ਸ਼ਹੀਦਾਂ ਦਾ ਇਤਿਹਾਸ ਲਿਖਣਾ ਤੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣੀ ਸ਼ਲਾਘਾਯੋਗ ਕਾਰਜ
ਅੰਮ੍ਰਿਤਸਰ, 13 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ‘ਚ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਜੂਨ 1984 ਦੇ ਘੱਲੂਘਾਰੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਸਪੁੱਤਰ ਜਥੇਦਾਰ ਬਾਬਾ ਸੱਜਣ ਸਿੰਘ (ਪਿੰਡ ਵਾੜਾ ਸ਼ੇਰ ਸਿੰਘ ਵਾਲਿਆਂ) ਨੇ ਪੰਥਕ ਸੇਵਾਵਾਂ ਪ੍ਰਤੀ ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਵਿਸ਼ੇਸ਼ ਸਨਮਾਨ ਆਪਣੇ ਗ੍ਰਹਿ ਵਿਖੇ ਕੀਤਾ। ਇਸ ਮੌਕੇ ਬਾਬਾ ਸੱਜਣ ਸਿੰਘ ਨੇ ਕਿਹਾ ਕਿ ਜੁਝਾਰੂ ਨੌਜਵਾਨ ਭਾਈ ਰਣਜੀਤ ਸਿੰਘ ਵੱਲੋਂ ਸਿਰਤੋੜ ਮਿਹਨਤ ਅਤੇ ਸੰਘਰਸ਼ ਕਰਕੇ ਸ਼ਹੀਦਾਂ ਦਾ ਇਤਿਹਾਸ ਲਿਖ ਕੇ ਬੇਹੱਦ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਜੋ ਸਾਡੀਆਂ ਵੱਡੀਆਂ ਸੰਪਰਦਾਵਾਂ ਤੇ ਸੰਸਥਾਵਾਂ ਦਾ ਕਰਨਾ ਫ਼ਰਜ਼ ਬਣਦਾ ਸੀ। ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਭਾਈ ਰਣਜੀਤ ਸਿੰਘ ਦਾ ਸਾਥ ਦੇ ਕੇ ਸ਼ਹੀਦਾਂ ਦਾ ਇਤਿਹਾਸ ਲਿਖਵਾਇਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਮਹਾਨ ਸ਼ਹੀਦਾਂ ਦੇ ਉੱਚੇ-ਸੁੱਚੇ ਜੀਵਨ ਤੋਂ ਸੇਧ ਲੈ ਸਕਣ। ਬਾਬਾ ਜੀ ਨੇ ਕਿਹਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਤਿਕਾਰ ਬਹਾਲ ਕਰਦਿਆਂ ਖ਼ਾਲਿਸਤਾਨੀ ਸੰਘਰਸ਼ ਵਿੱਚ ਬਹੁਤਾਂਤ ਸ਼ਹਾਦਤਾਂ ਹੋਈਆਂ ਹਨ, ਪਰ ਬਹੁਤੇ ਸ਼ਹੀਦ ਅਣਗੋਲੇ ਹੀ ਰਹਿ ਗਏ ਜਿਨ੍ਹਾਂ ਦਾ ਜੀਵਨ ਇਤਿਹਾਸ ਲਿਖਣ ਅਤੇ ਸ਼ਹੀਦੀ ਸਮਾਗਮ ਕਰਵਾਉਣ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਵਾਉਣ ਲਈ ਦੂਰ-ਦੁਰਾਡੇ ਪਰਿਵਾਰਾਂ ਅਤੇ ਪਿੰਡਾਂ ਤੱਕ ਪਹੁੰਚ ਕਰਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ ਤੇ ਉਹ ਦਮਦਮੀ ਟਕਸਾਲ ਦੀ ਸ਼ਾਨ ਨੂੰ ਹੋਰ ਉੱਚਾ ਕਰ ਰਹੇ ਹਨ ਤੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਨਿਸ਼ਾਨੇ ਉੱਤੇ ਪਹਿਰਾ ਦੇ ਰਹੇ ਹਨ। ਬਾਬਾ ਸੱਜਣ ਸਿੰਘ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਆਪਣੇ ਪਿਤਾ ਜੀ ਸ਼ਹੀਦ ਭਾਈ ਸਰਵਣ ਸਿੰਘ ਜੀ ਬਾਰੇ ਜਾਣਕਾਰੀ ਵੀ ਦਿੱਤੀ ਜੋ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਚੌਥਾ) ਕਿਤਾਬ ਵਿੱਚ ਛਪੇਗੀ। ਜ਼ਿਕਰਯੋਗ ਹੈ ਕਿ ਜਥੇਦਾਰ ਬਾਬਾ ਸੱਜਣ ਸਿੰਘ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਚੀਫ਼ ਐਡਵਾਈਜ਼ਰ ਹਨ ਅਤੇ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਨਾਲ ਰਲ ਕੇ ਕੌਮੀ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਬਾਬਾ ਸੱਜਣ ਸਿੰਘ ਬੇਅੰਤ ਸੰਗਤਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਉਂਦੇ ਤੇ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਹਨ।
ਜਥੇਦਾਰ ਬਾਬਾ ਸੱਜਣ ਸਿੰਘ ਜੀ ਨੇ ਦੱਸਿਆ ਕਿ ਸ਼ਹੀਦ ਭਾਈ ਸਰਵਣ ਸਿੰਘ ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਹੀ ਟਕਸਾਲ ਤੇ ਸੰਘਰਸ਼ ਨਾਲ ਜੁੜ ਗਏ ਸਨ, ਸਾਡੇ ਘਰ ਵਿੱਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਬਾਬਾ ਠਾਕੁਰ ਸਿੰਘ ਜੀ ਅਤੇ ਹੋਰ ਅਨੇਕਾਂ ਜੁਝਾਰੂ ਸਿੰਘ ਆਉਂਦੇ ਰਹੇ। ਭਾਈ ਸਰਵਣ ਸਿੰਘ ਨੇ ਧਰਮ ਯੁੱਧ ਮੋਰਚੇ ਦੌਰਾਨ ਵੀ ਅਥਾਹ ਸੇਵਾ ਨਿਭਾਈ, ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਨਾਲ ਜੇਲ੍ਹ ਵੀ ਕੱਟੀ। ਭਾਈ ਸਰਵਣ ਸਿੰਘ ਹਮੇਸ਼ਾਂ ਗੁਰੂ ਚਰਨਾਂ ਵਿੱਚ ਆਪਣੀ ਸ਼ਹੀਦੀ ਲਈ ਅਰਦਾਸ ਕਰਦੇ ਸਨ ਤੇ ਉਨ੍ਹਾਂ ਨੇ ਮਰਜੀਵੜਿਆਂ ਦੀ ਸੂਚੀ ਵਿੱਚ ਆਪਣਾ ਨਾਂ ਵੀ ਦਰਜ ਕਰਾਇਆ, ਉਹਨਾਂ ਦੀ ਭੈਣ ਦਾ ਅਨੰਦ ਕਾਰਜ ਸੰਤ ਜਰਨੈਲ ਸਿੰਘ ਜੀ ਨੇ ਆਪਣੇ ਹੱਥੀਂ ਕੀਤਾ। ਭਾਈ ਸਰਵਣ ਸਿੰਘ ਨੇ ਜਦੋਂ ਅੰਮ੍ਰਿਤ ਛਕਿਆ ਉਸ ਸਮੇਂ ਸੰਤ ਜਰਨੈਲ ਸਿੰਘ ਵੀ ਪੰਜ ਪਿਆਰਿਆਂ ਦੀ ਸੇਵਾ ਵਿੱਚ ਸਨ। ਉਹਨਾਂ ਕਿਹਾ ਕਿ ਘੱਲੂਘਾਰੇ ਤੋਂ ਕੁਝ ਦਿਨ ਪਹਿਲਾਂ ਹੀ ਭਾਈ ਸਰਵਣ ਸਿੰਘ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਪਰਿਵਾਰ ਨੂੰ ਮਿਲ ਕੇ ਅਤੇ ਫਤਹਿ ਬੁਲਾ ਕੇ ਗਏ ਤੇ ਫਿਰ ਉਹ ਜੂਨ 1984 ਦੇ ਘੱਲੂਘਾਰੇ ਵਿੱਚ ਭਾਰਤੀ ਫੌਜਾਂ ਵਿਰੁੱਧ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਸੱਜਣ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਅਸੀਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਹੋਰ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲਾਵਾਂਗੇ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਵੀ ਹਾਜ਼ਰ ਸਨ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ