ਭਾਈ ਮੰਝ ਜੀ ਉਹਨਾਂ ਸਿਦਕੀ ਗੁਰਸਿੱਖਾਂ ਵਿਚੋਂ ਸਨ ਜਿਨ੍ਹਾਂ ਨੇ ਸਿੱਖ ਧਰਮ ਨੂੰ ਗ੍ਰਹਿਣ ਕਰਨ ਹਿੱਤ ਲੋਕ ਲਾਜ ਦੀ ਪ੍ਰਵਾਹ ਤਿਆਗ ਕੇ ਆਪਣਾ ਤਨ, ਮਨ, ਧਨ ਸਭ ਆਪਣੇ ਗੁਰੂ ਤੋਂ ਨਿਛਾਵਰ ਕਰ ਦਿੱਤਾ। ਪਿੰਡ ਦੇ ਚੌਧਰੀ ਤੇ ਸਖੀ ਸਰਵਰੀਆਂ ਦੇ ਆਗੂ ਦਾ ਸਿੱਖ ਧਰਮ ਗ੍ਰਹਿਣ ਕਰ ਲੈਣਾ ਇਹ ਪ੍ਰਗਟ ਕਰ ਦੇਂਦਾ ਹੈ ਕਿ ਸਿੱਖ ਧਰਮ ਦਾ ਪਰਚਾਰ ਉਹਨੀਂ ਦਿਨੀਂ ਬਹੁਤ ਜ਼ੋਰਾਂ ਤੇ ਹੋਵੇਗਾ।
ਪੰਦਰਵੀਂ-ਸੋਲ੍ਹਵੀਂ ਸਦੀ ਦੇ ਦੌਰਾਨ, ਪੰਜਾਬ ਵਿਚ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਉਣ ਦਾ ਕਾਰਨ ਜਿਥੇ ਪੀਰ ਸਨ, ਉਥੇ ਬਹੁਤਾ ਹੱਥ ‘ਸਖੀ ਸਰਵਰਾਂ’ ਦਾ ਵੀ ਸੀ। ਪੰਜਾਬ ਦੇ ਬਹੁਤੇ ਜੱਟ ਵਸਨੀਕ ਦੇਖਣ ਨੂੰ ਭਾਵੇਂ ਹਿੰਦੂ ਲੱਗਦੇ ਸਨ, ਪਰ ਉਹ ‘ਸਖੀ ਸਰਵਰਾਂ’ ਦੇ ਪ੍ਰਭਾਵ ਹੇਠ ਆ ਕੇ ਇਸਲਾਮ ਵੱਲ ਪੈਰ ਰੱਖ ਰਹੇ ਸਨ। ਮੁਸਲਮਾਨ ਬਣਾਉਣ ਲਈ ਪਹਿਲਾਂ ‘ਸਖੀ ਸਰਵਰ’ ਦਾ ਚੇਲਾ ਬਣਾਇਆ ਜਾਂਦਾ ਸੀ। ਸਰਵਰੀਆਂ ਨੂੰ ‘ਸੁਲਤਾਨੀਆ’ ਵੀ ਕਹਿਆ ਜਾਂਦਾ ਸੀ, ਕਿਉਕਿ ਇਹ ਮੱਤ ਚਲਾਣ ਵਾਲੇ ਦਾ ਨਾਂ, ਸੁਲਤਾਨ ਸੱਯਦ ਅਹਿਮਦ ਸੀ। ਉਸ ਦਾ ਜਨਮ 1253 ਈ: ਨੂੰ ਹੋਇਆ ਦੱਸਿਆ ਜਾਂਦਾ ਹੈ। ਉਸ ਦਾ ਪਿਤਾ ਬਗਦਾਦ ਦਾ ਰਹਿਣ ਵਾਲਾ ਸੀ ਤੇ ਉਸਨੇ ਆਪਣਾ ਟਿਕਾਣਾ ਸੰਨ 1230 ਵਿਚ ਸਿਆਲਕੋਟ ਪਿੰਡ, ਜੋ ਮੁਲਤਾਨ ਤੋਂ 12 ਮੀਲ ਪੂਰਬ ਵੱਲ ਹੈ, ਵਿਖ਼ੇ ਬਣਾਇਆ। ਇਹਨਾਂ ਦੇ ਕਈ ਜਗ੍ਹਾ ‘ਪੀਰਖਾਨੇ’ ਬਣ ਗਏ। ਹਰ ਵੀਰਵਾਰ ਨੂੰ ‘ਸੁਲਤਾਨੀ’ ਪੀਰਖਾਨੇ ਇਕੱਠੇ ਹੁੰਦੇ ਤੇ ਵੱਡਾ ਰੋਟ (ਜੋ ਜ਼ਮੀਨ ਤਪਾ ਕੇ ਪਕਾਇਆ ਜਾਂਦਾ ਸੀ) ਗੁੜ ਨਾਲ ਚੋਪੜ ਕੇ ਪੀਰ ਅੱਗੇ ਭੇਟਾ ਕਰਦੇ ਸਨ। ਸੁਲਤਾਨ ਦਾ ਪੁਜਾਰੀ ਭਿਰਾਈ ‘ਦਰੂਦ’ (ਜੋ ਮੁਸਲਮਾਨਾਂ ਦੀ ਧਾਰਮਕ ਪੁਸਤਕ ਹੈ) ਪੜ੍ਹ ਕੇ ਕੁਝ ਰੋਟ ਆਪ ਲੈ ਲੈਂਦਾ ਸੀ, ਤੇ ਬਾਕੀ ਸਾਰਿਆਂ ਵਿਚ ਵੰਡ ਦਿੰਦਾ ਸੀ।
ਜਦ ਸੰਨ 1291 ਈ: ਵਿਚ ਸੁਲਤਾਨ ਦੀ ਮ੍ਰਿਤੂ ਹੋਈ ਤਾਂ ਉਸ ਦੀ ਕਬਰ, ਡੇਰਾ ਗਾਜ਼ੀਖਾਨ ਤੋਂ 22 ਮੀਲ ਪੱਛਮ ਵੱਲ ‘ਨਿਗਾਹੇ’ ਪਿੰਡ ਬਣਾਈ ਗਈ। ਇਥੇ ਹੀ ਸੁਲਤਾਨ ਦੀ ਇਸਤ੍ਰੀ ‘ਬੀਬੀ ਬਾਈ’ ਦੀ ਵੀ ਕਬਰ ਹੈ। ਇਸ ਤਰ੍ਹਾਂ ਹੋਰ ਕਈ ਸਥਾਨਾਂ ਤੇ ਪੀਰਖਾਨੇ ਸਨ, ਜਿਵੇਂ ਧੌਕਲ ਪਿੰਡ (ਵਜ਼ੀਰਾਬਾਦ), ਬੁੰਡਾਲਾ (ਤਰਨ ਤਾਰਨ ਦੇ ਪਾਸ) ਆਦਿ। ਸਾਰੇ ਦੁਆਬੇ ਦੇ ਲੋਕਾਂ ਨੂੰ ਨਿਗਾਹੇ ਜਾਣ ਲਈ ਗੋਇੰਦਵਾਲ ਹੋ ਕੇ ਹੀ ਜਾਣਾ ਪੈਂਦਾ ਸੀ।
ਗੁਰੂ ਅਰਜਨ ਸਾਹਿਬ ਨੇ ਪ੍ਰਚਾਰਕ ਦੌਰਿਆਂ ਰਾਹੀਂ ਗੁਰੂ ਘਰ ਦੇ ਉਪਦੇਸ਼ਾਂ ਨਾਲ ਇਸ ਸਾਰੇ ਇਲਾਕੇ ਨੂੰ ਸਿੱਖੀ ਵੱਲ ਪ੍ਰੇਰ ਕੇ ਲੈ ਆਂਦਾ ਸੀ। ਗੁਰੂ ਸਾਹਿਬ ਕਹਿੰਦੇ ਸਨ ਕਿ ਸਾਰੀ ਮਨੁਖਤਾ ਦਾ ਪਾਲਣਹਾਰ ਅਤੇ ਸੁਖ ਦੁਖ ਦੇਣ ਵਾਲਾ ਇਕੋ ਅਕਾਲਪੁਰਖ ਹੀ ਹੈ ਅਤੇ ਕਿਸੇ ਬੰਦੇ ਦੇ ਧਾਗੇ, ਤਵੀਤ ਜਾਂ ਵੀਰਵਾਰ ਨੂੰ ਰੋਟ (ਵੱਡੀ ਸਾਰੀ ਰੋਟੀ) ਚੜ੍ਹਾ ਕੇ ਜਾਂ ਭੁੰਜੇ ਸੌਣ ਨਾਲ ਉਸ ਅਕਾਲਪੁਰਖ ਦੀ ਮਿਹਰ ਦੀ ਨਜ਼ਰ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਗੁਰੂ ਸਾਹਿਬ ਦੇ ਬਚਨ ਉਹਨਾਂ ਪ੍ਰਥਾਇ ਇਹ ਹਨ :
ਨਾਨਕ ਪੀਠਾ ਪਕਾ ਸਾਜਿਆ, ਧਰਿਆ ਆਣਿ ਮਉਜੂਦੁ॥
ਬਾਝਹੁ ਸਤਿਗੁਰ ਆਪਣੇ, ਬੈਠਾ ਝਾਕੁ ਦਰੂਦ॥੨॥
(ਮਾਰੂ ਵਾਰ, ਮ: ੫, ਪੰਨਾ ੧੦੯੬)
ਭਾਵ : ਸਤਿਗੁਰੂ ਫੁਰਮਾਉਦੇ ਹਨ ਕਿ ਨਿਆਜ਼ (ਭੇਟਾ) ਆਦਿਕ ਦੇਣ ਲਈ ਸ਼ਰਧਾਲੂ ਮੁਸਲਮਾਨ ਆਟਾ ਪਿਹਾ ਕੇ, ਪਕਾ ਕੇ, ਖਾਣਾ ਤਿਆਰ ਕਰਕੇ ਲਿਆ ਰਖਦੇ ਹਨ, ਘਰ ਦੇ ਅੰਞਾਣੇ-ਸਿਆਣੇ ਝਾਕਦੇ ਤੇ ਉਡੀਕਦੇ ਹਨ ਅਤੇ ਜਦ ਤਕ ਪੀਰ (ਕਾਜ਼ੀ) ਆਕੇ ਦਰੂਦ-ਦੁਆ (ਅਰਦਾਸ) ਨਹੀਂ ਪੜ੍ਹਦਾ, ਉਹ ਖਾਣਾ ਸਵੀਕਾਰ ਨਹੀਂ ਹੁੰਦਾ। ਉਸ ਤੋਂ ਬਾਅਦ ਘਰ ਵਾਲੇ ਖਾਂਦੇ ਹਨ। ਸਾਹਿਬ ਸਮਝਾਉਦੇ ਹਨ ਕਿ ਜਿਨ੍ਹਾਂ ਨੂੰ ਗੁਰ ਉਪਦੇਸ਼ ਦੀ ਪ੍ਰਾਪਤੀ ਹੋ ਗਈ ਉਹ ਕਿਸੇ ਕਾਜ਼ੀ ਪਾਸੋਂ ਦਰੂਦ ਸੁਣੇ ਬਿਨਾ ਹੀ ਅਨੰਦ ਮਾਣਦੇ ਹਨ, ਅਤੇ ਉਹਨਾਂ ਦਾ ਖਾਣਾ, ਉਸ ਵਾਹਿਗੁਰੂ ਦੀ ਸਿਫਤ-ਸਲਾਹ ਨਾਲ ਸਵੀਕਾਰ ਹੋ ਗਿਆ ਹੁੰਦਾ ਹੈ। ਉਹਨਾਂ ਨੂੰ ਇਧਰ ਉਧਰ ਝਾਕਣ ਦੀ ਲੋੜ ਨਹੀਂ ਰਹਿੰਦੀ।
ਭਾਈ ਮੰਝ ਜੀ ਜਿਨ੍ਹਾਂ ਦਾ ਅਸਲ ਨਾਮ ‘ਤੀਰਥਾ’ ਸੀ, ਇਸ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ। ਇਹਨਾਂ ਦੇ ਘਰ ਵਿਚ ਸਖੀ ਸਰਵਰ ਦਾ ‘ਪੀਰਖਾਨਾ’ ਵੀ ਸੀ। ਗਿ: ਗਿਆਨ ਸਿੰਘ ਜੀ ਅਨੁਸਾਰ ‘ਦੁਆਬੇ ਬਿਸਤ ਵਿਚ ਮੰਜ਼ਕੀ’ ਦਾ ਮੰਜਾ ਰਾਜਪੂਤ ‘ਤੀਰਥਾ’ ਹਰ ਵਰ੍ਹੇ ਨਗਾਹੇ ਸਰਵਰ ਪੀਰ ਦੀ ਯਾਤ੍ਰਾ ਨੂੰ ਜਾਇਆ ਕਰਦਾ ਸੀ। ਭਾਈ ਮਨੀ ਸਿੰਘ ਜੀ ਲਿਖਦੇ ਹਨ—ਕਿ ਉਹ ਪਿੰਡ ਦੇ ਚੌਧਰੀ ਸਨ। ਚੌਧਰੀ ਪਿੰਡ ਦਾ ਮਾਲਕ ਹੀ ਹੁੰਦਾ ਸੀ। ਉਸ ਪਾਸ ਇਤਨਾ ਧਨ ਸੀ ਕਿ ਉਸ ਦੀ ਦੌਲਤ ਦੀਆਂ ਧੁੰਮਾਂ ਦੂਰ ਦੂਰ ਤਕ ਪਈਆਂ ਹੋਈਆਂ ਸਨ।
ਭਾਈ ਗੁਰਦਾਸ ਜੀ ਵੀ ਭਾਈ ਮੰਝ (ਤੀਰਥਾ) ਦਾ ਜ਼ਿਕਰ ਕਰਦੇ ਹੋਏ 11ਵੀਂ ਵਾਰ ਵਿਚ ਭਾਈ ਮੰਝ ਨੂੰ ਪੁਨੂੰ (ਜੱਟ) ਕਰਕੇ ਲਿਖਦੇ ਹਨ ਤੇ ਸਤਿਗੁਰੂ ਦੀ ਮਿਹਰ ਦੀ ਨਜ਼ਰ ਵਿਚ ਪਰਵਾਨ ਹੋਇਆ ਕਰਕੇ ਸਤਿਕਾਰਦੇ ਹਨ। ‘ਮੰਝ ਪੁਨੂੰ ਪਰਵਾਨ’ ਉਹਨਾਂ ਦੇ ਸ਼ਬਦ ਹਨ।
ਭਾਈ ਮੰਝ, ਪਿੰਡ ਕੰਗ ਮਾਈ (ਜ਼ਿਲ੍ਹਾ ਹੁਸ਼ਿਆਰਪੁਰ) ਦਾ ਰਹਿਣ ਵਾਲਾ ਸੀ। ਇਹਨਾਂ ਦੇ ਘਰ ਜੋ ‘ਪੀਰਖਾਨਾ’ ਸੀ ਉਸ ਤੇ ਆਪ ਹਰ ਵੀਰਵਾਰ ਨੇਮ ਨਾਲ ਰੋਟ ਚੜ੍ਹਾਂਦੇ ਅਤੇ ਸ਼ਰਧਾਲੂਆਂ ਦਾ ਵੱਡਾ ਜੱਥਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ। ਜੱਥੇ ਨੂੰ ਨਾਲ ਲੈ ਪ੍ਰਚਾਰ ਕਰਦੇ ਹੋਏ ਹਰ ਸਾਲ ‘ਨਿਗਾਹੇ’ ਜਾਂਦੇ ਸਨ। ਕਈ ਵਾਰ ਜਥੇ ਵਿਚ 500 ਸ਼ਰਧਾਲੂ ਵੀ ਹੁੰਦੇ।
ਸੰਨ 1585 ਦੀ ਗੱਲ ਹੈ ਕਿ ਆਪ ਜਥੇ ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ, ਕਿ ਅੰਮ੍ਰਿਤਸਰ ਠਹਿਰੇ। ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਦੀ ਸਰਪ੍ਰਸਤੀ ਵਿਚ ਗੁਰੂ ਘਰ ਦੀ ਰਹਿਣੀ-ਬਹਿਣੀ ਅਤੇ ਸਿੱਖਾਂ ਦੇ ਜੀਵਨ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਉਪਦੇਸ਼ ਗ੍ਰਹਿਣ ਕੀਤੇ ਤਾਂ ਗੁਰੂ-ਘਰ ਦੇ ਹੀ ਹੋ ਕੇ ਰਹਿ ਗਏ। ਐਸਾ ਅਨੰਦ, ਖੇੜਾ, ਸੇਵਾ, ਸਿਮਰਨ ਅਤੇ ਸਤਿਸੰਗ ਉਸਨੇ ਕਦੀ ਨਹੀਂ ਸੀ ਡਿੱਠਾ। ਉਸ ਵੀ ਸਤਿਗੁਰਾਂ ਕੋਲੋਂ ਸਿੱਖੀ ਦੀ ਦਾਤ ਮੰਗੀ। ਸਤਿਗੁਰੂ ਅਰਜਨ ਸਾਹਿਬ ਨੇ ਫ਼ੁਰਮਾਇਆ, ‘‘ਪੁਰਖਾ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ*। ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਜੋ ਸਿੱਖ-ਮਤ ਦੇ ਉਲਟ ਹਨ, ਤਾਂ ਤੂੰ ਸਿੱਖੀ ਨਿਭਾ ਸਕੇਂਗਾ। ਫਿਰ ਸਿੱਖੀ ਵਿਚ ਅਕਾਲ-ਪੁਰਖ ਦੇ ਲੜ ਲੱਗੀਦਾ ਹੈ ਅਤੇ ਸੱਚ ਦੇ ਮਾਰਗ ਤੇ ਚਲਦਿਆਂ ਆਮ ਲੋਕਾਂ ਦੀ ਨਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈਂ ਤਾਂ ਸਿੱਖੀ ਉਤੇ ਚੱਲ ਸਕੇਂਗਾ।’’
ਭਾਈ ਮੰਝ ਆਪਣੇ ਪਿੰਡ ਆ ਗਿਆ ਅਤੇ ਸਭ ਤੋਂ ਪਹਿਲਾਂ ਉਸ ਨੇ ‘ਪੀਰਖਾਨੇ’ ਨੂੰ ਢਾਹ ਦਿਤਾ ਅਤੇ ਸਖੀ ਸਰਵਰ ਦੀ ਪੂਜਾ ਛੱਡ ਦਿਤੀ। ਕੁਦਰਤ ਦਾ ਭਾਣਾ ਐਸਾ ਹੋਇਆ ਕਿ ਉਸ ਦਾ ਮਾਲ-ਡੰਗਰ (ਬੈਲ, ਮੱਝਾਂ, ਗਾਵਾਂ ਆਦਿ) ਮਰਨਾ ਸ਼ੁਰੂ ਹੋ ਗਿਆ। ਪਰ ਭਾਈ ਜੀ ਅਡੋਲ, ਅਕਾਲ ਪੁਰਖ ਉਤੇ ਭਰੋਸਾ ਰੱਖ ਕੇ ਆਪਣੇ ਕੰਮ ਵਿਚ ਮਸਤ ਰਹੇ। ਫਿਰ ਲੋਕਾਂ ਨੇ ਭਾਈ ਮੰਝ ਜੀ ਦੀ ਸ਼ਿਕਾਇਤ ਕਰ ਕੇ ਉਹਨਾਂ ਨੂੰ ਪਿੰਡ ਦੇ ਪ੍ਰਧਾਨ (ਚੌਧਰੀ) ਦੀ ਥਾਂ ਤੋਂ ਵੀ ਹਟਾ ਦਿਤਾ, ਪਰ ਭਾਈ ਜੀ ਦ੍ਰਿੜ੍ਹ ਰਹੇ। ਬਲਕਿ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਕਬਰਾਂ ਨੂੰ ਜਾਂ ਮੜ੍ਹੀਆਂ ਨੂੰ ਪੂਜਿਆਂ ਆਤਮਾ ਦਾ ਵਿਕਾਸ ਨਹੀਂ ਹੁੰਦਾ। ਆਤਮਾ ਦੀ ਖੁਰਾਕ ਪ੍ਰਮਾਤਮਾ ਦੀ ਸਿਫਤ ਸਲਾਹ ਜਾਂ ਗੁਰੂ ਸ਼ਬਦ ਦੀ ਵੀਚਾਰ ਹੈ। ਉਹਨਾਂ ਉਤੇ ਕਾਫੀ ਆਰਥਕ ਸੰਕਟ ਵੀ ਆਏ, ਪਰ ਉਹ ਅਡੋਲ ਅਕਾਲਪੁਰਖ ਦੇ ਭਰੋਸੇ ਟਿਕੇ ਰਹੇ। ਉਹਨਾਂ ਮਨੁਖਤਾ ਦੀ ਸੇਵਾ ਕਰਨੀ ਆਰੰਭ ਕਰ ਦਿਤੀ ਅਤੇ ਆਨੰਦ ਪ੍ਰਾਪਤ ਕਰਨ ਲੱਗੇ।*
ਭਾਈ ਮੰਝ ਦੇ ਦਿਲ ਵਿਚ ਗੁਰੂ-ਘਰ ਨਾਲ ਐਸਾ ਪਿਆਰ ਜਾਗਿਆ ਕਿ ਉਹ ਘਰ ਬਾਰ ਦੀ ਸੰਭਾਲ ਕਰਕੇ, ਗੁਰੂ ਅਰਜਨ ਸਾਹਿਬ ਪਾਸ ਹੀ ਆ ਰਹੇ ਅਤੇ ਗੁਰੂ-ਘਰ ਦੀ ਸੇਵਾ ਵਾਸਤੇ ਜੁਟ ਗਏ। ਇਸ ਤਰ੍ਹਾਂ ਉਹ ਸਿੱਖੀ ਦੀ ਕਮਾਈ ਕਰਨ ਲਗੇ। ਉਨ੍ਹਾਂ ਨੇ ਆਪਣੇ ਜ਼ਿੰਮੇਂ ਲੰਗਰ ਵਾਸਤੇ ਲੱਕੜੀਆਂ ਲਿਆਉਣ ਦੀ ਸੇਵਾ ਲਈ। ਹਰ ਰੋਜ਼ ਸਿਮਰਨ, ਭਜਨ, ਗੁਰੂ ਉਪਦੇਸ਼ਾਂ ਨੂੰ ਸੁਣਨ ਤੋਂ ਬਾਅਦ ਉਹ ਜੰਗਲ ਵਿਚੋਂ ਲੱਕੜੀਆਂ ਕੱਟਣ ਲਈ ਤੁਰ ਪੈਂਦੇ, ਅਤੇ ਇਹ ਕਹਿੰਦੇ ਫ਼ਿਰਦੇ ਕਿ ਝੂਠਾ ਧਨ ਚਲਾ ਗਿਆ ਤਾਂ ਕੋਈ ਫ਼ਿਕਰ ਨਹੀਂ, ਸੱਚੇ ਧਨ ਦੀ ਪ੍ਰਾਪਤੀ ਹੋ ਗਈ ਹੈ। ਭਾਈ ਜੀ ‘ਸੁਲਤਾਨਵਿੰਡ’ ਦੇ ਨੇੜੇ ਜੰਗਲ ਵਿਚੋਂ ਲੱਕੜਾਂ ਲਿਆਉਦੇ ਸਨ।
ਇਕ ਦਿਨ ਲੱਕੜਾਂ ਸਿਰ ਤੇ ਰੱਖ ਕੇ ਅੰਮ੍ਰਿਤਸਰ ਨੂੰ ਮੁੜ ਰਹੇ ਸਨ ਕਿ ਬਹੁਤ ਝੱਖੜ ਆ ਗਿਆ। ਭਾਈ ਜੀ ਲੱਕੜਾਂ ਨੂੰ ਸੰਭਾਲਦੇ ਤੁਰ ਰਹੇ ਸਨ ਕਿ ਹਨ੍ਹੇਰੀ ਦੇ ਝੋਕੇ ਨਾਲ ਇਕ ਖ਼ੂਹ ਵਿਚ ਡਿਗ ਪਏ। ਖੂਹ ਬਹੁਤ ਡੂੰਘਾ ਨਹੀਂ ਸੀ, ਅਤੇ ਪਾਣੀ ਵੀ ਬਹੁਤਾ ਥੋੜ੍ਹਾ ਸੀ। ਭਾਈ ਜੀ ਨੇ ਲੱਕੜਾਂ ਸਿਰ ਤੇ ਰੱਖੀਆਂ ਤਾਂ ਕਿ ਭਿੱਜ ਨਾ ਜਾਣ। ਉਥੇ ਖਲੋਤੇ ਜ਼ੋਰ-ਜ਼ੋਰ ਦੀ ਬਾਣੀ ਗਾਇਨ ਕਰਦੇ ਰਹੇ। ਸਬੱਬ ਨਾਲ ਇਕ ਜ਼ਿਮੀਂਦਾਰ ਆਪਣਾ ਪੈਲੀ ਬੰਨਾ ਵੇਖਦਾ ਹੋਇਆ ਉਥੇ ਆ ਪਹੁੰਚਿਆ ਤੇ ਆਵਾਜ਼ ਸੁਣ ਕੇ ਉਸਨੇ ਖੂਹ ਤੇ ਆ ਕੇ ਪੁੱਛ ਕੀਤੀ ਅਤੇ ਸ਼ਹਿਰ ਤੋਂ ਰੱਸਾ ਲੈਣ ਅਤੇ ਬੰਦਿਆਂ ਨੂੰ ਬੁਲਾਉਣ ਦੌੜਿਆ। ਉਸਨੇ ਗੁਰੂ ਜੀ ਨੂੰ ਸੂਚਨਾ ਦੇ ਦਿਤੀ। ਗੁਰੂ ਅਰਜਨ ਸਾਹਿਬ ਆਪ ਸਿੱਖਾਂ ਸਮੇਤ ਖੂਹ ਵੱਲ ਨੂੰ ਦੌੜੇ ਅਤੇ ਰੱਸਾ ਪਾ ਕੇ ਬਾਹਰ ਕੱਢਣਾ ਚਾਹਿਆ ਤਾਂ ਭਾਈ ਮੰਝ ਜੀ ਨੇ ਕਿਹਾ ਕਿ ਪਹਿਲਾਂ ਲੱਕੜਾਂ ਕੱਢੋ, ਤਾਂਕਿ ਲੰਗਰ ਪੱਕ ਸਕੇ। ਇਸੇ ਤਰ੍ਹਾਂ ਕੀਤਾ ਗਿਆ। ਫਿਰ ਭਾਈ ਜੀ ਆਪ ਵੀ ਬਾਹਰ ਆਏ। ਇਸ ਘਟਨਾ ਕ੍ਰਮ ਨੂੰ ਇੰਝ ਸਮਝੀਏ, ਗੁਰੂ ਸਾਹਿਬ ਨੇ ਭਾਈ ਮੰਝ ਜੀ ਨੂੰ ਸਿਰਫ ਪਾਣੀ ਵਾਲੇ ਖੂਹ ਵਿਚੋਂ ਨਹੀਂ ਸੀ ਕੱਢਿਆ। ਸਗੋਂ ਸਖੀ ਸਰਵਰੀਏ, ਮੜ੍ਹੀ ਮਸਾਣੀ ਅਤੇ ਹੋਰ ਕਰਮ-ਕਾਂਡਾਂ ਦੇ ਪਖੰਡ ਰੂਪੀ ਖੂਹ ਵਿਚੋਂ ਕੱਢਿਆ ਸੀ। ਭਾਈ ਮੰਝ ਜੀ ਦੀ ਸੇਵਾ ਅਤੇ ਸਿਮਰਨ ਦੀ ਘਾਲ ਵੇਖਦਿਆਂ ਓਥੇ ਗੁਰੂ ਜੀ ਨੇ ਭਾਈ ਮੰਝ ਨੂੰ ਕਿਹਾ, ‘‘ਤੁਸੀਂ ਸਿੱਖੀ ਦੇ ਇਮਤਿਹਾਨ ਵਿਚੋਂ ਪਾਸ ਹੋਏ ਹੋ ਤਾਂ ਭਾਈ ਮੰਝ ਜੀ ਨੇ ਗੁਰੂ ਜੀ ਪਾਸੋਂ ਇਹ ਹੀ ਮੰਗਿਆ ਕਿ ਮੈਨੂੰ ਸਿੱਖੀ ਤੋਂ ਥਿੜਕਣ ਨਾ ਦੇਣਾ ਅਤੇ ਸਿੱਖੀ ਮੇਰੇ ਨਾਲ ਨਿਭੇ। ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਕਿਹਾ :
ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ॥
ਮੰਝ ਗੁਰੂ ਕਾ ਬੋਹਿਥਾ (ਜਹਾਜ਼) ਜਗ ਲੰਘਣਹਾਰਾ॥
ਗੁਰੂ ਜੀ ਦਾ ਭਾਵ ਸੀ ਕਿ ਜੋ ਮੰਝ ਜੀ ਵਰਗੀ ਸੇਵਾ ਅਤੇ ਸਿਦਕ ਰਖੇਗਾ ਅਤੇ ਗੁਰੂ ਉਪਦੇਸ਼ਾਂ ਨੂੰ ਕਮਾਏਗਾ, ਉਸਦੀ ਹਉਮੈਂ ਤੋਂ ਨਵਿਰਤੀ ਹੋ ਜਾਏਗੀ, ਉਹ ਇਸ ਭਵਸਾਗਰ ਤੋਂ ਪਾਰ ਹੋ ਜਾਏਗਾ। ਮਨੁੱਖ ਦੀ ਹਉਮੈ ਹੀ ਜਗ ਤੋਂ ਪਾਰ ਨਹੀਂ ਲੰਘਣ ਦਿੰਦੀ। ਇਸ ਤੋਂ ਉਪਰੰਤ ਗੁਰੂ ਜੀ ਨੇ ਸਮਝਿਆ ਕਿ ਇਸ ਦੀ ਟਰੇਨਿੰਗ ਪੂਰੀ ਹੋ ਚੁਕੀ ਹੈ ਅਤੇ ਇਮਤਿਹਾਨ ਵਿਚੋਂ ਪਾਸ ਹੋ ਚੁਕਾ ਹੈ ਤਦ ਭਾਈ ਮੰਝ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਪ੍ਰਮਾਣਿਕ (Authorised) ਪ੍ਰਚਾਰਕ ਦੇ ਤੌਰ ’ਤੇ ਘਰ ਭੇਜ ਦਿੱਤਾ। ਭਾਈ ਮੰਝ ਜੀ ਨੇ ਆਪਣੇ ਘਰ ਸੰਗਤ ਕਾਇਮ ਕੀਤੀ ਅਤੇ ਲੰਗਰ ਚਲਾਇਆ ਅਤੇ ਕਿਰਤ ਕਾਰ ਕਰਦੇ ਹੋਏ ਪ੍ਰਚਾਰ ਤੇ ਨਿਕਲਦੇ। ਜਿਥੇ ਪਹਿਲਾਂ ਇਹ ਸਖੀ ਸਰਵਰਾਂ ਦਾ ਪ੍ਰਚਾਰ ਕਰਦੇ ਸੀ, ਹੁਣ ਸਿੱਖੀ ਦੇ ਪ੍ਰਚਾਰ ਹਿਤ ਹੁਸ਼ਿਆਰਪੁਰ ਦੇ ਸਾਰੇ ਇਲਾਕੇ ਵਿਚੋਂ ਵੱਡੀਆਂ-ਵੱਡੀਆਂ ਸੰਗਤਾਂ ਨੂੰ ਨਾਲ ਲੈ ਕੇ ਨਿਕਲਦੇ।
Author: Gurbhej Singh Anandpuri
ਮੁੱਖ ਸੰਪਾਦਕ