ਅੰਮ੍ਰਿਤਸਰ 25 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਦੇ ਹੱਲ ਦੇ ਲਈ ਸੰਤ ਸਮਾਜ ਵੱਲੋਂ ਮਹਾਰਾਸ਼ਟਰ ਵਿੱਚ ਬੀਜੇਪੀ ਨੂੰ ਸਮਰਥਨ ਦਿੱਤਾ ਗਿਆ । ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸ਼ੋਸ਼ਲ ਮੀਡੀਆ ਵਿੱਚ ਜਾਰੀ ਕੀਤੀ ਇੱਕ ਵੀਡੀਉ ਦੇ ਵਿੱਚ ਕੀਤਾ ਗਿਆ ਹੈ । ਵਰਣਨਯੋਗ ਹੈ ਕਿ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਮਹਾਂਰਾਸ਼ਟਰ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਸਮਾਜ ਵੱਲੋਂ ਮਹਾਂਰਾਸ਼ਟਰ ਵਿੱਚ ਵੱਸਦੇ ਸਿੱਖਾਂ ਨੂੰ ਬੀਜੇਪੀ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ, ਕਿਉਂਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਕੀਤੇ ਜਾ ਰਹੇ ਘਾਣ ਅਤੇ ਭਾਰਤੀ ਸਟੇਟ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਥ ਦਰਦੀ ਸਿੱਖਾਂ, ਭਾਈ ਹਰਦੀਪ ਸਿੰਘ ਨਿੱਝਰ , ਭਾਈ ਅਵਤਾਰ ਸਿੰਘ ਖੰਡਾ , ਭਾਈ ਪਰਮਜੀਤ ਸਿੰਘ ਪੰਜਵੜ ਆਦਿ ਦੀਆਂ ਸ਼ਹਾਦਤਾਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਐਨ ਐਸ਼ ਏ ਲਗਾ ਕੇ ਡਿਬਰੂਗੜ ਜੇਲ ਵਿੱਚ ਬੰਦ ਕਰਨ ਅਤੇ ਲੰਮੋ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨਾ ਹੋਣਾ , ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦੇਣਾ, ਪੰਜਾਬ ਦੇ ਪਾਣੀਆਂ ਤੇ ਡਾਕਾ ਅਤੇ ਪੰਜਾਬ ਦੀ ਨੌਜਵਾਨੀ ਦੀ ਨਸਲਕੁਸ਼ੀ ਦੇ ਲਈ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾਉਣ ਵਰਗੇ ਸੰਗੀਨ ਜੁਰਮਾਂ ਦੇ ਕਾਰਨ ਸਿੱਖ ਸਮਾਜ ਭਾਰਤੀ ਸਟੇਟ ਤੋਂ ਅਜ਼ਾਦ ਹੋਣ ਲਈ ਜੂਝ ਰਿਹਾ ਹੈ । ਅਜਿਹੇ ਮਹੌਲ ਵਿੱਚ ਬੀਜੇਪੀ ਨੂੰ ਹਮਾਇਤ ਦੇਣ ਦਾ ਮਤਲਬ ਉਪਰੋਕਤ ਸਿੱਖ ਮਸਲਿਆਂ ਤੋਂ ਮੂੰਹ ਮੋੜ ਲੈਣਾ ਅਤੇ ਸਿੱਖਾਂ ਦੇ ਕਾਤਲਾਂ ਦੇ ਪੱਖ ਵਿੱਚ ਖੜਨਾਂ ਸਮਝਿਆ ਜਾ ਰਿਹਾ ਹੈ । ਸੰਤ ਸਮਾਜ ਵੱਲੋਂ ਭਾਜਪਾ ਨੂੰ ਹਮਾਇਤ ਦੇਣ ਤੇ ਬਾਅਦ ਦਮਦਮੀ ਟਕਸਾਲ ਦੇ ਨਾਲ ਸਬੰਧਤ ਵਿਅਕਤੀਆਂ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਖੁੱਲ ਕੇ ਮੁਖਾਲਫਤ ਕੀਤੀ ਗਈ, ਜਿਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਵੀਡੀਉ ਜਾਰੀ ਕਰਕੇ ਕਿਹਾ ਕਿ ਪਿਛਲੇ ਦਿਨੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਨਾਲ ਮਹਾਂਰਾਸ਼ਟਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਰਾਜਨੀਤਕ , ਅਤੇ ਧਾਰਮਿਕ ਮੁੱਦਿਆਂ ਤੇ ਮੁਲਾਕਾਤ ਕੀਤੀ ਗਈ ਸੀ ਜਿਸ ਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਮਹਾਂਰਾਸ਼ਟਰ ਸਰਕਾਰ ਵੱਲੋਂ ਕੁਝ ਮੰਗਾਂ ਫੌਰੀ ਤੌਰ ਤੇ ਮੰਨ ਲਈਆਂ ਸਨ , ਜਿੰਨਾਂ ਵਿੱਚ ਮਹਾਂਰਾਸ਼ਟਰ ਵਿੱਚ ਘੱਟ ਗਿਣਤੀ ਕਮਿਸ਼ਨ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਸਥਾਪਨਾ ਆਦਿ ਤੋਂ ਇਲਾਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਚੇਅਰਮੈਨ ਸਿੱਖਾਂ ਵਿੱਚੋਂ ਲਾਉਣਾ ਸ਼ਾਮਲ ਹੈ । ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਸ ਬਾਅਦ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕੁਝ ਮਸਲੇ ਲਟਕ ਗਏ ਸਨ ਜਿਨ੍ਹਾਂ ਦੇ ਹੱਲ ਦੇ ਲਈ ਬੀਜੇਪੀ ਨੂੰ ਸੰਤ ਸਮਾਜ ਵੱਲੋਂ ਹਮਾਇਤ ਦਿੱਤੀ ਗਈ । ਉਨ੍ਹਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਸਮੇਤ ਹੋਰ ਅਹਿਮ ਸਿੱਖ ਮਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਮਸਲਿਆਂ ਦੇ ਹੱਲ ਦੇ ਲਈ ਸੰਤ ਸਮਾਜ ਵੱਲੋਂ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ ।
Author: Gurbhej Singh Anandpuri
ਮੁੱਖ ਸੰਪਾਦਕ