ਅੰਮ੍ਰਿਤਸਰ, 13 ਸਤੰਬਰ ( ਤਾਜੀਮਨੂਰ ਕੌਰ ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਜੂਨ 1984 ਦੇ ਘੱਲੂਘਾਰੇ ਵਿੱਚ ਭਾਰਤੀ ਫ਼ੌਜਾਂ ਨੂੰ ਲੋਹੇ ਦੇ ਚਣੇ ਚਬਾਉਣ ਵਾਲੇ, ਜੰਗੀ ਵਿਉਂਤਬੰਦੀ ਦੇ ਮਾਹਰ ਜੁਝਾਰੂ ਜਰਨੈਲ, ਅਮਰ ਸ਼ਹੀਦ ਮੇਜਰ ਜਨਰਲ ਸ਼ਾਬੇਗ ਸਿੰਘ ਜੀ ਦੇ ਭਰਾਤਾ ਸਰਦਾਰ ਬੇਅੰਤ ਸਿੰਘ ਖ਼ਿਆਲਾ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਭਾਈ ਰਣਜੀਤ ਸਿੰਘ ਨੇ ਸ. ਬੇਅੰਤ ਸਿੰਘ ਨਾਲ ਪੰਥਕ ਵਿਚਾਰਾਂ ਦੀ ਸਾਂਝ ਪਾਈ ਅਤੇ ਤੇ ਉਹਨਾਂ ਨੂੰ ਤਵਾਰੀਖ ਸ਼ਹੀਦ ਏ ਖਾਲਿਸਤਾਨ (ਭਾਗ ਪਹਿਲਾ, ਦੂਜਾ, ਅਤੇ ਤੀਜਾ) ਕਿਤਾਬਾਂ ਪਿਆਰ ਅਤੇ ਸਤਿਕਾਰ ਸਹਿਤ ਭੇਟ ਕੀਤੀਆਂ। ਸ. ਬੇਅੰਤ ਸਿੰਘ ਖਿਆਲਾ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਮੇਜਰ ਜਨਰਲ ਸ਼ਾਬੇਗ ਸਿੰਘ ਦੇ ਸਿਮਰਨਾ ਅਤੇ ਸ੍ਰੀ ਸਾਹਿਬ ਦੇ ਦਰਸ਼ਨ ਵੀ ਕਰਵਾਏ।
ਸ਼ਹੀਦ ਜਨਰਲ ਸ਼ਾਬੇਗ ਸਿੰਘ ਦੇ ਭਰਾਤਾ ਸ. ਬੇਅੰਤ ਸਿੰਘ ਖਿਆਲਾ ਨੇ ਕਿਹਾ ਕਿ ਮੈਨੂੰ ਜੁਝਾਰੂ ਸਿੱਖ ਨੌਜਵਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਉੱਤੇ ਬੜਾ ਮਾਣ ਹੈ, ਜਿਸ ਨੇ ਛੋਟੀ ਉਮਰੇ ਹੀ ਖ਼ਾਲਸਾ ਪੰਥ ਅਤੇ ਕੌਮੀ ਸ਼ਹੀਦਾਂ ਦਾ ਮਾਣਮੱਤਾ ਇਤਿਹਾਸ ਸੰਗਤਾਂ ਦੀ ਝੋਲੀ ਪਾਇਆ ਹੈ। ਉਹਨਾਂ ਕਿਹਾ ਕਿ ਮੈਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਅਸਲੀ ਟਕਸਾਲੀ ਸਿੰਘ ਮੰਨਦਾ ਹਾਂ, ਕਿਉਂਕਿ ਭਾਈ ਰਣਜੀਤ ਸਿੰਘ ਨੇ ਦਮਦਮੀ ਟਕਸਾਲ ਦੀ ਸ਼ਾਨ, ਸਿਧਾਂਤਾਂ ਪ੍ਰੰਪਰਾਵਾਂ ਨੂੰ ਹਮੇਸ਼ਾਂ ਕਾਇਮ ਰੱਖਿਆ ਤੇ ਉੱਚਾ ਚੁੱਕਿਆ ਹੈ। ਭਾਈ ਰਣਜੀਤ ਸਿੰਘ ਕੌਮੀ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦੇ ਰਿਹਾ ਹੈ ਤੇ ਉਹ ਸ਼ਹੀਦਾਂ ਦੇ ਨਿਸ਼ਾਨੇ ਖ਼ਾਲਿਸਤਾਨ ਨੂੰ ਸਰ ਕਰਨ ਲਈ ਯਤਨਸ਼ੀਲ ਹੈ ਅਤੇ ਪੰਥ ਦੋਖੀ ਬਾਦਲਕਿਆਂ ਵਿਰੁੱਧ ਵੀ ਖੁੱਲ੍ਹ ਕੇ ਲਿਖਦਾ ਬੋਲਦਾ ਹੈ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਮੇਰੇ ਪੁੱਤਰ ਸਮਾਨ ਹੈ, ਇਸ ਨੌਜਵਾਨ ਨੂੰ ਸਿੱਖੀ ਪ੍ਰਚਾਰ ਅਤੇ ਪੰਥਕ ਸੇਵਾਵਾਂ ਵਿੱਚ ਸਰਗਰਮ ਦੇਖ ਕੇ ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਸਾਥ ਦੇਣਾ ਚਾਹੀਦਾ ਹੈ। ਸ. ਬੇਅੰਤ ਸਿੰਘ ਖਿਆਲਾ ਨੇ ਆਖਿਆ ਕਿ ਤਵਾਰੀਖ਼ ਸ਼ਹੀਦ ਏ ਖਾਲਿਸਤਾਨ (ਭਾਗ ਪਹਿਲਾ) ਕਿਤਾਬ ਵਿੱਚ ਸ਼ਹੀਦ ਜਨਰਲ ਸ਼ਾਬੇਗ ਸਿੰਘ ਦੀ ਜੀਵਨੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਬਿਲਕੁਲ ਸਹੀ, ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਲਿਖਤ ਵਿੱਚ ਬਿਆਨੀ ਗਈ ਹੈ। ਇਸ ਕਿਤਾਬ ‘ਚ ਇਹ ਵੀ ਬਿਲਕੁਲ ਠੀਕ ਲਿਖਿਆ ਹੈ ਕਿ ਜਨਰਲ ਸੁਬੇਗ ਸਿੰਘ ਦਾ ਅਸਲ ਅਤੇ ਸਹੀ ਨਾਮ ਸ਼ਹੀਦ ਮੇਜਰ ਜਨਰਲ ਸ਼ਾਬੇਗ ਸਿੰਘ ਸੀ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਅਤੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਅਨੇਕਾਂ ਸਿੰਘਾਂ ਨੇ ਸਮੇਂ-ਸਮੇਂ ਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ, ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਇਸ ਜੰਗੀ ਇਤਿਹਾਸ ਨੂੰ ਕਲਮਬੰਦ ਕਰਕੇ ਮਹਾਨ ਉਪਰਾਲਾ ਕਰ ਰਿਹਾ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।
Author: Gurbhej Singh Anandpuri
ਮੁੱਖ ਸੰਪਾਦਕ