ਪਿੰਡ ਖੁੱਡਾ ‘ਚ ਗੁਰਮਤਿ ਸਮਾਗਮ ਕਰਵਾਇਆ ਤੇ ਨਗਰ ਕੀਰਤਨ ਸਜਾਇਆ
ਦਸੂਹਾ 15 ਨਵੰਬਰ ( ਤਾਜੀਮਨੂਰ ਕੌਰ ) ਸਿੱਖ ਧਰਮ ਦੇ ਮੋਢੀ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੰਜਾਬ, ਭਾਰਤ ਤੇ ਵਿਦੇਸ਼ਾਂ ‘ਚ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸ਼ਰਧਾ, ਭਾਵਨਾ ਤੇ ਸਤਿਕਾਰ ਸਹਿਤ ਮਨਾਇਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਵੱਡੀ ਬੋਹੜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜੱਥਿਆਂ ਨੇ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਤੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਫਿਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਜਿੱਥੇ ਪਿੰਡ ਦੀਆਂ ਹੀ ਬੀਬੀਆਂ ਨੇ ਰਲ਼ ਕੇ ਗੁਰਬਾਣੀ ਦਾ ਜਾਪ ਕੀਤਾ ਅਤੇ ਵੱਖ-ਵੱਖ ਪੜਾਵਾਂ ਉੱਤੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਂਝੀਆਂ ਕੀਤੀਆਂ।
ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਜਗਤ ਗੁਰੂ, ਨਿਆਰੀ ਸਿੱਖ ਕੌਮ ਦੇ ਰਹਿਬਰ, ਆਪ ਨਿਰੰਕਾਰ, ਬ੍ਰਹਮੰਡੀ ਚੇਤਨਾ ਦੇ ਨਾਇਕ, ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਭਰਪੂਰ ਹਲੇਮੀ ਰਾਜ ਸੰਕਲਪ ਦੇ ਸਿਰਜਣਹਾਰੇ, ਬ੍ਰਾਹਮਣੀ ਕਰਮ ਕਾਂਡਾਂ ਦੇ ਪਾਜ ਉਘੇੜਨ ਵਾਲੇ ਤੇ ਬਾਬਰ ਨੂੰ ਜਾਬਰ ਆਖ ਵੰਗਾਰਨ ਵਾਲੇ ਪਰਮੇਸ਼ਰ ਦਾ ਸਰੂਪ ਸਨ। ਉਹਨਾਂ ਨੇ ਸਾਨੂੰ “ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਰਿ ਤਲੀ ਗਲੀ ਮੇਰੀ ਆਉ।। ਇਤ ਮਾਰਗਿ ਪੈਰੁ ਧਰੀਜੈ।। ਸਿਰ ਦੀਜੈ ਕਾਣਿ ਨ ਕੀਜੈ।।” ਦਾ ਉਪਦੇਸ਼ ਦਿੱਤਾ ਜਿੰਨਾਂ ਵਿਚਲੀ ਵੰਗਾਰ ਉੱਤੇ ਸਿੱਖ ਆਪਣੇ ਸਿਰ ਗੁਰੂ ਨੂੰ ਅਰਪਣ ਕਰ ਦਿੰਦੇ ਹਨ।
ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਹਿਮਾਂ, ਭਰਮਾਂ, ਪਖੰਡਾਂ ਵਿੱਚੋਂ ਕੱਢ ਕੇ ਸ਼ਬਦ ਗੁਰੂ ਦੇ ਲੜ ਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ, ਕੌਡਾ ਰਾਖਸ਼, ਭੂਮੀਆ ਚੋਰ, ਨੂਰਾ ਜਾਦੂਗਰਨੀ ਤੇ ਹੋਰਾਂ ਨੂੰ ਸਿੱਧੇ ਰਾਹ ਪਾ ਕੇ ਲੋਕਾਈ ਦਾ ਭਲੇ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਸਰਬੱਤ ਦਾ ਭਲਾ, ਸਰਬ ਸਾਂਝੀਵਾਲਤਾ, ਅਜ਼ਾਦੀ ਅਤੇ ਸਵੈਮਾਣ ਵਾਲਾ ਜੀਵਨ ਅਤੇ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਹੁਕਮ ਕੀਤਾ ਜਿਸ ਉੱਤੇ ਪਹਿਰਾ ਦੇ ਕੇ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ।
ਉਹਨਾਂ ਸਮੂਹ ਸੰਗਤਾਂ ਨੂੰ ਕਿਹਾ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ ਅਤੇ ਦੇਹਧਾਰੀਆਂ, ਮੜੀਆਂ-ਮਸਾਣਾਂ ਤੇ ਜਠੇਰਿਆਂ ਦਾ ਖਹਿੜਾ ਛੱਡੋ। ਅੰਮ੍ਰਿਤਧਾਰੀ, ਕੇਸਾਧਾਰੀ ਤੇ ਸ਼ਸਤਰਧਾਰੀ ਹੋਵੋ। ਇਸ ਮੌਕੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਪੱਪੀ, ਭਾਈ ਦਲਜੀਤ ਸਿੰਘ ਗ੍ਰੰਥੀ, ਭਾਈ ਸੁਰਜੀਤ ਸਿੰਘ ਗ੍ਰੰਥੀ, ਭਾਈ ਸਵਰਨ ਸਿੰਘ ਘੜੀਆਂ ਵਾਲੇ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਕਮਲਜੀਤ ਕੌਰ ਨਿਹੰਗ, ਗੁਰਪੰਥ ਪ੍ਰਥਮ ਸਿੰਘ ਤੇ ਗੁਰਬਾਜ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ