ਭਾਈ ਰਣਜੀਤ ਸਿੰਘ ਤੇ ਗੁਰਸੇਵਕ ਸਿੰਘ ਪੱਧਰੀ ਵੱਲੋਂ ਜੇਤੂ ਟੀਮਾਂ ਦਾ ਸਨਮਾਨ
ਅੰਮ੍ਰਿਤਸਰ, 4 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਸ਼ਹਾਦਤਾਂ ਦਾ ਜਾਮ ਪੀਣ ਵਾਲ਼ੇ ਸ਼ਹੀਦ ਜਨਰਲ ਸ਼ਾਬੇਗ ਸਿੰਘ ਖਿਆਲਾ, ਫੈਡਰੇਸ਼ਨ ਦੇ ਜੁਝਾਰੂ ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਤੇ ਸ਼ਹੀਦ ਭਾਈ ਮੇਜਰ ਸਿੰਘ ਕੋਲੋਵਾਲ ਦਾ ਸ਼ਹੀਦੀ ਦਿਹਾੜਾ ਗੁ. ਸ਼ਹੀਦਾਂ ਸਾਧਸੰਗਤ, ਪਿੰਡ ਕੋਲੋਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ਼ ਮਨਾਇਆ ਗਿਆ।
ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ‘ਚ ਸੁੰਦਰ ਦੀਵਾਨ ਸਜੇ ਜਿੱਥੇ ਸੰਗਤਾਂ ਦਾ ਹੜ੍ਹ ਆ ਗਿਆ। ਅਕਾਲ ਅਕੈਡਮੀ ਚੋਗਾਵਾਂ ਦਾ ਕੀਰਤਨੀ ਜੱਥਾ, ਪੰਥਕ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ, ਢਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮ, ਬਾਬਾ ਕਿਰਪਾਲ ਸਿੰਘ ਗੁਰੂ ਕੇ ਬਾਗ ਵਾਲ਼ੇ ਤੇ ਬਾਬਾ ਜੋਗਿੰਦਰ ਸਿੰਘ ਗੁ਼. ਸ਼ਹੀਦਾਂ ਲੋਪੋਕੇ ਨੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੇ ਇਲਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ, ਦਸਤਾਰ ਅਤੇ ਦੁਮਾਲਾ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਸ਼ੀਲਡਾਂ, ਸਿਰੋਪਿਆਂ ਤੇ ਮੈਡਲਾਂ ਨਾਲ ਸਨਮਾਨਿਆ। ਮਹਾਨ ਗੱਤਕਾ ਕੱਪ ਵੀ ਕਰਵਾਇਆ ਜਿਸ ਵਿੱਚ ਕਈ ਗੱਤਕਾ ਪਾਰਟੀਆਂ ਨੇ ਹਿੱਸਾ ਲਿਆ ਤੇ ਜੇਤੂ ਟੀਮਾਂ ਨੂੰ ਨਗਦ ਇਨਾਮ, ਵੱਡੀਆਂ ਟਰਾਫੀਆਂ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਦੇ ਸਪੁੱਤਰ ਭਾਈ ਹਰਪਾਲ ਸਿੰਘ ਫੌਜੀ ਅਤੇ ਸ਼ਹੀਦ ਭਾਈ ਮੇਜਰ ਸਿੰਘ ਕੋਲੋਵਾਲ ਦੇ ਭਰਾ ਭਾਈ ਕੁਲਵੰਤ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ। ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੇ ਕਿਹਾ ਕਿ ਇਹ ਸ਼ਹੀਦ ਸਾਡੇ ਇਲਾਕੇ ਦਾ ਮਾਣ ਹਨ ਤੇ ਇਹਨਾਂ ਦੀ ਯਾਦ ‘ਚ ਸਲਾਨਾ ਸਮਾਗਮ ਕਰਵਾਇਆ ਜਾਂਦਾ ਹੈ। ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ‘ਤੇ ਪਹਿਰਾ ਦਿੰਦੇ ਰਹਾਂਗੇ ਅਤੇ ਗੁਰਮਤ ਪ੍ਰਚਾਰ ਤੇ ਸਿੱਖ ਸੰਘਰਸ਼ ਨੂੰ ਜਾਰੀ ਰੱਖਾਂਗੇ। ਸਮਾਗਮਾਂ, ਗੁਰਮਤ ਕਲਾਸਾਂ ਤੇ ਗੱਤਕਾ ਸਿਖਲਾਈ ਰਾਹੀਂ ਅਸੀਂ ਆਪਣੇ ਪਨੀਰੀ ਨੂੰ ਸਾਂਭ ਰਹੇ ਹਾਂ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦਾਂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਲਈ ਅਸੀਂ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਈਏ ਅਤੇ ਮੜੀਆਂ-ਮਸਾਣਾ, ਦੇਹਧਾਰੀ-ਗੁਰੂਡੰਮ ਤੇ ਹੋਰ ਮਨਮਤਿ ਦਾ ਖਹਿੜਾ ਛੱਡ ਕੇ ਸ੍ਰੀ ਸ਼ਬਦ ਗੁਰੂ ਦੇ ਲੜ ਲੱਗੀਏ। ਇਸ ਮੌਕੇ ਮਠਿਆਈਆਂ, ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤੇ।
Author: Gurbhej Singh Anandpuri
ਮੁੱਖ ਸੰਪਾਦਕ