ਕਤਕ ਕਿ ਵਿਸਾਖ
– ਡਾ. ਕਿਰਪਾਲ ਸਿੰਘ
1872 ਈਸਵੀ ਦਾ ਸਾਲ ਪੰਜਾਬ ਦੇ ਨਵੀਨ ਇਤਿਹਾਸ ਵਿਚ ਇਕ ਮੀਲ-ਪੱਥਰ ਹੈ ਕਿਉਂਕਿ ਇਸੇ ਸਾਲ ਪ੍ਰਸਿੱਧ ਨਾਮਧਾਰੀ ਆਗੂ ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੇ ਕਈ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ। ਇਸੇ ਹੀ ਸਾਲ ਇੰਗਲੈਂਡ ਵਿਚ ਅੰਗਰੇਜ਼ੀ ਸਰਕਾਰ ਨੇ ਇਕ ਜਰਮਨ ਵਿਦਵਾਨ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਤਾਂ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਅੰਗਰੇਜ਼ੀ ਵਿਚ ਕਰੇ। ਇਸ ਦਾ ਨਾਂ ਡਾਕਟਰ ਅਰਨੈਸਟ ਟਰੰਪ ਸੀ। ਉਸ ਨੇ ਪੁਰਾਣੇ ਇੰਡੀਆ ਆਫ਼ਿਸ ਦੀ ਲਾਇਬਰੇਰੀ (ਜਿਸ ਨੂੰ ਅੱਜ ਕਲ ਕਾਮਨਵੈਲਥ ਰੀਲੇਸ਼ਨਜ਼ ਲਾਇਬਰੇਰੀ ਕਹਿੰਦੇ ਹਨ) ਵਿਚ ਕੰਮ ਕਰਨਾ ਆਰੰਭ ਕਰ ਦਿੱਤਾ। ਉਸ ਲਾਇਬਰੇਰੀ ਵਿਚ ਕੋਲਬਰੁਕ ਵਿਲੀਅਮ ਦੀ ਲੱਭੀ ਇਕ ਜਨਮ ਸਾਖੀ ਪਈ ਸੀ। ਇਹ ਕੋਲਬਰੁਕ ਵਿਲੀਅਮ ਨੇ ਪੰਜਾਬ ਵਿਚੋਂ ਲੱਭੀ ਸੀ ਜਦੋਂ ਕਿ ਉਹ ਉੱਨ੍ਹੀਵੀਂ ਸਦੀ ਦੇ ਆਰੰਭ ਵਿਚ ਪੰਜਾਬ ਆਇਆ ਸੀ। ਡਾਕਟਰ ਟਰੰਪ ਨੇ ਇਸ ਜਨਮ ਸਾਖੀ ਦਾ ਉਲੱਥਾ ਅੰਗਰੇਜ਼ੀ ਵਿਚ ਕੀਤਾ ਤੇ ਇਹ ਉਲੱਥਾ ਉਸਦੇ ਅੰਗਰੇਜ਼ੀ ਵਿਚ ਲਿਖੇ “ਆਦਿ ਗ੍ਰੰਥ” ਦੀ ਭੂਮਿਕਾ ਵਿਚ ਦਿੱਤਾ ਹੈ। ਜਦੋਂ ਉਸ ਨੇ ਪੰਜਾਬ ਆ ਕੇ ਹੋਰ ਜਨਮ ਸਾਖੀਆਂ ਦੀ ਪੁੱਛ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਵੇਲੇ ਆਮ ਪ੍ਰਚਲਿਤ ‘ਭਾਈ ਬਾਲੇ’ ਦੀ ਜਨਮ ਸਾਖੀ ਸੀ। ਉਸਨੇ ਇਸ ਦਾ ਵੀ ਇਕ ਖੁੱਲ੍ਹਾ ਅੰਗਰੇਜ਼ੀ ਅਨੁਵਾਦ ਕੀਤਾ ਜੋ ਉਪਰ ਦੱਸੀ ਪੁਸਤਕ ਵਿਚ ਛਪਿਆ ਹੈ। ਡਾਕਟਰ ਟਰੰਪ ਪਹਿਲਾ ਵਿਦਵਾਨ ਸੀ ਜਿਸ ਨੇ ਇਹ ਗੱਲ ਲੱਭੀ ਕਿ ਭਾਈ ਬਾਲੇ ਦੀ ਜਨਮ ਸਾਖੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਦੱਸਿਆ ਹੈ ਤੇ ਜੋ ਜਨਮ ਸਾਖੀ ਉਸ ਨੇ ਇੰਗਲੈਂਡ ਵਿਚ ਵਾਚੀ ਸੀ ਉਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ ਤਿੰਨ ਲਿਖਿਆ ਹੈ। ਉਸ ਨੇ ਇਹ ਵੀ ਸਿੱਟਾ ਕੱਢਿਆ ਕਿ ਇੰਡੀਆ ਆਫ਼ਿਸ ਵਾਲੀ ਜਨਮ ਸਾਖੀ ਦੀ ਬੋਲੀ ਪੁਰਾਤਨ ਤੇ ਸਕੁੰਚਵੀ ਹੈ। ਸਬੰਧਕ “ਵਿਚ”, “ਕਰਿ’’ ਦੇ ਸ਼ਬਦ-ਜੋੜ ਪੁਰਾਣੇ ਹਨ। ਇਸ ਲਈ ਉਸਨੇ ਇੰਗਲੈਂਡ ਵਿਚ ਪਈ ਜਨਮ ਸਾਖੀ ਨੂੰ ‘ਪੁਰਾਤਨ ਰਵਾਇਤ” (Old Tradition) ਲਿਖਿਆ। ਬਾਅਦ ਵਿਚ ਇਸੇ ਜਨਮ ਸਾਖੀ ਦਾ ਨਾਂ ਪੁਰਾਤਨ ਜਨਮ ਸਾਖੀ ਜਾਂ ਵਲਾਇਤ ਵਾਲੀ ਜਨਮ ਸਾਖੀ ਪੈ ਗਿਆ।
ਡਾਕਟਰ ਟਰੰਪ ਦੀ ਪੁਸਤਕ “ਆਦਿ ਗ੍ਰੰਥ” 1877 ਈਸਵੀ ਵਿਚ ਛਪੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਵਿਚ ਪੁਰਾਤਨ ਜਾਂ ਵਲਾਇਤ ਵਾਲੀ ਜਨਮ ਸਾਖੀ ਨੂੰ ਪੜ੍ਹਨ ਦਾ ਉਤਸ਼ਾਹ ਵਧ ਗਿਆ। 1883 ਈਸਵੀ ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ ਲੈਫ਼ਟੀਨੈਂਟ ਗਵਰਨਰ ਸਰ ਚਾਰਲਸ ਐਡੀਸਨ ਅੱਗੇ ਬਿਨੈ ਕੀਤੀ ਕਿ ਇੰਡੀਆ ਆਫ਼ਿਸ ਵਿਚ ਪਈ ਜਨਮ ਸਾਖੀ ਮੰਗਵਾ ਦਿੱਤੀ ਜਾਵੇ। ਲੈਫ਼ਟੀਨੈਂਟ ਗਵਰਨਰ ਨੇ ਉਸ ਜਨਮ ਸਾਖੀ ਦੀਆਂ ਕੁਝ ਫ਼ੋਟੋ ਕਾਪੀਆਂ ਮੰਗਵਾ ਕੇ ਸਿੱਖ ਸੰਸਥਾਵਾਂ ਵਿਚ ਵੰਡੀਆਂ। ਉਸ ਤੋਂ ਪਿੱਛੋਂ ਪੱਥਰ ਦੇ ਛਾਪੇ ’ਤੇ ਇਸ ਨੂੰ ਛਾਪਿਆ ਗਿਆ ਤੇ ਇਸ ਦਾ ਆਮ ਪ੍ਰਚਾਰ ਹੋ ਗਿਆ। ਸਿੰਘ ਸਭਾ ਲਹਿਰ ਦੇ ਪ੍ਰਸਿੱਧ ਮੋਢੀ ਭਾਈ ਗੁਰਮੁਖ ਸਿੰਘ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ 1884 ਈਸਵੀ ਵਿਚ ਇਕ ਜਨਮ ਸਾਖੀ ਹਾਫਿਜ਼ਾਬਾਦ ਤੋਂ ਮਿਲੀ ਹੈ ਤੇ ਜਿਸ ਨੂੰ ਪੜਤਾਲ ਕਰਨ ’ਤੇ ਉਹ ਵਲਾਇਤ ਵਾਲੀ ਜਨਮ ਸਾਖੀ ਦੇ ਨਾਲ ਮਿਲਦੀ ਜੁਲਦੀ ਸਿੱਧ ਹੁੰਦੀ ਹੈ। ਕਿਤੇ ਕਿਤੇ ਅੱਖਰਾਂ, ਪਦਾਂ ਤੇ ਫਿਕਰਿਆਂ ਦਾ ਫ਼ਰਕ ਹੈ। ਇਸ ਲਈ ਉਨ੍ਹਾਂ ਨੇ ਇਸ ਦਾ ਨਾਂ “ਹਾਫਿਜ਼ਾਬਾਦ ਵਾਲੀ ਜਨਮ ਸਾਖੀ” ਰੱਖਿਆ। ਮਿਸਟਰ ਮੈਕਾਲਿਫ ਨੇ, ਜਿਸ ਨੇ ‘ਸਿੱਖ ਰਿਲੀਜਨ’ ਛੇਆਂ ਪੁਸਤਕਾਂ ਵਿਚ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਬੜੀ ਯੋਗਤਾ ਨਾਲ ਅੰਗਰੇਜ਼ੀ ਵਿਚ ਉਲੱਥਾ ਕੀਤਾ ਹੈ, ਨੇ ਇਸ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਨੂੰ ਆਪਣੇ ਖ਼ਰਚ ’ਤੇ ਛਪਵਾ ਦਿੱਤਾ, ਜਿਸ ਕਰਕੇ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਨੂੰ ਮੈਕਾਲਿਫ ਵਾਲੀ ਜਨਮ ਸਾਖੀ ਵੀ ਕਹਿੰਦੇ ਹਨ। ਵਲਾਇਤ ਵਾਲੀ ਜਨਮ ਸਾਖੀ, ਮੈਕਾਲਿਫ ਸਾਹਿਬ ਵਾਲੀ ਜਾਂ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੰਮਤ 1526 ਵਿਸਾਖ ਸੁਦੀ ਤਿੰਨ ਲਿਖਿਆ ਹੈ।
ਬਾਲੇ ਦੀ ਜਨਮ ਸਾਖੀ ਕਿਸ ਨੇ ਲਿਖੀ ਤੇ ਕਦੋਂ ਲਿਖੀ ਇਹ ਇਸ ਪਰਚੇ ਦਾ ਵਿਸ਼ਾ ਨਹੀਂ। ਬਾਲੇ ਵਾਲੀ ਜਨਮ ਸਾਖੀ ਦਾ ਹੁਣ ਤੱਕ ਲੱਭੇ ਸਭ ਤੋਂ ਪੁਰਾਣੇ ਖਰੜਿਆਂ ਵਿਚੋਂ 1715 ਬਿਕਰਮੀ ਭਾਵ 1658 ਈਸਵੀ ਦਾ ਖਰੜਾ ਮਿਲਦਾ ਹੈ। ਇਹ ਸਾਬਤ ਕਰਦਾ ਹੈ ਕਿ ਬਾਲੇ ਵਾਲੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਲਿਖੀ ਗਈ। ਜੇਕਰ ਅਸੀਂ ਇਸ ਨੂੰ 1658 ਈਸਵੀ ਦੇ ਨੇੜੇ ਮੰਨ ਲਈਏ ਤਾਂ ਇਹ ਗੁਰੂ ਹਰਿ ਰਾਏ ਜੀ ਦੇ ਸਮੇਂ ਦੀ ਲਿਖਤ ਜਾਪਦੀ ਹੈ। ਪਰ ਬਾਲੇ ਵਾਲੀ ਸਾਖੀ ਦਾ ਬਹੁਤਾ ਪ੍ਰਚਾਰ ਅਠਾਰਵੀਂ ਸਦੀ ਈਸਵੀ ਦੇ ਦੂਜੇ ਅੱਧ ਤੇ ਉੱਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਹੋਇਆ। ਇਸ ਗੱਲ ਦਾ ਪਤਾ ਬਾਬੇ ਸਰੂਪ ਦਾਸ ਭੱਲੇ ਦੇ ਮਹਿਮਾ ਪ੍ਰਕਾਸ਼ ਤੋਂ ਲਗਦਾ ਹੈ। ਮਹਿਮਾ ਪ੍ਰਕਾਸ਼ ਦੇ ਅਖੀਰ ਵਿਚ ਕਰਤਾ ਨੇ ਲਿਖਿਆ ਹੈ ਕਿ ਉਸ ਨੇ ਇਹ ਖਰੜਾ ਕਾਂਸ਼ੀ ਵਿਚ ਲਿਖਣਾ ਆਰੰਭਿਆ ਤੇ ਇਸ ਦੀ ਸਮਾਪਤੀ 1775 ਈਸਵੀ ਵਿਚ ਅੰਮ੍ਰਿਤਸਰ ਆ ਕੇ ਕੀਤੀ। ਸਾਰੇ ਮਹਿਮਾ ਪ੍ਰਕਾਸ਼ ਦੇ ਆਕਾਰ ਦਾ ਤੀਜਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਰਤਾਂਤ ਸਬੰਧੀ ਹੈ। ਮਹਿਮਾ ਪ੍ਰਕਾਸ਼ ਦਾ ਹਿੱਸਾ ਗੁਰੂ ਨਾਨਕ ਸਾਹਿਬ ਦਾ ਬਿਰਤਾਂਤ ਬਾਲੇ ਵਾਲੀ ਜਨਮ ਸਾਖੀ ’ਤੇ ਆਧਾਰਿਤ ਨਹੀਂ। ਪਰ ਇਉਂ ਜਾਪਦਾ ਹੈ ਕਿ ਜਦੋਂ ਬਾਬਾ ਸਰੂਪ ਦਾਸ ਅੰਮ੍ਰਿਤਸਰ ਆਏ ਉਸ ਵੇਲੇ ਅੰਮ੍ਰਿਤਸਰ ਵਿਚ ਬਾਲੇ ਦੀ ਜਨਮ ਸਾਖੀ ਆਮ ਪ੍ਰਚਲਿਤ ਵੇਖੀ ਤਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਰਤਾਰਪੁਰ ਮਿਲਣ ਵਾਲੇ ਪੁਰਾਤਨ ਸਿੱਖਾਂ ਨਾਲ ਭਾਈ ਬਾਲੇ ਦਾ ਨਾਂ ਵੀ ਲਿਖ ਦਿੱਤਾ। ਇਸੇ ਤਰ੍ਹਾਂ ਗੁਰੂ ਅੰਗਦ ਦੇ ਬਿਰਤਾਂਤ ਵਿਚ ਭਾਈ ਬਾਲੇ ਦੀ ਜਨਮ ਸਾਖੀ ਦੀ ਪਹਿਲੀ ਵਾਰਤਾ ਦਰਜ ਕਰ ਦਿੱਤੀ ਜਿਸ ਵਿਚ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ਨੇ ਭਾਈ ਬਾਲੇ ਕੋਲੋਂ ਗੁਰੂ ਨਾਨਕ ਸਾਹਿਬ ਦੇ ਹਾਲ ਸੁਣ ਕੇ ਜਨਮ ਸਾਖੀ ਲਿਖਵਾਈ।
ਭਾਈ ਸੰਤੋਖ ਸਿੰਘ ਨੇ 1823 ਈਸਵੀ ਵਿਚ ਬਾਲੇ ਦੀ ਜਨਮ ਸਾਖੀ ਦੇ ਆਧਾਰ ’ਤੇ ਨਾਨਕ ਪ੍ਰਕਾਸ਼ ਲਿਖਿਆ ਤੇ ਫਿਰ 1843 ਈਸਵੀ ਵਿਚ ਸੂਰਜ ਪ੍ਰਕਾਸ਼ ਸਮਾਪਤ ਕੀਤਾ ਜਿਸ ਵਿਚ ਦਸਾਂ ਪਾਤਸ਼ਾਹੀਆਂ ਦੇ ਹਾਲ ਅੰਕਿਤ ਸਨ। ਸੂਰਜ ਪ੍ਰਕਾਸ਼ ਦੀ ਕਥਾ ਹਰ ਗੁਰਦੁਆਰੇ ਵਿਚ ਹੋਇਆ ਕਰਦੀ ਸੀ ਜਿਸ ਕਰਕੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਬਹੁਤ ਪ੍ਰਚਾਰ ਹੋਇਆ ਤੇ ਆਮ ਸੰਗਤਾਂ ਪੁਰਾਤਨ ਜਨਮ ਸਾਖੀ ਨੂੰ ਭੁੱਲ ਗਈਆਂ। ਬਾਲੇ ਦੀ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ 1526 ਸੰਮਤ ਲਿਖਿਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਿੱਖ ਰਾਜ ਸਮੇਂ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਰਿਹਾ ਹੈ।
1877 ਈਸਵੀ ਵਿਚ ਡਾਕਟਰ ਟਰੰਪ ਨੇ ਲਿਖਿਆ :
“ਭਾਈ ਬਾਲੇ ਦਾ ਨਾਂ ਬਾਲੇ ਦੀ ਜਨਮ ਸਾਖੀ ਵਿਚ ਪ੍ਰਧਾਨ ਹੈ ਤੇ ਇਹ ਪੁਰਾਤਨ ਜਨਮ ਸਾਖੀ ਵਿਚ ਇਕ ਵਾਰੀ ਵੀ ਲਿਖਿਆ ਨਹੀਂ ਮਿਲਦਾ। ਇਉਂ ਜਾਪਦਾ ਹੈ ਕਿ ਪਿੱਛੋਂ ਲਿਖੀਆਂ ਜਨਮ ਸਾਖੀਆਂ ਦੇ ਲਿਖਾਰੀਆਂ ਨੇ ਇਹ ਦੱਸਣ ਲਈ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਹਾਲ ਦਾ ਪਤਾ ਵਿਸਥਾਰ ਨਾਲ ਹੈ, ਬਾਲੇ ਨਾਮੀ ਵਿਅਕਤੀ ਨੂੰ ਆਪਣੀਆਂ ਕਹਾਣੀਆਂ ਦੀ ਪੁਸ਼ਟੀ ਕਰਨ ਲਈ ਅੱਗੇ ਕਰ ਦਿੱਤਾ ਹੈ।” ਇਸ ਤਰ੍ਹਾਂ ਇਕ ਹੋਰ ਥਾਂ ਲਿਖਿਆ ਹੈ : “ਜੇਕਰ ਭਾਈ ਬਾਲਾ ਗੁਰੂ ਨਾਨਕ ਦਾ ਜੀਵਨ ਸਾਥੀ ਹੁੰਦਾ ਜਿਵੇਂ ਕਿ ਆਮ ਮਿਲਦੀਆਂ ਜਨਮ ਸਾਖੀਆਂ ਵਿਚ ਅੰਕਿਤ ਹੈ ਤਾਂ ਇਸ ਦੀ ਸਮਝ ਨਹੀਂ ਆਉਂਦੀ ਕਿ ਕਿਉਂ ਇਕ ਵਾਰੀ ਵੀ ਉਸਦਾ ਕਥਨ ਪੁਰਾਤਨ ਜਨਮ ਸਾਖੀ ਵਿਚ ਨਾ ਆਉਂਦਾ।”
ਸਿੰਘ ਸਭਾ ਲਹਿਰ ਸਮੇਂ ਪੁਰਾਤਨ ਜਨਮ ਸਾਖੀ ਦਾ ਬਹੁਤ ਪ੍ਰਚਾਰ ਹੋਇਆ ਤੇ “ਕੱਤਕ ਕਿ ਵਿਸਾਖ” ਵਾਲਾ ਵਿਸ਼ਾ ਦਿਨੋਂ ਦਿਨ ਵਧਦਾ ਗਿਆ। ਉੱਨ੍ਹੀਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿਚ ਖ਼ਾਲਸਾ ਦਰਬਾਰ ਲਾਹੌਰ ਤੇ ਖ਼ਾਲਸਾ ਦਰਬਾਰ ਅੰਮ੍ਰਿਤਸਰ ਵਿਚ ਕਈ ਮਤ-ਭੇਦ ਸਨ, ਉਨ੍ਹਾਂ ਵਿਚੋਂ ਇਕ ਇਹ ਸੀ ਕਿ ਖ਼ਾਲਸਾ ਦਰਬਾਰ ਲਾਹੌਰ ਦੇ ਆਗੂ ਭਾਈ ਬਾਲੇ ਵਾਲੀ ਜਨਮ ਸਾਖੀ ’ਤੇ ਵਿਸ਼ਵਾਸ ਨਹੀਂ ਕਰਦੇ। ਭਾਈ ਗੁਰਮੁਖ ਸਿੰਘ ’ਤੇ ਜੋ ਦੂਸ਼ਣ ਲਾ ਕੇ ਪੰਥ ਵਿਚੋਂ ਅੱਡ ਕਰਨ ਦਾ ਅਕਾਲ ਤਖ਼ਤ ਤੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੇ ਉਸਦੇ ਦੱਸੇ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਸੀ ਕਿ ਭਾਈ ਗੁਰਮੁਖ ਸਿੰਘ ਬਾਲੇ ਵਾਲੀ ਜਨਮ ਸਾਖੀ ’ਤੇ ਵਿਸ਼ਵਾਸ ਨਹੀਂ ਰੱਖਦੇ। ਜਿਸ ਵੇਲੇ ਸਰਦਾਰ ਕਰਮ ਸਿੰਘ ਨੇ ਸਿੱਖ ਇਤਿਹਾਸ ਦੀ ਖੋਜ ਦਾ ਬੀੜਾ ਚੁੱਕਿਆ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਚਰਚਾ ਸਿਖਰ ’ਤੇ ਸੀ। ਇਸ ਲਈ ਉਨ੍ਹਾਂ ਇਸ ਨੂੰ ਆਪਣੀ ਖੋਜ ਦਾ ਵਿਸ਼ਾ ਬਣਾ ਕੇ ਪੂਰੀ ਇਕ ਪੁਸਤਕ “ਕੱਤਕ ਕਿ ਵਿਸਾਖ’’ ਲਿਖੀ। ਇਸ ਪੁਸਤਕ ਵਿਚ ਸਰਦਾਰ ਕਰਮ ਸਿੰਘ ਨੇ ਬਹੁਤ ਮਿਸਾਲਾਂ ਦੇ ਕੇ ਸਿੱਧ ਕੀਤਾ ਕਿ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ ਤਿੰਨ ਹੈ, ਨਾ ਕਿ ਕੱਤਕ ਦੀ ਪੂਰਨਮਾਸ਼ੀ। ਭਾਈ ਕਰਮ ਸਿੰਘ ਦੇ ਵਿਸ਼ੇਸ਼ ਸਿਧਾਂਤ ਇਹ ਸਨ :
1. ਬਾਲੇ ਦੀ ਜਨਮ ਸਾਖੀ ਹਿੰਦਾਲੀਆ (ਬਾਬਾ ਹੰਦਾਲ 1573-1648 ਈਸਵੀ ਦੇ ਮੰਨਣ ਵਾਲੇ) ਨੇ ਲਿਖਵਾਈ ਹੈ। ਇਸ ਵਿਚ ਗੁਰੂ ਨਾਨਕ ਨੂੰ ਨੀਵਾਂ ਤੇ ਬਾਬਾ ਹੰਦਾਲ ਤੇ ਕਬੀਰ ਸਾਹਿਬ ਨੂੰ ਉੱਚਾ ਦੱਸਿਆ ਗਿਆ ਹੈ। ਇਸ ਵਿਚ ਉਹ ਗ਼ਲਤ ਸਾਖੀਆਂ ਹਨ ਜਿਨ੍ਹਾਂ ਨੂੰ ਕੋਈ ਵੀ ਸਿੱਖ ਮੰਨਣ ਨੂੰ ਤਿਆਰ ਨਹੀਂ–ਭਾਵ “ਮਝੌਤ ਵਾਲੀ ਸਾਖੀ” ਤੇ “ਸਹਿਜ ਕੁਸਹਿਜ’’ ਵਾਲੀ ਸਾਖੀ।
2. ਭਾਈ ਗੁਰਦਾਸ ਨੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦਾ ਜੀਵਨ ਲਿਖਿਆ ਤੇ ਯਾਰ੍ਹਵੀਂ ਵਾਰ ਵਿਚ ਪਹਿਲੇ ਛੇ ਗੁਰੂਆਂ ਦੇ ਪ੍ਰਸਿੱਧ ਸਿੱਖਾਂ ਦੇ ਨਾਂ ਦਿੱਤੇ ਹਨ। ਬਾਲੇ ਦਾ ਨਾਂ ਕਿਧਰੇ ਨਹੀਂ ਆਉਂਦਾ, ਭਾਈ ਮਰਦਾਨੇ ਦਾ ਨਾਂ ਆਉਂਦਾ ਹੈ।
3. ਸਿੱਖਾਂ ਵਿਚ ਸੰਧੂ ਗੋਤ ਦੇ ਸਿੱਖ ਬਹੁਤ ਹਨ–ਭਾਈ ਬਾਲਾ ਆਪਣੇ ਆਪ ਨੂੰ ਸੰਧੂ ਗੋਤ ਦਾ ਜੱਟ ਦੱਸਦਾ ਹੈ। ਉਸ ਦੀ ਕੋਈ ਸੰਤਾਨ ਨਹੀਂ ਮਿਲਦੀ।
4. ਜੇਕਰ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਹੁੰਦਾ ਤਾਂ ਜ਼ਰੂਰੀ ਸੀ ਕਿ ਪੁਰਾਤਨ ਲਿਖਤਾਂ ਜਿਵੇਂ ਜਨਮ ਸਾਖੀ ਭਾਈ ਮਨੀ ਸਿੰਘ, ਮਹਿਮਾ ਪ੍ਰਕਾਸ਼, ਵਲਾਇਤ ਵਾਲੀ ਜਨਮ ਸਾਖੀ, ਗੁਰੂ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਦੀਆਂ। ਪਰ ਇਨ੍ਹਾਂ ਸਭਨਾਂ ਜਨਮ ਸਾਖੀਆਂ ਵਿਚ ਗੁਰੂ ਸਾਹਿਬ ਦਾ ਜਨਮ ਵਿਸਾਖ ਸੁਦੀ ਤਿੰਨ ਹੈ।
5. ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਥਿਤ ਵਿਚ ਕੋਈ ਮਤਭੇਦ ਨਹੀਂ ਤੇ ਇਸ ਗੱਲ ’ਤੇ ਵੀ ਕੋਈ ਮਤ ਭੇਦ ਨਹੀਂ ਕਿ ਗੁਰੂ ਨਾਨਕ ਸਾਹਿਬ ਕਿੰਨਾ ਚਿਰ ਇਸ ਸੰਸਾਰ ਤੇ ਰਹੇ। ਸਭ ਮੰਨਦੇ ਹਨ ਕਿ ਗੁਰੂ ਸਾਹਿਬ ਸੱਤਰ ਸਾਲ ਪੰਜ ਮਹੀਨੇ ਤੇ ਸੱਤ ਦਿਨ ਇਸ ਸੰਸਾਰ ’ਤੇ ਰਹੇ। ਉਮਰ ਨੂੰ ਜੋਤੀ ਜੋਤ ਸਮਾਉਣ ਦੀ ਤਾਰੀਖ਼ ਵਿਚੋਂ ਘਟਾਇਆਂ ਵਿਸਾਖ ਮਹੀਨੇ ਦਾ ਜਨਮ ਦਿਨ ਬਣਦਾ ਹੈ ਕੱਤਕ ਦਾ ਨਹੀਂ।
1912 ਈਸਵੀ ਵਿਚ ਭਾਈ ਕਰਮ ਸਿੰਘ ਨੇ ਆਪਣੀ ਪੁਸਤਕ “ਕੱਤਕ ਕਿ ਵਿਸਾਖ’’ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੂੰ ਭੇਜੀ। ਆਪ ਉਸ ਵੇਲੇ ਕਈ ਪੁਸਤਕਾਂ ਰਚ ਚੁੱਕੇ ਸਨ ਜਿਵੇਂ ਕਿ ਪੰਥ ਪ੍ਰਕਾਸ਼, ਤਾਰੀਖ਼ ਗੁਰੂ ਖ਼ਾਲਸਾ, ਰਾਜ ਖ਼ਾਲਸਾ ਆਦਿ। ਉਨ੍ਹਾਂ ਨੇ ‘ਕੱਤਕ ਕਿ ਵਿਸਾਖ’’ ਪੜ੍ਹ ਕੇ ਨਿਮਨ ਲਿਖਤ ਚਿੱਠੀ ਭਾਈ ਕਰਮ ਸਿੰਘ ਨੂੰ ਲਿਖੀ :
“ਜੇ ਕੋਈ ਤਰਕਬਾਜ਼ ਅਣਮਤੀ ਜਨਮ ਸਾਖੀਆਂ ਦੀਆਂ ਕਹਾਣੀਆਂ ਨੂੰ ਨਿਰਮੂਲਕ ਜਾਂ ਗੱਪਾਂ ਦੱਸੇ ਤਾਂ ਹਿੰਦੂ ਪੁਰਾਣ, ਮੁਹੰਮਦੀ ਹਦੀਸਾਂ, ਈਸਾਈ ਅੰਜੀਲ, ਤੌਰੇਤ ਵਗੈਰਾ ਨੂੰ ਪੜ੍ਹ ਕੇ ਦੇਖੋ ਸਭ ਦੇ ਘਰ ਵਿਚ ਅੰਧੇਰਾ ਢੋਈਦਾ ਹੈ। ਫੇਰ ਸਾਧਕ ਬਾਧਕ ਤਾਂ ਸਭ ਨੂੰ ਮੰਨਣੀ ਪੈਂਦੀ ਹੈ। ਹੋਰ ਜਿਵੇਂ ਭਾਈ ਬਾਲੇ ਦਾ ਨਾਮ ਭਾਈ ਗੁਰਦਾਸ ਜੀ ਨੇ ਨਹੀਂ ਲਿਖਿਆ, ਸਿੱਖਾਂ ਦੀਆਂ ਫਹਿਰਿਸਤਾਂ ਵਿਚ ਹੋਰ ਭੀ ਬਹੁਤੇ ਪ੍ਰਸਿੱਧ ਸਿੱਖ ਭਾਈ ਭਗਤੂ, ਬੈਲੋ, ਪੂੰਦੜ, ਦਿਆਲਾ ਵਗੈਰਾ ਨਹੀਂ ਲਿਖੇ। ਅਪ੍ਰਸਿੱਧ ਬਹੁਤੇ ਲਿਖੇ ਹਨ, ਇਸ ਕਰਕੇ ਸਾਫ਼ ਨਹੀਂ ਲਿਖਿਆ :
ਗੁਰਮੁਖ ਬਾਲ ਸੁਭਾਇ ਉਦਾਸੀ
ਛੰਦ ਵਿਚ ਲਘੂ ਦੀਰਘ ਤੇ ਦੀਰਘ ਲਘੂ ਵਰਤਿਆ ਜਾਂਦਾ ਹੈ। ਹੋਰ ਜੇ ਉਲਾਦ ਵਾਲੇ ਹੀ ਸਿੱਖ ਹੋਏ ਮੰਨੇ ਜਾਣ ਤਾਂ ਪੰਜ ਪਿਆਰਿਆਂ ਦੀ ਸੰਤਾਨ ਨਹੀਂ ਮੰਨੇ ਜਾਂਦੇ ਹਨ, ਹੋਏ ਠੀਕ ਹਨ।”
5 ਚੇਤ, ਸੰਮਤ 1969 (1912 ਈਸਵੀ)
ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ। ਬਾਲੇ ਦੀ ਜਨਮ ਸਾਖੀ ਦੇ ਆਰੰਭ ਵਿਚ ਲਿਖਿਆ ਹੈ: “ਇਕ ਦਿਨ ਗੁਰੂ ਅੰਗਦ ਦੇ ਜੀਉ ਉਪਜੀ ਮੇਰਾ ਗੁਰੂ ਨਾਨਕ ਪੂਰਾ ਆਹਾ, ਉਸ ਵਿਚ ਤੇ ਪਰਮੇਸ਼ਰ ਵਿਚ ਭੇਦ ਕੁਝ ਨਾ ਆਹਾ…ਬਾਲਾ ਸੰਧੂ ਜਟੈਟਾ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਸੀ। ਗੁਰੂ ਅੰਗਦ ਜੀ ਛਪੇ ਰਹਿੰਦੇ ਸੀ। ਬਾਲੇ ਸੰਧੂ ਨੂੰ ਇਹ ਚਾਹ ਥੀ ਜੇਕਰ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਨੂੰ ਜਾਈਏ ਤਾਂ ਬਾਲੇ ਸੁਣਿਆ ਜੋ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਨੂੰ ਥਾਪ ਗਏ ਹੋਣ ਪਰ ਨਹੀਂ ਜਾਣਦਾ ਕਿਹੜੇ ਥਾਂ ਛੁਪ ਬੈਠਾ ਹੈ। ਫੇਰ ਖ਼ਬਰ ਸੁਣੀ ਜੋ ਖਡੂਰ ਖਹਿੜਿਆਂ ਵਿਚ ਬੈਠੇ ਹਨ ਇਹ ਸੁਣ ਕੇ ਬਾਲਾ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨੂੰ ਆਇਆ, ਜੋ ਕੁਝ ਸਕਤ ਆਹੀ ਸੋ ਭੇਟ ਲੈ ਆਇਆ। ਗੁਰੂ ਢੂੰਡ ਲਧੋ ਸੂ…ਗੁਰੂ ਅੰਗਦ ਜੀ ਬਾਲੇ ਸੰਧੂ ਨੂੰ ਪੁੱਛਣ ਲੱਗੇ ਕਿਥੋਂ ਆਇਓਂ, ਕਿਵ ਕਰ ਆਵਨਾ ਹੋਇਆ ਹੈ, ਕੌਣ ਹੁੰਦੇ ਹੋ? ਤਾਂ ਬਾਲੇ ਸੰਧੂ ਹੱਥ ਜੋੜ ਕਰ ਅਰਦਾਸ ਕੀਤੀ ਜੀ ਗੁਰੂ ਜੀ ਜਟੇਟਾ ਹਾਂ ਗੋਤ ਸੰਧੂ ਹੈ, ਨਾਮ ਬਾਲਾ ਹੈ ਵਤਨ ਰਾਏ ਭੋਏ ਦੀ ਤਲਵੰਡੀ ਹੈ…ਫੇਰ ਗੁਰੂ ਅੰਗਦ ਜੀ ਪੁੱਛਿਆ ਭਾਈ ਬਾਲਾ ਤੁਧ ਗੁਰੂ ਡਿੱਠਾ ਸੀ? ਫੇਰ ਬਾਲੇ ਕਿਹਾ “ਮੈਥੋਂ ਤਰੈ ਵਰ੍ਹੇ ਗੁਰੂ ਨਾਨਕ ਜੀ ਵੱਡੇ ਸੇ, ਮੈਂ ਗੁਰੂ ਨਾਨਕ ਜੀ ਦੇ ਪਿੱਛੇ ਲਗਾ ਫਿਰਦਾ ਸਾਂ।”
ਬਾਲੇ ਦੀ ਜਨਮ ਸਾਖੀ ਦੀ ਪ੍ਰਸਿੱਧਤਾ ਇਸ ਗੱਲ ਵਿਚ ਹੈ ਕਿ ਇਸ ਵਿਚ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦਾ ਹਾਲ ਕਰਾਮਾਤੀ ਢੰਗ ਨਾਲ ਲਿਖਿਆ ਹੈ ਜੋ ਉਸ ਸਮੇਂ ਦੇ ਲੋਕਾਂ ਦੀ ਕਲਪਨਾ ਸ਼ਕਤੀ ਨੂੰ ਟੁੰਬਦਾ ਸੀ। ਸ਼ਾਇਦ ਇਹ ਹੀ ਕਾਰਨ ਹੈ ਕਿ ਜਿਸ ਕਵੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਕਵਿਤਾ ਵਿਚ ਉਲੀਕਿਆ ਹੈ ਉਸ ਨੇ ਭਾਈ ਬਾਲੇ ਦੀ ਜਨਮ ਸਾਖੀ ਨੂੰ ਆਧਾਰ ਮੰਨਿਆ ਹੈ, ਕਿਉਂਕਿ ਬਾਲੇ ਦੀ ਜਨਮ ਸਾਖੀ ਵਿਚ ਕਲਪਨਾ ਸ਼ਕਤੀ ਅਦਭੁਤ ਕਰਨ ਵਾਲੀਆਂ ਵਾਰਤਾਵਾਂ ਜਿਵੇਂ : ਗੁਰੂ ਜੀ ਦਾ ਜੋਗੀਆਂ ਦੇ ਨਾਲ ਅਸਮਾਨਾਂ ਵਿਚ ਉੱਡਣਾ, ਸਮੁੰਦਰ ’ਤੇ ਟੁਰਨਾ, ਕਈ ਲੱਖ ਮੀਲ ਅੱਖਾਂ ਮੀਟ ਕੇ ਸਫ਼ਰ ਕਰ ਲੈਣਾ ਆਦਿ ਅੰਕਿਤ ਕੀਤੀਆਂ ਹਨ। ਇਹ ਗੱਲ ਬਾਲੇ ਦੀ ਜਨਮ ਸਾਖੀ ਨੂੰ ਬੜਾ ਰੌਚਿਕ ਬਣਾ ਦੇਂਦੀ ਹੈ ਤੇ ਕਈ ਵਾਰ ਸ਼ਰਧਾਲੂ ਸਿੱਖ ਕਈ ਕਈ ਘੰਟੇ ਗੁਰੂ ਨਾਨਕ ਸਾਹਿਬ ਜੀ ਦੀਆਂ ਸ਼ਕਤੀਆਂ ਦਾ ਵਰਣਨ ਸੁਣਦੇ ਰਹਿੰਦੇ ਸਨ। ਸਿੱਖ ਇਤਿਹਾਸ ਵਿਚ ਕਵਿਤਾ ਦੇ ਇਤਿਹਾਸ ਦਾ ਬਹੁਤ ਮੇਲ ਰਿਹਾ ਹੈ। ਕਵੀਆਂ ਦਾ ਕਿਸੇ ਇਤਿਹਾਸਿਕ ਘਟਨਾ ਨੂੰ ਉਲੀਕਣਾ ਬਹੁਤ ਸਾਰਾ ਕਲਪਨਾ ’ਤੇ ਨਿਰਭਰ ਕਰਦਾ ਹੈ। ਇਸ ਲਈ ਕਲਪਨਾ ਕਰਨ ਵਾਲੇ ਲਿਖਾਰੀਆਂ ਨੇ ਅਸਲੀਅਤ ਤੋਂ ਉਹਲੇ ਹੋ ਕੇ ਅਦਭੁਦਤਾ ਤੇ ਰੌਚਿਕਤਾ ਨੂੰ ਆਪਣੀ ਲਿਖਤ ਵਿਚ ਲਿਆਉਣ ਲਈ ਬਾਲੇ ਦੀ ਜਨਮ ਸਾਖੀ ਨੂੰ ਆਧਾਰ ਬਣਾਇਆ ਹੈ।
ਬਹੁਤ ਲੋਕਾਂ ਦਾ ਵਿਚਾਰ ਹੈ ਕਿ ਬਾਲੇ ਦੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੇ ਸਾਥੀ ਬਾਲੇ ਨੇ ਲਿਖਵਾਈ ਤੇ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਲਿਖੀ ਹੈ, ਇਸ ਲਈ ਇਹ ਪ੍ਰਮਾਣਿਕ ਹੈ, ਇਸ ਤੋਂ ਵੱਧ ਹੋਰ ਪ੍ਰਮਾਣਿਕ ਜਨਮ ਸਾਖੀ ਨਹੀਂ ਹੋ ਸਕਦੀ ਤੇ ਇਸ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ।
ਭਾਈ ਗੁਰਦਾਸ ਜੋ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਨੇ ਕਈ ਵਾਰਾਂ ਤੇ ਕਬਿਤ ਲਿਖੇ ਹਨ। ਇਕ ਕਬਿਤ ਕੱਤਕ ਦੀ ਪੂਰਨਮਾਸ਼ੀ ਦੀ ਮਹਿਮਾ ਵਿਚ ਲਿਖਿਆ ਹੈ ਜੋ ਇਸ ਤਰ੍ਹਾਂ ਹੈ :
ਕਾਰਤਕ ਮਾਸ ਰੁਤਿ ਸਰਦਿ ਪੂਰਨਮਾਸ਼ੀ,
ਆਠ ਜਾਮ ਸਾਠਿ ਘਰੀ,
ਆਜੁ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁ ਨਾਇਕ
ਕੀ ਨਾਇਕਾ ਹੋਇ,
ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ।
ਚਾਤਰ ਚਤੁਰ ਪਾਠ ਸੇਵਕ ਸਹੇਲੀ ਸਾਠ
ਸੰਪਦਾ ਸਮਗਰੀ ਸੁਖ ਸਹਿਜ ਸੁਚਾਰੀ ਹੈ।
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ
ਜੀਵਨ ਜਨਮ ਧੰਨ ਪ੍ਰੀਤਮ ਪਿਆਰੀ ਹੈ।
। ੩੪੫ ।
ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਮੰਨਣ ਵਾਲੇ ਇਹ ਦਲੀਲ ਦੇਂਦੇ ਹਨ ਕਿ ਭਾਈ ਗੁਰਦਾਸ ਜੀ ਨੇ ਕੱਤਕ ਦੀ ਪੂਰਨਮਾਸ਼ੀ ਦੀ ਮਹਿਮਾ ਇਸ ਲਈ ਗਾਇਨ ਕੀਤੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਹੈ, ਇਸ ਦਾ ਹੋਰ ਕੋਈ ਕਾਰਨ ਨਹੀਂ। ਵਿਸਾਖ ਦਾ ਜਨਮ ਮੰਨਣ ਵਾਲੇ ਕਹਿੰਦੇ ਹਨ ਕਿ ਇਸ ਕਿਬਤ ਵਿਚ ਸ਼ਿੰਗਾਰ ਰਸ ਦਾ ਵਰਣਨ ਹੈ, ਇਸ ਵਿਚ ਗੁਰੂ ਨਾਨਕ ਦੇ ਜਨਮ ਹੋਣ ਦਾ ਕੋਈ ਸੰਕੇਤ ਨਹੀਂ ਮਿਲਦਾ।
ਬਾਲੇ ਦੀ ਜਨਮ ਸਾਖੀ ਮੰਨਣ ਵਾਲੇ ਸਵੀਕਾਰ ਕਰਦੇ ਹਨ ਕਿ ਇਸ ਵਿਚ ਬਹੁਤ ਸਾਰੀਆਂ ਗ਼ਲਤ ਗੱਲਾਂ ਪਾ ਦਿੱਤੀਆਂ ਗਈਆਂ ਹਨ। ਬਹੁਤਿਆਂ ਦਾ ਵਿਸ਼ਵਾਸ ਹੈ ਕਿ ਹਿੰਦਾਲੀਆਂ ਨੇ (ਜੋ ਬਾਬਾ ਹੰਦਾਲ 1573-1648 ਈਸਵੀ ਦੇ ਮੰਨਣ ਵਾਲੇ ਹਨ) ਇਸ ਜਨਮ ਸਾਖੀ ਵਿਚ ਬਹੁਤ ਰਲਾ ਪਾ ਦਿੱਤਾ ਹੈ। ਕਈਆਂ ਥਾਵਾਂ ’ਤੇ ਬਾਬਾ ਹੰਦਾਲ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਡਾ ਦੱਸਿਆ ਹੈ ਤੇ ਹੋਰ ਵੀ ਕਈ ਗੱਲਾਂ ਸਿੱਖੀ ਆਸ਼ੇ ਦੇ ਉਲਟ ਇਸ ਵਿਚ ਲਿਖ ਦਿੱਤੀਆਂ ਹਨ।
ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨ ਕਰਦੀ ਹੈ ਕਿ ਉਹ ਇਹ ਕਿ ਭਾਈ ਬਾਲੇ ਦਾ ਨਾਂ ਕਿਧਰੇ ਵੀ ਕਿਸੇ ਹੋਰ ਜਨਮ ਸਾਖੀ ਵਿਚ ਨਹੀਂ ਆਉਂਦਾ ਤੇ ਨਾ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਵਿਚ ਕਿਸੇ ਹੋਰ ਥਾਂ ਲਿਖਿਆ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਦੱਸਿਆ ਹੈ ਤੇ ਉੱਥੇ ਲਿਖਿਆ ਹੈ ਕਿ ਗੁਰੂ ਨਾਨਕ ਦਾ ਸਾਥੀ ਮਰਦਾਨਾ ਸੀ ਤੇ ਬਾਲੇ ਦਾ ਨਾਂ ਨਹੀਂ ਆਉਂਦਾ। ਯਾਰ੍ਹਵੀਂ ਵਾਰ ਵਿਚ ਭਾਈ ਗੁਰਦਾਸ ਨੇ ਪਹਿਲੇ ਛੇ ਗੁਰੂ ਸਾਹਿਬਾਨ ਦੇ ਵੇਲੇ ਦੇ ਸਿੱਖਾਂ ਦੇ ਨਾਂ ਦਿੱਤੇ ਹਨ। ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਿੱਖਾਂ ਦੇ ਨਾਵਾਂ ਵਿਚ ਭਾਈ ਬਾਲੇ ਦਾ ਨਾਂ ਨਹੀਂ ਆਉਂਦਾ।
ਸਭ ਜਨਮ ਸਾਖੀਆਂ ਮੰਨਦੀਆਂ ਹਨ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਕੋਲ ਕਰਤਾਰਪੁਰ ਰਹੇ ਤੇ ਸਭ ਪੁਰਾਣੇ ਸਿੱਖ ਉਨ੍ਹਾਂ ਨੂੰ ਜਾਣਦੇ ਸਨ। ਪਰ ਭਾਈ ਬਾਲੇ ਦੀ ਜਨਮ ਸਾਖੀ ਦੀ ਆਰੰਭਕ ਵਾਰਤਾ ਤੋਂ ਹੀ ਇਹ ਭਲੀ ਪ੍ਰਕਾਰ ਦ੍ਰਿੜ੍ਹ ਹੋ ਜਾਂਦਾ ਹੈ ਕਿ ਨਾ ਗੁਰੂ ਅੰਗਦ ਦੇਵ ਜੀ ਬਾਲੇ ਨੂੰ ਜਾਣਦੇ ਸਨ ਤੇ ਨਾ ਬਾਲਾ ਹੀ ਗੁਰੂ ਅੰਗਦ ਦੇਵ ਜੀ ਨੂੰ ਜਾਣਦਾ ਸੀ।
ਸਿੱਖਾਂ ਵਿਚ ਗੁਰਪੁਰਬ ਮਨਾਉਣ ਦਾ ਰਿਵਾਜ ਕੋਈ ਅੱਜ ਦਾ ਨਹੀਂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ :
“ਬਲਿਹਾਰੀ ਤਿਨਾ ਗੁਰ ਸਿਖਾ ਭਾਇ ਭਗਤ ਗੁਰਪੁਰਬ ਕਰੰਦੇ’’
ਗੁਰਪੁਰਬ ਗੁਰੂ ਸਾਹਿਬਾਨ ਦੇ ਵੇਲੇ ਵੀ ਮਨਾਏ ਜਾਂਦੇ ਸਨ ਤੇ ਗੁਰੂ ਅੰਸ ਗੁਰੂ ਘਰ ਦੀ ਰਹੁ-ਰੀਤੀ ਤੋਂ ਭਲੀ ਪ੍ਰਕਾਰ ਜਾਣੂ ਸੀ। ਗੁਰੂ ਨਾਨਕ ਦੇਵ ਜੀ ਦੀ ਔਲਾਦ ਵਿਚੋਂ ਇਕ ਬਾਬਾ ਸੁਖਵਾਸੀ ਰਾਇ ਹੋਏ ਹਨ, ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ‘ਗੁਰੂ ਨਾਨਕ ਬੰਸ ਪ੍ਰਕਾਸ਼’ ਲਿਖੀ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਸੁਦੀ ਤਿੰਨ ਲਿਖਿਆ ਹੈ। ਸ੍ਰੀ ਗੁਰੂ ਅਮਰਦਾਸ ਦੀ ਅੰਸ ਵਿਚੋਂ ਬਾਬਾ ਸਰੂਪ ਦਾਸ ਹੋਏ ਹਨ। ਇਨ੍ਹਾਂ ਗੁਰੂ ਨਾਨਕ ਸਾਹਿਬ ਦਾ ਤੇ ਹੋਰ ਗੁਰੂ ਸਾਹਿਬਾਨ ਦਾ ਜੀਵਨ ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ। ਇਹ ਗ੍ਰੰਥ 1776 ਈਸਵੀ ਨੂੰ ਸੰਪੂਰਨ ਹੋਇਆ। ਇਸ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦੀ ਥਾਂ ਵਿਸਾਖ ਸੁਦੀ ਤਿੰਨ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਪੋਤੇ ਪਿਰਥੀਚੰਦ ਦੇ ਲੜਕੇ ਬਾਬਾ ਮਿਹਰਬਾਨ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ ਹੈ ਜੋ ਸਤਾਰ੍ਹਵੀਂ ਈਸਵੀ ਦੀ ਰਚਨਾ ਹੈ, ਇਸ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਸੁਦੀ ਤਿੰਨ ਹੈ।
ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਲਿਖਿਆ ਹੈ ਜਿਸ ਨੂੰ ‘ਗਿਆਨ ਰਤਨਾਵਲੀ’ ਕਿਹਾ ਜਾਂਦਾ ਹੈ। ਇਸ ਵਿਚ ਵੀ ਬਾਲੇ ਦਾ ਕਥਨ ਨਹੀਂ ਆਉਂਦਾ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਸੁਦੀ ਤਿੰਨ ਲਿਖਿਆ ਹੈ।
ਮੈਕਾਲਿਫ ਨੇ ਕੱਤਕ ਤੇ ਵਿਸਾਖ ਦਾ ਨਿਰਣਾ ਕਰਦਿਆਂ ਇਹ ਸਿੱਟਾ ਕੱਢਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਨਮ ਉਤਸਵ ਪੁਰਾਣੇ ਸਮੇਂ ਵਿਚ ਵਿਸਾਖ ਵਿਚ ਮਨਾਇਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣ ਲਗ ਪਿਆ ਹੈ, ਉਸ ਸਮੇਂ ਤੋਂ ਹੀ ਇਹ ਰਸਮ ਤੁਰੀ ਆਉਂਦੀ ਹੈ।
ਪੁਰਾਣੀਆਂ ਲਿਖਤਾਂ ਦੇ ਆਧਾਰ ’ਤੇ ਅਤੇ ਵਿਸ਼ੇਸ਼ ਕਰਕੇ ਬਾਬਾ ਮਿਹਰਬਾਨ ਦੀ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਗੁਰੂ ਨਾਨਕ ਬੰਸ ਪ੍ਰਕਾਸ਼ ਬਾਬਾ ਸੁਖਵਾਸੀ ਰਾਇ, ਬਾਬਾ ਸਰੂਪ ਦਾਸ ਜੀ ਦੇ ਮਹਿਮਾ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ ਤਿੰਨ ਨੂੰ ਹੋਇਆ। ਪਰ ਸਿੱਖ ਸੰਸਾਰ ਕੁਝ ਕੁ ਕਾਰਨਾਂ ਕਰਕੇ ਇਸ ਜਨਮ ਉਤਸਵ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦਾ ਹੈ। ਇਸ ਗੱਲ ਦਾ ਪੱਕਾ ਪਤਾ ਨਹੀਂ ਲਗਦਾ ਕਿ ਕਿਉਂ ਤੇ ਕਿਵੇਂ ਇਹ ਜਨਮ ਦਿਨ ਵਿਸਾਖ ਦੀ ਥਾਂ ਕੱਤਕ ਵਿਚ ਮਨਾਉਣਾ ਅਰੰਭ ਹੋਇਆ।
Author: Gurbhej Singh Anandpuri
ਮੁੱਖ ਸੰਪਾਦਕ