ਅੰਮ੍ਰਿਤਸਰ, 20 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਜਦੋਂ 6 ਜੂਨ 2017 ਨੂੰ ਸ਼ਿਵ ਸੈਨਾ ਵਾਲੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਦਾ ਯਤਨ ਕਰ ਰਹੇ ਸਨ ਤਾਂ ਸੰਤ ਭਿੰਡਰਾਂਵਾਲਿਆਂ ਦੀ ਆਨ ਸ਼ਾਨ ਕਾਇਮ ਰੱਖਦਿਆਂ ਉਹਨਾਂ ਦੇ ਸਤਿਕਾਰ ਹਿੱਤ ਮੈਂ ਆਪਣੀ ਗਾਤਰੇ ਵਾਲੀ ਕਿਰਪਾਨ ਕੱਢ ਕੇ ਗਰਜਿਆ ਅਤੇ ਸੈਂਕੜੇ ਸ਼ਿਵ ਸੈਨਿਕ ਅੱਗੇ ਲੱਗ ਕੇ ਦੌੜ ਗਏ ਤੇ ਪੁਤਲਾ ਉਥੇ ਹੀ ਛੱਡ ਗਏ। ਮੈਂ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਲਈ ਜੋ ਕੀਤਾ, ਮੈਨੂੰ ਬਹੁਤ ਮਾਣ ਹੈ, ਭਾਵੇਂ ਕਿ ਇਸ ਬਦਲੇ ਮੈਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਸੀ। ਪਰ ਅੱਜ ਜੇ ਕੋਈ ਦਮਦਮੀ ਟਕਸਾਲ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਦਾ ਪੁਤਲਾ ਫੂਕਣਾ ਚਾਹੇ ਤਾਂ ਸਭ ਤੋਂ ਅੱਗੇ ਹੋ ਕੇ ਮੈਂ ਹੀ ਉਸ ਪੁਤਲੇ ਨੂੰ ਅੱਗ ਲਗਾਵਾਂਗਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸਾਡੇ ਲਈ ਬਹੁਤ ਸਤਿਕਾਰਯੋਗ ਸੀ, ਹੈ ਤੇ ਰਹੇਗੀ, ਸੰਤ ਜਰਨੈਲ ਸਿੰਘ ਸਾਡੀ ਜਿੰਦ ਜਾਨ ਹਨ, ਪਰ ਧੁੰਮਾ ਸਰਕਾਰ ਦੇ ਪੈਰਾਂ ਵਿੱਚ ਬੈਠਾ ਹੈ, ਇਸ ਘਟੀਆ ਤੇ ਬੌਣੇ ਕਿਸਮ ਦੇ ਬੰਦੇ ਨੂੰ ਦਮਦਮੀ ਟਕਸਾਲ ਦਾ ਮੁਖੀ ਕਹਿਣ ਲੱਗਿਆਂ ਸ਼ਰਮ ਆਉਂਦੀ ਹੈ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਕੁੱਝ ਪੰਥਕ ਵੀਰ ਭਰਾਵਾਂ ਨੂੰ ਹੈਰਾਨੀ ਹੋਈ ਹੈ ਕਿ ਬਾਬੇ ਧੁੰਮੇ ਨੇ ਭਾਜਪਾ ਦੀ ਹਮਾਇਤ ਕੀਤੀ ਹੈ ਪਰ ਯਕੀਨ ਮੰਨਿਓ ਮੈਨੂੰ ਜ਼ਰਾ ਵੀ ਕੁੱਝ ਐਸੀ ਹੈਰਾਨੀ ਮਹਿਸੂਸ ਨਹੀਂ ਹੋਈ ਕਿਉਂਕਿ ਮੈਂ ਜਾਣਦਾ ਸੀ ਕੀ ਇਹ ਲੋਕ ਬਹੁਤ ਸਮਾਂ ਪਹਿਲਾਂ ਤੋਂ ਹੀ ਭਾਜਪਾ ਲਈ ਕੰਮ ਕਰ ਰਹੇ ਹਨ, ਜਿਸ ਦਾ ਮੂੰਹ ਦਿੱਲੀ ਵੱਲ ਹੋਵੇਗਾ ਉਸ ਪਿੱਠ ਅਕਾਲ ਤਖ਼ਤ ਸਾਹਿਬ ਵੱਲ ਹੀ ਹੋਵੇਗੀ। ਉਹਨਾਂ ਕਿਹਾ ਕਿ ਜਦੋਂ ਦਮਦਮੀ ਟਕਸਾਲ ਮਹਿਤਾ ਦੇ ਸਿੰਘ, ਕੁਝ ਸਮਾਂ ਪਹਿਲਾਂ ਬਾਦਲਕਿਆਂ ਦੀ ਹਮਾਇਤ ਕਰਦੇ ਹੁੰਦੇ ਸਨ ਤਾਂ ਮੈਂ ਹੈਰਾਨ ਸੀ ਕਿ ਟਕਸਾਲ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ, ਇਹ ਧੁੰਮਾ ਅਤੇ ਉਸਦੇ ਬੰਦੇ ਮੇਰੇ ਮਨੋਂ ਲੱਥ ਗਏ ਸਨ। ਪਰ ਜਦੋਂ ਮੈਂ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਮਿਲਿਆ, ਉਸ ਦੇ ਵਿਚਾਰ ਸੁਣੇ, ਪੰਥਕ ਅਤੇ ਜੁਝਾਰੂ ਜਜ਼ਬਾ ਵੇਖਿਆ, ਪੰਥਕ ਸਰਗਰਮੀਆਂ ਦੇਖੀਆਂ ਤਾਂ ਮੇਰੇ ਮਨ ਵਿੱਚ ਗੁਰਬਾਣੀ ਅਨੁਸਾਰ ਵਿਚਾਰ ਆਇਆ ਕਿ “ਕੋਈ ਹਰਿਆ ਬੂਟ ਰਹਿਓ ਰੀ।” ਕਿ ਜੰਗਲ ਨੂੰ ਤਾਂ ਭਾਵੇਂ ਅੱਗ ਲੱਗ ਗਈ ਪਰ ਕੁਝ ਹਰੇ ਬੂਟੇ ਬਚ ਗਏ ਜਿਨ੍ਹਾਂ ਵਿੱਚੋਂ ਇੱਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਹੈ ਜੋ ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ, ਨਿਸ਼ਾਨੇ ਉੱਤੇ ਪਹਿਰਾ ਦਿੰਦੇ ਹਨ ਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਹੋਰ ਉੱਚਾ ਚੁੱਕ ਰਹੇ ਹਨ, ਇਸੇ ਤਰ੍ਹਾਂ ਮੈਂ ਦਮਦਮੀ ਟਕਸਾਲ ਦੇ ਕੁਝ ਹੋਰ ਸਿੰਘਾਂ ਨੂੰ ਵੀ ਵੇਖਿਆ ਜੋ ਆਜਾਦ ਵਿਚਰਦੇ ਸਨ। ਮੈਨੂੰ ਦੁਬਾਰਾ ਫਿਰ ਦਮਦਮੀ ਟਕਸਾਲ ਉੱਤੇ ਮਾਣ ਹੋਇਆ। ਪਰ ਅੱਜ ਜਦੋਂ ਬਾਬਾ ਹਰਨਾਮ ਸਿੰਘ ਨੇ ਭਾਜਪਾ ਦੀ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਚ ਹਿਮਾਇਤ ਕਰ ਦਿੱਤੀ ਹੈ ਤਾਂ ਉਸ ਦਾ ਸਰਕਾਰੀ ਚਿਹਰਾ ਫਿਰ ਸੰਗਤਾਂ ਸਾਹਮਣੇ ਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ