ਅੰਮ੍ਰਿਤਸਰ, 28 ਅਕਤੂਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਕੌਮੀ ਘਰ ਖ਼ਾਲਿਸਤਾਨ ਦੇ ਅਰੰਭੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਬੱਬਰ ਖ਼ਾਲਸਾ ਦੇ ਜੁਝਾਰੂ ਸ਼ਹੀਦ ਭਾਈ ਰੇਸ਼ਮ ਸਿੰਘ ਵਰਿਆਹ ਦਾ ਸ਼ਹੀਦੀ ਦਿਹਾੜਾ ਮਿਤੀ 29 ਅਕਤੂਬਰ ਨੂੰ ਪਿੰਡ ਵਰਿਆਹ, ਨੇੜੇ ਮਖੂ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ਼ ਮਨਾਇਆ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਰੇਸ਼ਮ ਸਿੰਘ ਵਰਿਆਹ ਦੀ ਸੁਪਤਨੀ ਬੀਬੀ ਕੁਲਬੀਰ ਕੌਰ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ, ਢਾਡੀ, ਕਵੀਸ਼ਰ, ਕਥਾਵਾਚਰਕ ਤੇ ਪ੍ਰਚਾਰਕ ਹਰ ਜਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਪੰਥਕ ਆਗੂ ਵੀ ਸਿੱਖ ਸੰਘਰਸ਼ ਅਤੇ ਅਜੋਕੇ ਹਲਾਤਾਂ ਸੰਬੰਧੀ ਵਿਚਾਰ ਸਾਂਝੇ ਕਰਨਗੇ। ਉਹਨਾਂ ਦੱਸਿਆ ਕਿ ਸ਼ਹੀਦ ਭਾਈ ਰੇਸ਼ਮ ਸਿੰਘ ਜਿਨ੍ਹਾਂ ਨੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸੈਂਕੜੇ ਜੁਝਾਰੂ ਐਕਸ਼ਨ ਕੀਤੇ ਤੇ ਕੌਮ ਦੀ ਅਥਾਹ ਸੇਵਾ ਨਿਭਾਉਂਦਿਆਂ ਆਪਣਾ ਆਪਾ ਖ਼ਾਲਸਾ ਪੰਥ ਤੇ ਦੇਸ਼ ਪੰਜਾਬ ਦੇ ਲੇਖੇ ਲਾ ਦਿੱਤਾ। ਬੀਬੀ ਕੁਲਬੀਰ ਕੌਰ ਜੀ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਮੂਹ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਹੀਦੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ