ਸਮਾਜ ਅੰਦਰ ਪੁੱਤਰ ਪਰਾਪਤੀ ਦੀ ਲਾਲਸਾ ਇੰਨੀ ਪਰਬਲ ਹੋ ਗਈ ਹੈ ਕਿ ਹਰ ਵਿਅਕਤੀ ਚਾਹੇ ਮਰਦ ਚਾਹੇ ਔਰਤ ਪੁਤਰ ਦੀ ਪਰਾਪਤੀ ਲਈ ਹਰੇਕ ਪਰਕਾਰ ਦੇ ਪਾਪੜ ਵੇਲਣ ਲਈ ਤਿਆਰ ਹਨ। ਹਰੇਕ ਇਨਸਾਨ ਚਾਹੁੰਦਾ ਹੈ ਕਿ ਮੇਰੇ ਘਰ ਪੁਤਰ ਹੀ ਪੈਦਾ ਹੋਵੇ। ਧੀ ਕਿਉਂ ਨਹੀਂ? ਆਓ, ਇਸ ਦੇ ਪਿਛੋਕੜ ਨੂੰ ਸਮਝਣ ਦਾ ਯਤਨ ਕਰੀਏ।
ਭਾਰਤ ਦੀ ਬਹੁ ਗਿਣਤੀ ਦਾ ਗੁਰੂ ਬਰਾਹਮਣ ਸੀ ਅਤੇ ਹੈ। ਇੱਕ ਗਰੁੜ ਪੁਰਾਣ ਗਰੰਥ ਹੈ ਜਿਸ ਦਾ ਲਿਖਾਰੀ ਕੋਈ ਨਹੀਂ ਉਸ ਵਿੱਚ ਲਿਖਿਆ ਹੈ ਕਿ ਪੂੰ ਇੱਕ ਨਰਕ ਹੈ ਜਿਸ ਤੋਂ ਕੇਵਲ ਪੁਤਰ ਹੀ ਬਚਾ ਸਕਦਾ ਹੈ। ਧੀ ਨਹੀਂ। ਉਸ ਲਿਖਾਰੀ ਨੂੰ ਇਹ ਨਹੀਂ ਸੀ ਪਤਾ ਕਿ ਪੂੰ ਨਰਕ ਤੋਂ ਪੁੱਤਰ ਨੇ ਕੀ ਬਚਾਉਣਾ ਹੈ ਪਤਾ ਨਹੀਂ ਕਿੰਨੇ ਮਾਂ ਬਾਪ ਇਸ ਸੰਸਾਰ ਅੰਦਰ ਆਪਣੇ ਪੁਤਰਾਂ ਹੱਥੋਂ ਨਰਕ ਭੋਗ ਰਹੇ ਹਨ। ਅੱਜ ਹਰ ਹਸਪਤਾਲ ਦੇ ਬਾਹਰ ਲਿਖ ਕੇ ਲਾਇਆ ਹੈ ਕਿ ਇਥੇ ਭਰੂਣ ਟੈਸਟ ਨਹੀਂ ਕੀਤਾ ਜਾਂਦਾ ਬਾਹਰ ਇੱਕ ਵੱਡਾ ਬੋਰਡ ਲਗਾ ਹੁੰਦਾ ਹੈ ਜਿਸ ਉਪਰ ਲਿਖਿਆ ਹੁੰਦਾ ਹੈ ਕਿ ਭਰੂਣ ਟੈਸਟ ਕਰਾਉਣ ਵਾਲੇ ਨੂੰ ਇੱਕ ਸਾਲ ਦੀ ਸਜ਼ਾ ਜਾਂ ਦਸ ਹਜ਼ਾਰ ਰੁਪਈਆ ਜੁਰਮਾਨਾ ਕੀਤਾ ਜਾ ਸਕਦਾ ਹੈ। ਇੱਕ ਪਾਸੇ ਤਾਂ ਅਸੀਂ ਭਰੁਣ ਟੈਸਟ ਕਰਾਉਣ ਵਾਲੇ ਨੂੰ ਸਜ਼ਾ ਦੇ ਰਹੇ ਹਾਂ ਪਰ ਦੂਜੇ ਪਾਸੇ ਪੰਜਾਬ ਅੰਦਰ ਡੇਰਿਆਂ ਵਿੱਚ ਅਖੌਤੀ ਸਾਧ-ਸੰਤ, ਬਰਹਮਗਿਆਨੀਆਂ ਵਲੋਂ ਪੁਤਰਾਂ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਕੋਈ ਐਸਾ ਡੇਰਾ ਨਹੀਂ ਜਿਹੜਾ ਧੀ ਦੀ ਅਰਦਾਸ ਕਰਦਾ ਹੋਵੇ। ਕੀ ਜਿਹੜੀ ਸਜ਼ਾ ਭਰੁਣ ਟੈਸਟ ਕਰਵਾਉਣ ਵਾਲੇ ਉਤੇ ਲਾਗੂ ਹੈ ਕੀ ਉਹ ਇਹਨਾਂ ਕੁੜੀਮਾਰ ਸਾਧੂਆਂ ਉਤੇ ਨਹੀਂ ਲਾਗੂ ਹੋ ਸਕਦੀ। ਕੀ ਇਹ ਬਰਹਮਗਿਆਨੀ ਕਿਸੇ ਧੀ ਦੀ ਵੀ ਅਰਦਾਸ ਕਰਦੇ ਹਨ। ਜੇ ਵਾਕਿਆ ਹੀ ਇਹਨਾਂ ਦੀਆਂ ਅਰਦਾਸਾਂ ਨਾਲ ਪੁੱਤਰ ਪੈਦਾ ਹੁੰਦੇ ਹਨ ਤਾਂ ਇਹ ਸਭ ਅਖੌਤੀ ਸਾਧ ਭਰੂਣ ਹਤਿਆ ਦੇ ਜ਼ਿੰਮੇਵਾਰ ਹਨ। ਅਸੀਂ ਤਾਂ ਗੁਰੂ ਨੂੰ ਪੁੱਤਰ ਪਰਾਪਤੀ ਦੀ ਲਾਲਸਾ ਤੋਂ ਮੁਕਤ ਨਹੀਂ ਰਹਿਣ ਦਿੱਤਾ। ਸਾਡੇ ਸਾਧਾਂ, ਸੰਤਾਂ, ਢਾਡੀਆਂ, ਪਰਚਾਰਕਾਂ, ਕਵੀਸ਼ਰਾਂ ਵਲੋਂ ਬਹੁਤ ਮਸਾਲੇ ਲਗਾ ਲਗਾ ਕੇ ਇਹ ਗੱਲ ਸਟੇਜਾਂ ਉਪਰ ਸੁਣਾਈ ਜਾਂਦੀ ਹੈ ਕਿ ਇੱਕ ਦਿਨ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਕੋਲ ਪਹੁੰਚੇ ਅਤੇ ਬੇਨਤੀ ਕੀਤੀ “ਸੁਆਮੀ ਜੀ ਤੁਸੀਂ ਦੂਜਿਆਂ ਦੀਆਂ ਝੋਲੀਆਂ ਭਰਦੇ ਹੋ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ” ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਭੇਜ ਦਿੱਤਾ। ਪਹਿਲੇ ਦਿਨ ਮਾਤਾ ਜੀ ਰੱਥ ਉਪਰ ਸਵਾਰ ਹੋ ਕੇ ਨਾਲ ਕੁੱਝ ਗੋਲੀਆਂ ਲੈਕੇ ਬੀੜ ਸਾਹਿਬ ਵਲ ਨੂੰ ਰਵਾਨਾ ਹੋ ਗਏ। ਬਾਬਾ ਜੀ ਨੇ ਦੂਰੋਂ ਹੀ ਤਕਦਿਆਂ ਸਾਰ ਪੁੱਛਿਆ ਕਿ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ ਹਨ? ਪਹਿਲੀ ਗਲ ਕਿ ਜਿਸ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਜੀ ਤੋਂ ਗੁਰੂ ਹਰਿਗੋਬਿੰਦ ਜੀ ਤਕ ਗੁਰੂ ਘਰ ਦੀ ਸੇਵਾ ਕੀਤੀ ਹੋਵੇ, ਉਹ ਮਹਾਨ ਯੋਧੇ ਦੁਆਰਾ ਗੁਰੂ ਘਰ ਪਰਤੀ ਇਹੋ ਜਿਹੇ ਸ਼ਬਦ ਬੋਲਣਾ, ਇਹ ਕਹਿ ਕੇ ਅਸੀਂ ਬਾਬਾ ਜੀ ਦਾ ਸਤਿਕਾਰ ਕਰ ਰਿਹੇ ਹਾਂ ਜਾਂ ਨਿਰਾਦਰ ਕਰ ਰਹੇ ਹਾਂ? ਖੈਰ ਅਗਲੇ ਦਿਨ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਨਿਮਰਤਾ ਨਾਲ ਮਿੱਸੇ ਪਰਸ਼ਾਦੇ ਤਿਆਰ ਕਰੋ ਅਤੇ ਨਾਲ ਲੱਸੀ ਦੀ ਚਾਟੀ ਅਤੇ ਗੰਡੇ, ਅਚਾਰ ਆਦਿਕ ਲੈਕੇ ਜਾਣ ਲਈ ਕਿਹਾ। ਫਿਰ ਮਾਤਾ ਜੀ ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਪਾਸ ਪਹੁੰਚੇ ਅਤੇ ਬਾਬਾ ਜੀ ਨੇ ਬਹੁਤ ਪਿਆਰ ਨਾਲ ਮਾਤਾ ਜੀ ਦੇ ਹੱਥ ਦੇ ਤਿਆਰ ਕੀਤੇ ਮਿੱਸੇ ਪਰਸ਼ਾਦੇ ਛਕੇ ਅਤੇ ਜਦੋਂ ਮੁੱਕੀ ਮਾਰ ਕੇ ਗੰਡੇ ਨੂੰ ਭੰਨਿਆ ਤਾਂ ਨਾਲ ਹੀ ਬਾਬਾ ਜੀ ਨੇ ਬਚਨ ਕਰ ਦਿੱਤਾ ਕਿ ਜਾਓ ਮਾਤਾ ਜੀ ਤੁਹਾਡੇ ਘਰ ਇੱਕ ਮਹਾਬਲੀ ਸੂਰਮਾ ਪੈਦਾ ਹੋਵੇਗਾ। ਇਹ ਸਾਰੀ ਸਾਖੀ ਗੁਰਬਿਲਾਸ ਪਾਤਸ਼ਾਹ ਛੇਵੀਂ ਵਿਚ, ਜਿਸ ਗਰੰਥ ਦੀ ਕਥਾ ਗੁਰਦੁਆਰਿਆਂ ਵਿੱਚ ਕਰਾਉਣ ਲਈ ਮੌਜੂਦਾ ਜੱਥੇਦਾਰ ਸ. ਜੋਗਿੰਦਰ ਸਿੰਘ ਵੇਦਾਂਤੀ ਜੋਰ ਲਗਾ ਰਿਹਾ ਹੈ। ਕਮਾਲ ਦੀ ਗਲ ਹੈ ਕਿ ਬਾਬਾ ਜੀ ਨੇ ਵੀ ਇਹ ਬਚਨ ਕਿਹਾ ਕਿ ਤੁਹਾਡੇ ਘਰ ਲੜਕਾ ਹੋਵੇਗਾ। ਕੀ ਬਾਬਾ ਬੁੱਢਾ ਜੀ ਇਹ ਨਹੀਂ ਸੀ ਕਹਿ ਸਕਦੇ ਕਿ ਤੁਹਾਡੇ ਘਰ ਲੜਕੀ ਜਨਮ ਲਵੇਗੀ। ਇਹ ਸਾਖੀਆਂ ਉਹਨਾਂ ਸ਼ਰਾਰਤੀ ਅਨਸਰਾਂ ਵਲੋਂ ਲਿਖੀਆਂ ਗਈਆਂ ਹਨ ਜੋ ਖਾਲਸੇ ਦੇ ਨਿਆਰੇਪਨ ਨੂੰ ਸਦਾ ਵਾਸਤੇ ਗੁਆਉਣਾ ਚਾਹੁੰਦੇ ਹਨ। ਅਜ ਤਕ ਬਾਬਾ ਬੁੱਢਾ ਜੀ ਦੇ ਹੋਰ ਉਪਕਾਰਾਂ ਨੂੰ ਭੁਲਾ ਕੇ ਕੇਵਲ ਪੁੱਤਰਾਂ ਦਾ ਦਾਨੀ ਹੀ ਕਿਹਾ ਜਾ ਰਿਹਾ ਹੈ। ਬਾਬਾ ਬੁੱਢਾ ਜੀ ਸ਼ਸਤਰਾਂ ਦੇ ਧਨੀ ਸਨ, ਉਹ ਬਹੁਤ ਸੁਲਝੇ ਹੋਏ ਗਰੰਥੀ ਅਤੇ ਪਰਬੰਧਕ ਸਨ ਪਰ ਇਹਨਾਂ ਗੁਣਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਕੇਵਲ ਸਟੇਜਾਂ ਤੋਂ ਇਹ ਪਰਚਾਰ ਕੀਤਾ ਜਾ ਇਹਾਂ ਕਿ ਬਾਬਾ ਬੁੱਢਾ ਜੀ ਪੁਤਰਾਂ ਦੇ ਦਾਨੀ ਹਨ, ਕੀ ਬਾਬਾ ਬੁੱਢਾ ਜੀ ਧੀਆਂ ਦੇ ਦਾਨੀ ਨਹੀਂ? ਬਸਾਂ ਦੇ ਪਿੱਛੇ ਲਿਖਿਆ ਹੁੰਦਾ ਹੈ “ਪੁਤ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ” ਕੀ ਧੀ ਮਿਠੜਾ ਮੇਵਾ ਨਹੀਂ ਹੋ ਸਕਦੀ? ਇੱਕ ਸਾਖੀ ਨਹੀਂ, ਸਿੱਖ ਇਤਿਹਾਸ ਨੂੰ ਗੰਦਲਾ ਕਰਨ ਲਈ ਕਈ ਅਜਿਹੀਆਂ ਸਾਖੀਆਂ ਪੁਤਰ ਪਰਾਪਤੀ ਤੇ ਮੋਹਰ ਲਾਉਣ ਵਾਲੀਆਂ ਰੱਚ ਦਿਤੀਆਂ। ਜਿਵੇਂ ਮਾਤਾ ਸੁਲਖਣੀ ਜੀ ਗੁਰੂ ਹਰਿਗੋਬਿੰਦ ਸਾਹਿਬ ਕੋਲ ਪੁਤਰ ਦੀ ਮੰਗ ਲੇਕੇ ਆਏ ਤਾਂ ਗੁਰੂ ਜੀ ਨੇ ਕਿਹਾ ਤੁਹਾਡੀ ਕਿਸਮਤ ਵਿੱਚ ਪੁਤਰ ਨਹੀਂ ਤਾਂ ਮਾਤਾ ਜੀ ਵਾਪਸ ਆ ਗਏ ਤਾ ਇੱਕ ਸਿਖ ਨੇ ਮਾਤਾ ਜੀ ਨੂੰ ਕਿਹਾ ਕਿ ਆਹ ਲਓ ਕਲਮ ਤੇ ਆਹ ਲਓ ਕਾਗਜ਼ ਤੇ ਜਾ ਕੇ ਗੁਰੂ ਜੀ ਨੂੰ ਕਹੋ ਕਿ ਗੁਰੂ ਸਾਹਿਬ ਜੇ ਮੇਰੀ ਕਿਸਮਤ ਵਿੱਚ ਪੁੱਤ ਨਹੀਂ ਤਾਂ ਤੁਸੀਂ ਹੁਣ ਲਿਖ ਦਿਓ ਤਾਂ ਗੁਰੂ ਜੀ ਹੱਥ ਵਿੱਚ ਕਲਮ ਫੜ ਕੇ ਕਾਗਜ਼ ਤੇ ਲਿਖਣ ਲੱਗੇ ਤਾਂ ਘੋੜੇ ਪੈਰ ਹਿਲਾ ਕੇ ਇੱਕ ਦਾ ਸੱਤ ਕਰ ਦਿੱਤਾ ਅਤੇ ਗੁਰੂ ਜੀ ਨੇ ਕਿਹਾ ਮੈਂ ਤਾਂ ਤੁਹਾਨੂੰ ਇੱਕ ਪੁਤਰ ਦੇਣਾ ਚਾਹੁੰਦਾ ਸੀ ਪਰ ਘੋੜੇ ਦਾ ਪੈਰ ਹਿਲਣ ਕਰਕੇ ਹੁਣ ਤੁਹਾਡੇ ਘਰ ਸੱਤ ਪੁਤਰ ਪੈਦਾ ਹੋਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਇਹਨਾਂ ਸਾਖੀਆਂ ਨੂੰ ਸਟੇਜਾਂ ਉਪਰ ਸਾਡੇ ਧਾਰਮਿਕ ਲੋਕ ਜਦੋਂ ਸੁਣਾਉਂਦੇ ਤਾਂ ਭੋਲੀਆਂ ਭਾਲੀਆਂ ਸੰਗਤਾਂ ਕਿਵੇਂ ਮਾਇਆ ਦੇ ਢੇਰ ਲਗਾਉਂਦੀਆਂ ਹਨ। ਇਸ ਸਾਖੀ ਤੋਂ ਕੀ ਸਿਖਿਆ ਮਿਲਦੀ ਹੈ? ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ ਦੇ ਮਹਾਵਾਕ ਅਨੁਸਾਰ ਜਿਹੜੇ ਗੁਰੂ ਨੂੰ ਗੁਰਬਾਣੀ ਵਿੱਚ ਅਭੁੱਲ ਆਖਿਆ ਕਿ ਉਹ ਦੀ ਭੁੱਲ ਨਹੀਂ ਕਰ ਸਕਦਾ ਪਰ ਇਸ ਸਾਖੀ ਦੇ ਲਿਖਾਰੀ ਨੇ ਗੁਰੂ ਨੂੰ ਭੁਲੜ ਸਿੱਧ ਕੀਤਾ ਹੈ ਅਤੇ ਗੁਰੂ ਨਾਲੋਂ ਘੋੜੇ ਨੂੰ ਜ਼ਿਆਦਾ ਸਿਆਣਾ ਦਰਸਾਇਆ ਹੈ।
ਕਦੇ ਕਿਸੇ ਸਾਧ ਸੰਤ, ਬਰਹਮਗਿਆਨੀ ਨੂੰ ਇਹ ਪਰਚਾਰ ਕਰਦੇ ਸੁਣਿਆ ਹੈ ਫਲਾਣੇ ਘਰ ਓਲਾਦ ਨਹੀਂ ਸੀ ਹੁੰਦੀ ਅਸੀਂ ਅਰਦਾਸ ਕੀਤੀ ਤਾਂ ਲੜਕੀ ਹੋਈ। ਨਹੀਂ ਨਹੀਂ ਇਹਨਾਂ ਦੀਆਂ ਅਰਦਾਸਾਂ ਨਾਲ ਤਾਂ ਕੇਵਲ ਪੁੱਤਰ ਹੀ ਹੁੰਦੇ ਹਨ ਕੀ ਗੁਰੂ ਨਾਨਕ ਸਾਹਿਬ ਜੀ ਇੱਥੇ ਦੁਨੀਆਂ ਦੇ ਲੋਕਾਂ ਦੇ ਪੁੱਤ ਜਮਾਉਣ ਆਏ ਸਨ। ਨਹੀਂ, ਸਗੋਂ ਜੰਮੇਂ ਹੋਏ ਪੁੱਤਰਾਂ ਨੂੰ ਅਕਲ ਦੇਣ ਆਏ ਸਨ। ਪੁੱਤਰਾਂ ਦੀਆਂ ਸੁਖਣਾਂ ਸੁਖੀਆਂ ਜਾਂਦੀਆਂ ਹਨ “ਮੈਂ ਤੇਰੇ ਇੰਨੀਆਂ ਮਸਿਆ ਇਸ਼ਨਾਨ ਕਰੂੰਗਾ ਜਾਂ ਕਰੂੰਗੀ ਸਾਡੇ ਘਰ ਪੁਤਰ ਹੋਵੇ ਕਦੇ ਕਿਸੇ ਨੇ ਲੜਕੀ ਦੀ ਸੁਖਣਾ ਸੁੱਖੀ ਹੈ। ਜੇ ਅਰਦਾਸਾਂ ਨਾਲ ਪੁੱਤਰ ਪੈਦਾ ਹੁੰਦੇ ਹੋਣ ਤਾਂ ਪੱਚੀ ਸਾਲ ਸ਼ਰੋਮਣੀ ਕਮੇਟੀ ਦੇ ਰਹਿ ਚੁਕੇ ਪਰਧਾਨ ਸਵਰਗਵਾਸੀ ਗੁਰਚਰਨ ਸਿੰਘ ਟੋਹੜਾ ਕੀ ਉਸ ਨੇ ਕਦੇ ਕਿਸੇ ਕੋਲੋਂ ਅਰਦਾਸ ਨਾ ਕਰਵਾਈ ਹੋਵੇਗੀ ਸਗੋਂ ਉਸ ਦੇ ਵਾਸਤੇ ਤਾਂ ਕਈਆਂ ਨੇ ਅਡੀਆਂ ਚੁਕ ਚੁਕ ਕੇ ਅਰਦਾਸਾਂ ਕੀਤੀਆਂ ਹੋਣਗੀਆਂ ਪਰ ਨਾ ਲੜਕੀ ਹੋਈ ਨਾ ਲੜਕਾ ਹੋਇਆ। ਲਓ ਦੀਵੇ ਥੱਲੇ ਹਨੇਰਾ, ਦੂਰ ਕੀ ਜਾਨਾ, ਮੌਜੂਦਾ ਅਕਾਲ ਤਖਤ ਦਾ ਜੱਥੇਦਾਰ ਸ. ਜੋਗਿੰਦਰ ਸ਼ਿੰਘ ਵੇਦਾਂਤੀ ਜਿਸ ਦੇ ਘਰ ਨਾ ਲੜਕੀ ਹੈ ਨਾ ਲੜਕਾ ਹੈ। ਵੇਸੇ ਦੂਜਿਆਂ ਵਾਸਤੇ ਇਹ ਪੁਤੱਰਾਂ ਦੀਆਂ ਅਰਦਾਸਾਂ ਕਰ ਦਿੰਦੇ ਹਨ। ਇਹ ਤਾਂ ਉਹ ਗੱਲ ਹੋ ਗਈ “ਮਾਤਾ ਆਪ ਵਿਆਹੀ ਨਹੀਂ ਸਾਕ ਕਿੱਥੋਂ ਕਰਾਊ” ।
ਸ਼ਾਡੇ ਢਾਡੀ ਅਤੇ ਕਵੀਸ਼ਰ ਸਟੇਜਾਂ ਉਤੇ ਇਤਿਹਾਸ ਘਟ ਸੁਣਾਉਂਦੇ ਹਨ ਅਤੇ ਦਸ ਦਸ ਰੁਪਈਆ ਵਿੱਚ ਲੋਕਾਂ ਨੂੰ ਪੁੱਤ ਜ਼ਿਆਦਾ ਦਿੰਦੇ ਹਨ। ਅਤੇ ਬੜੇ ਮਾਣ ਨਾਲ ਦਸਦੇ ਹਨ ਕਿ ਪਿਛਲੇ ਸਾਲ ਫਲਾਣੀ ਮਾਤਾ ਨੇ ਅਰਦਾਸ ਕਰਾਈ ਸੀ, ਉਸਦੇ ਘਰ ਪੁਤ ਹੋਇਆ ਅਤੇ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਐਸੀਆਂ ਤੁਕਾ ਪੜB ਕੇ ਸੰਗਤਾਂ ਨੂੰ ਪਰਭਾਵਿਤ ਕਰਦੇ ਹਨ।
ਖੈਰ. ਅਰਦਾਸਾਂ ਨਾਲ ਪੁਤਰ ਪੈਦਾ ਨਹੀਂ ਹੁੰਦੇ। ਹਾਂ, ਪੁੱਤਰ ਪਰਾਪਤੀ ਦੇ ਇਸ ਭਰਮ ਜਾਲ ਵਿੱਚ ਧੀਆਂ ਦੀ ਗਿਣਤੀ ਜ਼ਰੂਰ ਘਟਾਈ ਜਾ ਰਹੀ ਹੈ। ਅੱਜ ਸਭ ਨਾਲੋਂ ਵੱਧ ਲੜਕੀਆਂ ਮਾਰਨ ਵਿੱਚ ਸਾਡੇ ਉਹ ਵਿਅਕਤੀ ਅੱਗੇ ਹਨ ਜਿਹੜੇ ਰੋਜ਼ ਪੜਦੇ ਹਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਸਿੱਖ ਧਰਮ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਹੋਈ ਹੈ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪੰਜ ਸਾਲ ਵੱਡੀ ਸੀ। ਉਸ ਦੇ ਘਰ ਨਾ ਲੜਕੀ ਹੋਈ ਅਤੇ ਨਾ ਲੜਕਾ ਹੋਇਆ, ਬੇਬੇ ਨਾਨਕੀ ਜੀ ਨੇ ਲਖਮੀ ਦਾਸ ਨੂੰ ਗੋਦ ਲੇ ਕੇ ਪਾਲਿਆ। ਕੀ ਉਹ ਗੁਰੂ ਨਾਨਕ ਸਾਹਿਬ ਜੀ ਕੋਲੌਂ ਪੁੱਤਰ ਦੀ ਦਾਤ ਨਹੀਂ ਸਨ ਮੰਗ ਸਕਦੇ? ਪਰ ਉਹਨਾਂ ਦੀ ਇਹਨਾਂ ਨਾਸ਼ਵੰਤ ਪਦਾਰਥਾਂ ਤੋਂ ਸੋਚ ਉਪਰ ਉਠ ਚੁੱਕੀ ਸੀ। ਅੱਜ ਵੀ ਜਿਸ ਦੇ ਘਰ ਔਲਾਦ ਨ ਹੋਵੇ ਉਸ ਨੂੰ ਸੱਸ ਵਲੋਂ ਦਰਾਨੀਆਂ, ਜਠਾਣੀਆਂ, ਨਨਾਣਾਂ ਵਲੋਂ ਕਈ ਪਰਕਾਰ ਦੇ ਮਿਹਣੇ ਮਾਰੇ ਜਾਂਦੇ ਹਨ। ਇਹਨਾਂ ਸਾਰਿਆਂ ਦਾ ਕਸੂਰਵਾਰ ਕੌਣ ਹੈ? ਸਾਡੇ ਧਾਰਮਿਕ ਆਗੂ, ਜਿਹੜੇ ਇਹੋ ਜਿਹੀਆਂ ਮਿਠੀਆਂ ਮਿਠੀਆਂ ਗੱਲਾਂ ਸਟੇਜ ਦੇ ਉਪਰ ਕਰਦੇ ਸਨ ਕਿ “ਇਕ ਵੀਰ ਦੇਈਂ ਵੇ ਰੱਬਾ ਮੇਰਾ ਰੱਖੜੀ ਬੰਨਣ ਨੂੰ ਚਿੱਤ ਕਰਦਾ” । ਇੱਕ ਗੱਲ ਸਮਾਜ ਵਿੱਚ ਹੋਰ ਪਰਚਾਰੀ ਜਾ ਰਹੀ ਹੈ ਕਿ ਪੁੱਤਰਾਂ ਨਾਲ ਇਸ ਮਨੁੱਖ ਦੀ ਸੰਸਾਰ ਨਾਲ ਗੰਢ ਪੈਂਦੀ ਹੈ (ਪੁਤੀਂ ਗੰਢੁ ਪਵੈ ਸੰਸਾਰਿ॥ ਵਾਲੀ ਪੰਕਤੀ ਗਲਤ ਅਰਥ ਕਰਕੇ ਇਸ ਪਰਥਾਏ ਜੋੜੀ ਜਾਂਦੀ ਹੈ) ਪਰ ਮੈਂ ਸਮਝਦਾ ਹਾਂ ਕਿ ਜਿਤਨੀ ਪੱਕੀ ਗੰਢ ਬੇਬੇ ਨਾਨਕੀ ਜੀ ਬਿਨਾਂ ਔਲਾਦ ਤੋਂ ਸੰਸਾਰ ਨਾਲ ਪਾ ਗਏ ਹਨ। ਓਨੀ ਸ਼ਾਇਦ ਅਸੀਂ ਪੁੱਤਰਾਂ ਵਾਲੇ ਵੀ ਨਾ ਪਾ ਸਕੀਏ ਕਿਉਂਕਿ ਗੰਢ ਪੁਤਰਾਂ ਨਾਲ ਸੰਸਾਰ ਤੇ ਨਹੀਂ ਪੈਣੀ ਸਗੋਂ ਚੰਗੇ ਕੰਮਾਂ ਨਾਲ ਪੈਣੀ ਹੈ ਬਾਣੀ ਦਾ ਫੁਰਮਾਣ ਹੈ:
ਮੁਇਆ ਗੰਢੁ ਨੇਕੀ ਸਤੁ ਹੋਇ ॥
ਅੱਜ ਬਹੁ ਗਿਣਤੀ ਸਮਾਜ ਪੁਤਰਾਂ ਦੀ ਲੋਹੜੀ ਵੰਡ ਰਿਹਾ ਹੈ ਸ਼ਰਾਬਾਂ ਪੀ ਕੇ ਭੰਗੜੇ ਪਾਏ ਜਾ ਰਹੇ ਹਨ, ਪੁੱਤਰ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਧੀ ਦੀ ਜੋ ਦੁਰਦਸ਼ਾ ਅੱਜ ਹੋ ਰਹੀ ਸ਼ਾਇਦ ਉਹ ਅਕਬਰ ਵੇਲੇ ਵੀ ਨਹੀਂ ਸੀ ਕਿਉਕਿ ਉਸ ਵਖਤ ਜਦੋਂ ਪਤੀ ਮਰਦਾ ਸੀ ਤਾਂ ਔਰਤ ਨੂੰ ਸਤੀ ਕੀਤਾ ਜਾਂਦਾ ਸੀ ਪਰ ਅੱਜ ਤਾਂ ਪਤੀ ਖੁਦ ਪਤਨੀ ਨੂੰ ਅੱਗ ਲਗਾ ਰਿਹਾ ਹੈ ਕਿਉਂਕਿ ਉਹਦੇ ਮਨ ਪਸੰਦ ਦਾ ਦਾਜ ਨਹੀਂ ਆਇਆ। ਉਂਝ 80% ਸਾਡਾ ਸਮਾਜ ਪੁਤਰਾਂ ਦੇ ਹੱਥੋਂ ਦੁੱਖ ਭੋਗ ਰਿਹਾ ਹੈ। ਉਂਝ ਅਸੀਂ ਅਖਬਾਰਾਂ ਵਿੱਚ ਪੜਦੇ ਹਾਂ ਕਿ ਕਲਯੁਗੀ ਪੁਤ ਨੇ ਜ਼ਮੀਨ ਪਿੱਛੇ ਮਾ ਬਾਪ ਦਾ ਕਤਲ ਕਰ ਦਿੱਤਾ। ਪਰ ਫਿਰ ਵੀ ਸਾਡੀ ਪੁਤਰ ਪਰਾਪਤੀ ਦੀ ਲਾਲਸਾ ਖਤਮ ਨਹੀਂ ਹੁੰਦੀ ਇਨਸਾਨ ਦੇ ਘਰ ਤਿੰਨ ਲੜਕੀਆਂ ਹੋਣ ਪਰ ਫਿਰ ਵੀ ਪੁਤਰ ਦੀ ਘਾਟ ਮਹਿਸੂਸ ਹੁੰਦੀ ਹੈ ਪਰ ਲੜਕਾ ਇੱਕ ਵੀ ਹੋਵੇ ਉਸ ਨੂੰ ਲੜਕੀ ਦੀ ਘਾਟ ਮਹਿਸੂਸ ਨਹੀ ਹੁੰਦੀ। ਕਮਾਲ ਦੀ ਗਲ ਹੈ ਤਿੰਨ ਲੜਕੀਆਂ ਇੱਕ ਲੜਕੇ ਦੀ ਕਮੀ ਨਹੀਂ ਪੂਰੀ ਕਰ ਸਕੀਆਂ ਪਰ ਇੱਕ ਲੜਕਾ ਤਿੰਨ ਲੜਕੀਆਂ ਦੀ ਕਮੀ ਪੂਰੀ ਕਰ ਗਿਆ। ਜਿੰਨਾ ਮਾਂ ਬਾਪ ਦੇ ਦੁੱਖਾਂ ਨੂੰ ਧੀ ਵੰਡਾਉਂਦੀ ਹੈ ਉਨਾਂ ਪੁੱਤਰ ਨਹੀਂ ਵੰਡਾਉਂਦੇ। ਅਦਾਲਤਾਂ ਵਿੱਚ 90% ਘਰੇਲੂ ਝਗੜਿਆਂ ਦੇ ਕਾਰਨ ਪੁੱਤਰਾਂ ਦੇ ਹੱਥੋਂ ਦੁਖੀ ਹੋਏ ਮਾਪਿਆਂ ਦੇ ਕੇਸ ਚਲ ਰਹੇ ਹਨ। ਪਤਾ ਨਹੀਂ ਕਿਤਨੇ ਬਜ਼ੁਰਗ ਜਿਹੜੇ ਚਾਰ ਚਾਰ ਪੁੱਤਰਾਂ ਦੇ ਬਾਪ ਹੋਣ ਦਾ ਮਾਣ ਪਰਾਪਤ ਕਰਦੇ ਸੀ ਉਹ ਧਾਰਮਿਕ ਅਸਥਾਨਾ ਅਤੇ ਬਿਰਦ ਆਸ਼ਰਮ ਵਿੱਚ ਆਪਣੇ ਦਿਨ ਗੁਜਾਰ ਰਹੇ ਹਨ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਪੁਤ ਮਿੱਠੈ ਮੇਵੇ ਹੁੰਦੇ ਹਨ। ਭਗਤ ਕਬੀਰ ਜੀ ਆਸਾ ਰਾਗ ਅੰਦਰ ਫੁਰਮਾਉਂਦੇ ਹਨ ਕਿ ਮੈਂ ਪਰਮਾਤਮਾ ਪਾਸੋਂ ਕਿਹੜੀ ਸ਼ੈ ਮੰਗਾਂ ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਤੁਰਿਆ ਜਾ ਰਿਹਾ ਹੈ ਸੰਸਾਰ ਅੰਦਰ ਮਨੁੱਖ ਦੀ ਪਹਿਲੀ ਮੰਗ ਹੈ ਕਿ ਮੇਰੇ ਰਹਿਣ ਵਾਸਤੇ ਚੰਗਾ ਅਤੇ ਵੱਡਾ ਘਰ ਹੋਣਾ ਚਾਹੀਦਾ ਹੈ ਭਗਤ ਜੀ ਕਹਿੰਦੇ ਹਨ ਹੇ ਭਾਈ! ਜੇ ਇੰਨੇ ਵੱਡੇ ਘਰ ਵਾਲਾ ਰਾਵਣ ਨਹੀਂ ਰਿਹਾ ਜਿਸ ਦਾ ਲੰਕਾ ਵਰਗਾ ਕਿਲਾ ਅਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਸੀ ਉਸ ਰਾਵਣ ਦਾ ਅੱਜ ਨਿਸ਼ਾਨ ਨਹੀਂ ਮਿਲਦਾ। ਕੀ ਸਬੂਤ ਹੈ ਕਿ ਤੁਰਾ ਇੱਥੇ ਨਿਸ਼ਾਨ ਰਹੇਗਾ?
ਦੂਸਰੀ ਮੰਗ ਇਸ ਜੀਵ ਦੀ ਪੁਤਰ ਹੈ ਭਗਤ ਜੀ ਕਹਿੰਦੇ ਹਨ ਕਿ ਹੇ ਭਾਈ ਤੁੰ ਕਿੰਨੇ ਪੁਤਰ ਮੰਗ ਲਵੇਂਗਾ। ਮੰਨਿਆ ਜਾਂਦਾ ਹੈ ਰਾਵਣ ਦੇ ਇੱਕ ਲੱਖ ਪੁਤ ਅਤੇ ਸਵਾ ਲੱਖ ਪੋਤਰੇ ਸਨ ਇੰਨੇ ਵੱਡੇ ਪਰਵਾਰ ਵਾਲੇ ਦੇ ਘਰ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ। ਕੀ ਸਬੂਤ ਹੈ ਕਿ ਤੇਰੇ ਘਰ ਵੀ ਕੋਈ ਦੀਵਾ ਜਗਾਉਣ ਵਾਲਾ ਰਹੇਗਾ?
ਜੀਵ ਦੀ ਤੀਸਰੀ ਮੰਗ ਹੈ ਕਿ ਮੈਨੂੰ ਸੰਸਾਰਕ ਸੱਖ ਪਰਾਪਤ ਹੋਣ। ਚੰਗਾ ਖਾਣਾ ਪੀਣਾ, ਘਰ ਵਿੱਚ ਨੌਕਰ ਹੋਣ, ਜੋ ਮੈਨੂੰ ਹੱਥੀ ਕੰਮ ਨਾ ਕਰਨ ਦੇਣ। ਮੰਨਿਆ ਜਾਂਦਾ ਹੈ ਕਿ ਰਾਵਣ ਦੇ ਘਰ ਚੰਦਰਮਾ ਤੇ ਸੂਰਜ ਦੇ ਹੁੰਦਿਆਂ ਰੋਟੀ ਤਿਆਰ ਹੁੰਦੀ ਸੀ। ਕਹਿਣ ਤੋਂ ਭਾਵ ਸੂਰਜ ਦੇ ਚੜਨ ਤੋਂ ਲੇਕੇ ਸੂਰਜ ਦੇ ਛਿਪਣ ਤਕ, ਚੰਦਰਮਾ ਦੇ ਚੜਣ ਤੋਂ ਲੈਕੇ ਚੰਦਰਮਾ ਦੇ ਛੁਪਣ ਤਕ ਚੌਵੀ ਘੰਟੇ ਲੋਹਾਂ ਤਪਦੀਆਂ ਰਹਿੰਦੀਆਂ ਸਨ ਅਤੇ ਉਹਨਾਂ ਦੇ ਪਰਿਵਾਰ ਦੇ ਕਪੜੇ ਧੋਣ ਲਈ ਹਰ ਵੇਲੇ ਹੀ ਭੱਠੀਆਂ ਚੜੀਆਂ ਰਹਿੰਦੀਆਂ ਸਨ। ਇੰਨੇ ਸੁੱਖ ਭੋਗਣ ਵਾਲਾ ਰਾਵਣ ਅੱਜ ਲਭਦਾ ਨਹੀਂ ਪਿਆ। ਐ ਇਨਸਾਨ ਜਿਹੜਾ ਇਨਸਾਨ ਇਹਨਾਂ ਨਾਸ਼ਵੰਤ ਪਦਾਰਥਾਂ ਦੀਆਂ ਮੰਗਾਂ ਤੋਂ ਉਪਰ ਉਠ ਕੇ ਆਪਣੇ ਮਨ ਨੂੰ ਸਤਿਗੁਰੂ ਦੀ ਸਿਖਿਆਂ ਅਨੁਸਾਰ ਤੋਰਦਾ ਹੈ ਉਹ ਸਦਾ ਅਡੋਲ ਰਹਿੰਦਾ ਹੈ ਅਤੇ ਭਟਕਦਾ ਨਹੀਂ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥1॥ ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਨੈਨ ਚਲਿਓ ਜਗੁ ਜਾਈ ॥1॥ ਰਹਾਉ ॥ ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥2॥ ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥3॥ ਗੁਰਮਤਿ ਰਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂੰ ਜਾਈ ॥4॥ ਕਹਤ ਕਬੀਰ ਸੁਨਹੁ ਰੇ ਲੋਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ॥5॥
ਆਓ ਭਈ ਇਸ ਵਿਤਕਰੇ ਭਰੇ ਜੀਵਨ ਤੋਂ ਉਪਰ ਉਠੀਏ ਅਤੇ ਸੁਚੱਜੇ ਸਮਾਜ ਦੀ ਸਿਰਜਨਾ ਕਰੀਏ। ਜਿਹੜੇ ਬਾਬੇ ਦਾਅਵਾ ਕਰਦੇ ਹਨ ਕਿ ਸਾਡੀਆਂ ਅਰਦਾਸਾਂ ਨਾਲ ਪੁਤਰ ਪੈਦਾ ਹੁੰਦੇ ਹਨ ਮੈਂ ਉਹਨਾ ਨੂੰ ਕਹਿਣਾ ਚਾਹੂੰਦਾ ਹਾਂ ਕਿ ਕਿੰਨੀਆਂ ਕੁਤੀਆਂ, ਕੁਤਿਆਂ ਨੂੰ ਜਨਮ ਦਿੰਦੀਆਂ ਹਨ, ਮਝਾਂ ਕਟਿਆਂ ਨੂੰ ਜਨਮ ਦਿੰਦੀਆਂ ਹਨ, ਸਪਣੀਆਂ ਸੱਪਾਂ ਨੂੰ ਜਨਮ ਦਿੰਦੀਆਂ ਹਨ ਪਰ ਇਹ ਸਾਰੇ ਕਿਸੇ ਸਾਧ ਕੋਲ ਅਰਦਾਸ ਕਰਾਉਣ ਕਦੇ ਨਹੀਂ ਜਾਂਦੇ। ਭਾਈ ਗੁਰਦਾਸ ਜੀ ਫੁਰਮਾਂਉਂਦੇ ਹਨ ਕਿ ਮੈਂ ਆਪਣੇ ਜੀਵਨ ਕਾਲ ਅੰਦਰ ਕਿਸੇ ਪਸ਼ੂ ਨੂੰ ਪਸ਼ੂ ਕੋਲੌ ਮੰਗਦੇ ਨਹੀਂ ਵੇਖਿਆ, ਪੰਛੀ ਨੂੰ ਪੰਛੀ ਕੋਲੋਂ ਮੰਗਦੇ ਨਹੀਂ ਵੇਖਿਆ। ਕੇਵਲ ਇੱਕ ਮਨੁੱਖ ਹੀ ਹੈ ਜੋ ਆਪਣੇ ਆਪ ਨੂੰ ਸਾਰਿਆਂ ਦਾ ਸਰਦਾਰ ਕਹਿੰਦਾ ਹੈ ਤੇ ਬੰਦਿਆਂ ਦੇ ਅੱਗੇ ਤਲੀਆਂ ਅੱਡ ਕੇ ਖਲੋਤਾ ਹੈ। ਆਓ ਇਸ ਭਰਮ ਜਾਲ ਚੋਂ ਨਿਕਲ ਕੇ ਗੁਰੂ ਕੋਲੋਂ ਅਸਲੀ ਮੰਗ ਮੰਗੀਏ:
ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥
Author: Gurbhej Singh Anandpuri
ਮੁੱਖ ਸੰਪਾਦਕ