ਅੰਮ੍ਰਿਤਸਰ, 22 ਅਕਤੂਬਰ ( ਤਾਜੀਮਨੂਰ ਕੌਰ )- ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਚਰਨਜੀਤ ਸਿੰਘ ਬਰਾੜ ਵਲੋਂ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਕਸ ਨੂੰ ਜਾਣਬੁਝ ਕੇ ਖਰਾਬ ਕਰਨ ਦੀ ਮਨਸ਼ਾ ਨਾਲ ਕੀਤੀ ਗਈ ਬਿਆਨਬਾਜ਼ੀ ਦੀ ਕਰੜੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਮੈਂਬਰਾਂ, ਨੇ ਸ.ਬਰਾੜ ਦੇ ਬਿਆਨ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਕਿ ਰਾਜਸੀ ਹਿੱਤਾਂ ਦੀ ਖ਼ਾਤਰ ਸਿੱਖ ਸੰਸਥਾ ਅਤੇ ਇਸ ਦੇ ਅਹੁਦੇਦਾਰਾਂ ’ਤੇ ਬੇਬੁਨਿਆਦ ਇਲਜ਼ਾਮ ਲਗਾਉਣੇ ਚਰਨਜੀਤ ਸਿੰਘ ਦੀ ਘਟੀਆ ਹਰਕਤ ਹੈ। ਆਗੂਆਂ ਤੇ ਮੈਂਬਰਾਂ ਨੇ ਕਿਹਾ ਕਿ ਜਿਥੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ-ਮੁਕਤੀ ਦਾ ਸਵਾਲ ਹੈ, ਇਹ ਕਿਸੇ ਇਕ ਮਤੇ ਨਾਲ ਲਿਆ ਜਾਣ ਵਾਲਾ ਫੈਸਲਾ ਨਹੀਂ ਹੈ, ਸਗੋਂ ਇਸ ਵਾਸਤੇ ਸਮੁੱਚੇ ਪੰਥ ਦੀ ਸਹਿਮਤੀ ਮਹੱਤਵਪੂਰਨ ਹੈ। ਇਸ ਲਈ ਪੰਥ ਦੀਆਂ ਜਥੇਬੰਦੀਆਂ, ਸੰਪ੍ਰਦਾਵਾਂ ਦੀ ਰਾਇ ਬਿਨਾਂ ਨਵਾਂ ਵਿਧਾਨ ਨਹੀਂ ਘੜਿਆ ਜਾ ਸਕਦਾ ਅਤੇ ਜਾਣਬੁਝ ਕੇ ਇਸ ਪੰਥਕ ਮੁੱਦੇ ਨੂੰ ਉਲਝਾਉਣਾ ਕੌਮ ਵਿਰੋਧੀ ਭਾਵਨਾ ਦਾ ਪ੍ਰਗਟਾਵਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਸ. ਬਰਾੜ ਵਲੋਂ ਐਡਵੋਕੇਟ ਧਾਮੀ ਨੂੰ ਕਮਜ਼ੋਰ ਪ੍ਰਧਾਨ ਕਹਿਣਾ ਇਕ ਸਤਿਕਾਰਤ ਪੰਥਕ ਸ਼ਖ਼ਸੀਅਤ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਕਮਜ਼ੋਰ ਨਹੀਂ, ਬਲਕਿ ਪੰਥਕ ਸੋਚ ਦੇ ਅਸਲ ਪਹਿਰੇਦਾਰ ਹਨ। ਮੈਂਬਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਬਣੇ ਪੰਥਕ ਹਾਲਾਤ ਵਿਚ ਵੀ ਐਡਵੋਕੇਟ ਧਾਮੀ ਨੇ ਸੰਸਥਾ ਦੇ ਮੁਖੀ ਵਜੋਂ ਆਪਣੀ ਜ਼ਿਮੇਵਾਰੀ ਬਾਖ਼ੂਬੀ ਨਿਭਾਈ ਹੈ। ਅਹੁਦੇਦਾਰਾਂ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਸਿੱਖ ਸੰਸਥਾ ਅਤੇ ਅਹੁਦੇਦਾਰਾਂ ਖ਼ਿਲਾਫ਼ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ