Home » ਧਾਰਮਿਕ » ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ ਦਾ ਸ਼ਹੀਦੀ ਦਿਹਾੜਾ

ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ ਦਾ ਸ਼ਹੀਦੀ ਦਿਹਾੜਾ

33 Views

ਪੰਥਕ ਆਗੂਆਂ ਨੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦ ਕਰਨ ‘ਤੇ ਦਿੱਤਾ ਜ਼ੋਰ

ਹਿੰਦ ਸਰਕਾਰ ਨੂੰ ਦੁਸ਼ਮਣ ਕਰਾਰਦਿਆਂ ਸਿੱਖਾਂ ਨੂੰ ਸੁਚੇਤ ਕੀਤਾ

ਅੰਮ੍ਰਿਤਸਰ, 12 ਸਤੰਬਰ ( ਤਾਜੀਮਨੂਰ ਕੌਰ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਰਿਵਾਰ ਵੱਲੋਂ ਗੁ. ਸਿੰਘ ਸਭਾ, ਪਿੰਡ ਜੋਹਲਾਂ, ਨੇੜੇ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਅਤੇ ਅਖੰਡ ਕੀਰਤਨੀ ਜਥੇ ਦੇ ਰਾਗੀ ਭਾਈ ਜਸਪਾਲ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਫਿਰ ਵੱਖ-ਵੱਖ ਪੰਥਕ ਅਤੇ ਖ਼ਾਲਿਸਤਾਨੀ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਤੇ ਦੁਆਬਾ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ, ਮੈਂਬਰ ਪੀ.ਏ.ਸੀ. ਗੁਰਦੀਪ ਸਿੰਘ ਖੁਣਖੁਣ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਆਵਾਜ਼ੇ ਕੌਮ ਦੇ ਆਗੂ ਨੋਬਲਜੀਤ ਸਿੰਘ ਬੁੱਲੋਵਾਲ, ਮਾਸਟਰ ਕੁਲਦੀਪ ਸਿੰਘ ਮਸੀਤੀ ਅਤੇ ਸੰਦੀਪ ਸਿੰਘ ਖਾਲਸਾ (ਟਾਂਡਾ) ਨੇ ਸੰਗਤਾਂ ਨਾਲ ਮੌਜੂਦਾ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਸਿੱਖ ਕੌਮ ਦੀ ਹੋਂਦ ਦੀ ਲੜਾਈ ਲੜਨ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਇੱਕਮੁੱਠ ਹੋ ਕੇ ਕੌਮੀ ਸੰਘਰਸ਼ ਲੜਨਾ ਹੀ ਪੈਣਾ ਹੈ, ਜੇ ਨਸ਼ਿਆਂ ਨੂੰ ਰੋਕਣਾ ਹੈ ਤਾਂ ਪੰਥਕ ਸੋਚ ਨੂੰ ਇਕੱਠਿਆਂ ਕਰਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਭਾਈ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਦਾ ਸਮਾਂ ਆ ਗਿਆ ਹੈ, ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਰੈਣੂ ਮਹੰਤ ਦੇ ਵਾਰਸ ਬਾਦਲਕਿਆਂ ਦਾ ਬੋਰੀ ਬਿਸਤਰਾ ਗੋਲ ਕੀਤਾ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਸਾਥ ਦਿੱਤਾ ਜਾਵੇ ਤਾਂ ਜੋ ਪੰਥ ਅਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਜਾ ਸਕੇ।
ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ ਜੋ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੇ ਹੀ ਵਾਰਸ ਸਨ। ਅਠਾਰਵੀਂ ਸਦੀ ਦੀਆਂ ਮਹਾਨ ਰੂਹਾਂ ਨੇ ਦੁਬਾਰਾ ਜਨਮ ਲੈ ਕੇ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਵਿੱਚ ਪੰਥ ਅਤੇ ਪੰਜਾਬ ਦੀ ਆਜ਼ਾਦੀ ਲਈ ਸੇਵਾ ਕੀਤੀ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਾਕਾਰ ਕਰਨਾ ਹੈ। ਸਿੱਖਾਂ ਲਈ ਵਾਹਿਗੁਰੂ ਦੀ ਭਗਤੀ ਅਤੇ ਖ਼ਾਲਿਸਤਾਨ ਦੀ ਪ੍ਰਾਪਤੀ ਦੋਵੇਂ ਉੱਤਮ ਕਰਮ ਹਨ। ਖ਼ਾਲਿਸਤਾਨ ਦਾ ਰਾਹ ਸੁੰਨ-ਮਸਾਨ ਹੈ ਇਹ ਭੀੜ ਵਾਲਾ ਨਹੀਂ, ਕੁਝ ਹਮਸਫਰ ਮਿਲਦੇ ਨੇ, ਕੁਝ ਨਿਭਾਉਂਦੇ ਨੇ, ਕੁਝ ਛੱਡ ਜਾਂਦੇ ਨੇ, ਹਜ਼ਾਰਾਂ ਸਿੰਘ ਸਿੰਘਣੀਆਂ ਜਿੰਦੜੀਆਂ ਵਾਰ ਗਏ ਤੇ ਇਹ ਸਫਰ ਅਜੇ ਲੰਮੇਰਾ ਹੈ। ਖਾਲਿਸਤਾਨ ਦਾ ਰਾਹ ਖਾਲਸਾਈ ਸਿਧਾਂਤਾਂ ਵਿੱਚੋਂ ਉਪਜਿਆ ਹੈ, ਇਹ ਪਵਿੱਤਰ ਸ਼ਬਦ ਅਤੇ ਉੱਤਮ ਵਿਚਾਰਧਾਰਾ ਹੈ ਆਖਰ ਹਰੇਕ ਸੱਚੇ ਸਿੱਖ ਨੂੰ ਇਹ ਰਾਹ ਅਪਣਾਉਣਾ ਪੈਣਾ ਹੈ।
ਭਾਈ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਅਤੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਇਹ ਦਰਸਾਉਂਦੀ ਹੈ ਕਿ ਖ਼ਾਲਿਸਤਾਨ ਦੀ ਜੰਗ ਜਾਰੀ ਹੈ ਅਤੇ ਹਿੰਦ ਸਰਕਾਰ ਵੱਲੋਂ ਹਥਿਆਰਾਂ ਦੀ ਜੰਗ ਤੋਂ ਬਾਅਦ ਸਿੱਖ ਕੌਮ ਦੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਭਾਈ ਨੋਬਲਜੀਤ ਸਿੰਘ ਬੁੱਲੋਵਾਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਿੱਖ ਸੱਭਿਆਚਾਰ ਨੂੰ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ, ਸਾਡੇ ਉੱਤੇ ਸੂਖਮ ਹਮਲੇ ਹੋ ਰਹੇ ਹਨ ਜਿਸ ਪ੍ਰਤੀ ਅਸੀਂ ਅਵੇਸਲੇ ਹਾਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਲ ਖਾਲਸਾ, ਆਵਾਜ਼ੇ ਕੌਮ ਅਤੇ ਸਤਿਕਾਰ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਪਿਤਾ ਜਥੇਦਾਰ ਭਾਈ ਬਲਬੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਤ ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਵੱਲੋਂ ਸ਼ਹੀਦ ਪਰਿਵਾਰ ਨੂੰ ਦਸਤਾਰ ਭੇਟ ਕੀਤੀ ਗਈ।
ਇਸ ਮੌਕੇ ਗੁਰਦਰਸ਼ਨ ਸਿੰਘ, ਪਰਮਿੰਦਰ ਸਿੰਘ ਮੁਕੇਰੀਆਂ, ਕਰਨੈਲ ਸਿੰਘ ਘੋੜਾਬਾਹਾ, ਮਹਿਤਾਬ ਸਿੰਘ ਹੁੰਦਲ, ਮਹਿੰਦਰ ਸਿੰਘ ਬੋਦਲਾਂ, ਗੁਰਦੀਪ ਸਿੰਘ ਗੜ੍ਹਦੀਵਾਲਾ, ਅਮਨਦੀਪ ਸਿੰਘ, ਮਨਜਿੰਦਰ ਸਿੰਘ ਜੌਹਲਾਂ, ਗੁਰਨਾਮ ਸਿੰਘ ਮੂਨਕਾਂ, ਓੰਕਾਰ ਸਿੰਘ ਜੌਹਲਾਂ, ਗੁਰਵਿੰਦਰ ਸਿੰਘ ਮਿਆਣੀ, ਅਵਤਾਰ ਸਿੰਘ ਮਾਹੀ ਵਡਾਲਾ, ਜਸਵੰਤ ਸਿੰਘ ਫੌਜੀ, ਦਵਿੰਦਰ ਸਿੰਘ ਰੂਪਤਾਰਾ, ਜਗਦੀਪ ਸਿੰਘ ਬੈਂਚਾਂ, ਨਿਹੰਗ ਕੇਵਲ ਸਿੰਘ ਖੁਣਖੁਣ ਕਲਾਂ, ਭਾਗ ਸਿੰਘ ਘੋਗਰਾ, ਹਰਦੀਪ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?