ਕਰਿਆ ਸੀ ਜਿਨ੍ਹਾਂ ਤੇ ਭਰੋਸਾ ਰੱਜ ਕੇ
ਬੁੱਕਲ ਦੇ ਉਹੀ ਸਾਰੇ ਸੱਪ ਨਿੱਕਲੇ
47 ਤੋਂ 84 ਦਾ ਹੈ ਜਿੱਮੇਵਾਰ ਕੌਣ
ਲੀਡਰਾਂ ਦੇ ਮੂੰਹਾਂ ਨੂੰ ਗਏ ਚੜ੍ਹ ਛਿੱਕਲੇ
ਸਿਰਾਂ ਵਿਚ ਜ਼ਹਿਰ ਕਿਸੇ ਐਸਾ ਘੋਲਿਆ
ਚੰਗਿਆਂ ਤੋਂ ਸਾਰੇ ਮਾੜੇ ਖਾਨੇ ਬਣਗੇ
ਸੋਚ ਨੂੰ ਬੇਸ਼ਰਮੀ ਦਾ ਕੀੜਾ ਲੱਗਿਆ
ਬਹਾਦਰਾਂ ਦੇ ਵਾਰਿਸ ਜਨਾਨੇ ਬਣਗੇ
ਗੱਲ ਦਾ ਬਣਾਉਣਾ ਮੁੱਦਾ ਚੰਗੀ ਗੱਲ ਨਾ
ਵਾਲੇ ਵੱਡੇ ਝੱਗੜੇ ਤੇ ਝੇੜੇ ਵੀ ਨਹੀਂ
ਪਾਕੇ ਚਿੱਟੇ ਅਸੀਂ ਕਹਿੰਦੇ ਸੰਤ ਹੁੰਨੇ ਆ
ਕੋਹਾਂ ਦੂਰ ਰੱਬ ਤੋਂ ਉਹ ਨੇੜੇ ਵੀ ਨਹੀਂ
ਜਿਹੜੀ ਕੌਮ ਭਾਲਦੀ ਐ ਰਾਜ ਕਰਨਾ
ਉਹਨਾਂ ਦੇ ਗ੍ਰੰਥੀ ਜਾ ਲਾਚਾਰ ਦੇਖਲੋ
ਕੌਮ ਦੀ ਕਮਾਨ ਜਿਨ੍ਹਾਂ ਹੱਥ ਲੈਣੀ ਸੀ
ਉਹ ਬਣਗੇ ਨੇ ਚੋਟੀ ਦੇ ਨਚਾਰ ਦੇਖਲੋ
ਜਿਨ੍ਹਾਂ ਸਿਰ ਪੈਂਦਾ ਦੁੱਖ ਪਤਾ ਉਹਨਾਂ ਨੂੰ
ਦੱਬ ਲੈਂਦੇ ਲੁੱਚੇ ਹੁਸ਼ਿਆਰ ਹੁੰਦੇ ਨੇ
ਖੇੜਦੇ ਨੇ ਗੇਮ ਪਿੱਛੋਂ ਹੁੰਦੀ ਐ ਸਪੋਟ ਰਾਤੀਂ
ਕਰਕੇ ਉਹ ਰੇਪ ਸੁਭਹਾ ਬਾਹਰ ਹੁੰਦੇ ਨੇ
ਸਿਆਸਤਾਂ ਦੀ ਮਾੜੀ ਅੱਗ ਗੁਰੂਘਰ ਆਗੀ
ਪੱਕਾ ਨਹੀਂ ਸੀ ਘਰ ਸਾਡਾ ਸੀਗਾ ਮੋਮ ਦਾ
ਪਤਾ ਨਹੀਂ ਕੇ ਸ਼ਾਮੀ ਰੋਟੀ ਮਿਲੂਗੀ ਕੇ ਨਹੀਂ
ਉਹ ਜਥੇਦਾਰ ਜਣਾ ਖਣਾ ਬਣੇ ਕੌਮ ਦਾ
ਕੋਈ ਟਾਮਾ ਟਾਮਾ ਕਰਦਾ ਹੈ ਗੱਲ ਹੱਕ ਦੀ
ਬਾਕੀਆਂ ਲਈ ਮੁੱਦੇ ਤਾਂ ਸਵਾਦ ਰਹਿ ਗਏ ਨੇ
ਗੱਲਾਂ ਨਾਲ ਭਲੇ ਕਦੋਂ ਹੋਏ ਕਿਸੇ ਦੇ
ਫੇਸਬੁਕ ਉਤੇ ਤਾਂ ਵਿਵਾਦ ਰਹਿ ਗਏ ਨੇ
ਉਜੜ ਜਾਂਦੇ ਨੇ ਮੁੜ ਹਰੇ ਨਹੀਓਂ ਹੁੰਦੇ
ਸਵਾਰਨੇ ਜੋ ਮਾਲੀਆਂ ਨੇ ਬਾਗ ਛੱਡਤੇ
ਗੀਤਾਂ ਦੀਆਂ ਤਰਜਾਂ ਤੇ ਬਾਣੀ ਗਾਉਂਦੇ ਨੇ
ਰਾਗੀਆਂ ਨੇ ਗਾਉਣੇ ਅੱਜ ਰਾਗ ਛੱਡਤੇ
ਵਿਚੋ ਵਿਚ ਚੁੱਪ ਚਾਪ ਜੇਬ ਭਰਦੇ
ਚੋਰ ਬਾਬੇ ਠੱਗ ਜੋਗੀ ਲੀੜੇ ਭਗਵੇਂ
ਕੌਮ ਵਿਚ ਕਿੰਨੇ ਹੀ ਗੱਦਾਰ ਪਲਦੇ
ਕਿਹਨੂੰ ਕਿਹੜੇ ਪਾਪ ਦੇ ਮੈਂ ਦੇਵਾਂ ਤਗਮੇਂ
ਕੰਮ ਬੁਰੇ ਸਾਡੇ ਸਾਨੂੰ ਮੌਤ ਨਾ ਆਵੇ
ਦੂਜਿਆਂ ਦਾ ਸਾਰੇ ਚਾਹੁੰਦੇ ਸਿਵਾ ਸੇਕਣਾ
ਇਮਤਿਹਾਨਾਂ ਦੀ ਨਾਂ ਘੜੀ ਵਿਚ ਪੈਣਾ ਚਾਹੁੰਦਾ ਕੋਈ
ਸਾਰੇ ਚਾਹੁੰਦੇ ਬਾਬਾ ਪਰਤੱਖ ਦੇਖਣਾ
ਹੱਕ ਦੀ ਸੀ ਜਿਨ੍ਹਾਂ ਨੇ ਕੋਈ ਗੱਲ ਕਰਨੀ
ਉਹ ਮੀਡੀਆ ਵੀ ਬੈਠਾ ਹੈ ਜ਼ਮੀਰ ਮਾਰਕੇ
ਮਾੜੇ ਨੂੰ ਨਾਂ ਹੁੰਦੀ ਵੇਖੀ ਸਜ਼ਾ ਇਥੇ ਮੈਂ
ਸੋਂ ਜਾਵੇ ਭਾਵੇਂ ਸਾਰਾ ਜੱਗ ਮਾਰਕੇ
ਮਾਂ ਬੋਲੀ ਦਿਆਂ ਵਾਰਿਸਾਂ ਨੂੰ ਮਾਂ ਭੁੱਲਗੀ
ਸਾਡੇ ਹੱਥੋਂ ਹਿੰਦੀ ਅੰਗਰੇਜ਼ੀ ਤਰਗੀ
ਸ਼ਹਿਰਾਂ ਦਿਆਂ ਬੋਰਡਾਂ ਤੇ ਪਹਿਲ ਹਿੰਦੀ ਨੂੰ
ਸਾਡੇ ਹੀ ਪੰਜਾਬ ਚ ਪੰਜਾਬੀ ਮਰਗੀ
ਚੰਗੀ ਗੱਲ ਸੱਚ ਦੀ ਕੋਈ ਕਰੇ ਵਿਰਲਾ
ਸੱਚ ਜਿਹੜਾ ਬੋਲੇ ਉਹਨੂੰ ਟੋਕੀਂ ਨਾ ਕਦੇ
ਸੱਚ ਦਾ ਜੋ ਸਦਾ ਪੱਖ ਆਵੇ ਪੂਰਦੀ
‘ਮੋਰਜੰਡ’ ਕਲਮ ਨੂੰ ਰੋਕੀਂ ਨਾ ਕਦੇ
ਨਿਸ਼ਾਨਦੀਪ ਸਿੰਘ ‘ਮੋਰਜੰਡ’
Author: Gurbhej Singh Anandpuri
ਮੁੱਖ ਸੰਪਾਦਕ