*ਕਿਸੇ ਅਗਿਆਨਤਾ ਜਾਂ ਸਾਜਿਸ਼ ਅਧੀਨ ‘ੴ ‘ ਦਾ ਸਰੂਪ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ*
(ਕਿਰਪਾਲ ਸਿੰਘ ਬਠਿੰਡਾ)
ਉਹ ਸਰਬ ਸ਼ਕਤੀਮਾਨ ਅਦਿੱਖ ਸ਼ਕਤੀ ਜਿਸ ਨੂੰ ਧਾਰਮਿਕ ਸ਼ਬਦਾਵਲੀ ਵਿੱਚ ਰੱਬ, ਭਗਵਾਨ, ਪ੍ਰਮਾਤਮਾ, ਈਸ਼ਵਰ, ਅੱਲਾ, ਗੌਡ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਦੇ ਇੱਕੋ ਸ਼ਬਦ ਵਿੱਚ ਗੁਣ ਵਰਨਣ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਖਰਾ ਚਿੰਨ੍ਹ ਈਜ਼ਾਦ ਕੀਤਾ ਜਿਸ ਨੂੰ ‘ੴ ‘ ਕਿਹਾ ਜਾਂਦਾ ਹੈ।
ੴ ਉਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ:
੧= ਇੱਕ,
ਓ= ਓਅੰ,
> = ਕਾਰ।
ਇਸ ਦਾ ਪਾਠ ਕਰਨ ਵੇਲੇ ਤਿੰਨ ਹਿੱਸੇ ਵੱਖੋ ਵੱਖਰੇ ਉੱਚਾਰਿਆਂ ਇਉਂ ਬਣਦੇ ਹਨ :- ‘ਇੱਕ ਓਅੰਕਾਰ’।
‘ਓਅੰ’ ਸੰਸਕ੍ਰਿਤ ਦਾ ਸ਼ਬਦ ਹੈ ਜੋ ਸਭ ਤੋਂ ਪਹਿਲਾਂ ‘ਮਾਂਡੂਕਯ’ ਉਪਨਿਸ਼ਦ ਵਿੱਚ ਵਰਤਿਆ ਗਿਆ ਹੈ ਜਿਸ ਦਾ ਅਰਥ ਹੈ- ਜੋ ਕੁਝ ਹੋ ਚੁੱਕਿਆ ਹੈ, ਜੋ ਐਸ ਵੇਲੇ ਮੌਜੂਦ ਹੈ, ਅਤੇ ਜੋ ਹੋਵੇਗਾ। ਉਪਨਿਸ਼ਦਾਂ ਤੋਂ ਪਿੱਛੋਂ ਸ਼ਬਦ ‘ਓਅੰ’ ਬ੍ਰਹਮਾ, ਵਿਸ਼ਨੂ, ਮਹੇਸ਼ (ਸ਼ਿਵ ਜੀ) ਦੇ ਸਮੁਦਾਇ ਲਈ ਵਰਤਿਆ ਗਿਆ ਹੈ। ਹਿੰਦੂ ਮਨੌਤ ਅਨੁਸਾਰ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਹੈ, ਉਸ ਨੂੰ ਰਿਜ਼ਕ ਦੇਣ ਵਾਲਾ ਭਾਵ ਪਾਲਣਾ ਕਰਨ ਵਾਲਾ ਵਿਸ਼ਨੂ ਹੈ ਤੇ ਅੰਤ ਸੰਘਾਰ ਕਰਨ ਵਾਲਾ ਸ਼ਿਵਜੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਮਨੌਤ ਦਾ ਖੰਡਨ ਜਪੁਜੀ ਸਾਹਿਬ ਦੀ ੩੦ਵੀਂ ਪਾਉੜੀ ਵਿੱਚ ਇਹ ਕਹਿ ਕੇ ਕਰ ਦਿੱਤਾ ਹੈ:
*ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥*
*ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥*
*ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥*
*ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥*
*ਆਦੇਸੁ ਤਿਸੈ ਆਦੇਸੁ ॥*
*ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥*
ਭਾਵ (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸੇ ਵੀਚਾਰ ਦੀ ਹੋਰ ਖੁਲ੍ਹ ਕੇ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ:
*ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥*
*ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥*
(ਗੁਰੂ ਗ੍ਰੰਥ ਸਾਹਿਬ – ਪੰਨਾ ੭੩੫)
(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥
*ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ਅਵਰੁ ਨ ਦੀਸੈ ਏਕੋ ਸੋਈ ॥*
*ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥*
(ਮਾਰੂ ਸੋਲਹੇ ਮ: ੧, ਗੁਰੂ ਗ੍ਰੰਥ ਸਾਹਿਬ – ਪੰਨਾ ੧੦੩੫)
ਤਦੋਂ ਨਾ ਕੋਈ ਬ੍ਰਹਮਾ ਸੀ ਨਾ ਵਿਸ਼ਨੂੰ ਸੀ ਤੇ ਨਾ ਹੀ ਸ਼ਿਵ ਸੀ। ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ। ਤਦੋਂ ਨਾ ਕੋਈ ਇਸਤ੍ਰੀ ਸੀ ਨਾ ਕੋਈ ਮਰਦ ਸੀ ਤਦੋਂ ਨਾ ਕੋਈ ਜਾਤਿ ਸੀ ਨਾ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾ ਕੋਈ ਦੁੱਖ ਸੁੱਖ ਭੋਗਣ ਵਾਲਾ ਜੀਵ ਹੀ ਸੀ ॥੪॥
ਬ੍ਰਹਮਾ, ਵਿਸ਼ਨੂ, ਮਹੇਸ਼ ਦੀ ਮਨੌਤ ਨੂੰ ਰੱਦ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਫ਼ੁਰਮਾਇਆ ਕਿ ਅਸਲ ਵਿੱਚ ਬ੍ਰਹਮੇ ਵਰਗੇ ਤਾਂ ਉਸ ਓਅੰਕਾਰ ਦੇ ਹੀ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਨੇ ਵੀ ਉਸ ਓਅੰਕਾਰ ਨੂੰ ਹੀ ਆਪਣੇ ਚਿੱਤ ਵਿੱਚ ਧਿਆਇਆ।
*ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥*
(ਰਾਮਕਲੀ ਓਅੰਕਾਰ ਮ: ੧, ਗੁਰੂ ਗ੍ਰੰਥ ਸਾਹਿਬ – ਪੰਨਾ ੯੩੦)
(ਹੇ ਪਾਂਡੇ! ਤੁਸੀਂ ਮੰਦਰ ਵਿਚ ਅਸਥਾਪਨ ਕੀਤੀ ਹੋਈ ਜਿਸ ਮੂਰਤੀ ਨੂੰ ‘ਓਅੰਕਾਰ’ ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ ‘ਓਅੰਕਾਰ’ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ, ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ। ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ, ਵੇਦ ਭੀ ਓਅੰਕਾਰ ਤੋਂ ਹੀ ਬਣੇ। ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹਾਇਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ। (ਹੇ ਪਾਂਡੇ! ਤੁਸੀਂ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ ‘ਓਅੰ ਨਮਹ’ ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ ‘ਓਅੰ’ ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀਂ ਲਫ਼ਜ਼ ‘ਓਅੰ ਨਮਹ’ ਲਿਖਦੇ ਹੋ। ਇਹ ਲਫ਼ਜ਼ ‘ਓਅੰ ਨਮਹ’ ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥
ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ ਜਿਹੜੀ ਹਸਤੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਇਸ ਦੀ ਸੰਭਾਲ ਕਰਨ ਅਤੇ ਸੰਘਰ ਕਰਨ ਦੇ ਸਮਰਥ ਹੈ ਅਤੇ ਜਿਸ ਅਦਿੱਖ ਸ਼ਕਤੀ ਦੇ ਸਤਾ ਰੂਪੀ ਹੁਕਮ ਅਧੀਨ ਇਹ ਸਾਰੀ ਖੇਡ ਚੱਲ ਰਹੀ ਹੈ, ਜੋ ਸ਼ੁਰੂ ਵਿੱਚ ਸੀ, ਹੁਣ ਮੌਜੂਦ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਲਾਮਤ ਰਹੇਗਾ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥’ ਉਹ ਹਸਤੀ ਤਿੰਨ ਵੱਖ ਵੱਖ ਦੇਵਤਿਆਂ ਜਾਂ ਅਵਤਾਰਾਂ ਵਿੱਚ ਵੰਡੀ ਨਹੀਂ ਜਾ ਸਕਦੀ। ਇਸ ਨੂੰ ਦ੍ਰਿੜ੍ਹ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ‘ਓਅੰ’ ਜਿਸ ਦਾ ਛੋਟਾ ਰੂਪ ‘ਓ’ ਦੇ ਅੱਗੇ ‘੧’ ਲਿਖ ਦਿੱਤਾ ਹੈ। ਇਸ ਦਾ ਭਾਵ ਕਿ ‘ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ।’
ਤੀਜਾ ਹਿੱਸਾ ‘> ‘ ਹੈ, ਜਿਸ ਦਾ ਉੱਚਾਰਨ ਹੈ ‘ਕਾਰ’। ‘ਕਾਰ’ ਸੰਸਕ੍ਰਿਤ ਦਾ ਇਕ ਪਿਛੇਤਰ ਹੈ। ਆਮ ਤੌਰ ‘ਤੇ ਇਹ ਪਿਛੇਤਰ ‘ਨਾਂਵ’ ਦੇ ਅਖ਼ੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ ‘ਇਕ-ਰਸ’, ਜਿਸ ਵਿਚ ਤਬਦੀਲੀ ਨਾ ਆਵੇ। ਜਿਵੇਂ:-
*ਨੰਨਾਕਾਰੁ ਨ ਕੋਇ ਕਰੇਈ॥ ਰਾਖੈ ਆਪਿ ਵਡਿਆਈ ਦੇਈ ॥੨॥੨॥* (ਗਉੜੀ ਮ: ੧)
*ਕੀਮਤਿ ਸੋ ਪਾਵੈ ਆਪਿ ਜਾਣਾਵੈ, ਆਪਿ ਅਭੁਲੁ ਨ ਭੁਲਏ ॥ਜੈ ਜੈਕਾਰੁ ਕਰਹਿ ਤੁਧੁ ਭਾਵਹਿ, ਗੁਰ ਕੈ ਸਬਦਿ ਅਮੁਲਏ ॥੯॥੨॥੫॥* (ਸੂਹੀ ਮ: ੧)
*ਸਹਜੇ ਰੁਣਝੁਣਕਾਰੁ ਸੁਹਾਇਆ ॥ ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥੩॥* (ਗਉੜੀ ਮ: ੫)
*ਦਇਆ ਧਾਰੀ ਤਿਨਿ ਧਾਰਣਹਾਰ ॥ ਬੰਧਨ ਤੇ ਹੋਈ ਛੁਟਕਾਰ ॥ ੭ ॥ ੪ ॥* (ਰਾਮਕਲੀ ਮ: ੫)
*ਮੇਘ ਸਮੈ ਮੋਰ ਨਿਰਤਿਕਾਰ ॥ ਚੰਦੁ ਦੇਖਿ ਬਿਗਸਹਿ ਕਉਲਾਰ ॥੪॥੨॥* (ਬਸੰਤ ਮ: ੫)
*ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ॥ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥੧॥੬॥*
(ਸਵਈਏ ਮਹਲੇ ਚਉਥੇ ਕੇ)
ਇਸ ਪਿਛੇਤਰ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ :-
ਨੰਨਾਕਾਰੁ— ਇਕ-ਰਸ ਇਨਕਾਰ, ਸਦਾ ਲਈ ਇਨਕਾਰ।
ਜੈਕਾਰੁ— ਲਗਾਤਾਰ ‘ਜੈ ਜੈ’ ਦੀ ਗੂੰਜ।
ਨਿਰਤਿਕਾਰ— ਇਕ ਰਸ ਨਾਚ।
ਝਨਤਕਾਰ— ਇਕ-ਰਸ ਸੋਹਣੀ ਆਵਾਜ਼।
ਪਿਛੇਤਰ ‘ਕਾਰ’ ਦੇ ਲਾਣ ਤੋਂ ਬਿਨਾ ਅਤੇ ਲਗਾਣ ਨਾਲ, ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਹੇਠ ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ :-
*ਘਰ ਮਹਿ ਘਰੁ ਦਿਖਾਇ ਦੇਇ, ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦਿ ਧੁਨਿਕਾਰ ਧੁਨਿ, ਤਹ ਬਾਜੈ ਸਬਦੁ ਨੀਸਾਣੁ ॥੧॥ ੨੭॥*
ਧੁਨਿ-ਆਵਾਜ਼। ਧੁਨਿਕਾਰ-ਲਗਾਤਾਰ ਨਾਦ, ਅਤੁੱਟ ਆਵਾਜ਼।
ਇਸੇ ਤਰ੍ਹਾਂ :
*ਮਨੁ ਭੂਲੋ ਸਿਰਿ ਆਵੈ ਭਾਰੁ ॥ ਮਨੁ ਮਾਨੈ ਹਰਿ ਏਕੰਕਾਰ ॥੨॥੨॥* (ਗਉੜੀ ਮ: ੧)
ਏਕੰਕਾਰੁ-ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ।
ਸੋ, ‘ੴ> ‘ ਦਾ ਉੱਚਾਰਨ ਹੈ ‘ਇਕ (ਏਕ) ਓਅੰਕਾਰ’ ਅਤੇ ਇਸਦਾ ਅਰਥ ਹੈ ‘ਇਕ ਅਕਾਲ ਪੁਰਖ ਜਿਸ ਵਰਗਾ ਹੋਰ ਕੋਈ ਨਹੀਂ, ਜੋ ਇਕ-ਰਸ ਵਿਆਪਕ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਸ ਦਾ ਪਾਲਣ-ਪੋਸ਼ਣ ਤੇ ਸੰਘਾਰ ਕਰਦਾ ਹੈ, ਜੋ ਸਭ ਦੇ ਮੁੱਢ ਵਿੱਚ ਹੋਂਦ ਵਾਲਾ ਸੀ, ਜੁਗਾਂ ਦੀ ਸ਼ੁਰੂਆਤ ਸਮੇਂ ਸੀ, ਹੋਣ ਵੀ ਹੈ ਤੇ ਤਾਂ ਅਗਾਂਹ ਵੀ ਸਦਾ ਲਈ ਅਟੱਲ ਹੋਂਦ ਵਾਲਾ ਰਹੇਗਾ’। ਪਰ ਕਿਸੇ ਬੇਸਮਝੀ ਜਾਂ ਸਾਜ਼ਸ਼ ਅਧੀਨ ਇਤਨੇ ਵਿਸ਼ਾਲ ਅਰਥਾਂ ਵਾਲੇ ‘ੴ> ‘ ਦਾ ਸਰੂਪ ਵਿਗਾੜ ਕੇ ਕਦੀ ਸਭ ਦੇ ਮੂਲ ‘੧’ ਨੂੰ ਇਸ ਦੇ ਸਭ ਤੋਂ ਪਹਿਲੇ ਸਥਾਨ ਤੋਂ ਹਟਾ ਕੇ ਖੁਲ੍ਹੇ ਮੂੰਹ ਵਾਲੇ ‘ਓ’ ਦੇ ਵਿਚਕਾਰ ਲਿਖ ਦਿੱਤਾ ਜਾਂਦਾ ਹੈ ਤੇ ਅਕਾਲਪੁਰਖ਼ ਦੀ ਸਰਬਵਿਆਪਕਤਾ ਦੀ ਲਖਾਇਕ ‘> ‘ ਨੂੰ ਕੱਟ ਕੇ ‘ਓ’ ਦਾ ਮੂੰਹ ਹੇਠ ਵੱਲ ਲਟਕਾ ਦਿੱਤਾ ਜਾਂਦਾ ਹੈ ਅਤੇ ਕਦੀ ‘ਓਅੰ’ ਦੇ ਲਖਾਇਕ ‘ਓ’ ਨੂੰ ਹਿੰਦੀ ਦੇ ਸ਼ਬਦ ‘ਓਂਮ’ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਕਈ ਥਾਂਈ ਇਸ ਨੂੰ ਕਿਸੇ ਹੋਰ ਰੂਪ ਵਿੱਚ ਬਦਲ ਕੇ ਅਰਥਹੀਨ ਬਣਾਇਆ ਜਾ ਰਿਹਾ ਹੈ। ਵਿਗਾੜੇ ਗਏ ਰੂਪ ਦੇ ਵੱਡੀ ਗਿਣਤੀ ਵਿੱਚ ਸਟਿੱਕਰ ਬਜਾਰ ਵਿੱਚ ਆ ਚੁੱਕੇ ਹਨ ਜਿਨ੍ਹਾਂ ਨੂੰ ਕਈ ਸਿੱਖ ਵੀ ਦੇਖਾ ਦੇਖੀ ਆਪਣੇ ਮੋਟਰਸਾਈਕਲਾਂ ਤੇ ਕਾਰਾਂ ‘ਤੇ ਚਿਪਕਾ ਰਹੇ ਹਨ ਤੇ ਕਈ ਪੇਂਟਰ ਇਸ ਵਿਗੜੇ ਰੂਪ ਵਿੱਚ ਹੀ ਗੱਡੀਆਂ ‘ਤੇ ਲਿਖ ਰਹੇ ਹਨ। ਇੱਕ ਵਾਰ ਅਕਾਲ ਤਖ਼ਤ ਵੱਲੋਂ ਵੀ ਇਸ ਗਲਤ ਰੁਝਾਨ ਦਾ ਨੋਟਿਸ ਲਿਆ ਗਿਆ ਸੀ ਪਰ ਉਨ੍ਹਾਂ ਦਾ ਬਿਆਨ ਸਿਰਫ ਬਿਆਨ ਹੀ ਬਣ ਕੇ ਰਹਿ ਗਿਆ ੴ> ਦਾ ਅਸਲੀ ਸਰੂਪ ਵਿਗਾੜਨ ਦਾ ਰੁਝਾਨ ਲਗਾਤਾਰ ਜਾਰੀ ਹੈ। ਜਿਨ੍ਹਾਂ ਸਿੱਖ ਵੀਰਾਂ ਤੇ ਪ੍ਰਚਾਰਕਾਂ ਨੂੰ ਸੋਝੀ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਵਧ ਰਹੇ ਗਲਤ ਰੁਝਾਨ ਨੂੰ ਠੱਲ੍ਹ ਪਾਉਣ ਲਈ ਆਪਣੇ ਭੁੱਲੜ ਵੀਰਾਂ ਨੂੰ ਸਮਝਾ ਕੇ ਗਲਤ ਰੂਪ ਵਾਲੇ ਸਟਿਕਰ ਆਪਣੀਆਂ ਗੱਡੀਆਂ ਤੋਂ ਉਤਾਰਨ ਤੇ ਪੇਂਟ ਕੀਤੇ ਹੋਏ ਨੂੰ ਮਿਟਾਉਣ ਦੀ ਮੁਹਿੰਮ ਚਲਾਉਣ।
ਕਿਰਪਾਲ ਸਿੰਘ ਬਠਿੰਡਾ
(ਮੋਬ:) ੯੮੫੪੪੮੦੭੯੭
Author: Gurbhej Singh Anandpuri
ਮੁੱਖ ਸੰਪਾਦਕ