ਵੋਟਾਂ ਦੀ ਗੰਧਲੀ ਰਾਜਨੀਤੀ ‘ਚ ਕੌਣ ਜਿੱਤਦਾ, ਕੌਣ ਹਾਰਦਾ ਹੈ, ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਐਮ.ਪੀ. ਦਾ ਸਤਿਕਾਰ ਕਰਦੇ ਹਾਂ, ਉਹ ਸਾਡੀ ਹੀ ਕੌਮ ਦਾ ਨੌਜਵਾਨ ਹੈ ਤੇ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਆਜ਼ਾਦੀ ਲਈ ਸਰਗਰਮ ਹੋਇਆ ਸੀ। ਹਾਲਾਂਕਿ 1978 ਤੋਂ ਹੀ ਬਹੁਤ ਸਾਰੇ ਪੰਥਕ ਆਗੂ ਅਤੇ ਜਥੇਬੰਦੀਆਂ ਲਗਾਤਾਰ ਸਰਗਰਮ ਹਨ ਤੇ ਕਦੇ ਵੀ ਮੈਦਾਨ ਖਾਲੀ ਨਹੀਂ ਸੀ ਹੋਇਆ। ਸੋ, ਵਧੀਆ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਮਲੋਆ ਵੋਟਾਂ ਦੀ ਰਾਜਨੀਤੀ ਰਾਹੀਂ ਸਿੱਖਾਂ ਦੇ ਨੁਮਾਇੰਦੇ ਬਣ ਕੇ ਪਾਰਲੀਮੈਂਟ ਵਿਚ ਪਹੁੰਚੇ ਹਨ l ਪਰ ਕਿਸ ਦਾ ਕੀ ਕਿਰਦਾਰ ਹੈ, ਕੌਣ ਕਿੰਨੇ ਪਾਣੀ ‘ਚ ਹੈ, ਇਹ ਸਭ ਕੁਝ ਪੰਥ ਨੇ ਤਹਿ ਕਰਨਾ ਹੈ, ਕੋਈ ਚੰਦ ਬੰਦਿਆਂ ਨੇ ਨਹੀਂ l ਵੋਟਾਂ ਦੀ ਗੰਦਲੀ ਰਾਜਨੀਤੀ ‘ਚ ਕੌਣ ਜਿੱਤਦਾ, ਕੌਣ ਹਾਰਦਾ ਹੈ, ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ l ਜੇਕਰ ਵੋਟਾਂ ਨੂੰ ਆਧਾਰ ਬਣਾ ਕੇ ਹੀ ਕਿਸੇ ਦੀ ਕਾਬਲੀਅਤ ਜਾਂ ਚੰਗੇ ਮਾੜੇ ਦੀ ਪਰਖ਼ ਕਰਨੀ ਹੈ, ਤਾਂ 2019 ਦੀਆਂ ਪਾਰਲੀਮੈਂਟ ਚੋਣਾਂ ਵਿਚ ਬੀਬੀ ਪਰਮਜੀਤ ਕੌਰ ਜੀ ਖਾਲੜਾ ਨੂੰ ਹਾਰ ਦਾ ਮੂੰਹ ਕਿਉ ਦੇਖਣਾ ਪਿਆ l ਕੀ ਬੀਬੀ ਖਾਲੜਾ ਜੀ ਦੀ ਸ਼ਖਸੀਅਤ ਅਤੇ ਕਾਬਲੀਅਤ ‘ਤੇ ਕੋਈ ਸ਼ੱਕ ਹੈ ਕਿਸੇ ਨੂੰ ? ਬੀਬੀ ਖਾਲੜਾ ਜੀ ਵਰਗਾ ਪੰਥਕ ਤੇ ਯੋਗ ਉਮੀਦਵਾਰ ਜੋ ਪਾਰਲੀਮੈਂਟ ‘ਚ ਜਾ ਕੇ ਕੌਮੀ ਹਿੱਤਾਂ ਦੀ ਗੱਲ ਬਾਖੂਬੀ ਕਰ ਸਕਦਾ ਹੋਵੇ, ਮੇਰੀ ਨਜ਼ਰੀਏ ਅਨੁਸਾਰ ਦੀਵਾ ਲੈ ਕੇ ਵੀ ਭਾਲਿਆਂ ਨਹੀਂ ਲੱਭਣਾ। ਚੋਣਾਂ ਦੌਰਾਨ ਮੈਂਨੂੰ ਬੀਬੀ ਖਾਲੜਾ ਜੀ ਦੇ ਨਾਲ ਕੁਝ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ l ਅਸੀਂ ਜਿਹੜੇ ਵੀ ਪਿੰਡ ਵਿਚ ਜਿੱਥੇ ਵੀ ਜਾਂਦੇ ਸੀ, ਹਰ ਪਾਸੇ ਬੀਬੀ ਖਾਲੜਾ ਜੀ ਦੀ ਹੀ ਚਰਚਾ ਹੁੰਦੀ ਸੀ, ਬੱਚੇ ਬੱਚੇ ਦੀ ਜ਼ੁਬਾਨ ‘ਤੇ ਬੀਬੀ ਖਾਲੜਾ ਜੀ ਦਾ ਹੀ ਨਾਂ ਸੀl ਬੀਬੀ ਜੀ ਦੀ ਜਿੱਤ ਯਕੀਨੀ ਲੱਗਦੀ ਸੀ l ਪਰ ਚੋਣ ਨਤੀਜਿਆਂ ਨੇ ਸਾਨੂੰ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ l ਬੀਬੀ ਜੀ ਦੇ ਮੁਕਾਬਲੇ ਜੋ ਉਮੀਦਵਾਰ ਜਿੱਤਿਆ, ਉਹ ਸੀ ਕਾਂਗਰਸ ਪਾਰਟੀ ਵਲੋਂ ਜਸਬੀਰ ਸਿੰਘ ਡਿੰਪਾ l ਜਰਾ ਸੋਚੋ, ਕੀ ਕੁਰਬਾਨੀ ਸੀ ਉਹਦੀ ਪੰਥ ਲਈ, ਤੇ ਦੇਸ਼ ਪੰਜਾਬ ਦੇ ਲਈ l
ਜੇਕਰ ਵੋਟ ਸਿਸਟਮ ਦੀ ਗੱਲ ਕਰੀਏ, ਤਾਂ 2024 ਵਿਚ ਚੁਣਾਵੀ ਹਵਾ ਦਾ ਰੁੱਖ ਜੇ ਜਿਆਦਾ ਨਹੀਂ ਤਾਂ 90% ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਲਟ ਸੀ, ਪਰ ਇਸ ਦੇ ਬਾਵਜੂਦ ਵੀ ਉਹ ਜਿੱਤ ਗਿਆ l ਆਮ ਆਦਮੀ ਦੀ ਸਰਕਾਰ ਨੇ ਕੀ ਕੀ ਘਪਲੇ ਕੀਤੇ, ਕਿਵੇਂ ਉਸਨੇ ਦਿੱਲੀ ਰਹਿੰਦੇ ਆਪਣੇ ਆਕਾ ਕੇਜਰੀਵਾਲ ਦਾ ਹੱਥ ਠੋਕਾ ਬਣ ਕੇ ਸਾਡੇ ਦੇਸ਼ ਪੰਜਾਬ ਨੂੰ ਖੋਰਾ ਲਾਇਆ, ਇਹ ਗੱਲ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ, ਪਰ ਫੇਰ ਵੀ ਹੁਣੇ ਹੁਣੇ ਹੋਈਆਂ ਸਰਪੰਚੀ ਦੀਆਂ ਚੋਣਾਂ ਵਿੱਚ ਤੇ ਫੇਰ ਜ਼ਿਮਨੀ ਚੋਣਾਂ ਵਿੱਚ ਉਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ l
ਅੱਜ ਜਿੱਥੇ ਸਾਡੇ ਕੋਲ ਭਾਈ ਪਰਮਜੀਤ ਸਿੰਘ ਮੰਡ (ਕਾਰਜਕਾਰੀ ਪ੍ਰਧਾਨ ਦਲ ਖਾਲਸਾ) ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਜੋ ਕਿ ਇੱਕ ਵਧੀਆ ਪੰਥਕ ਬੁਲਾਰੇ ਹੋਣ ਦੇ ਨਾਲ-ਨਾਲ ਇੱਕ ਉੱਘੇ ਪੰਥਕ ਲੇਖਕ ਵੀ ਹਨ, ਭਾਈ ਸਰਬਜੀਤ ਸਿੰਘ ਘੁਮਾਣ (ਖਾਲਿਸਤਾਨੀ ਚਿੰਤਕ ਅਤੇ ਨਾਮਵਰ ਲੇਖਕ) ਵਰਗੀਆਂ ਮਹਾਨ ਪੰਥਕ ਸ਼ਖ਼ਸੀਅਤਾਂ ਹਨ ਜੋ ਆਪਣੇ ਕੌਮੀ ਘਰ ਖਾਲਿਸਤਾਨ ਦੀ ਆਵਾਜ ਨੂੰ ਬੜੀ ਬੇਬਾਕੀ ਤੇ ਬੁਲੰਦੀਆਂ ਨਾਲ ਉਠਾਉਂਦੇ ਹਨ, ਓਥੇ ਹੀ ਸ੍ਰ. ਸਿਮਰਨਜੀਤ ਸਿੰਘ ਜੀ ਮਾਨ ਵਰਗੇ ਨਿਧੱੜਕ ਰਾਜਸੀ ਆਗੂ ਵੀ ਹਨ, ਜਿਨ੍ਹਾਂ ਨੂੰ ਪੰਥਕ ਸਫਾਂ ਵਿਚ ” ਬੁੱਢਾ ਜਰਨੈਲ ” ਵੀ ਕਿਹਾ ਜਾਂਦਾ ਹੈ, ਜੋ ਕਿ ਅੱਜ ਵੀ ਬੜੇ ਧੜੱਲੇ ਦੇ ਨਾਲ ਪਾਰਲੀਮੈਂਟ ਵਿਚ ਸਿੱਖਾਂ ਦੇ ਕੌਮੀ ਮਸਲਿਆਂ ਦੀ ਆਵਾਜ਼ ਬੁਲੰਦ ਕਰਦੇ ਹਨ। ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਘਰਸ਼ ਵਿੱਚ ਜੋ ਚੋਟੀ ਦੇ ਕਾਰਨਾਮੇ ਕੀਤੇ ਉਹਨਾਂ ਉੱਤੇ ਖਾਲਸਾ ਪੰਥ ਨੂੰ ਸਦਾ ਹੀ ਮਾਣ ਰਹੇਗਾ, ਤੇ ਉਹ ਅੱਜ ਵੀ ਕੌਮ ਦੀ ਅਗਵਾਈ ਬਹੁਤ ਸੁਚੱਜੇ ਢੰਗ ਨਾਲ ਗੰਭੀਰ ਹੋ ਕੇ ਕਰ ਰਹੇ ਹਨ। ਭਾਈ ਨਰਾਇਣ ਸਿੰਘ ਚੌੜਾ ਵਰਗੇ ਸੂਝਵਾਨ ਗੁਰਸਿੱਖ ਜੁਝਾਰੂਆਂ ਦੀ ਬਹੁਤ ਵੱਡੀ ਦੇਣ ਹੈ ਤੇ ਓਹ ਲਗਾਤਾਰ ਅੱਜ ਵੀ ਮਨੁੱਖੀ ਹੱਕਾਂ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ।
ਮੈਂ ਇਹ ਪੋਸਟ ਪਾਉਣਾ ਤਾਂ ਨਹੀਂ ਸੀ ਚਾਹੁੰਦੀ, ਪਰ 23 ਨਵੰਬਰ 2024, ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਵੇਖ ਕੇ ਕੁੱਝ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਸਾਡੇ ਹਾਰੇ ਹੋਏ ਪੰਥਕ ਉਮੀਦਵਾਰਾਂ ਭਾਈ ਗੋਵਿੰਦ ਸਿੰਘ ਸੰਧੂ, ਭਾਈ ਲਵਪ੍ਰੀਤ ਸਿੰਘ ਤੂਫਾਨ, ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਜਦੋਂ ਇਹ ਲਿਖ ਕੇ ਤਾਅਨੇ ਮਿਹਣੇ ਮਾਰਨੇ ਸ਼ੁਰੂ ਕੀਤੇ ਤਾਂ ਮਨ ਬੇਕਾਬੂ ਹੋ ਗਿਆ, ਬਹੁਤ ਦੁੱਖੀ ਹੋਇਆ l
ਅੰਤ ਵਿੱਚ ਮੈਂ ਆਪਣੀ ਕੌਮ ਦੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕਰਦੀ ਹਾਂ ਕਿ ਆਪਣੇ ਹੀ ਭਰਾਵਾਂ ਦੀ ਹਾਰ ‘ਤੇ ਖੁਸ਼ ਨਾ ਹੋਵੋ, ਤਾਅਨੇ ਮਿਹਣੇ ਨਾ ਮਾਰੋ l ਸਾਡੇ ਧੱੜੇ, ਸਾਡੀਆਂ ਜਥੇਬੰਦੀਆਂ ਵੱਖ ਵੱਖ ਹੋ ਸਕਦੀਆਂ ਨੇ, ਪਰ ਸਾਡਾ ਕੌਮੀ ਨਿਸ਼ਾਨਾ ਇੱਕ ਹੀ ਹੈ l ਹਾਲਾਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਹਮੇਸ਼ਾ ਹੀ ਭਾਈ ਅੰਮ੍ਰਿਤ ਪਾਲ ਸਿੰਘ ਦਾ ਹਰ ਪੱਖ ਤੋਂ ਸਾਥ ਦਿੱਤਾ ਹੈ ਪਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਜਥੇਬੰਦੀ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰਾਂ ਦੀ ਹਮਾਇਤ ਨਾ ਕਰਨੀ ਬਹੁਤ ਗਲਤ ਗੱਲ ਹੈ। ਉਹ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੂੰ ਹਾਸ਼ੀਏ ਉੱਤੇ ਧੱਕ ਕੇ ਇੱਕ ਨਵੀਂ ਪਾਰਟੀ ਵੀ ਬਣਾਉਣਾ ਚਾਹੁੰਦੇ ਹਨ। ਜਦ ਕਿ ਇਸ ਤੋਂ ਪਹਿਲਾਂ ਭਾਈ ਅੰਮ੍ਰਿਤ ਪਾਲ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਤੇ ਅਸੀਂ ਉਸ ਦਾ ਹੀ ਹਮੇਸ਼ਾ ਸਾਥ ਦੇਵਾਂਗੇ। ਮਾਨ ਦਲ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਨੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਲਈ ਆਪਣੀ ਸੀਟ ਵੀ ਛੱਡ ਦਿੱਤੀ ਸੀ ਤੇ ਉਹਨਾਂ ਦੇ ਸਮੂਹ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੇ ਲਈ ਦਿਨ ਰਾਤ ਡਟ ਗਏ ਸਨ। ਪਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਮਨੀ ਚੋਣਾਂ ਦੇ ਵਿੱਚ ਪੰਥਕ ਉਮੀਦਵਾਰਾਂ ਦਾ ਸਾਥ ਤਾਂ ਕੀ ਦੇਣਾ ਸੀ ਸਗੋਂ ਹੁਣ ਉਹਨਾਂ ਦੀ ਹਾਰ ਉੱਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਹਾਰੇ ਹੋਏ ਪੰਥਕ ਉਮੀਦਵਾਰਾਂ ਦੀ ਖਿੱਲੀ ਉਡਾਈ ਜਾ ਰਹੀ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਭਵਿੱਖ ਵਿੱਚ ਪਾਰਟੀ ਬਣਾਉਂਦੇ ਹਨ ਤਾਂ ਕੋਈ ਨਹੀ ਉਹਨਾਂ ਦਾ ਵੀ ਕਦੇ ਨਾ ਕਦੇ ਵਹਿਮ ਨਿਕਲ ਜਾਵੇਗਾ।
ਸੋ ਆਓ, ਆਪਣੇ ਆਪਸੀ ਮੱਤਭੇਦ ਛੱਡ ਕੇ, ਇੱਕ ਨਿਸ਼ਾਨ ਸਾਹਿਬ ਦੇ ਹੇਠ ਇਕੱਠੇ ਹੋਈਏ । ਤੇ ਆਪਣੇ ਦੇਸ਼ ਖਾਲਿਸਤਾਨ ਦੀ ਉਸਾਰੀ ਦੇ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵੱਲੋ ਵਿੱਢੇ ਹਥਿਆਰਬੰਦ ਸੰਘਰਸ਼ ਵਿਚ ਜੋ ਸਿੰਘ ਸ਼ਹੀਦ ਹੋਏ ਨੇ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕਮੁੱਠ ਹੋ ਕੇ ਖਾਲਿਸਤਾਨੀ ਸੰਘਰਸ਼ ਨੂੰ ਕਾਮਯਾਬ ਕਰੀਏ।
– ਕੁਲਵਿੰਦਰ ਕੌਰ ਖ਼ਾਲਸਾ
(ਸੁਪਤਨੀ ਸ਼ਹੀਦ ਪਰਮਜੀਤ ਸਿੰਘ ਪੰਮਾ ਤੁਗਲਵਾਲਾ)
ਮੋ: 98766-85882.
Author: Gurbhej Singh Anandpuri
ਮੁੱਖ ਸੰਪਾਦਕ