27 Views
ਗੁਰੂ ਤੇਗ ਬਹਾਦਰ ਸਾਹਿਬ ਨੇ ਬਲੀਦਾਨ ਨਹੀਂ, ਸ਼ਹਾਦਤ ਦਿੱਤੀ ਸੀ
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੀਸਰੇ ਰਾਹ ਦਾ ਸਪੱਸ਼ਟ ਐਲਾਨਨਾਮਾ ਸੀ
ਸਿੱਖਾਂ ਦੇ ਵੱਡੇ ਹਿੱਸੇ ਦੀ ਮਾਨਸਿਕ ਨਸਲਕੁਸ਼ੀ ਕੀਤੀ ਜਾ ਚੁੱਕੀ ਹੈ, ਉਹ ਆਪਣੇ ਇਤਿਹਾਸ, ਆਪਣਾ ਨਿਆਰਾਪਣ, ਆਪਣੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬਚਾਉਣ ਲਈ ਆਪਣੇ ਭਵਿੱਖ ਬਾਰੇ ਬਿਲਕੁੱਲ ਚਿੰਤਤ ਨਹੀਂ ਹਨ । ਮਿਲਾਨ ਕੁੰਦਰਾ ਲਿਖਦੇ ਹਨ ਇਕ ਕੌਮ ਨੂੰ ਨਸ਼ਟ ਕਰਨ ਵਿੱਚ ਪਹਿਲਾ ਕਦਮ ਉਸ ਦੀ ਯਾਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ । ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ । ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋ, ਇਕ ਨਵਾਂ ਇਤਿਹਾਸ ਰੱਚ ਲਵੋ । ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ॥। ਮਨੁੱਖ ਦੀ ਸੱਤਾ ਦੇ ਖਿਲਾਫ਼ ਜੱਦੋ-ਜਹਿਦ ਭੁੱਲ-ਭੁਲਾ ਜਾਣ ਦੇ ਖਿਲਾਫ਼ ਯਾਦ ਰੱਖਣ ਦੀ ਜੱਦੋ-ਜਹਿਦ ਹੈ । ਹਰ ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਪਾਸ ਅਨੰਦਪੁਰ ਵਿਖੇ ਕਸ਼ਮੀਰੀ ਬ੍ਰਾਹਮਣ ਫਰਿਆਦ ਲੈ ਕੇ ਆਏ ਕਿ ਤਤਕਾਲੀ ਮੁਲਕ ਦਾ ਬਾਦਸ਼ਾਹ ਔਰੰਗਜ਼ੇਬ ਉਨ੍ਹਾਂ ਦਾ ਜਬਰਦਸਤੀ ਧਰਮ ਬਦਲਣਾ ਚਾਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਹਿੰਦੂਆਂ ਦਾ ਧਰਮ ਬਚਾਇਆ, ਇਸ ਕਰਕੇ ਉਹ ਹਿੰਦ ਦੀ ਚਾਦਰ ਹਨ ।
ਹੱਥਲੇ ਲੇਖ ਵਿੱਚ ਅਸੀਂ ਵੱਖ-ਵੱਖ ਸਰੋਤਾਂ ਦੇ ਆਧਾਰ ‘ਤੇ ਇਹ ਸਪੱਸ਼ਟ ਕਰਾਂਗੇ ਕਿ (1) ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨਹੀਂ ਸਗਲ ਸ੍ਰਿਸ਼ਟ ਦੀ ਚਾਦਰ ਹਨ (2) ਗੁਰੂ ਤੇਗ ਬਹਾਦਰ ਸਾਹਿਬ ਨੇ ਬਲੀਦਾਨ ਨਹੀਂ, ਸ਼ਹਾਦਤ ਦਿੱਤੀ ਸੀ (3) ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੀਸਰੇ ਰਾਹ ਦਾ ਸਪੱਸ਼ਟ ਐਲਾਨ ਸੀ (4) ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ, ਖ਼ਾਲਸਾ (5) ਸਿੱਖ ਇਤਿਹਾਸਕਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਵਿਆਖਿਆ ਕਿਵੇਂ ਕੀਤੀ ਹੈ । ਸ੍ਰੀ ਗੁਰ ਸੋਭਾ ਦਾ ਲਿਖਾਰੀ ਕਵੀ ਸੈਨਾਪਤਿ ਜੋ ਅੰਮ੍ਰਿਤ ਛੱਕ ਕੇ ਸੈਣਾ ਸਿੰਘ ਸਜਿਆ, ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਕਵੀ ਹੈ । ਕਵੀ ਸੈਨਾਪਤਿ ਨੇ ਸ੍ਰੀ ਗੁਰ ਸੋਭਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੇਵਲ ਤਿੰਨ ਸਾਲ ਮਗਰੋਂ ਹੀ 1711 ਈ: ਵਿੱਚ ਕੀਤੀ । ਕਵੀ ਸੈਨਾਪਤਿ ਸ੍ਰੀ ਗੁਰ ਸੋਭਾ ਦੇ ਪੰਨਾ 65 ਉੱਤੇ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਗਲ ਸ੍ਰਿਸ਼ਟੀ ਦੀ ਚਾਦਰ ਦੱਸਦਾ ਹੈ, ਉਥੇ ਤਿਲਕ-ਜਨੇਊ ਅਤੇ ਸਿੱਖ ਧਰਮ ਦੇ ਨਾਲ-ਨਾਲ ਸਰਬ ਧਰਮ ਬਚਾਉਣ ਦੀ ਵੀ ਗਵਾਹੀ ਦਿੰਦਾ ਹੈ, ਅਰਥਾਤ :
ਪ੍ਰਗਟ ਭਏ ਗੁਰ ਤੇਗ ਬਹਾਦਰ । ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ ।
ਸਗਲ ਸ੍ਰਿਸ਼ਟਿ ਜਾ ਕਾ ਜਸ ਭਯੋ । ਜਿਹ ਤੇ ਸਰਬ ਧਰਮ ਬੰਚਯੋ ।
ਤੀਨ ਲੋਕ ਮੈ ਜੈ ਜੈ ਭਈ । ਸਤਿਗੁਰ ਪੈਜ ਰਾਖਿ ਇਮ ਲਈ ।
ਤਿਲਕ ਜਨੇਊ ਅਰਿ ਧਰਮ ਸਾਲਾ (ਸਿੱਖ ਧਰਮ) । ਅਟਲ ਕਰੀ ਗੁਰ ਭਏ ਦਿਆਲਾ ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਵੱਖ-ਵੱਖ ਸਰੋਤਾਂ ਵਿੱਚ ਸਿੱਖ ਇਤਿਹਾਸਕਾਰਾਂ ਨੇ ਵਿਆਖਿਆ ਕਿਵੇਂ ਕੀਤੀ ਹੈ, ਦਾਸ ਉਨ੍ਹਾਂ ਵਿੱਚੋਂ ਕੁਝ ਹਵਾਲੇ ਪਾਠਕਾਂ ਨਾਲ ਸਾਂਝੇ ਕਰੇਗਾ ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਿੰਸੀਪਲ ਤੇਜਾ ਸਿੰਘ ਤੇ ਡਾ: ਗੰਡਾ ਸਿੰਘ ਵੱਲੋਂ ਛਪੀ ਸਿੱਖ ਇਤਿਹਾਸ (1469-1765) ਦੀ ਪੁਸਤਕ ਦੇ ਪੰਨਾ 59-60-61 ਦਾ ਸਾਰ ਅੰਸ਼ ਹੇਠ ਲਿਖੇ ਅਨੁਸਾਰ ਹੈ । ਔਰੰਗਜ਼ੇਬ ਸਿੱਖਾਂ ਨੂੰ ਇਕ ਕੌਮ ਵਜੋਂ ਵੱਧਣ ਫੁੱਲਣ ਤੋਂ ਰੋਕਣਾ ਚਾਹੁੰਦਾ ਸੀ । ਅਜਿਹੀ ਨੀਤੀ ਉਸ ਦੇ ਬਾਬੇ ਜਹਾਂਗੀਰ ਨੇ ਸ਼ੁਰੂ ਕਰ ਦਿੱਤੀ ਹੋਈ ਸੀ । ਔਰੰਗਜ਼ੇਬ ਨੇ ਸੱਤਵੇਂ ਗੁਰੂ ਹਰਿ ਸਾਹਿਬ ਨੂੰ ਆਪਣੇ ਪਾਸ ਦਿੱਲੀ ਪੁੱਜਣ ਲਈ ਹੁਕਮ ਭੇਜਿਆ, ਅੱਠਵੇਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਦਿਆ ਤੇ ਨੌਵੇਂ ਗੁਰੂ ਸਾਹਿਬ ਨੂੰ 1665 ਵਿੱਚ ਦਿੱਲੀ ਬੁਲਾਇਆ (ਨੋਟ-ਗੁਰੂ ਸਾਹਿਬ ਦੀ ਸ਼ਹਾਦਤ 1675 ਈ: ਨੂੰ ਹੋਈ, 1665 ਤੋਂ 1675 ਤੱਕ ਵਾਪਰੀਆਂ ਘਟਨਾਵਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਔਰੰਗਜ਼ੇਬ ਸਿੱਖਾਂ ਨੂੰ ਇਕ ਕੌਮ ਵਜੋਂ ਵੱਧਣ ਫੁੱਲਣ ਤੋਂ ਰੋਕਣਾ ਚਾਹੁੰਦਾ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਮੁੱਖ ਕਾਰਨ ਵੀ ਇਹੀ ਸੀ) ਜੇ ਸੱਤਵੇਂ ਤੇ ਅੱਠਵੇਂ ਗੁਰੂ ਸਾਹਿਬਾਨ ਦੇਰ ਤੱਕ ਜੀਊਂਦੇ ਰਹਿੰਦੇ ਤਾਂ ਪਤਾ ਨਹੀਂ ਔਰੰਗਜ਼ੇਬ ਹੱਥੋਂ ਉਨ੍ਹਾਂ ਨਾਲ ਕੀ ਵਾਪਰਦੀ । (ਨੋਟ-ਜਹਾਂਗੀਰ ਤੋਂ ਲੈ ਕੇ ਔਰੰਗਜ਼ੇਬ ਤੱਕ ਬਾਬੇ ਕੇ ਤੇ ਬਾਬਰਕਿਆਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਜੰਗ ਜਾਰੀ ਰਹੀ । ਔਰੰਗਜ਼ੇਬ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਤਿੰਨ ਹਮਲੇ ਕੀਤੇ, ਪਰ ਕਾਮਯਾਬ ਨਹੀਂ ਹੋਇਆ, ਪੂਰਾ ਵਿਸਥਾਰ ਜਾਨਣ ਲਈ ਪੜੋ੍ਹ ਗੁਰੂ ਹਰਿ ਰਾਏ ਸਾਹਿਬ ਦੀ ਜੀਵਨੀ ਲੇਖਕ ਪ੍ਰਿੰ: ਸਤਿਬੀਰ ਸਿੰਘ ਪੰਨਾ 112-113) ਪ੍ਰਿੰ: ਤੇਜਾ ਸਿੰਘ ਤੇ ਡਾ: ਗੰਡਾ ਸਿੰਘ ਜੀ ਲਿਖਦੇ ਹਨ : ਗੁਰੂ ਤੇਗ ਬਹਾਦਰ ਜੀ ਆਪਣੇ ਸਰੀਰ ਨੂੰ ਤਾਂ ਮਿਟਾ ਗਏ ਪਰ ਉਨ੍ਹਾਂ ਨੇ ਸਿੱਖਾਂ ਦਾ ਬਿਖੜਾ ਰਾਹ ਰੁਸ਼ਨਾ ਦਿੱਤਾ । ਅਜਿਹੀਆਂ ਸ਼ਹੀਦੀਆਂ ਦੇ ਰੂਬਰੂ ਖੜੋ ਕੇ ਹੀ ਕੌਮਾਂ ਆਪਣੀਆਂ ਹੋਣੀਆਂ ਪਲਟਾਉਣ ਲਈ ਫੈਸਲੇ ਕਰਦੀਆਂ ਹਨ । ਇਸ ਸ਼ਹੀਦੀ ਤੋਂ ਅਗਲਾ ਸਿੱਖ ਇਤਿਹਾਸ ਉਨ੍ਹਾਂ ਫੈਸਲਿਆਂ ਨੂੰ ਚੰਗੀ ਤਰ੍ਹਾਂ ਨਿਰੂਪਣ ਕਰਦਾ ਹੈ ।
ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਛਪੇ ਪੰਜਾਬ ਦਾ ਇਤਿਹਾਸ, ਗੁਰੂ ਕਾਲ 1469 ਤੋਂ 1708 ਤੱਕ ਦੀ ਜਿਲਦ ਪੰਜਵੀਂ ਦੇ ਪੰਨਾ 152 ਉੱਤੇ ਡਾ: ਸੁਖਦਿਆਲ ਸਿੰਘ ਜੀ ਲਿਖਦੇ ਹਨ : ਗੁਰੂ ਤੇਗ ਬਹਾਦਰ ਜੀ ਸਿੱਖ ਰਾਸ਼ਟਰ ਦੇ ਨੌਵੇਂ ਗੁਰੂ ਸਨ । ਇਨ੍ਹਾਂ ਦਾ ਸਮਾਂ 1664 ਈ: ਤੋਂ ਲੈ ਕੇ 1675 ਈ: ਤੱਕ ਦਾ ਸੀ । ਆਪ ਜੀ ਦੇ ਸਮੇਂ ਤੱਕ ਸਿੱਖ ਧਰਮ ਆਪਣਾ ਅੱਠ ਪੀੜੀਆਂ ਦਾ ਵਿਕਾਸ ਤਹਿ ਕਰ ਚੁੱਕਿਆ ਸੀ । ਪਿੱਠ ਭੂਮੀ ਦੇ ਤੌਰ ‘ਤੇ ਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਿਕ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਇਕ ਕੇਂਦਰੀ ਧਾਰਮਿਕ ਅਸਥਾਨ (ਸ੍ਰੀ ਦਰਬਾਰ ਸਾਹਿਬ) ਅਤੇ ਸਿੱਖ ਰਾਸ਼ਟਰ ਦੇ ਆਤਮ ਨਿਰਣੇ ਦਾ ਪ੍ਰਤੀਕ (ਸ੍ਰੀ ਅਕਾਲ ਤਖ਼ਤ ਸਾਹਿਬ) ਆਦਿ ਪ੍ਰਮੁੱਖ ਸੰਸਥਾਵਾਂ ਸਥਾਪਤ ਹੋ ਚੁੱਕੀਆਂ ਸਨ॥॥। ਭਾਵੇਂ ਗੁਰੂ ਜੀ ਦੀ ਰਿਹਾਇਸ਼ ਦਾ ਕੇਂਦਰ ਇਕ ਹਿੰਦੂ ਰਿਆਸਤ (ਬਿਲਾਸਪੁਰ) ਵਿੱਚ ਸੀ ਪਰ ਸਾਰਾ ਪੰਜਾਬ, ਜਿਥੇ ਕਿ ਸਿੱਖ ਰਾਸ਼ਟਰ ਵਿਕਸਤ ਹੋ ਰਿਹਾ ਸੀ, ਮੁਗਲ ਸਾਮਰਾਜ ਵਿੱਚ ਸੀ ਇਸ ਕਰਕੇ ਗੁਰੂ ਜੀ ਦਾ ਮੁਗਲ ਸਾਮਰਾਜ ਨਾਲ ਸਿੱਧਾ ਟਕਰਾਅ ਸੀ (ਨੋਟ-ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਇਹ ਵੀ ਇਕ ਕਾਰਨ ਸੀ)
ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਚੌਥੇ ਸੰਸਕਰਣ (1974) ਦੇ ਪੰਨਾ 600 ਉੱਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਕੌਮ ਦੇ ਨੌਵੇਂ ਬਾਦਸ਼ਾਹ ਵਜੋਂ ਸੰਬੋਧਨ ਕੀਤਾ ਹੈ । ਗੁਰੂ ਸਾਹਿਬ ਨੂੰ (ਜੂਨ 1670) ਨੂੰ ਦੁਬਾਰਾ ਗ੍ਰਿਫਤਾਰ ਕਰ ਲੈਣ ਤੋਂ ਇਹ ਸਿੱਧ ਹੁੰਦਾ ਹੈ ਕਿ ਔਰੰਗਜ਼ੇਬ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਸੀ ਦੇਣੀ ਚਾਹੁੰਦਾ ।
ਗੁਰੂ ਸਾਹਿਬ ਦੀ ਮਾਲਵਾ ਤੇ ਬਾਂਗਰ ਦੇ ਇਲਾਕੇ ਦੀ ਯਾਤਰਾ ਸਮੇਂ ਉਨ੍ਹਾਂ ਦੇ ਬਹੁਤ ਸਾਰੇ ਅਨੁਯਾਈ ਬਣ ਜਾਣ ਦੀ ਗਵਾਹੀ ਸਿੱਖ ਸਰੋਤਾਂ ਵਿੱਚੋਂ ਮਿਲਦੀ ਹੈ । ਮੁਗਲ ਸਰਕਾਰ ਨੂੰ ਬਹੁਤ ਸਾਰੇ ਪੈਰੋਕਾਰਾਂ ਦੇ ਇਕੱਠੇ ਹੋ ਰਹੇ ਜਾਣ ਕਾਰਨ ਰਾਜਨੀਤਿਕ ਗੜਬੜ ਦਾ ਖ਼ਤਰਾ ਭਾਸਦਾ ਸੀ । ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਚਾਰ ਦਾ ਸੰਬੰਧ ਸਾਰੀ ਗੈਰ-ਮੁਸਲਿਮ ਪਰਜਾ ਦੀ ਧਾਰਮਿਕ ਅਜ਼ਾਦੀ ਤੇ ਮਾਨਵੀ ਅਧਿਕਾਰਾਂ ਨਾਲ ਜੁੜਿਆ ਹੋਇਆ ਸੀ । ਗੁਰੂ ਸਾਹਿਬ ਦਾ ਪ੍ਰਚਾਰ ਜਮੀਰ ਦੀ ਅਜ਼ਾਦੀ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਤੇ ਰਾਜ-ਸੱਤਾ ਨੂੰ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਦਖਲ-ਅੰਦਾਜ਼ੀ ਨੂੰ ਰੋਕਣ ਦੇ ਦ੍ਰਿੜ ਸੰਕਲਪ ਨੂੰ ਪ੍ਰਤਿਪਾਦਤ ਕਰਦਾ ਸੀ (ਹਵਾਲਾ-ਸ੍ਰੀ ਗੁਰੂ ਤੇਗ ਬਹਾਦਰ, ਜੀਵਨ ਯਾਤਰਾਵਾਂ ਅਤੇ ਸ਼ਹਾਦਤ, ਸੰਪਾਦਕ ਡਾ: ਦਿਲਜੀਤ ਸਿੰਘ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ)
ਮੁਗਲ ਬਾਦਸ਼ਾਹ ਔਰੰਗਜ਼ੇਬ ਅਧੀਨ ਮੁਗਲ ਸਰਕਾਰ ਨੇ ਗੈਰ-ਮੁਸਲਮਾਨਾਂ ਪ੍ਰਤੀ ਧਾਰਮਿਕ ਤੌਰ ਤੇ ਅਸਹਿਣਸ਼ੀਲ ਤੇ ਪੱਖਪਾਤੀ ਨੀਤੀ ਅਪਣਾਈ ਹੋਈ ਸੀ । ਬਾਦਸ਼ਾਹ ਦੇ ਹੁਕਮਾਂ ਅਨੁਸਾਰ ਹਿੰਦ ਦੇ ਕਈ ਹਿੱਸਿਆਂ ਵਿੱਚ ਗੈਰ-ਮੁਸਲਿਮ ਪਰਜਾ ਦੇ ਧਰਮ-ਅਸਥਾਨ ਢਹਿ ਢੇਰੀ ਕਰ ਦਿੱਤੇ ਸਨ । ਉਨ੍ਹਾਂ ਦੀਆਂ ਪਾਠਸ਼ਾਲਾਵਾਂ ਵਿੱਚ ਧਰਮ-ਗ੍ਰੰਥ ਪੜ੍ਹਾਉਣ ਉਤੇ ਪਾਬੰਦੀਆਂ ਲਗਾ ਦਿੱਤੀਆਂ ਸਨ । ਧਾਰਮਿਕ ਤਿਉਹਾਰ ਖੁੱਲੇ੍ਹਆਮ ਭਾਵ ਜਨਤਕ ਪੱਧਰ ਉੱਤੇ ਮਨਾਉਣ ਲਈ ਰੋਕਾਂ ਲਾ ਦਿੱਤੀਆਂ ਸਨ । ਇਕ ਕਿਸਮ ਨਾਲ ਗੈਰ-ਮੁਸਲਮਾਨਾਂ ਦੀ ਧਾਰਮਿਕ ਅਜ਼ਾਦੀ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ । ਔਰੰਗਜ਼ੇਬ ਦਾਰਾਉਲ ਹਰਬ (ਕਾਫਰਾਂ ਦੀ ਧਰਤੀ) ਨੂੰ ਦਾਰਾ-ਉਲ ਇਸਲਾਮ (ਮੋਮਨਾ ਦੀ ਧਰਤੀ) ਬਣਾਉਣਾ ਚਾਹੁੰਦਾ ਸੀ । ਬਾਦਸ਼ਾਹ ਔਰੰਗਜ਼ੇਬ ਦੇ ਤੁਅੱਸਬੀ, ਅਸਹਿਣਸ਼ੀਲਤਾ ਤੇ ਪੱਖ-ਪਾਤੀ ਵਿਹਾਰ ਨੇ ਸਿੱਖ ਪੰਥ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ । ਨਤੀਜੇ ਵਜੋਂ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਮੁਲਕ ਦੇ ਨਗਰਾਂ ਤੇ ਸ਼ਹਿਰਾਂ ਵਿੱਚੋਂ ਖਦੇੜ ਦਿੱਤਾ ਗਿਆ ਸੀ । ਇਕ ਕਿਸਮ ਨਾਲ ਔਰੰਗਜ਼ੇਬ ਨੇ ਸਿੱਖ ਧਰਮ ਦੇ ਪ੍ਰਚਾਰ ਉੱਤੇ ਵੀ ਪਾਬੰਦੀ ਲਗਾ ਦਿੱਤੀ, ਕਿਉਂਕਿ ਹਰ ਇਕ ਗੈਰ-ਇਸਲਾਮੀ ਧਰਮ ਦੇ ਲੋਕਾਂ ਨੂੰ ਕਾਫਰ ਹੀ ਸਮਝਦਾ ਸੀ । 1675 ਈ: ਨੂੰ ਵੈਸਾਖੀ ਵਾਲੇ ਦਿਨ ਸਿੱਖਾਂ ਦਾ ਬੇ-ਸ਼ੁਮਾਰ ਗਿਣਤੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਆਦੇਸ਼ ਉਪਦੇਸ਼ ਸੁਣਨ ਲਈ ਅਨੰਦਪੁਰ ਆਉਣਾ ਅਤੇ ਸਿੱਖਾਂ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚਾ ਪਾਤਸ਼ਾਹ ਦੇ ਲਕਬ ਨਾਲ ਸੰਬੋਧਨ ਕਰਨ ਨੂੰ ਵੀ ਮੁਗਲ ਹਕੂਮਤ ਰਾਜਨੀਤੀ ਤੋਂ ਪ੍ਰੇਰਿਤ ਅਤੇ ਬਗਾਵਤ ਦੇ ਨਜ਼ਰੀਏ ਤੋਂ ਦੇਖਦੀ ਸੀ । (ਹਵਾਲਾ-ਗੁਰੂ ਤੇਗ਼ ਬਹਾਦਰ, ਵਿਰਸਾ ਤੇ ਵਿਰਾਸਤ, ਲੇਖਕ ਪ੍ਰੋ: (ਡਾਕਟਰ) ਬਲਵੰਤ ਸਿੰਘ ਢਿੱਲੋਂ, ਪ੍ਰਕਾਸ਼ਨ ਸਿੰਘ ਬਰਦਰਜ਼)
ਤੇ ਅੰਤ ਵਿੱਚ ਪ੍ਰੋ: ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿੳ ਖ਼ਾਲਸਾ ਦੀ ਤੀਸਰੀ ਐਡੀਸ਼ਨ (2004) ਦੇ ਪੰਨਾ 227 ਉੱਤੇ ਲਿਖਦੇ ਹਨ : ਪੂਰਬ ਸਰ ਹੋ ਗਿਆ ਗੁਰੂ ਜੀ ਆਪਣੇ ਪਰਿਵਾਰ ਨਾਲ ਅਨੰਦਪੁਰ ਵਾਪਿਸ ਆ ਗਏ, ਕੁਝ ਦੇਰ ਮਾਲਵੇ ਵਿੱਚ ਘੁੰਮੇ ਅਤੇ ਏਧਰ ਅਨੰਦਪੁਰ ਦੀਆਂ ਰੌਣਕਾਂ ਦਿਨੋ ਦਿਨ ਵੱਧਣ ਲੱਗੀਆਂ । ਇਕ ਦਿਨ ਉਥੇ ਕਸ਼ਮੀਰ ਤੋਂ ਕੁਝ ਪੰਡਤ ਆਏ, ਜਿਨ੍ਹਾਂ ਦੇ ਦਿਲ ਉਦਾਸੀ ਨਾਲ ਭਰੇ ਹੋਏ ਸਨ । ਕਿਸੇ ਆਸਰੇ ਨੂੰ ਟੋਲਦੇ ਟੋਲਦੇ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਪਹੁੰਚ ਗਏ । ਉਨ੍ਹਾਂ ਨੇ ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਫ਼ਰਿਆਦ ਕੀਤੀ । ਹਜ਼ੂਰ ਨੇ ਫ਼ਰਿਆਦ ਸੁਣੀ ਅਤੇ ਉਹ ਕਿਸੇ ਗਹਿਰ, ਗੰਭੀਰ, ਉਦਾਸੀ ਨਾਲ ਭਰ ਗਏ । ਉਸ ਵੇਲੇ ਨੌਂ ਸਾਲ ਦੇ ਗੋਬਿੰਦ ਸਿੰਘ (ਗੋਬਿੰਦ ਰਾਏ) ਨੇ ਆਪਣੇ ਪਿਤਾ ਨੂੰ ਆ ਵਿਖਾਲੀ ਦਿੱਤੀ ਅਤੇ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ, ਗੁਰੂ ਤੇਗ ਬਹਾਦਰ ਨੇ ਦੱਸਿਆ ਕਿ ਇਨਸਾਨ ਦੁਖੀ ਹੈ ਅਤੇ ਕਿਸੇ ਪੂਰਨ ਮਰਦ ਦੇ ਸ਼ਹੀਦ ਹੋਣ ਦਾ ਵਕਤ ਆ ਗਿਆ ਹੈ । ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਏ) ਨੇ ਹੈਰਾਨ ਹੋ ਕੇ ਪੁੱਛਿਆ ਆਪ ਤੋਂ ਬਿਨਾਂ ਪੂਰਨ ਮਰਦ ਕੌਣ ਹੈ ? ਗੁਰੂ ਤੇਗ ਬਹਾਦਰ ਨੇ ਖੁਸ਼ੀ ਵਿੱਚ ਪੁੱਤਰ ਨੂੰ ਚੁਮਿਆ ਅਤੇ ਅਸੀਸ ਦਿੱਤੀ, ਤੇ ਪੰਡਤਾਂ ਨੂੰ ਚਿਰੰਜੀਵ ਧਰਵਾਸ ਦੇ ਕੇ ਵਾਪਸ ਭੇਜ ਦਿੱਤਾ । ਉਧਰ ਦੁਸ਼ਮਣ ਲੋਕਾਂ ਨੇ ਔਰੰਗਜ਼ੇਬ ਨੂੰ ਜਾ ਸਿਖਾਇਆ ਕਿ ਜੇ ਹਿੰਦੋਸਤਾਨ ਨੂੰ ਦਾਰੁਲ-ਇਸਲਾਮ ਵਿੱਚ ਬਦਲਣਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੋ । ਸ਼ਹਿਨਸ਼ਾਹ ਨੇ ਕੁਝ ਅਹਿਦੀਏ ਗੁਰੂ ਜੀ ਵੱਲ ਭੇਜੇ ਪਰ ਉਨ੍ਹਾਂ ਦੀ ਫਕੀਰੀ ਨੇ ਅਹਿਦੀਆਂ ਉੱਤੇ ਐਸਾ ਅਸਰ ਪਾਇਆ, ਕਿ ਉਹ ਕੇਵਲ ਗੁਰੂ ਜੀ ਤੋਂ ਦਿੱਲੀ ਆਉਣ ਦਾ ਇਕਰਾਰ ਲੈ ਕੇ ਵਾਪਸ ਚਲੇ ਗਏ । ਗੁਰੂ ਜੀ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਖਰੀ ਦਰਸ਼ਨ ਦੇਣ ਲਈ ਮਾਲਵੇ ਗਏ ਅਤੇ ਦੋ ਮਹੀਨਿਆਂ ਪਿੱਛੋਂ ਆਗਰੇ ਪਹੁੰਚ ਗਏ । ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨਾਲ ਸੰਬੰਧਿਤ ਉਪਰ ਕਥਾ ਨੂੰ ਧਿਆਨ ਵਿੱਚ ਰੱਖ ਕੇ ਅਣਜਾਣ ਇਤਿਹਾਸਕਾਰ ਅਕਸਰ ਇਹ ਆਖਦੇ ਹਨ, ਕਿ ਗੁਰੂ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦ ਹੋਏ ਸਨ । ਅਸੀਂ ਇਸ ਕਥਨ ਨਾਲ ਸਹਿਮਤ ਨਹੀਂ, ਕਿਉਂਕਿ ਪਿਛਲੇ ਗੁਰੂ ਸਾਹਿਬਾਨ ਦੇ ਜੀਵਨ, ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਰੂਪ ਵਿੱਚ ਗੁਰੂ ਨਾਨਕ-ਸੱਚ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ । ਸਾਡੇ ਖਿਆਲ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਚਾਰ ਅਸਲੀਅਤਾਂ ਨੂੰ ਪ੍ਰਕਾਸ਼ਮਾਨ ਕਰਦੀ ਹੈ :
(1) ਉਨ੍ਹਾਂ ਰਾਹਾਂ ਨੂੰ ਬਚਾਉਣਾ ਜੋ ਕਿ ਪੂਰਨ ਸਨ । (ਤੀਸਰਾ ਰਾਹ, ਤੀਸਰਾ ਪੰਥ)
(2) ਔਰੰਗਜ਼ੇਬ ਜਿਸ ਇਸਲਾਮੀ ਜਨੂੰਨ ਦਾ ਪੁਜਾਰੀ ਸੀ, ਉਸ ਨਾਲ ਆਖਰੀ ਮਰਦ ਦੇ ਸੁਪਨੇ ਨੂੰ ਜਰਬ ਪਹੁੰਚਦੀ ਸੀ : ਸੋ ਗੁਰੂ ਜੀ ਨੇ ਇਸ ਨੂੰ ਰੋਕਣਾ ਸੀ ।
(3) ਤੀਸਰੇ ਰਾਹ ਦਾ ਸਪੱਸ਼ਟ ਐਲਾਨ ਕਰਨਾ ।
(4) ਸਿੱਖ ਸ਼ਹੀਦੀ ਨੂੰ ਨਵੇਂ ਅਰਥਾਂ ਨਾਲ ਭਰਪੂਰ ਕਰਨਾ ਅਤੇ ਮੌਤ ਦੇ ਅਧਿਆਤਮਕ ਸਰੂਪ ਵਿੱਚ ਇਕ ਨਵੀਂ ਤਾਸੀਰ ਪੈਦਾ ਕਰਨੀ ।
ਪ੍ਰੋ: ਹਰਿੰਦਰ ਸਿੰਘ ਮਹਿਬੂਬ ਤੀਸਰੀ ਐਡੀਸ਼ਨ ਦੇ ਹੀ ਪੰਨਾ 614 ਉੱਤੇ ਲਿਖਦੇ ਹਨ : ਖ਼ਾਲਸਾ ਗੁਰੂ ਨਾਨਕ ਸਾਹਿਬ ਦੇ ਖਿਆਲ ਵਿੱਚ ਮੌਜੂਦ ਸੀ ਅਤੇ ਪੰਨਾ 356 ਉੱਤੇ ਲਿਖਦੇ ਹਨ ਗੋਬਿੰਦ ਸਿੰਘ ਨਾਨਕ ਦਾ ਹੀ ਆਖਰੀ ਨਾਮ ਹੈ । ਗੁਰੂ ਤੇਗ ਬਹਾਦਰ ਨੇ ਬਲੀਦਾਨ ਨਹੀਂ ਦਿੱਤਾ ਸ਼ਹਾਦਤ ਦਿੱਤੀ ਅਤੇ ਉਨ੍ਹਾਂ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਖ਼ਾਲਸਾ । ਖ਼ਾਲਸਾ ਦੇ ਨਿਰਾਲੇ ਚੋਜ ਨਿਰ ਭਉ, ਨਿਰਵੈਰ ਆਪਾ ਵਾਰੂ ਪ੍ਰਵਿਰਤੀ ਨੇ ਸਦੀਆਂ ਦੇ ਦੱਬੇ ਕੁਚਲੇ ਲੋਕਾਂ ਦੇ ਕਪਾਟ ਖੋਲ੍ਹ ਦਿੱਤੇ । ਉਹ ਹਰ ਕਿਸਮ ਦੇ ਭੈਅ ਨੂੰ ਵਿਸਾਰ ਕੇ, ਲੋਹੜੇ ਦਾ ਆਤਮ ਵਿਸ਼ਵਾਸ਼ ਲੈ ਕੇ ਸਵਾ ਸਵਾ ਲੱਖ ਨਾਲ ਜੂਝਣ ਦੇ ਜਜ਼ਬੇ ਅਧੀਨ ਵੱਡੇ ਵੱਡੇ ਜਰਵਾਣਿਆਂ ਨਾਲ ਦੋ ਦੋ ਹੱਥ ਕਰਨ ਲੱਗ ਪਏ । ਪਲਾਂ ਪਲਾਂ ਵਿੱਚ ਹਜ਼ਾਰਾਂ ਲੋਕ ਸਾਹਿਬਾਂ ਦਾ ਅੰਮ੍ਰਿਤ ਛੱਕ ਕੇ ਬਾਜਾਂ ਉੱਤੇ ਭਾਰੂ ਚਿੜੀਆਂ ਬਣਨ ਲੱਗੇ । ਮਨੁੱਖੀ ਜਮੀਰ ਨੇ ਅਜਿਹੀ ਕਰਵਟ ਲਈ ਕਿ ਹੰਨੇ ਹੰਨੇ ਮੀਰ ਪੈਦਾ ਹੋ ਗਏ । ਸਭ ਜਾਲਮ ਮੈਦਾਨੋ ਨਿਖੇੜ ਦਿੱਤੇ ਗਏ ਅਤੇ ਸਹੀ ਮਾਅਨਿਆਂ ਵਿੱਚ ਏਥੇ ਪਹਿਲਾ ਲੋਕ-ਰਾਜ (ਬੰਦਾ ਸਿੰਘ ਬਹਾਦਰ ਨੇ ਨਾਨਕਸ਼ਾਹੀ ਸਿੱਕਾ ਚਲਾ ਕੇ ਖ਼ਾਲਸਾ ਰਾਜ ਸਥਾਪਤ ਕੀਤਾ) ਸਥਾਪਤ ਹੋਇਆ । ਇਹ ਕ੍ਰਿਸ਼ਮਾ ਸੀ ਜੋ ਕਿਸੇ ਦੁਨਿਆਵੀ ਅੱਖ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ (ਹਵਾਲਾ-ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ, ਲੇਖਕ-ਸ: ਗੁਰਤੇਜ ਸਿੰਘ) ਆਸ ਕਰਦਾ ਹਾਂ ਪਾਠਕ ਜਨ ਇਹ ਪੜ੍ਹਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਅਸਲ ਕਾਰਨ ਜਾਣ ਲੈਣਗੇ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।
Author: Gurbhej Singh Anandpuri
ਮੁੱਖ ਸੰਪਾਦਕ