ ਸਿੰਘ ਨੇ ਦੱਸਿਆ ਕਿ ਭਾਈ ਚਰਨਜੀਤ ਸਿੰਘ ਚੰਨਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਲਈ ਮੈਂ ਕਈ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਮਿਲਿਆ ਹਾਂ ਪਰ ਅਜੇ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਪੰਥਕ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਵਾਉਣ, ਅਸੀਂ ਧੰਨਵਾਦੀ ਹੋਵਾਂਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਨ੍ਹਾਂ ਸੂਰਮਿਆਂ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਤਿਕਾਰ ਬਹਾਲ ਰੱਖਦਿਆਂ ਅਤੇ ਫਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਲਈ ਸ਼ਹਾਦਤਾਂ ਪਾਈਆਂ ਹੋਣ ਉਹਨਾਂ ਦੀਆਂ ਤਸਵੀਰਾਂ ਅਜਾਇਬ ਘਰ ਵਿੱਚ ਲਗਵਾਉਣ ਲਈ ਸੰਘਰਸ਼ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸਗੋਂ ਸ਼੍ਰੋਮਣੀ ਕਮੇਟੀ ਨੂੰ ਖੁਦ ਇਹਨਾਂ ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਸਥਾਪਿਤ ਕਰ ਦੇਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਬਾਦਲ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਮਰ ਜਾਵੇ ਤਾਂ ਬਿਨਾਂ ਕਿਸੇ ਵੱਲੋਂ ਮੰਗ ਕੀਤਿਆਂ ਹੀ ਉਸ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਅਜਾਇਬ ਘਰ ਵਿੱਚ ਲਾ ਦਿੱਤੀ ਜਾਂਦੀ ਹੈ ਤੇ ਉਸ ਸ਼ਖਸੀਅਤ ਦੀ ਪੰਥ ਅਤੇ ਪੰਜਾਬ ਨੂੰ ਕੋਈ ਦੇਣ ਵੀ ਨਹੀਂ ਹੁੰਦੀ।
Author: Gurbhej Singh Anandpuri
ਮੁੱਖ ਸੰਪਾਦਕ