ਐਮ.ਪੀ. ਸਰਬਜੀਤ ਸਿੰਘ ਮਲੋਆ ਸਮੇਤ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਅੰਮ੍ਰਿਤਸਰ, 6 ਸਤੰਬਰ ( ਤਾਜੀਮਨੂਰ ਕੌਰ ) ਪੰਜਾਬ ਦੇ ਦਰਿਆਈ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਖ਼ਾਲਿਸਤਾਨੀ ਜੁਝਾਰੂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਦੇ ਸ਼ਹੀਦੀ ਦਿਹਾੜੇ ‘ਤੇ ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ, ਉਪਰੰਤ ਧੁਰ ਕੀ ਬਾਣੀ ਦਾ ਕੀਰਤਨ ਹੋਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਮਲੋਆ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਵਜੋਂ ਅਖੰਡ ਕੀਰਤਨੀ ਜਥਾ ਜਰਮਨੀ ਦੇ ਆਗੂ ਭਾਈ ਭੁਪਿੰਦਰ ਸਿੰਘ ਭਲਵਾਨ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਭਰਾ ਭਾਈ ਸਤਪਾਲ ਸਿੰਘ ਝੱਲੀਆਂ ਅਤੇ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੇ ਭਤੀਜੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਅੱਜ ਦੇ ਸ਼ਹੀਦੀ ਸਮਾਗਮ ‘ਚ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੇ ਆਉਣਾ ਸੀ ਪਰ ਐਕਸੀਡੈਂਟ ਵਿੱਚ ਉਹਨਾਂ ਦੀ ਭੈਣ ਬੀਬੀ ਸੁਰਿੰਦਰ ਕੌਰ ਦੀ ਲੱਤ ਟੁੱਟ ਗਈ ਅਤੇ ਭਣੋਈਏ ਸ. ਅਵਤਾਰ ਸਿੰਘ ਦੀ ਮੌਤ ਹੋ ਗਈ ਜੋ ਸਾਡੇ ਸਾਰਿਆਂ ਲਈ ਬਹੁਤ ਦੁੱਖਦਾਈ ਹੈ। ਉਹਨਾਂ ਦੱਸਿਆ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਭਾਈ ਚਰਨਜੀਤ ਸਿੰਘ ਚੰਨਾ ਦੀ ਤਸਵੀਰ ਲਗਾਉਣ ਦਾ ਵੀ ਭਰੋਸਾ ਦਿੱਤਾ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਇਹਨਾਂ ਸੂਰਮਿਆਂ ਨੇ ਹਿੰਦ ਸਰਕਾਰ ਵਿਰੁੱਧ ਹਥਿਆਰਬੰਦ ਲੜਾਈ ਲੜੀ ਅਤੇ ਫਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਕੀਤੀ। ਇਹ ਸੂਰਮੇ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਆਪਾ ਵਾਰ ਗਏ। ਅੱਜ ਜੇਕਰ ਸਾਡੇ ਸਿਰਾਂ ਉੱਤੇ ਕੇਸ ਅਤੇ ਦਸਤਾਰਾਂ ਸ਼ੋਭਦੀਆਂ ਹਨ ਤਾਂ ਇਹਨਾਂ ਸ਼ਹੀਦਾਂ ਦੀ ਦੇਣ ਹੈ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਚਾਰ ਮੈਂਬਰ ਵੀ ਸਰਕਾਰ ਨੇ ਪੂਹਲੇ ਕੈਟ ਰਾਹੀਂ ਸ਼ਹੀਦ ਕਰਵਾ ਦਿੱਤੇ ਸਨ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਇੱਕ ਭਰਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਅਤੇ ਖ਼ਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਨਾ ਇਹਨਾਂ ਜੁਝਾਰੂ ਸਿੰਘਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ, ਧਰਮ ਸਿੰਘ, ਰਾਜ ਸਿੰਘ ਸੁਲਤਾਨਵਿੰਡ, ਨਰਿੰਦਰ ਸਿੰਘ ਗਿੱਲ, ਮਾਸਟਰ ਬਲਦੇਵ ਸਿੰਘ, ਅਰਜਨ ਸਿੰਘ ਸ਼ੇਰਗਿੱਲ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ, ਦਿਲਜੀਤ ਸਿੰਘ ਗਿੱਲ, ਭਾਈ ਸੁਰਿੰਦਰ ਸਿੰਘ ਭੋਲਾ ਸਤਕੋਹਾ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ