Home » Uncategorized » ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ ‘ਲਕੀਰ’ ਦੇ ਕੁਝ ਚੋਣਵੇਂ ਲੇਖਾਂ ‘ਤੇ ਇਕ ਪੰਛੀ ਝਾਤ

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ ‘ਲਕੀਰ’ ਦੇ ਕੁਝ ਚੋਣਵੇਂ ਲੇਖਾਂ ‘ਤੇ ਇਕ ਪੰਛੀ ਝਾਤ

53 Views

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ ‘ਲਕੀਰ’ ਦੇ ਕੁਝ ਚੋਣਵੇਂ ਲੇਖਾਂ ‘ਤੇ ਇਕ ਪੰਛੀ ਝਾਤ ,ਜਿਹਨਾਂ ਦਾ ਸੰਬੰਧ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਨਾਲ ਹੈ

ਸ: ਗਜਿੰਦਰ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਹੈ । ਹਾਲੇ ਥੋੜ੍ਹੇ ਹਫ਼ਤੇ ਹੀ ਪਹਿਲਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਨ੍ਹਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਏ ਹਨ । ਜਦੋਂ ਵੀ ਕੋਈ ਦੁਸ਼ਮਨ ਤਾਕਤ ਕਿਸੇ ਕੌਮ ਨੂੰ ਬਰਬਾਦ ਕਰਨਾ ਜਾਂ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਸਭ ਤੋਂ ਪਹਿਲਾਂ, ਉਸ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਜਾਂ ਤਾਂ ਤਬਾਹ ਕਰ ਦਿੰਦੀ ਹੈ, ਜਾਂ (ਅਤੇ) ਉਨ੍ਹਾਂ ਦਾ ਮੌਲਿਕ ਸਰੂਪ ਬਦਲ ਦੇਂਦੀ ਹੈ, ਜਾਂ ਉਨ੍ਹਾਂ ‘ਤੇ ਕਬਜ਼ਾ ਕਰ ਲੈਂਦੀ ਹੈ । ਇਹ ਕਬਜ਼ਾ ਕਰਨ ਦੀ ਕਾਰਵਾਈ ਸਮੇਂ ਅਤੇ ਹਾਲਾਤ ਦੀ ਲੋੜ ਮੁਤਾਬਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕਦੇ ਤਾਕਤ ਦੀ ਸਿੱਧੀ ਵਰਤੋਂ ਕਰਕੇ, ਕਦੇ ਵਿੱਚ ਘੁਸਪੈਠ ਕਰਕੇ ਅਤੇ ਸਭ ਤੋਂ ਖ਼ਤਰਨਾਕ ਤਰੀਕਾ ਉਸ ਕੌਮ ਦੇ ਆਗੂਆਂ ਨੂੰ ਵੱਸ ਵਿੱਚ ਕਰਕੇ । ਹਿੰਦੂਤਵੀ ਸ਼ਕਤੀਆਂ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਮਿਟਾਉਣ ਲਈ ਕਿਵੇਂ ਬਾਨਣੂ ਬੰਨ ਰਹੀਆਂ ਹਨ, ਸ: ਗਜਿੰਦਰ ਸਿੰਘ ਨੇ ਆਪਣੇ ਲੇਖ ਸੰਗ੍ਰਹਿ ਲਕੀਰ ਵਿੱਚ ਜਿਥੇ ਹਿੰਦੂਤਵੀਆਂ ਦੇ ਉਕਤ ਹਮਲਿਆਂ ਤੋਂ ਬਚਣ ਲਈ ਪੰਥ ਨੂੰ ਕੁਝ ਸੁਝਾਅ ਦਿੱਤੇ ਹਨ, ਉਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ ਹੈ । ਸ: ਗਜਿੰਦਰ ਸਿੰਘ ਨੇ ਇਹ ਲੇਖ ਸੰਗ੍ਰਹਿ : ਧਰਤੀ ਉਤੇ ਪਹਿਲੀ ਖ਼ਾਲਸਈ ਹਕੂਮਤ ਕਰਨ, ਨਾਨਕਸ਼ਾਹੀ ਸਿੱਕੇ ਜਾਰੀ ਕਰਨ ਅਤੇ ਗੁਰੂ ਦੇ ਨਾਂ ਦੀ ਮੋਹਰ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਹੈ । ਲਕੀਰ ਲੇਖ ਸੰਗ੍ਰਿਹ ਦੇ ਦੱਸ ਪੰਨਿਆਂ ਦਾ ਬਹੁਤ ਹੀ ਭਾਵ ਪੂਰਤ ਮੁੱਖ ਬੰਦ ਮਾਣਯੋਗ ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਨੇ ਲਿਖਿਆ ਹੈ । ਦਾਸ ਨੇ ਹੱਥਲੇ ਲੇਖ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ, ਪਹਿਲੇ ਹਿੱਸੇ ਵਿੱਚ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ, ਬਿਪਰ ਸੰਸਕਾਰ ਅਤੇ ਸਿੱਖ ਸਿਆਸਤ – ਸਾਡਾ ਦ੍ਰਿਸ਼ਟੀਕੋਣ, ਲੇਖਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਦੂਜੇ ਹਿੱਸੇ ਵਿੱਚ ਮੁੱਖ ਬੰਦ ਵਿੱਚੋਂ ਕੁਝ ਮਹੱਤਵਪੂਰਨ ਅੰਸ਼, ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੇ ਜਾਣਗੇ । ਜਿਨ੍ਹਾਂ ਲੇਖਾਂ ਦਾ ਦਾਸ ਨੇ ਉੱਪਰ ਜ਼ਿਕਰ ਕੀਤਾ ਹੈ, ਉਨ੍ਹਾਂ ਦਾ ਕੇਵਲ ਸਾਰ ਅੰਸ਼ (ਸਮੁੱਚਾ ਲੇਖ ਨਹੀਂ) ਹੀ ਲਿਖਿਆ ਜਾਵੇਗਾ ।
ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ
ਮਾਰਚ 1988
ਸਿੰਘ ਸਾਹਿਬ ਜੀੳ, ਪੰਥ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਉੱਤੇ ਸਾਡੀ ਮੁਬਾਰਕਬਾਦ ਕਬੂਲ ਕਰੋ ।
ਆਪ ਜੀ ਹੁਣ ਸਮੁੱਚੇ ਪੰਥ ਲਈ ਸਾਂਝੀ ਸ਼ਖ਼ਸੀਅਤ ਹੋ । ਸਭ ਤੋਂ ਪਹਿਲੀ ਬੇਨਤੀ ਤਾਂ ਮੈਂ ਇਹੀ ਕਰਨੀ ਚਾਹਾਂਗਾ ਕਿ ਜਥੇਦਾਰ ਅਕਾਲ ਤਖ਼ਤ ਦੀ ਪਛਾਣ ਕਿਸੇ ਜਥੇ ਜਾਂ ਜਥੇਬੰਦੀ ਨਾਲ ਉਨ੍ਹਾਂ ਦੇ ਸਬੰਧਾਂ ਦੇ ਆਧਾਰ ‘ਤੇ ਨਹੀਂ ਰਹਿਣੀ ਚਾਹੀਦੀ । ਅਕਾਲ ਤਖ਼ਤ ਸਭ ਲਈ ਸਾਂਝਾ ਹੈ । ਸੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਇਕ ਸੰਪਰਦਾ ਜਾਂ ਧਿਰ ਦੇ ਵਿਚਾਰਾਂ ਜਾਂ ਫੈਸਲਿਆਂ ਨਾਲ ਨਹੀਂ ਜੁੜਨਾ ਚਾਹੀਦਾ । ਸੰਘਰਸ਼ ਕਰਦੀਆਂ ਜਥੇਬੰਦੀਆਂ ਦੇ ਸਮੇਂ ਦੀਆਂ ਸਰਕਾਰਾਂ ਨਾਲ ਸਮਝੌਤੇ ਹੁੰਦੇ ਅਤੇ ਟੁੱਟਦੇ ਰਹਿੰਦੇ ਹਨ ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ਕੀਤੇ ਹੋਏ ਸਮਝੌਤੇ ਵਿੱਚ ਸ਼ਾਮਿਲ ਹੋਣ ਜਾਂ ਉਸ ਉੱਤੇ ਤਈਦੀ ਦਸਤਖ਼ਤ ਹਰਗਿਜ਼ ਨਹੀਂ ਕਰਨੇ ਚਾਹੀਦੇ । ਜਥੇਦਾਰ ਸਾਹਿਬ ਨੂੰ ਲੋੜ ਪੈਣ ‘ਤੇ ਸਮੁੱਚੇ ਪੰਥਕ ਹਿੱਤਾਂ ਵਿੱਚ ਅਗਵਾਈ ਜਰੂਰ ਦੇਣੀ ਚਾਹੀਦੀ ਹੈ, ਪਰ ਕਿਸੇ ਧਿਰ ਜਾਂ ਧਿਰ ਵੱਲੋਂ ਕੀਤੇ ਹੋਏ ਸਮਝੌਤੇ ਦਾ ਪਾਬੰਦ ਨਹੀਂ ਹੋਣਾ ਚਾਹੀਦਾ ।
ਪੰਥ ਵਿੱਚ ਧਰਮ ਅਤੇ ਸਿਆਸਤ ਦਾ ਸੁਮੇਲ, ਪੰਥ ਦੇ ਆਗੂਆਂ ਨੂੰ ਕਿਸੇ ਵੀ ਹੋਰ ਕੌਮ ਦੇ ਆਗੂਆਂ ਨਾਲੋਂ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ । ਸਿਆਸਤ ਵਿੱਚ ਪਏ ਹੋਏ ਵੱਖਰੇਵਿਆਂ ਨੂੰ ਮੇਟਣਾ ਸੌਖਾ ਹੁੰਦਾ ਹੈ । ਪਰ ਧਰਮ-ਕਰਮ ਵਿੱਚ ਪਏ ਹੋਏ ਵੱਖਰੇਵੇਂ ਇਕ ਵਾਰ ਜੜ੍ਹ ਫੜ ਜਾਣ ਤਾਂ ਉਨ੍ਹਾਂ ਨੂੰ ਮੇਟਣਾ ਬਹੁਤ ਔਖਾ ਹੁੰਦਾ ਹੈ ।
ਅੰਤ ਵਿੱਚ ਮੈਂ ਇਹ ਵੀ ਸਪੱਸ਼ਟ ਕਰ ਦੇਣਾ ਆਪਣਾ ਫਰਜ਼ ਸਮਝਦਾ ਹਾਂ ਕਿ ਦਲ ਖ਼ਾਲਸਾ ਖਾਲਿਸਤਾਨ ਲਈ ਵਚਨਬੱਧ ਹੈ ਪਰ ਆਪਣੇ ਤੋਂ ਵੱਖ ਵਿਚਾਰ ਰੱਖਣ ਵਾਲਿਆਂ ਨੂੰ ਪੰਥ ਵਿਰੋਧੀ ਜਾਂ ਗ਼ਦਾਰ ਨਹੀਂ ਸਮਝਦਾ । ਅਸੀਂ ਪੰਥ ਦੀ ਪ੍ਰਵਾਨਤ ਮਰਿਯਾਦਾ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਦ੍ਰਿੜ ਯਕੀਨ ਰੱਖਦੇ ਹਾਂ । ਮੇਰੀ ਅਤੇ ਮੇਰੇ ਸਾਥੀਆਂ ਦੀ ਅਦਬ ਸਤਿਕਾਰ ਸਾਹਿਤ ਫ਼ਤਹਿ ਕਬੂਲ ਕਰੋ ।
ਗਜਿੰਦਰ ਸਿੰਘ
ਲਕੀਰ – ਪੰਨਾ 49-50-51
ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਦੀ ਨਾਮਜ਼ਦਗੀ
ਅਪ੍ਰੈਲ 1993
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਸਿੱਖ ਹਲਕਿਆਂ ਵਿੱਚ ਵਾਦ-ਵਿਵਾਦ ਦਾ ਵਿਸ਼ਾ ਬਣਿਆ ਆ ਰਿਹਾ ਹੈ । ਸਿੱਖਾਂ ਦੀਆਂ ਜਮਹੂਰੀ ਤੇ ਜੁਝਾਰੂ ਜਥੇਬੰਦੀਆਂ ਦੇ ਰੋਜ਼ ਹੀ ਨਵੇਂ ਬਿਆਨ ਅਤੇ ਸਿੱਖ ਲੇਖਕਾਂ ਦੇ ਲੇਖ ਇਸ ਵਿਸ਼ੇ ਤੇ ਪੜ੍ਹਨ ਨੂੰ ਮਿਲਦੇ ਹਨ । ਚੱਲ ਰਹੇ ਵਾਦ-ਵਿਵਾਦ ਦੇ ਦੌਰਾਨ ਹੀ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਜਥੇਦਾਰ ਵੀ ਨਾਮਜ਼ਦ ਕਰ ਦਿੱਤਾ ਗਿਆ ਹੈ । ਇਸ ਨਾਮਜ਼ਦਗੀ ਦਾ ਭਾਵੇਂ ਕੋਈ ਤਿੱਖਾ ਵਿਰੋਧ ਤਾਂ ਨਹੀਂ ਹੋਇਆ, ਪਰ ਅਸਹਿਮਤੀ ਦੀਆਂ ਸੁਰਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸੁਣਾਈ ਦਿੰਦੀਆਂ ਹਨ ।
ਵਾਦ-ਵਿਵਾਦ ਦੇ ਇਸ ਵਿਸ਼ੇ ਸਬੰਧੀ ਜੋ ਨੁਕਤੇ ਉਠਾਏ ਜਾ ਰਹੇ ਹਨ, ਉਨ੍ਹਾਂ ਵਿੱਚ ਮੁੱਖ ਨੁਕਤਾ ਇਹ ਹੈ ਕਿ, ਕੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਾਮਜ਼ਦ ਕਰਨ ਦਾ ਅਧਿਕਾਰ ਹੈ ? ਬਾਕੀ ਦੇ ਸਾਰੇ ਨੁਕਤੇ ਇਸ ਮੁੱਖ ਨੁਕਤੇ ਨਾਲ ਜੁੜੇ ਹੋਏ ਹਨ, ਜਿਵੇਂ ਕਿ ਕੀ ਸਰਬੱਤ ਖ਼ਾਲਸਾ ਵੱਲੋਂ ਜਥੇਦਾਰਾਂ ਦੀ ਨਾਮਜ਼ਦਗੀ ਦੀ ਕੋਈ ਚੱਲੀ ਆ ਰਹੀ ਪਰੰਪਰਾ ਹੈ ? ਅਤੇ ਅੱਜ ਦੇ ਹਾਲਾਤ ਵਿੱਚ ਜਥੇਦਾਰ ਦੀ ਚੋਣ ਤੇ ਨਾਮਜ਼ਦਗੀ ਕਿਵੇਂ ਕੀਤੀ ਜਾਵੇ ? ਆਦਿ ਆਦਿ । 1984 ਦੇ ਘੱਲੂਘਾਰੇ ਦੌਰਾਨ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਨੇਤਾਵਾਂ ਦਾ ਸ਼ੱਕੀ ਤੇ ਕਮਜ਼ੋਰ ਕਿਰਦਾਰ ਹੈ । 1984 ਦੇ ਘੱਲੂਘਾਰੇ ਤੋਂ ਪਹਿਲਾਂ ਤੱਕ ਸਿੱਖ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਵਉੱਚਤਾ ਰਹੀ ਹੈ ਅਤੇ ਧਾਰਮਿਕ ਮਾਮਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਰਬਉੱਚਤਾ ਨੂੰ ਆਪਣੇ ਘਰ ਬੈਠਕੇ ਭਾਵੇਂ ਕੋਈ ਮੰਨਣੋਂ ਇਨਕਾਰੀ ਹੋਇਆ ਹੋਵੇ ਪਰ ਖੁੱਲੇ੍ਹ-ਆਮ ਕਦੇ ਕਿਸੇ ਨੇ ਚੈਲਿੰਜ ਨਹੀਂ ਸੀ ਕੀਤਾ । ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਦਾ 1984 ਦੇ ਘੱਲੂਘਾਰੇ ਦੌਰਾਨ ਕਿਰਦਾਰ ਸਿੱਖ ਇਤਿਹਾਸ ਦੇ ਮਾਣਮੱਤੇ ਮਿਆਰ ਤੋਂ ਬਹੁਤ ਕਮਜ਼ੋਰ, ਬਹੁਤ ਨੀਵਾਂ ਰਿਹਾ ਹੈ । ਇਸ ਲੀਡਰਸ਼ਿੱਪ ਦੇ ਇਸੇ ਕਿਰਦਾਰ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਅਤੇ ਸਤਿਕਾਰ ਵਿੱਚ ਬਹੁਤ ਭਾਰੀ ਕਮੀ ਆਈ ਹੈ, ਪਰ ਜਿਥੋਂ ਤੱਕ ਜ਼ਮੀਨੀ ਸੱਚਾਈ ਦੀ ਗੱਲ ਹੈ । 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ 1986 ਤੱਕ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਵਜੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਾਮਜ਼ਦਗੀ ਪੰਥਕ ਸੰਸਥਾਵਾਂ ਦੀ ਰਾਏ ਨਾਲ ਬਿਨਾਂ ਰੋਕ-ਟੋਕ ਕਰਦੀ ਆ ਰਹੀ ਹੈ । ਪਰ 1986 ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਰਾਏ ਲੈਣੀ ਛੱਡ ਦਿੱਤੀ ਅਤੇ ਹੌਲੀ ਹੌਲੀ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਤੱਕ ਸੀਮਤ ਹੋ ਕੇ ਰਹਿ ਗਿਆ ।
ਅੱਜ ਦੀ ਸਥਿਤੀ ਦਾ ਦੂਜਾ ਸੱਚ ਇਹ ਵੀ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਵਿੱਚ ਭਾਵੇਂ ਕਾਫੀ ਕਮੀ ਆ ਚੁੱਕੀ ਹੈ, ਪਰ ਗੁਰਦੁਆਰਾ ਪ੍ਰਬੰਧ ਅਤੇ ਧਾਰਮਿਕ ਰਹਿਤ ਮਰਿਯਾਦਾ ਵਿੱਚ ਇਕਸੁਰਤਾ ਰੱਖਣ ਦੇ ਪੱਖ ਤੋਂ ਇਸ ਦੀ ਲਾਭਦਾਇਕਤਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਹਾਲੇ ਸਾਡੇ ਕੋਲ ਇਸ ਦਾ ਕੋਈ ਇਸ ਤੋਂ ਬਿਹਤਰ ਬਦਲ ਵੀ ਨਹੀਂ ਹੈ । ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਪੰਥਕ ਸੰਸਥਾਵਾਂ ਦੀ ਰਾਏ ਨਾਲ ਪਹਿਲਾਂ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਹੈ । ਸਮੇਂ ਦੇ ਰਾਹਾਂ ਉੱਤੇ ਵਿੱਛੀਆਂ ਸੂਲਾਂ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਇਕ ਦੂਜੇ ਨੂੰ ਰੱਦ ਕਰਨ ਦੇ ਦਮਗਜੇ ਮਾਰੇ ਜਾਣ ਜਾਂ ਛੁਟਿਆਣ ਦੀਆਂ ਗੱਲਾਂ ਕੀਤੀਆਂ ਜਾਣ, ਸਗੋਂ ਸਿਆਣਪ ਇਕ ਦੂਜੇ ਨੂੰ ਸਤਿਕਾਰ ਦੇਣ ਵਿੱਚ ਹੈ ।
ਲਕੀਰ ਪੰਨਾ – 122-127
ਸਿੱਖ ਸਿਆਸਤ – ਸਾਡਾ ਦ੍ਰਿਸ਼ਟੀ ਕੋਣ ਅਕਤੂਬਰ 2003 ਸਿੱਖ ਸਿਆਸਤ ਅੱਜ ਇੰਨੀ ਖਿੰਡੀ ਅਤੇ ਦਿਸ਼ਾਹੀਣ ਹੈ, ਜਿੰਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ । ਸਿੱਖ ਸਿਆਸਤ ਦੀ ਨੁਮਾਇੰਦਗੀ ਪਿਛਲੇ ਪੰਜਾਹ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਕੋਲ ਚੱਲੀ ਆ ਰਹੀ ਹੈ । ਹਾਲਾਤ ਇਸ ਹੱਦ ਵੀ ਪਹੁੰਚ ਚੁੱਕੇ ਹਨ ਕਿ ਸਿੱਖਾਂ ਦੀ ਬਹੁ-ਗਿਣਤੀ ਪੇਂਡੂ ਵੱਸੋਂ ਅਕਾਲੀ ਦਲ ਅਤੇ ਪੰਥ ਦਾ ਫਰਕ ਹੀ ਭੁੱਲ ਗਈ ਹੈ । ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਭਾਵੇਂ ਕਿੰਨੀ ਵੀ ਅਹਿਲ ਕਿਉਂ ਨਾ ਰਹੀ ਹੋਵੇ ਉਸ ਨੇ ਭੋਲੀ-ਭਾਲੀ ਸਿੱਖ ਜਨਤਾ ਦੀ ਇਸ ਨਾ ਸਮਝੀ ਦਾ ਭਰਪੂਰ ਲਾਭ ਉਠਾਇਆ ਹੈ । ਪੰਥ ਦੇ ਨਾਂ ‘ਤੇ ਵੋਟਾਂ ਲੈ ਕੇ ਰਾਜ ਭਾਗ ਦੇ ਮਾਲਿਕ ਬਣਨ ਵਾਲੇ ਪੰਥ ਨੂੰ ਵੇਚ ਵੇਚ ਖਾਂਦੇ ਰਹੇ ਹਨ । ਜਿਹੜੇ ਪੰਥ ਨੇ ਇਨ੍ਹਾਂ ਨੂੰ ਸਰਦਾਰੀਆਂ ਬਖ਼ਸ਼ੀਆਂ ਉਸੇ ਪੰਥ ਦੀਆਂ ਜੜ੍ਹਾਂ ‘ਤੇ ਆਰੀ ਚਲਾਉਣ ਵਾਲੀ ਭਾਜਪਾ ਨਾਲ ਇਨ੍ਹਾਂ ਭਾਈਵਾਲੀ ਪਾਈ ਹੋਈ ਹੈ । ਪਰ ਪੰਥ ਇਕ ਖਾਮੋਸ਼ ਦਰਸ਼ਕ ਵਾਂਗ ਬੈਠਾ ਇਹ ਸਭ ਕੁਝ ਤੱਕਦਾ ਆ ਰਿਹਾ ਹੈ (ਨੋਟ- ਸ: ਗਜਿੰਦਰ ਸਿੰਘ ਨੇ ਇਹ ਲੇਖ 2003 ਵਿੱਚ ਲਿਖਿਆ ਜਦੋਂ ਅਕਾਲੀ-ਭਾਜਪਾ ਗੱਠਜੋੜ ਸੀ, ਪਰ ਅੱਜ ਜਦੋਂ ਅਕਾਲੀ-ਭਾਜਪਾ ਗੱਠਜੋੜ ਟੁੱਟ ਚੁੱਕਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਹਰ ਰੋਜ਼ ਇਹ ਬਿਆਨ ਦੇ ਰਹੇ ਹਨ ਕਿ ਆਰ।ਐੱਸ।ਐੱਸ। ਤੇ ਭਾਜਪਾ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਭਾਵ ਸਾਡੀ ਲੱਗਦੀ ਕਿਸੇ ਨਾ ਦੇਖੀ ਟੁੱਟਦੀ ਨੂੰ ਜੱਗ ਜਾਣਦਾ)
ਅੱਜ ਅਸੀਂ ਇਸ ਮੋੜ ਉੱਤੇ ਪੱੁਜ ਗਏ ਹਾਂ ਕਿ ਸਾਡੀ ਸਿਧਾਂਤਕ ਵਿੱਚੋਂ ਸਾਡੀ ਪਰੰਪਰਾ, ਇਤਿਹਾਸ, ਧਾਰਮਿਕ ਹਸਤੀ ਤੇ ਵੱਖਰੀ ਪਹਿਚਾਣ ਦਾ ਅਹਿਸਾਸ ਖ਼ਤਮ ਕਰਨ ਲਈ ਰਾਜਸੀ ਚਾਲ ਚੱਲੀ ਜਾ ਰਹੀ ਹੈ, ਸ: ਪ੍ਰਕਾਸ਼ ਸਿੰਘ ਬਾਦਲ (ਤੇ ਹੁਣ ਸੁਖਬੀਰ ਸਿੰਘ ਬਾਦਲ) ਦੀ ਅਗਵਾਈ ਵਾਲਾ ਅਕਾਲੀ ਦਲ ਇਸ ਸਾਜਿਸ਼ ਦਾ ਸ਼ਿਕਾਰ ਹੋ ਚੁੱਕਾ ਹੈ । ਸਿੱਖ ਸੰਸਥਾਵਾਂ ਦੇ ਬੁਨਿਆਦੀ ਆਦਰਸ਼ਾਂ ਤੇ ਪਰੰਪਰਾਵਾਂ ਨੂੰ ਬਾਦਲ ਪਰਿਵਾਰ ਨੇ ਤਹਿਸ-ਨਹਿਸ ਕਰ ਦਿੱਤਾ ਹੈ । ਸਿੱਖ ਸੰਸਥਾਵਾਂ ਦੀਆਂ ਮੂਲ ਪਰੰਪਰਾਵਾਂ ਅਤੇ ਮਰਿਯਾਦਾਵਾਂ ਨੂੰ ਬਹਾਲ ਕਰਨ ਅਤੇ ਕਾਇਮ ਰੱਖਣ ਲਈ ਪੰਥਕ ਆਗੂਆਂ ਨੂੰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ, ਨਹੀਂ ਤਾਂ ਅਜਿਹੀ ਅਵਸਥਾ ਵਿੱਚ ਪੰਥਕ ਧਿਰਾਂ ਵੱਲੋਂ ਅਵੇਸਲੇ ਹੋਣਾ ਆਪਣੀ ਕੌਮੀ ਹਸਤੀ ਨੂੰ ਗੁਆਉਣ ਅਤੇ ਮੌਤ ਨੂੰ ਅਵਾਜ਼ਾਂ ਮਾਰਨਾ ਹੈ ।
ਸਾਡੀ ਪਹਿਲੀ ਲੋੜ ਸਿੱਖ ਰਾਜਨੀਤੀ ਦੀ ਬੁਨਿਆਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਨਾ ਤੇ ਉਸ ਉੱਤੇ ਦ੍ਰਿੜ ਵਿਸ਼ਵਾਸ ਕਰਨਾ ਹੈ । ਮੇਰੇ ਵਿਚਾਰ ਅਨੁਸਾਰ ਸਿੱਖਾਂ ਦਾ ਰਾਜਸੀ ਨਿਸ਼ਾਨਾ ਕੌਮ ਦੀ ਅੱਡਰੀ ਤੇ ਵੱਖਰੀ ਹਸਤੀ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਦੇਸ਼-ਕਾਲ ਅਥਵਾ ਖਾਲਿਸਤਾਨ ਦੀ ਸਥਾਪਨਾ ਕਰਨਾ ਹੈ ਜਿਥੇ ਖ਼ਾਲਸਾ ਜੀ ਦੇ ਬੋਲ-ਬਾਲੇ ਹੋ ਸਕਣ ਅਤੇ ਸਿੱਖੀ ਵੱਧ ਫੁੱਲ ਸਕੇ । ਨਿੱਤ ਅਰਦਾਸ ਵਿੱਚ ਰਾਜ ਕਰੇਗਾ ਖ਼ਾਲਸਾ ਦਾ ਦੋਹਰਾ ਪੜ੍ਹਨ ਵਾਲੀ ਸਿੱਖ ਕੌਮ ਕੁਝ ਅਰਸੇ ਲਈ ਅਵੇਸਲੀ ਤਾਂ ਹੋ ਸਕਦੀ ਹੈ, ਪਰ ਇਸ ਨੂੰ ਛੱਡ ਨਹੀਂ ਸਕਦੀ ।
ਅਜਿਹੇ ਹਾਲਾਤ ਵਿੱਚ ਸਿੱਖ ਰਾਸ਼ਟਰ ਦੀ ਗੱਲ ਨਿੱਖੜਵੇਂ ਤੇ ਖੁੱਲੇ੍ਹ ਰੂਪ ਵਿੱਚ ਸੰਜੀਦਗੀ ਨਾਲ ਅਪਨਾਉਣ ਵਾਲੀ ਪਾਰਟੀ ਹੀ ਪੰਥ ਨੂੰ ਮੰਜ਼ਿਲ ਤੱਕ ਲੈ ਜਾ ਸਕਦੀ ਹੈ ।
ਗਜਿੰਦਰ ਸਿੰਘ, ਲਕੀਰ ਪੰਨਾ 158-160
ਬਿਪਰ ਸੰਸਕਾਰ – ਲਕੀਰ ਪੰਨਾ 135
ਬਿਪਰ ਸੰਸਕਾਰ ਦੇ ਸਿਰਲੇਖ ਹੇਠ ਸ: ਗਜਿੰਦਰ ਸਿੰਘ ਜੀ ਲਿਖਦੇ ਹਨ : ਅੱਜ ਕੱਲ੍ਹ ਮੈਂ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ, ਸਹਿਜੇ ਰਚਿੳ ਖ਼ਾਲਸਾ ਪੜ੍ਹ ਰਿਹਾ ਹਾਂ । ਮਹਿਬੂਬ ਸਾਹਿਬ, ਸਹਿਜੇ ਰਚਿੳ ਖ਼ਾਲਸਾ ਦੇ ਸਫ਼ਾ 696 ਉੱਤੇ ਲਿਖਦੇ ਹਨ, ਬਿਪਰ ਸੰਸਕਾਰ ਨੇ ਆਪਣੇ ਪੈਦਾ ਕੀਤੇ ਕਰਮ ਕਾਂਡ, ਦ੍ਰਿਸ਼ਟੀਕੋਣ ਅਤੇ ਇਤਿਹਾਸ ਰਾਹੀਂ ਸਿੱਖ ਜੀਵਨ ਨੂੰ ਇਸ ਹੱਦ ਤੱਕ ਜਕੜਿਆ ਹੋਇਆ ਹੈ ਕਿ ਸਿੱਖ ਚੇਤਨਾ ਦੀ ਧਾਰਾ ਪੁਰਾਣਿਕ ਪਦਾਰਥਵਾਦ ਅਤੇ ਉਸ ਉੱਤੇ ਬਣੇ ਹੋਰ ਵਹਿਮ, ਵਰਣ ਵੰਡ ਦੇ ਮਾਹੌਲ ਤੋਂ ਬਾਹਰ ਨਾ ਨਿਕਲ ਸਕੀ । ਮਹਿਬੂਬ ਸਾਹਿਬ ਬਚਿੱਤਰ ਨਾਟਕ ਨੂੰ ਦਮਮ ਪਾਤਸ਼ਾਹ ਦੀ ਬਾਣੀ ਨਹੀਂ ਮੰਨਦੇ ਅਤੇ ਇਸ ਸਬੰਧੀ ਉਨ੍ਹਾਂ ਦਾ ਤਰਕ ਬਹੁਤ ਪ੍ਰਭਾਵਿਤ ਕਰਨ ਵਾਲਾ ਹੈ ।
ਬਚਿੱਤਰ ਨਾਟਕ ਵਿੱਚ ਜਿਵੇਂ ਸਿੱਖ ਗੁਰੂ ਸਾਹਿਬਾਂ ਨੂੰ ਬੇਦੀ ਸੋਢੀ ਕੁੱਲ ਦੇ ਆਧਾਰ ‘ਤੇ ਰਾਮ ਚੰਦਰ ਜੀ ਦੇ (ਕਖਾਂ ਤੋਂ ਬਣਾਏ ਪੁੱਤ) ਪੁੱਤਰਾਂ ਲਵ ਕੁਸ਼ ਨਾਲ ਜੋੜਿਆ ਗਿਆ ਹੈ, ਇਸ ਨਾਲ ਗੁਰੂ ਸਾਹਿਬਾਂ ਦੇ ਸਤਿਕਾਰ ਵਿੱਚ ਵਾਧਾ ਨਹੀਂ ਹੋਇਆ ਸਗੋਂ ਅਪਮਾਨ ਕੀਤਾ ਗਿਆ ਮਹਿਸੂਸ ਹੁੰਦਾ ਹੈ ।
ਕੁਝ ਸਿੱਖ ਸੰਸਥਾਵਾਂ ਅੱਜ ਵੀ ਗੁਰੂ ਸਾਹਿਬਾਂ ਦੇ ਇਸ ਤਰ੍ਹਾਂ ਦੇ ਅਪਮਾਨ ਵਿੱਚ ਭਾਗੀਦਾਰ ਬਣ ਰਹੀਆਂ ਹਨ ।
ਕਨੇਡੀਅਨ ਟਾਈਮਜ਼ 23 ਫ਼ਰਵਰੀ 1990 ਦੇ ਅੰਕ ਵਿੱਚ, ਬਾਬਰੀ ਮਸਜਿਦ ‘ਤੇ ਕਬਜ਼ਾ ਘੱਟ-ਗਿਣਤੀਆਂ ਨੂੰ ਹੜੱਪਣ ਦਾ ਢੰਗ ਨਾਮੀ ਲੇਖ ਦੇ ਇਹ ਲਫਜ਼ ਸਿੱਖ ਜਗਤ ਦੇ ਧਿਆਨ ਦੀ ਮੰਗ ਕਰਦੇ ਹਨ ਕਿਉਂਕਿ ਬਾਬਰੀ ਮਸਜਿਦ ਦੇ ਮਸਲੇ ਵਿੱਚ ਤੀਜੀ ਧਿਰ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ । ਦਿੱਲੀ ਦੇ ਇਕ ਸਿੱਖ ਪਾਰਲੀਮੈਂਟ ਮੈਂਬਰ ਦੇ ਬਿਆਨ ਨੂੰ ਬੜਾ ਉਛਾਲਿਆ ਜਾ ਰਿਹਾ ਹੈ ਕਿ ਇਸ ਮਸਲੇ ਵਿੱਚ (ਭਾਵ ਬਾਬਰੀ ਮਸਜਿਦ ਰਾਮ ਜਨਮ ਭੂਮੀ) ਸਿੱਖਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਉਸ ਨੇਤਾ ਦਾ ਬਿਆਨ ਹੈ ਕਿ ਸਿੱਖਾਂ ਦਾ ਸਬੰਧ ਲਵ-ਕੁਸ਼ ਨਾਲ ਮੰਨਿਆ ਜਾਂਦਾ ਹੈ, ਇਸ ਲਈ ਇਸ ਮਸਲੇ ‘ਤੇ ਸਿੱਖਾਂ ਦੀ ਰਾਏ ਲੈਣੀ ਬਹੁਤ ਜਰੂਰੀ ਹੈ । ਕਿਸੇ ਸਿੱਖ ਪਾਰਲੀਮੈਂਟ ਦਾ ਬਿਆਨ ਆਪਣੇ ਆਪ ਵਿੱਚ ਕੋਈ ਇਕੱਲੀ ਅਵਾਜ਼ ਨਹੀਂ । ਬਿਪਰ ਸੰਸਕਾਰਾਂ ਦੇ ਪ੍ਰਭਾਵ ਹੇਠ ਇਸ ਵਿਸ਼ਵਾਸ ਦੀਆਂ ਜੜ੍ਹਾਂ ਸਿੱਖਾਂ ਦੇ ਇਕ ਵਰਗ ਵਿੱਚ ਕਾਫੀ ਡੂੰਘੀਆਂ ਲੱਗੀਆਂ ਹੋਈਆਂ ਹਨ । ਮੈਂ ਇਥੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ, ਜਿਹੜੇ ਵੀਰ ਵਿਸਥਾਰ ਨਾਲ ਪੜ੍ਹਨਾ ਚਾਹੁੰਦੇ ਹੋਣ ਉਨ੍ਹਾਂ ਨੂੰ ਮੈਂ ਸਹਿਜੇ ਰਚਿੳ ਖ਼ਾਲਸਾ ਦਾ ਬਿਪਰ ਸੰਸਕਾਰ ਵਾਲਾ ਭਾਗ ਪੜ੍ਹਨ ਦੀ ਸਲਾਹ ਦਿਆਂਗਾ । ਮੈਂ ਇਥੇ ਏਨੀ ਹੀ ਅਰਜ਼ ਕਰਨੀ ਹੈ ਕਿ ਬਿਪਰ ਸੰਸਕਾਰਾਂ ਤੋਂ ਮੁਕਤ ਹੋਣ ਲਈ ਬਹੁਤ ਤਕੜਾ ਹੰਭਲਾ ਮਾਰਨ ਦੀ ਲੋੜ ਹੈ (ਭਾਵ ਬੌਧਿਕ ਲੜਾਈ ਲੜਨ ਦੀ ਲੋੜ ਹੈ) ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਿੱਖ ਗੁਰੂ ਸਾਹਿਬਾਨ ਨੂੰ ਰਾਮ ਚੰਦਰ ਦੀ ਔਲਾਦ ਵਿੱਚੋਂ ਸਾਬਤ ਕਰਕੇ ਅਸੀਂ ਕਿਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੂੰ ਬਾਬਰੀ ਮਸਜਿਦ ਤੋਂ ਬਾਅਦ ਹਰਿਮੰਦਰ ਸਾਹਿਬ ਯਾਨੀ ਦਰਬਾਰ ਸਾਹਿਬ ਉੱਤੇ ਕਬਜ਼ਾ ਕਰਨ ਲਈ ਸੱਦਾ ਤਾਂ ਨਹੀਂ ਦੇ ਰਹੇ ?
ਸ: ਗਜਿੰਦਰ ਸਿੰਘ ਜੀ ਅੰਤ ਵਿੱਚ ਲਕੀਰ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ : ਏਕਤਾ ਦੋ ਬਰਾਬਰ ਦਿਆਂ ਵਿੱਚ ਹੁੰਦੀ ਹੈ ਅਤੇ ਇਕ ਦੂਜੇ ਦਿਆਂ ਹੱਕਾਂ ਦਾ ਸਤਿਕਾਰ ਕਰਕੇ ਹੁੰਦੀ ਹੈ । ਹਿੰਦੂ-ਸਿੱਖ ਕੌਮਾਂ ਵਿੱਚ ਅਮਨ ਤੇ ਚੰਗੇ ਸਬੰਧ ਸਥਾਈ ਰੂਪ ਵਿੱਚ ਤਾਂ ਹੀ ਰਹਿ ਸਕਦੇ ਹਨ ਜੇਕਰ ਦੋਹਾਂ ਵਿੱਚਲੀ ਲਕੀਰ ਨੂੰ ਪ੍ਰਵਾਨ ਕੀਤਾ ਜਾਵੇ । ਇਹ ਲਕੀਰ ਪਾਣੀ ਵਿੱਚ ਵਾਹੀ ਹੋਈ ਨਹੀਂ ਹੈ । ਇਹ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ ਦੱਸ ਗੁਰੂ ਸਾਹਿਬਾਨ ਨੇ ਵਾਹੀ ਹੈ । ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਦੇ ਡੁੱਲੇ੍ਹ ਲਹੂ ਨੇ ਇਸ ਲਕੀਰ ਨੂੰ ਇੰਨਾਂ ਪੱਕਾ ਕਰ ਦਿੱਤਾ ਹੈ ਕਿ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ॥॥। ਗਜਿੰਦਰ ਸਿੰਘ

ਭੁੱਲਾਂ ਚੁੱਕਾਂ ਦੀ ਖਿਮਾਂ


ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ, ਯੂ।ਕੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?