ਗੁਰੂ ਦੀ ਲੋੜ ਤਾਂ ਮਨੁੱਖ ਨੂੰ ਜਨਮ ਲੈਂਦੇ ਸਾਰ ਹੀ ਸ਼ੁਰੂ ਹੋ ਜਾਂਦੀ ਹੈ। ਇਹ ਗੱਲ ਤਾਂ ਸਾਇੰਸ ਵੀ ਮੰਨਦੀ ਹੈ ਕਿ ਅਗਰ ਕਿਸੇ ਬੱਚੇ ਨੂੰ ਜੰਮਦੇ ਸਾਰ ਹੀ ਕਿਸੇ ਐਸੀ ਥਾਵੇਂ ਰੱਖ ਦਿੱਤਾ ਜਾਵੇ ਜਿੱਥੇ ਉਸਦੇ ਕੰਨਾਂ ਵਿਚ ਕਿਸੇ ਕਿਸਮ ਦੀ ਆਵਾਜ਼ ਨਾ ਪਵੇ ਤਾਂ ਉਹ ਬੱਚਾ ਗੁੰਗਾ ਹੀ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਜੰਮਦੇ ਸਾਰ ਉਸ ਬੱਚੇ ਦਾ ‘‘ਗੁਰੂ’’ ਮਾਂ, ਬਾਪ, ਭੈਣ, ਭਰਾ ਅਤੇ ਹੋਰ ਸੰਬੰਧੀ ਹੋਵਣ ਜਿਨ੍ਹਾਂ ਦੇ ਸ਼ਬਦਾਂ ਰਾਹੀਂ ਬੱਚਾ ਕੁਝ ਸੁਣਦਾ ਹੈ ਅਤੇ ਫਿਰ ਬੋਲਣ ਲਗਦਾ ਹੈ। ਇਹ ਆਰੰਭਕ ਗਿਆਨ ਹੈ। ਪਰ ਇਸ ਦੀ ਹੋਂਦ ਸ਼ਬਦ ਰਾਹੀਂ ਹੀ ਹੈ।
ਇਸ ਤੋਂ ਬਾਅਦ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਅਧਿਆਪਕ ਆਪਣੇ ਸ਼ਬਦਾਂ ਰਾਹੀਂ ਸੰਸਾਰਕ ਗਿਆਨ ਮਨੁੱਖ ਨੂੰ ਦਿੰਦੇ ਹਨ, ਜਿਸ ਰਾਹੀਂ ਮਨੁੱਖ ਚੰਗਾ ਸੰਸਾਰਕ ਜੀਵਨ (ਭਾਵੇਂ ਉਹ ਚੰਗੀ ਨੌਕਰੀ ਹੋਵੇ, ਚੰਗਾ ਵਪਾਰ ਹੋਵੇ ਜਾਂ ਕੁਝ ਹੋਰ ਹੋਵੇ) ਬਤੀਤ ਕਰਨ ਯੋਗ ਬਣਦਾ ਹੈ।
ਜਿਸ ਤਰ੍ਹਾਂ ਚੰਗਾ ਸੰਸਾਰਕ ਜੀਵਨ ਜ਼ਰੂਰੀ ਹੈ ਉਸ ਤੋਂ ਕਿਤੇ ਵਧੇਰੇ ਜ਼ਰੂਰੀ ਅਤੇ ਲੋੜੀਂਦਾ ਹੈ ਆਤਮਕ ਜੀਵਨ ਅਤੇ ਉਸਦੀ ਪ੍ਰਾਪਤੀ ਆਤਮਕ ਗਿਆਨ ਰਾਹੀਂ ਹੁੰਦੀ ਹੈ ਜੋ ਸ਼ਬਦ ਗੁਰੂ ਦੁਆਰਾ ਮਨੁੱਖਤਾ ਦੀ ਝੋਲੀ ਵਿਚ ਪਾਇਆ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇ ਕੇ।
ਇਹ ਬਾਣੀ (ਸ਼ਬਦ ਗੁਰੂ) ਇਕ ਜੀਵਨ ਜਾਚ ਹੈ ਤੇ ਇਸ ਅਨੁਸਾਰ ਜੀਵਨ ਕਮਾ ਕੇ ਮਨੁੱਖ ਅਕਾਲ ਪੁਰਖ ਵਰਗਾ ਹੀ ਹੋ ਜਾਂਦਾ ਹੈ। ਇਥੇ ਇਹ ਸਪੱਸ਼ਟ ਕਰਨਾ ਅਤਿ ਆਵੱਸ਼ਕ ਹੈ ਕਿ ਬਾਣੀ ਜੀਊਣ ਲਈ ਹੈ ਨਾ ਕਿ ਮੰਤਰ ਰੂਪ ਵਿਚ ਪੜ੍ਹਨ ਲਈ।
ਗੁਰੂ ਦੀ ਲੋੜ ਬਾਣੀ ਵਿਚ ਥਾਂ ਥਾਂ ’ਤੇ ਦ੍ਰਿੜ੍ਹਾਈ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਤੋਂ ਪਹਿਲਾਂ ਅੰਕਤ ਮੂਲ ਮੰਤਰ ਵਿਚ ਪ੍ਰਭੂ ਦੇ ਮਿਲਣ ਦਾ ਤਰੀਕਾ ‘ਗੁਰ ਪ੍ਰਸਾਦਿ’ (ਗੁਰੂ ਦੀ ਕਿਰਪਾ ਰਾਹੀਂ) ਬਿਆਨ ਕੀਤਾ ਹੈ। ਆਸਾ ਕੀ ਵਾਰ ਦੀ ਛੇਵੀਂ ਪਉੜੀ ਵਿਚ ਇਸੇ ਨੁਕਤੇ ਨੂੰ ਸਪੱਸ਼ਟ ਕਰਦੇ ਹੋਏ ਗੁਰੂ ਸਾਹਿਬ ਫੁਰਮਾਉਂਦੇ ਹਨ :
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥
(ਪੰਨਾ ੪੬੬)
ਗੁਰੂ ਅੰਗਦ ਦੇਵ ਜੀ ਗੁਰੂ ਦੀ ਲੋੜ ਆਸਾ ਕੀ ਵਾਰ ਵਿਚ ਹੇਠ ਲਿਖੀਆਂ ਤੁਕਾਂ ਰਾਹੀਂ ਇਸ ਤਰ੍ਹਾਂ ਕਰਾਉਂਦੇ ਹਨ :
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
(ਆਸਾ ਕੀ ਵਾਰ, ੪੬੩)
ਗੁਰੂ ਤੋਂ ਬਿਨਾਂ ਅੰਤਰ-ਆਤਮੇ ਦਾ ਅੰਧਕਾਰ ਦੂਰ ਨਹੀਂ ਹੁੰਦਾ। ਗੁਰੂ ਹੀ ਇਕ ਅਜਿਹੀ ਹਸਤੀ ਹੈ ਜੋ ਪਾਪ ਰਹਿਤ, ਆਦਰਸ਼ਕ ਤੇ ਸੰਪੂਰਨ ਸ਼ਖਸੀਅਤ ਹੁੰਦੀ ਹੈ। ਇਸੇ ਲਈ ਬਾਣੀ ਵਿਚ ਕਿਹਾ ਗਿਆ ਹੈ :
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
(ਸਿਰੀਰਾਗੁ, ਮ: ੧, ਪੰਨਾ ੬੧)
ਸ੍ਰੀ ਗੁੂਰ ਅਰਜਨ ਦੇਵ ਜੀ ਗੁਰੂ ਦੀ ਲੋੜ ਤੇ ਮਹਾਨਤਾ ਨੂੰ ਦਰਸਾਉਂਦੇ ਹੋਏ ਦਸਦੇ ਹਨ ਕਿ ਗੁਰੂ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ :
ਮਤ ਕੋ ਭਰਮਿ ਭੁਲੈ ਸੰਸਾਰਿ॥
ਗੁਰ ਬਿਨੁ ਕੋਇ ਨ ਉਤਰਸਿ ਪਾਰਿ॥ ੧॥ ਰਹਾਉ॥
… … … …
ਕਹੁ ਨਾਨਕ ਪ੍ਰਭਿ ਇਹੈ ਜਨਾਈ॥
ਬਿਨੁ ਗੁਰ ਮੁਕਤਿ ਨਾ ਪਾਈਐ ਭਾਈ॥
(ਗੋਂਡ, ਮ: ੫, ਪੰਨਾ ੮੬੪)
ਸੰਸਾਰ ਵਿਚ ਪਸਰਿਆ ਭਰਮ, ਸੰਸਾ ਅਥਵਾ ਬੇ-ਪ੍ਰਤੀਤੀ ਹੀ ਸਾਰੇ ਦੱੁਖਾਂ, ਕਲੇਸ਼ਾਂ ਤੇ ਅਧੋਗਤੀ ਦਾ ਮੂਲ ਕਾਰਨ ਮੰਨੇ ਗਏ ਹਨ। ਗੁਰਮਤਿ ਅਨੁਸਾਰ ਗੁਰੂ ਤੋਂ ਬਿਨਾਂ ਨਾਮ ਅਥਵਾ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਨਾਮ ਤੋਂ ਬਿਨਾਂ ਮਨ ਦੀ ਭਟਕਣਾ ਦੂਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ :
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ
ਬਿਨੁ ਨਾਮੈ ਭਰਮੁ ਨਾ ਜਾਈ॥
(ਸੋਰਠਿ, ਮ: ੧, ਪੰਨਾ ੬੩੫)
ਮਨੁੱਖ ਦਾ ਮਨ ਬੜਾ ਚੰਚਲ ਤੇ ਅਵੈੜਾ ਹੈ। ਇਸ ਨੂੰ ਪੰਜਾਂ ਦੂਤਾਂ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੀ ਹੱਠੀ ਫ਼ੌਜ ਨੇ ਕਾਬੂ ਕੀਤਾ ਹੋਇਆ ਹੈ। ਇਹਨਾਂ ਵਿਕਾਰਾਂ ਨੂੰ ਵੱਸ ਕੀਤੇ ਬਗ਼ੈਰ ਸੁਖ ਅਤੇ ਸ਼ਾਂਤੀ ਨਹੀਂ ਮਿਲਦੀ। ਪਰੰਤੂ ਇਹ ਵੱਸ ਹੁੰਦੇ ਹਨ, ਗੁਰੂ ਦੀ ਸ਼ਰਨ ਪਿਆਂ :
ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ॥
ਧਾਵਤ ਪੰਚ ਰਹੇ ਹਰਿ ਧਿਆਇਆ॥
(ਗਉੜੀ ਗੁਆਰੇਰੀ, ਮ: ੪, ਪੰਨਾ ੧੬੫)
Author: Gurbhej Singh Anandpuri
ਮੁੱਖ ਸੰਪਾਦਕ