ਅੰਮ੍ਰਿਤਸਰ, 19 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਹੁਣ ਬਾਬਾ ਹਰਨਾਮ ਸਿੰਘ ਨੂੰ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਪ੍ਰਚਾਰਨ ਦਾ ਕੋਈ ਹੱਕ ਨਹੀਂ ਰਿਹਾ ਕਿਉਂਕਿ ਉਸ ਨੇ ਦਮਦਮੀ ਟਕਸਾਲ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਤੇ ਦਮਦਮੀ ਟਕਸਾਲ ਦੀ ਤੌਹੀਨ ਕਰਨ ਦਾ ਯਤਨ ਕੀਤਾ ਹੈ ਜਿਸ ਨੂੰ ਅਸੀਂ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਬਾਬਾ ਹਰਨਾਮ ਸਿੰਘ ਆਪਣੇ ਆਪ ਨੂੰ ਦਮਦਮੀ ਟਕਸਾਲ ਦਾ ਮੁਖੀ ਅਖਵਾਉਂਦੇ ਹੋਏ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਜਪਾ ਦੇ ਸਮਰਥਨ ਦਾ ਪ੍ਰੈੱਸ ਕਾਨਫਰਸ ਕਰਕੇ ਖੁੱਲ੍ਹਮ ਖੁੱਲ੍ਹਾ ਐਲਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਨੂੰ ਭੁੱਲ ਗਿਆ ਹੈ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਅਤੇ ਭਾਜਪਾ ਨੇ ਜ਼ੋਰ ਪਵਾ ਕੇ ਕਰਵਾਇਆ ਤੇ ਭਾਜਪਾ ਨੇ ਇਸ ਹਮਲੇ ਦੀ ਖੁੱਲ੍ਹਮ ਖੁੱਲੀ ਹਮਾਇਤ ਕੀਤੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਿਹਾ ਤੇ ਅੱਜ ਵੀ ਭਾਜਪਾ ਦੀ ਅਗਵਾਈ ਵਾਲੀ ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਸਿੱਖਾਂ ਦਾ ਕਤਲੇਆਮ ਕਰਵਾ ਰਹੀ ਹੈ, ਅਮਿਤ ਸ਼ਾਹ ਪਾਰਲੀਮੈਂਟ ਵਿੱਚ ਕਹਿ ਰਿਹਾ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਾਂਗੇ, ਭਾਜਪਾ ਤਾਂ ਸਿੱਖੀ ਅਤੇ ਸਿੱਖਾਂ ਨੂੰ ਮਲੀਆਮੇਟ ਕਰਨ ‘ਤੇ ਤੁਲੀ ਹੋਈ ਹੈ ਤੇ ਬਾਬਾ ਹਰਨਾਮ ਸਿੰਘ ਉਸੇ ਭਾਜਪਾ ਦੇ ਸੋਹਿਲੇ ਗਾ ਰਹੇ ਹਨ, ਤੁਹਾਨੂੰ ਤਾਂ ਚਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਦਮਦਮੀ ਟਕਸਾਲ ਦੇ ਸੁਨਹਿਰੀ ਇਤਿਹਾਸ ਨੂੰ ਕਲੰਕਤ ਕਰਨ ਤੋਂ ਬਾਜ ਆ ਜਾਓ, ਜੇ ਤੁਹਾਨੂੰ ਭਾਜਪਾ ਦੇ ਸੋਹਿਲੇ ਗਾਉਣ ਦਾ ਇੰਨਾ ਹੀ ਚਾਅ ਚੜ੍ਹਿਆ ਹੈ ਤਾਂ ਤੁਸੀਂ ਮਹਿਤਾ ਛੱਡ ਕੇ ਆਰ.ਐਸ.ਐਸ. ਦੇ ਹੈਡਕਵਾਟਰ ਨਾਗਪੁਰ ਵਿੱਚ ਪਹੁੰਚ ਕੇ ਨਿੱਕਰ ਪਾਓ, ਟੱਲ ਖੜਕਾਓ ਤੇ ਤਿਲਕ ਲਗਵਾਓ। ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਤੁਹਾਡੀ ਕੋਈ ਲੋੜ ਨਹੀਂ ਹੈ, ਤੇ ਨਾ ਹੀ ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਦੇ ਮੁਖੀ ਮੰਨਿਆ ਹੈ, ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਅਤੇ ਸੰਘਰਸ਼ ਦੇ ਵਿਰੋਧੀ ਹੋ। ਤੁਹਾਨੂੰ ਸ਼ਹੀਦਾਂ ਦੀਆਂ ਰੂਹਾਂ ਕਦੇ ਮਾਫ ਨਹੀਂ ਕਰਨਗੀਆਂ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਵੀ ਪੰਥ ਅਤੇ ਪੰਜਾਬ ਵਿਰੋਧੀ ਹੈ ਤੇ ਸਾਡੀ ਕਾਤਲ ਹੈ ਤੇ ਬਾਬਾ ਹਰਨਾਮ ਸਿੰਘ ਸਾਡੇ ਕਾਤਲਾਂ ਨਾਲ ਜੱਫੇ ਪਾ ਰਿਹਾ ਹੈ, ਉਹਨਾਂ ਕਿਹਾ ਕਿ ਇਹ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਦੀ ਸੰਤ ਕਰਤਾਰ ਸਿੰਘ ਜੀ ਦੀ ਅਤੇ ਸੰਤ ਜਰਨੈਲ ਸਿੰਘ ਜੀ ਤੇ ਬਾਬਾ ਠਾਕੁਰ ਸਿੰਘ ਜੀ ਦੀ ਮਹਾਨ ਜਥੇਬੰਦੀ ਹੈ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਲੋਹਾ ਲੈਂਦਿਆਂ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ ਤੇ ਦਮਦਮੀ ਟਕਸਾਲ ਨੂੰ ਚਾਰ ਚੰਨ ਲਾਏ ਹਨ। ਪਰ ਬਾਬਾ ਹਰਨਾਮ ਸਿੰਘ ਕਦੇ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਅਤੇ ਕਦੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਕਦੀ ਭਾਜਪਾ ਦੀ ਝੋਲੀ ਵਿੱਚ ਜਾ ਬੈਠਦਾ ਹੈ। ਕਿੰਨੀ ਸ਼ਰਮਨਾਕ ਗੱਲ ਹੈ ਕਿ ਪਹਿਲਾਂ ਬਾਬਾ ਹਰਨਾਮ ਸਿੰਘ੍ਰਗੱਦਾਰ ਬਾਦਲਾਂ ਦੀ ਪੂਛ ਬਣੇ ਰਹੇ ਤੇ ਹੁਣ ਭਾਜਪਾ ਦੀ ਬੇੜੀ ਵਿੱਚ ਸਵਾਰ ਹੋ ਗਏ ਹੋ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਸਿੰਘ, ਖਾਲਸਾ ਪੰਥ ਤੇ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਬਾਬਾ ਹਰਨਾਮ ਸਿੰਘ ਦੇ ਇਸ ਫੈਸਲੇ ਨੂੰ ਕਦੇ ਵੀ ਨਹੀਂ ਮੰਨਣਗੀਆਂ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਦਿੱਲੀ ਵਿਖੇ ਇੰਦਰਾ ਗਾਂਧੀ ਨੂੰ ਉਸਦੇ ਮੂੰਹ ਉੱਤੇ ਖਰੀਆਂ ਖਰੀਆਂ ਸੁਣਾਈਆਂ, ਐਮਰਜੈਂਸੀ ਦੀਆਂ ਧੱਜੀਆਂ ਉਡਾ 37 ਨਗਰ ਕੀਰਤਨ ਕੱਢੇ ਅਤੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਹਿੰਦੁਸਤਾਨ ਸਰਕਾਰ ਦਾ ਤਖਤ ਹਿਲਾ ਦਿੱਤਾ ਅਤੇ ਭਾਰਤੀ ਫੌਜਾਂ ਦੇ ਸੱਥਰ ਵਿਛਾ ਦਿੱਤੇ ਪਰ ਉਹ ਸਿਆਸੀ ਆਗੂਆਂ ਅੱਗੇ ਝੁਕੇ ਤੇ ਵਿਕੇ ਨਹੀਂ, ਬਾਬਾ ਠਾਕੁਰ ਸਿੰਘ ਜੀ ਨੇ ਵੀ ਮਹਿਤੇ ਵਿੱਚ ਕਦੇ ਬਾਦਲਾਂ ਨੂੰ ਪੈਰ ਨਹੀਂ ਸੀ ਪਾਉਣ ਦਿੱਤਾ ਤੇ ਉਹਨਾਂ ਨੇ ਬਿਖੜੇ ਸਮੇਂ ਵਿੱਚ ਕੌਮ ਦੀ ਅਗਵਾਈ ਕੀਤੀ ਸੀ ਪਰ ਬਾਬਾ ਹਰਨਾਮ ਸਿੰਘ ਤਾਂ ਹੁਣ ਸੱਤਿਆਨਾਸ ਹੀ ਕਰੀ ਜਾ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ