ਕਾਂਗਰਸ, ਭਾਜਪਾ, ਬਾਦਲਕੇ ਤੇ ਝਾੜੂ ਵਾਲਿਆਂ ਨੇ ਪੰਜਾਬ ਦਾ ਕੁਝ ਨਾ ਸਵਾਰਿਆ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 9 ਨਵੰਬਰ ( ਮੱਖਣ ਸਿੰਘ ਸਮਾਉਂ ) ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਪੰਜਾਬ ਦੀ ਜ਼ਿਮਨੀ ਚੋਣਾਂ ਦੀਆਂ ਚਾਰ ਸੀਟਾਂ ਉੱਤੇ 20 ਤਰੀਕ ਨੂੰ ਪੈ ਰਹੀਆਂ ਵੋਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਉਮੀਦਵਾਰਾਂ ਦੀ ਹਮਾਇਤ ਕਰ ਦਿੱਤੀ ਹੈ ਅਤੇ ਗਿੱਦੜਬਾਹਾ ਤੋਂ ਉਮੀਦਵਾਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ (ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ) ਅਤੇ ਭਾਈ ਗੋਵਿੰਦ ਸਿੰਘ ਸੰਧੂ (ਦੋਹਤਾ ਸਿਮਰਨਜੀਤ ਸਿੰਘ ਮਾਨ) ਨੂੰ ਜਿਤਾਉਣ ਲਈ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਕਈ ਸਾਲਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਚਨਾਂ ਉੱਤੇ ਪਹਿਰਾ ਦਿੰਦੀ ਆ ਰਹੀ ਹੈ ਤੇ ਖ਼ਾਲਿਸਤਾਨੀ ਸੰਘਰਸ਼ ਨੂੰ ਜਾਰੀ ਰੱਖਣ ਲਈ ਪਾਰਟੀ ਨੇ ਅਹਿਮ ਸ਼ਲਾਘਾਯੋਗ ਕਾਰਜ ਕੀਤੇ ਹਨ, ਇਹ ਪੰਥ ਅਤੇ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ ਇਸ ਦੇ ਜਿੱਤਣ ਨਾਲ ਵਿਧਾਨ ਸਭਾ ਵਿੱਚ ਇਹ ਆਗੂ ਪੰਜਾਬ ਦੇ ਮੁੱਦੇ ਧੜੱਲੇ ਨਾਲ ਉਠਾ ਸਕਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਨਸ਼ਿਆਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਨਗੇ। ਭਾਈ ਰਣਜੀਤ ਸਿੰਘ ਨੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਵੱਲੋਂ ਨਸ਼ੇ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਅਤੇ ਉਹਨਾਂ ਕਿਹਾ ਕਿ ਉਹ ‘ਆਪਣਾ ਮੂਲ ਪਛਾਣ’ ਲਹਿਰ ਨੂੰ ਜਾਰੀ ਰੱਖਣ, ਇਸ ਨਾਲ ਲੋਕਾਂ ਵਿੱਚ ਵੱਡੀ ਜਾਗ੍ਰਿਤੀ ਆਵੇਗੀ, ਉਹਨਾਂ ਨੇ ਲਹਿਰ ਨੂੰ ਪ੍ਰਚੰਡ ਕਰ ਰਹੇ ਸੰਤ ਬਾਬਾ ਡਾਕਟਰ ਈਸ਼ਰ ਸਿੰਘ ਜੀ (ਸੇਵਾਦਾਰ ਬੁੰਗਾ ਮਸਤੂਆਣਾ) ਦਾ ਵੀ ਧੰਨਵਾਦ ਕੀਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਵੀ ਪਿਛਲੇ ਅੱਠ-ਨੌ ਸਾਲਾਂ ਤੋਂ ਲਗਾਤਾਰ ਇਨਸਾਫ਼ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਬਾਦਲਕੇ ਤਾਂ ਬੇਅਦਬੀ ਵਾਲੇ ਦੋਸ਼ੀਆਂ ਦੇ ਯਾਰ ਨਿਕਲੇ ਤੇ ਅੱਗੋਂ ਕੈਪਟਨ ਅਤੇ ਭਗਵੰਤ ਮਾਨ ਨੇ ਵੀ ਬੇਅਦਬੀਆਂ ਦੇ ਮਸਲੇ ‘ਤੇ ਕੇਵਲ ਸਿਆਸਤ ਹੀ ਕੀਤੀ। ਉਹਨਾਂ ਕਿਹਾ ਕਿ ਕਾਂਗਰਸ, ਭਾਜਪਾ, ਬਾਦਲ ਦਲ ਤੇ ਝਾੜੂ ਵਾਲੇ ਪੰਥ ਅਤੇ ਪੰਜਾਬ ਦੇ ਦੋਖੀ ਹਨ, ਸੰਗਤਾਂ ਇਹਨਾਂ ਨੂੰ ਮੂੰਹ ਨਾ ਲਾਉਣ ਤੇ ਸਗੋਂ ਇਸ ਵਾਰ ਚੋਣਾਂ ਵਿੱਚ ਪੰਥਕ ਆਗੂਆਂ ਨੂੰ ਹੀ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਣ। ਉਹਨਾਂ ਕਿਹਾ ਕਿ ਗੁਰਦਾਸਪੁਰ ਤੋਂ ਮਾਨ ਦਲ ਦੇ ਉਮੀਦਵਾਰ ਭਾਈ ਲਵਪ੍ਰੀਤ ਸਿੰਘ ਤੂਫ਼ਾਨ ਦਾ ਵੀ ਸੰਗਤਾਂ ਸਾਥ ਦੇਣ।
Author: Gurbhej Singh Anandpuri
ਮੁੱਖ ਸੰਪਾਦਕ