35 Views
ਭਾਰਤ ਨੂੰ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ। ਅੰਗਰੇਜ਼ ਸਰਕਾਰ ਨੇ ਸਿੱਖ ਕੌਮ ’ਤੇ ਬੇਤਹਾਸ਼ਾ ਜ਼ੁਲਮ ਢਾਹਿਆ ਤੇ ਸਿੱਖਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ। ਅਜ਼ਾਦੀ ਲਈ ਸਿੱਖਾਂ ਨੇ ਆਪਣੀਆਂ ਹਿੱਕਾਂ ਤੋਪਾਂ ਅੱਗੇ ਡਾਹੀਆਂ, ਕਾਲ਼ੇ ਪਾਣੀ ਦੀਆਂ ਸਜ਼ਾਵਾਂ ਭੋਗੀਆਂ, ਫਾਂਸੀਆਂ ਦੇ ਰੱਸੇ ਚੁੰਮੇ, ਸੀਨੇ ’ਚ ਗੋਲ਼ੀਆਂ ਖਾਧੀਆਂ, ਲੰਮੀਆਂ ਜੇਲ੍ਹਾਂ ਕੱਟੀਆਂ ਤੇ ਅੰਗਰੇਜ਼ ਹਕੂਮਤ ਦੇ ਹਰ ਤਰ੍ਹਾਂ ਦੇ ਤਸ਼ੱਦਦ ਨੂੰ ਆਪਣੇ ਪਿੰਡੇ ’ਤੇ ਸਹਾਰਿਆ। ਅੰਗਰੇਜ਼ ਹਕੂਮਤ ਸਮੇਂ ਸਿੱਖ ਕੌਮ ਨੇ ਇੱਕ ਪਲ਼ ਵੀ ਚੈਨ ਨਾ ਮਾਣਿਆ ਤੇ ਅੰਗਰੇਜ਼ ਸਾਮਰਾਜ ਨੂੰ ਐਸੀ ਲਹੂ ਵਿੱਢਵੀਂ ਟੱਕਰ ਦਿੱਤੀ ਕਿ ਗੋਰੇ, ਭਾਰਤ ਨੂੰ ਛੱਡਣ ਲਈ ਮਜ਼ਬੂਰ ਹੋ ਗਏ ਤੇ 15 ਅਗਸਤ 1947 ਨੂੰ ਭਾਰਤ ਅਜ਼ਾਦ ਹੋਇਆ ਪਰ ਸਿੱਖ ਕੌਮ, ਗੋਰਿਆਂ ਦੀ ਗ਼ੁਲਾਮੀ ’ਚੋਂ ਨਿਕਲ਼ ਕੇ ਕਾਲ਼ਿਆਂ ਦੀ ਗ਼ੁਲਾਮੀ ’ਚ ਫਸ ਗਈ।
ਦੇਸ਼ ਦੇ ਹਿੰਦੂਤਵੀ ਹਾਕਮਾਂ ਨੇ ਸਿੱਖਾਂ ਨਾਲ਼ ਅਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਭੁਲਾ ਦਿੱਤੇ ਤੇ ਨਹਿਰੂ ਕਹਿੰਦਾ ਕਿ “ਅਬ ਸਮਾਂ ਬਦਲ ਚੁੱਕਾ ਹੈ…।” ਮੁਸਲਿਮ ਆਗੂ ਜਿਨਾਹ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਕਿ “ਸਿੱਖੋ! ਤੁਸੀਂ ਹਿੰਦੂ ਨੂੰ ਅਜੇ ਗ਼ੁਲਾਮ ਰੂਪ ’ਚ ਵੇਖਿਆ ਹੈ, ਅਜ਼ਾਦੀ ਤੋਂ ਬਾਅਦ ਜਦੋਂ ਹਿੰਦੂ ਹਾਕਮ ਹੋਣਗੇ ਤਾਂ ਤੁਹਾਡੇ ਨਾਲ਼ ਗ਼ੁਲਾਮਾਂ ਤੋਂ ਭੈੜਾ ਵਤੀਰਾ ਕਰਨਗੇ ਫਿਰ ਇਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਹੋਵੇਗਾ।” ਓਹੀ ਗੱਲ ਹੋਈ ਭਾਰਤ ਦੀ ਅਜ਼ਾਦੀ ਪਿੱਛੋਂ ਸਿੱਖਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ਼ ਵੇਖਿਆ ਜਾਣ ਲੱਗਾ ਤੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਿੰਦੂਤਵੀ ਤਾਕਤਾਂ ਨੇ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕੁਲਹਿਣੀ ਅਜ਼ਾਦੀ ਨੇ ਸਾਡੇ ਜਾਨੋਂ-ਪਿਆਰੇ ਗੁਰਧਾਮ ਸਾਥੋਂ ਵਿਛੋੜ ਦਿੱਤੇ, ਪੰਜਾਬ ਦੇ ਦੋ ਟੁਕੜੇ ਹੋ ਗਏ, ਹਿੰਦੂਤਵੀਆਂ ਨੇ ਸਾਨੂੰ ਬਰਬਾਦ ਕਰਨ ਲਈ ਘਟੀਆ ਤੇ ਘਿਨੌਣੀਆਂ ਚਾਲਾਂ ਚੱਲ ਕੇ ਹਜ਼ਾਰਾਂ-ਲੱਖਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਵੰਡ ਦੇ ਨਾਂਅ ’ਤੇ ਆਪਸ ’ਚ ਲੜਾ ਕੇ ਮੌਤ ਦੇ ਘਾਟ ਉਤਰਵਾ ਦਿੱਤਾ।
ਆਪਣੇ ਘਰਾਂ, ਜ਼ਮੀਨਾਂ ਤੇ ਜਾਇਦਾਦਾਂ ਨੂੰ ਛੱਡ ਕੇ ਉੱਜੜੀ ਸਿੱਖ ਕੌਮ ਸ਼ਰਨਾਰਥੀ ਕੈਂਪਾਂ ’ਚ ਧੱਕੇ ਖਾ ਰਹੀ ਸੀ, ਹਾਲੇ ਸਾਡਾ ਰੈਣ-ਬਸੇਰਾ ਵੀ ਨਹੀਂ ਸੀ ਹੋਇਆ ਕਿ ਹਿੰਦੁਤਵੀ ਆਗੂਆਂ ਵੱਲਭ ਭਾਈ ਪਟੇਲ ਅਤੇ ਜਵਾਹਰ ਲਾਲ ਨਹਿਰੂ ਦੀ ਆਗੂਆਂ ਅਤੇ ਇੱਛਾ ਅਨੁਸਾਰ 10 ਅਕਤੂਬਰ 1947 ਨੂੰ ਪੰਜਾਬ ਦੇ ਹਿੰਦੁਤਵੀ ਗਵਰਨਰ ‘ਚੰਦੂ ਲਾਲ ਤ੍ਰਿਵੇਦੀ’ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਗੁਪਤ ਨੀਤੀ ਪੱਤਰ (ਸਰਕੂਲਰ) ਜਾਰੀ ਕਰ ਦਿੱਤਾ ਕਿ “ਸਿੱਖ ਜਮਾਂਦਰੂ ਫ਼ਸਾਦੀ ਅਤੇ ਜਰਾਇਮ ਪੇਸ਼ਾ ਲੋਕ ਹਨ। ਮਾਰ-ਧਾੜ, ਲੁੱਟ-ਮਾਰ ਤੇ ਇਸਤਰੀ-ਹਰਣ ਕਰਨੀ ਤੇ ਸੂਬੇ ਦੀ ਸ਼ਾਂਤੀ ਖਰਾਬ ਕਰਨ ’ਚ ਸਿੱਖ ਮੋਹਰੀ ਹਨ। ਸੂਬੇ ਦੇ ਸ਼ਾਂਤੀ-ਪਸੰਦ ਹਿੰਦੂਆਂ ਲਈ ਸਿੱਖ ਖ਼ਤਰਾ ਬਣੇ ਹੋਏ ਹਨ। ਇਹਨਾਂ ਉੱਤੇ ਕਰੜੀ ਨਿਗ੍ਹਾ ਰੱਖੀ ਜਾਵੇ ਤੇ ਸਖ਼ਤੀ ਨਾਲ਼ ਨਜਿੱਠਿਆ ਜਾਵੇ। ਇਹਨਾਂ ਨੂੰ ਮਾਰੋ, ਕੁੱਟੋ ਤੇ ਗੋਲ਼ੀਆਂ ਨਾਲ਼ ਮਾਰ ਸੁੱਟੋ। ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨ-ਨਿਆਂ ਵਿਚਾਰੇ, ਐਸੀ ਤੱਦੀ ਨਾਲ਼ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਤੇ ਪਰਜਾ ਕੌਣ।”
ਅਜ਼ਾਦੀ ਤੋਂ ਪਹਿਲਾਂ ਹਿੰਦੂਤਵੀਆਂ ਨੂੰ ਦਲੇਰ, ਇਮਾਨਦਾਰ, ਦੇਸ਼-ਭਗਤ, ਬਹਾਦਰ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ ਦਿਸਣ ਵਾਲ਼ੇ ਸਿੱਖ ਹੁਣ ਅਜ਼ਾਦੀ ਤੋਂ 55 ਦਿਨਾਂ ਬਾਅਦ ਹੀ ਹਿੰਦੂਆਂ ਨੂੰ ਖ਼ਤਰਨਾਕ ਚੋਰ-ਲੁਟੇਰੇ ਤੇ ਡਾਕੂ ਦਿਸਣ ਲਗ ਪਏ। ਇਹ ਹਿੰਦੂ ਕੌਮ ਦੀ ਅਕ੍ਰਿਤਘਣਤਾ ਦੀ ਸਿਖ਼ਰ ਨਹੀਂ ਤਾਂ ਹੋ ਕੀ ਸੀ ? ਜਿਨ੍ਹਾਂ ਦੀਆਂ ਗਜ਼ਨੀ ਦੇ ਬਜ਼ਾਰਾਂ ’ਚ ਟਕੇ-ਟਕੇ ’ਤੇ ਵਿਕਦੀਆਂ ਬਹੂ-ਬੇਟੀਆਂ ਦੀਆਂ ਇੱਜ਼ਤਾਂ ਮੁਗ਼ਲਾਂ ਤੇ ਪਠਾਣਾਂ ਤੋਂ ਗੁਰੂ ਕੇ ਸਿੰਘ ਆਪਣਾ ਸੀਸ ਤਲ਼ੀ ’ਤੇ ਧਰ ਕੇ ਬਚਾਉਂਦੇ ਰਹੇ ਤੇ ਛੁਡਵਾ ਕੇ ਸਹੀ-ਸਲਾਮਤ ਘਰ ਪਹੁੰਚਾਉਂਦੇ ਰਹੇ। ਉਸ ਸਮੇਂ ਕਹਾਵਤ ਸੀ “ਛਈ ਬਾਬਾ ਛਈ, ਰੰਨ ਬਸਰੇ ਨੂੰ ਗਈ, ਮੋੜੀਂ ਬਾਬਾ ਕੱਛ ਵਾਲ਼ਿਆ, ਰੰਨ ਬਸਰੇ ਨੂੰ ਗਈ।” ਪਰ ਹੁਣ ਉਹਨਾਂ ਹੀ ਹਿੰਦੂਆਂ ਨੇ ਅਜ਼ਾਦੀ ਤੋਂ ਬਾਅਦ ਸਾਡੀ ਸਿੱਖ ਕੌਮ ਨੂੰ ਭੰਡਣਾ, ਬਦਨਾਮ ਕਰਨਾ ਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ. ਕਪੂਰ ਸਿੰਘ ਆਈ.ਸੀ.ਐੱਸ. (ਪ੍ਰੋਫ਼ੈਸਰ ਆਫ਼ ਸਿੱਖਇੱਜ਼ਮ) ਨੇ ਇਸ ਸਰਕੂਲਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤੇ ‘ਸਾਚੀ ਸਾਖੀ’ ਕਿਤਾਬ ਵਿੱਚ ਇਸ ਦਾ ਪੂਰਾ ਵੇਰਵਾ ਵੀ ਦਿੱਤਾ।
ਸਰਦਾਰ ਠਾਕਰ ਸਿੰਘ ਸੰਧਾਵਾਲ਼ੀਆ ਦੀ ਭਵਿੱਖਬਾਣੀ ਸੱਚ ਹੋਈ ਕਿ “ਗੁਰੂ ਨਾ ਕਰੇ, ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜਭਾਗ ਵਿੱਚ ਹਿੱਸੇਦਾਰ ਬਣਨ ਦਾ ਨਹੀਂ।” ਜਿਵੇਂ ਹਿੰਦਤੁਵੀਆਂ ਨੇ ਸਿੱਖਾਂ ਵਿਰੁੱਧ ਸਰਕੂਲਰ ਜਾਰੀ ਕੀਤਾ ਇਵੇਂ ਹੀ ਮੁਗਲ ਹਕੂਮਤ ਵੇਲ਼ੇ ਐਲਾਨ ਹੁੰਦੇ ਸਨ ਕਿ ਗੁਰੂ ਨਾਨਕ ਨੂੰ ਮੰਨਣ ਵਾਲ਼ੇ ਸਿੱਖ ਜਿੱਥੇ ਵੀ ਨਜ਼ਰ ਆਉਣ ਕਤਲ ਕਰ ਦਿੱਤੇ ਜਾਣ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ।
ਗੋਰਿਆਂ ਤੋਂ ਖੋਹੀ ਅਜ਼ਾਦੀ ਹੀ ਹੁਣ ਸਾਡੇ ਲਈ ਖ਼ਤਰੇ ਦੀ ਘੰਟੀ ਬਣ ਗਈ। ਸਿੱਖਾਂ ਦੇ ਸੱਭਿਆਚਾਰ, ਇਤਿਹਾਸ, ਵਿਰਸੇ ਤੇ ਅਣਖ਼ ਉੱਤੇ ਹਿੰਦੂਤਵੀਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜੋ ਬਾ-ਦਸਤੂਰ ਜਾਰੀ ਹਨ। ਸਾਡਾ ਸਭ ਕੁਝ ਦਾਅ ਉੱਤੇ ਲਗ ਚੁੱਕਾ ਹੈ। ਦੁਸ਼ਮਣ ਬੜਾ ਚਲਾਕ, ਕਮੀਨਾ ਤੇ ਸ਼ਾਤਰ ਹੈ ਤੇ ਸਿੱਖ ਬੜਾ ਭੋਲ਼ਾ। ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਹੋਏ, ਉਲ਼ਟਾ ਪੰਜਾਬ ਦੇ ਤਿੰਨ ਵਾਰ ਟੋਟੇ ਕਰ ਦਿੱਤੇ, ਸਾਡੇ ਦਰਿਆਈ ਪਾਣੀ ਲੱੁਟ ਲਏ, ਬਿਜਲੀ ਤੋਂ ਕੰਟਰੋਲ ਖੋਹ ਲਿਆ, ਪੰਜਾਬੀ ਬੋਲਦੇ ਇਲਾਕੇ ਵੀ ਹੜੱਪ ਲਏ, ਚੰਡੀਗੜ੍ਹ ਰਾਜਧਾਨੀ ਵੀ ਨਾ ਮਿਲ਼ੀ, ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ, ਸੰਤ ਜਰਨੈਲ ਸਿੰਘ ਅਤੇ ਹਜ਼ਾਰਾਂ ਸੰਗਤਾਂ ਦੀ ਸ਼ਹੀਦੀ, ਨਵੰਬਰ 1984 ਸਿੱਖਾਂ ਦੀ ਨਸਲਕੁਸ਼ੀ, ਫਿਰ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਤੇ ਹੁਣ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਦਾ ਘਾਣ, ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ’ਤੇ, ਸਿੱਖਾਂ ਅਤੇ ਪੰਜਾਬ ਦੀ ਹਰ ਪਾਸਿਓਂ ਘੇਰਾਬੰਦੀ ਕੀਤੀ ਗਈ ਹੈ।
ਸਿੱਖ ਵਾਰ-ਵਾਰ ਹਿੰਦੂਤਵੀਆਂ ਦੇ ਝਾਂਸੇ ’ਚ ਫਸਦਾ ਜਾ ਰਿਹਾ ਹੈ। ਹਿੰਦੂ ਮੱਤ ਨੇ ਜਿਵੇਂ ਜੈਨ ਧਰਮ ਅਤੇ ਬੁੱਧ ਧਰਮ ਦਾ ਗਲ਼ਾ ਘੁੱਟ ਦਿੱਤਾ ਇਵੇਂ ਹੀ ਸਾਡਾ ਘੁੱਟਿਆ ਜਾ ਰਿਹਾ ਹੈ। ਹਿੰਦੂਵਾਦੀ ਤਾਕਤਾਂ ਸਾਨੂੰ ਭਰਾ ਬਣਾ ਕੇ ਗਲਵਕੜੀ ’ਚ ਲੈ ਕੇ ਘੁੱਟਣ-ਮਾਰਨ ਲਈ ਲਗਾਤਾਰ ਯਤਨਸ਼ੀਲ ਹਨ। ਸਿੱਖ ਧਰਮ ਨੂੰ ਬੜੇ ਸ਼ਾਤਰਾਨਾ ਤਰੀਕੇ ਨਾਲ਼ ਹਿੰਦੂ ਧਰਮ ’ਚ ਜਜ਼ਬ ਕੀਤਾ ਜਾ ਰਿਹਾ ਹੈ। ਹਿੰਦੂਤਵ ਸਾਡੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਨੂੰ ਖੋਰਾ ਲਾ ਰਿਹਾ ਹੈ, ਸਾਡੇ ਇਤਿਹਾਸਕ ਗੁਰਦੁਆਰੇ ਢਾਹੇ ਜਾ ਰਹੇ ਹਨ, ਇਤਿਹਾਸ ਬਦਲਿਆ ਜਾ ਰਿਹਾ ਹੈ, ਕਕਾਰਾਂ ’ਤੇ ਪਬੰਦੀਆਂ ਲਗ ਰਹੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਬੇਅਦਬੀਆਂ ਹੋ ਰਹੀਆਂ ਹਨ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾ ਰਹੇ।
ਸਿੱਖਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਭਾਰਤ ’ਚ ਸਿੱਖ ਕਦੇ ਵੀ ਸੁੱਖ ਦਾ ਸਾਹ ਨਹੀਂ ਲੈ ਸਕਦੇ, ਦੇਸ਼ ਦੇ ਹਿੰਦੂਤਵੀ ਹਾਕਮ ਵਾਰ-ਵਾਰ ਸਿੱਖਾਂ ਨੂੰ ਸਤਾਉਣਗੇ, ਡਰਾਉਣਗੇ ਤੇ ਧਮਕਾਉਣਗੇ ਤੇ ਵਾਰ-ਵਾਰ ਸਾਨੂੰ ‘ਜਰਾਇਮ ਪੇਸ਼ਾ ਲੋਕ’ ਕਹਿ ਕੇ ਤੋਹਫ਼ੇ ਦਿੱਤੇ ਜਾਣਗੇ, ਸਾਡੇ ਜਜ਼ਬਾਤਾਂ ਤੇ ਭਾਵਨਾਵਾਂ ਨਾਲ਼ ਖਿਲਵਾੜ ਕਦੇ ਬੰਦ ਨਹੀਂ ਹੋਵੇਗਾ। ਕਦੇ ਸਾਨੂੰ ਅੱਤਵਾਦੀ, ਕਦੇ ਵੱਖਵਾਦੀ, ਕਦੇ ਦਹਿਸ਼ਤ-ਗਰਦ, ਕਦੇ ਪਾਕਿਸਤਾਨ ਦੇ ਪਿੱਠੂ ਅਤੇ ਦੇਸ਼ ਦੇ ਗ਼ੱਦਾਰ ਆਖ ਕੇ ਭੰਡਿਆ ਜਾਵੇਗਾ।
ਆਖ਼ਰ ਅਸੀਂ ਕਦ ਤਕ ਹੱਥ ’ਤੇ ਹੱਥ ਧਰ ਕੇ ਬੈਠੇ ਰਹਾਂਗੇ। ਜਿਸ ਦੇਸ਼ ’ਚ ਸਿੱਖਾਂ ਦੇ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਣੀ-ਬਾਣਾ ਅਤੇ ਸਾਡਾ ਧਰਮ, ਸੱਭਿਆਚਾਰ, ਬੋਲੀ ਤੇ ਪਹਿਰਾਵਾ ਹੀ ਸੁਰੱਖਿਅਤ ਨਹੀਂ, ਉਸ ਦੇਸ਼ ਤੋਂ ਸਿੱਖਾਂ ਨੇ ਕੀ ਲੈਣਾ, ਉਸ ਦੇਸ਼ ਤੋਂ ਸਿੱਖਾਂ ਨੂੰ ਕਾਹਦੀ ਆਸ, ਇਹ ਦੇਸ਼ ਸਿੱਖਾਂ ਲਈ ਇੱਕ ਖੁੱਲ੍ਹੀ ਜੇਲ੍ਹ ਵਾਂਗ ਹੈ ਤੇ ਸਾਡੇ ਨਾਲ਼ ਕੈਦੀਆਂ ਨਾਲ਼ੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ। ਸਿੱਖਾਂ ਨੂੰ ਜਾਗਣ ਅਤੇ ਇਕਮੁੱਠ ਹੋ ਕੇ ਹਿੰਦੂਤਵੀ ਤਾਕਤਾਂ ਨਾਲ਼ ਟੱਕਰ ਲੈਣ ਦੀ ਲੋੜ ਹੈ। ਅੱਜ ਸਮੁੱਚੇ ਹਿੰਦੂ, ਭਾਰਤ ਨੂੰ ਹਿੰੰਦੂ ਰਾਸ਼ਟਰ ਬਣਾਉਣ ਲਈ ਉਤਾਵਲ਼ੇ ਹਨ, ਤੇ ਆਓ ਅਸੀਂ ਵੀ ਆਪਣੇ ਸਿੱਖ ਰਾਸ਼ਟਰ (ਖ਼ਾਲਿਸਤਾਨ) ਦੀ ਕਾਇਮੀ ਵੱਲ ਕਦਮ ਵਧਾਈਏ।
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ