Home » ਧਾਰਮਿਕ » ਇਤਿਹਾਸ » ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਖੁੱਲ੍ਹਾ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ

ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਖੁੱਲ੍ਹਾ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ

35 Views

ਬਹੁਤ ਹੀ ਸਤਿਕਾਰਯੋਗ
ਸਿੰਘ ਸਾਹਿਬ ਗਿਆਨੀ ਰਘਬੀਰ  ਸਿੰਘ ਜੀ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅਮ੍ਰਿਤਸਰ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
ਸ੍ਰੀਮਾਨ ਜੀਓ
ਆਪ ਜੀ ਨੂੰ ਨਿਮਰਤਾ ਸਾਹਿਤ ਕੁੱਝ ਕੁ ਬੇਨਤੀਆਂ ਕਰਨ ਦੀ ਇਜਾਜਤ ਚਾਹੁੰਦਾ ਹਾਂ। ਸਿੰਘ ਸਾਹਿਬ ਜੀਓ ਇਸ ਪੱਤਰ ਰਾਹੀ ਮੈ ਆਪ ਜੀ ਨੂੰ ਪੰਥ ਦੇ ਵਿਹੜੇ ਵਿੱਚ ਧੁਖ ਰਹੀ ਉਸ ਅੱਗ ਤੋ ਜਾਣੂ ਕਰਵਾਉਣਾ ਚਾਹੁੰਦਾ ਹਾਂ,ਜਿਸਨੂੰ ਅੱਜ ਤੋ ਕਈ ਦਹਾਕੇ ਪਹਿਲਾਂ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਨੌਜਵਾਨੀ ਦੇ ਹੱਡ ਮਾਸ ਨਾਲ ਬਾਲ਼ਕੇ ਸਿਆਸੀ ਰੋਟੀਆਂ ਛੇਕਣ ਲਈ ਵਰਤਿਆ ਸੀ।ਉਹ ਹੀ ਧੁਖਦੀ ਅੱਗ ਦੇ ਕਈ ਵਾਰ ਭਾਬੜ ਬਣੇ ਤੇ ਬੁੱਝਦੇ ਰਹੇ,ਪਰ ਅੱਗ ਧੁਖਦੀ ਹੀ ਰਹੀ।ਹੁਣ ਇੱਕ ਵਾਰ ਫਿਰ ਉਸ ਧੁਖਦੀ ਅੱਗ ਦਾ ਧੂਆਂ ਮੁੜ ਤੇਜ ਹੋਣ ਦੀ ਰੌਅ ਵਿੱਚ ਹੈ।ਸਿੰਘ ਸਾਹਿਬ ਜੀ ਇਹ ਧੁਖਦੀ ਅੱਗ ਤੁਹਾਡੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਫੈਸਲੇ ਨਾਲ ਕੁੱਝ ਸਾਂਤ ਹੋ ਸਕਦੀ ਹੈ,ਵਰਨਾ ਭਾਂਬੜ ਬਨਣ ਨੂੰ ਦੇਰ ਨਹੀ ਲੱਗੇਗੀ,ਜਿਸਦਾ ਛੇਕ ਆਪਣਿਆਂ ਅਤੇ ਦੁਸ਼ਮਣਾਂ ਦੋਵਾਂ ਨੂੰ ਝੁਲ਼ਸ਼ ਸੁੱਟੇਗਾ।ਸਿੰਘ ਸਾਹਿਬ ਜੀ ਮੈ ਆਸ਼ਾ ਕਰਦਾ ਹਾਂ ਕਿ ਆਪ ਜੀ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਬੰਧਤ ਲੀਡਰਸ਼ਿੱਪ ਦੇ ਖਿਲਾਫ ਦਿੱਤੇ ਜਾਣ ਵਾਲੇ ਫੈਸਲੇ ਲਈ ਗੁਰੂ ਆਸ਼ੇ ਅਨੁਸਾਰ ਤਿਆਰ ਵਰ ਤਿਆਰ ਹੋਵੋਗੇ।ਸੋ ਇਸ ਬੇਹੱਦ ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਸਬੰਧੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਜਿਵੇਂ ਕਿ ਤੁਸੀ ਵੀ ਸਾਰੇ ਸਿੰਘ ਸਹਿਬਾਨ ਇਹ ਭਲੀ ਭਾਂਤ ਜਾਣਦੇ ਹੋ ਕਿ ਬਾਦਲ ਪਰਿਵਾਰ ਨੇ ਜੋ ਕੌਂਮ ਦਾ ਘਾਣ ਕੀਤਾ ਹੈ ਉਹ ਬਖਸ਼ਣਯੋਗ ਨਹੀ ਹੈ ਜੀ।ਇਹ ਤੁਸੀ ਪੰਜੇ ਸਿੰਘ ਸਾਹਿਬਾਨ ਗੁਰੂ ਸਾਹਿਬ ਦੀ ਹਾਜਰੀ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤੇ ਜਾਣ ਵਾਲੇ ਅਦੇਸ਼ ਵਿੱਚ ਸਪੱਸਟ ਤੌਰ ਤੇ ਵਰਨਣ ਵੀ ਕੀਤਾ ਹੈ।ਪ੍ਰਤੂ ਸਿੰਘ ਸਾਹਿਬ ਜੀ ਇਸ ਤੋ ਪਹਿਲਾਂ ਮੈ ਆਪ ਜੀ ਦਾ ਧਿਆਨ ਸੁਖਬੀਰ ਸਿੰਘ ਬਾਦਲ ਦੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਕੁੱਝ ਕੁ ਚੁਣੀਦੇ ਗੁਨਾਹਾਂ ਵੱਲ ਵੀ ਦਿਵਾਉਣਾ ਚਾਹੁੰਦਾ ਹਾਂ ਜੀ।ਬੇਸ਼ੱਕ ਆਪ ਜੀ ਵੀ ਇਹ ਸਾਰਾ ਕੁੱਝ ਮੇਰੇ ਤੋ ਬਿਹਤਰ ਜਾਣਦੇ ਹੋਵੋਗੇ, ਫਿਰ ਵੀ ਇੱਕ ਵਾਰ ਮੈਂ ਸਰਸਰੀ ਨਜ਼ਰ ਉਹਨਾਂ ਦੇ ਕੁੱਝ ਕੁ ਚੁਣੀਦਾ ਕਾਰਨਾਮਿਆਂ ਤੇ ਮਰਵਾਉਣਾ ਚਾਹੁੰਦਾ ਹਾਂ। ਜਥੇਦਾਰ ਜੀ ! ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਸਿਖ ਆਗੂ,ਬਤੌਰ ਸਿੱਖ ਮੁੱਖ ਮੰਤਰੀ ਪੰਜਾਬ ਹੁੰਦਿਆਂ ਆਰ ਐਸ ਐਸ ਦੀਆਂ ਖੁਸ਼ੀਆਂ ਲੈਣ ਖਾਤਰ ਡੇਰਾਵਾਦ ਨੂੰ ਉਤਾਸ਼ਾਹਿਤ ਕੀਤਾ ਅਤੇ ਸਿੱਖੀ ਸਿਧਾਂਤਾਂ ਨੂੰ ਪੈਰਾਂ ਹੇਠਾਂ ਰੋਲ਼ਿਆ,ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ , ਸਿੱਖ ਜੁਆਨੀ ਦੇ ਕਾਤਲ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗਿਆਂ ਨੂੰ ਆਪਣੀ ਸਰਕਾਰ ਵਿੱਚ ਵੱਡੇ ਰੁਤਬੇ ਦੇਕੇ ਨਿਵਾਜਿਆ ,ਦੋਸ਼ੀ ਪੁਲਿਸ ਅਫਸਰਾਂ ਦੇ ਕੇਸਾਂ ਦੀ ਪੈਰਵਈ ਕਰਕੇ ਉਹਨਾਂ ਨੂੰ ਵੱਡੀਆਂ ਰਾਹਤਾਂ ਦਿਵਾਈਆਂ ਸੁਮੇਧ ਸੈਣੀ ਦੇ ਵਕੀਲ ਪਿਉ ਪੁੱਤ ਨੂੰ ਸ੍ਰੋਮਣੀ ਅਕਾਲੀ ਦਲ ਅਤੇ ਸਿੱਖ ਗੁਰਦੁਆਰਾ ਕਮਿਸ਼ਨ ਵਿੱਚ ਵੱਡੇ ਰੁਤਬੇ ਦਿੱਤੇ। ਸਭ ਤੋ ਵੱਡਾ ਗੁਨਾਹ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਕੋਈ ਇਨਸਾਫ ਨਹੀ ਕੀਤਾ,ਬਲਕਿ ਗੁਨਾਹਗਾਰਾਂ ਨੂੰ ਬਚਾਉਂਦੇ ਬਚਾਉਂਦੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਵੀ ਬਣ ਗਏ।ਸਿੰਘ ਸਾਹਿਬ ਜੀ ਕੀ ਤੁਹਾਨੂੰ ਇਹ ਇਲਮ ਨਹੀ ਹੈ ਕਿ ਪਰਕਾਸ਼ ਸਿੰਘ ਬਾਦਲ ਦੇ ਪੰਜ ਵਾਰ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕੋਈ ਵੀ ਸਮਾ ਅਜਿਹਾ ਨਹੀ ਲੰਘਿਆ,ਜਦੋ ਸਿੱਖ ਨੌਜਵਾਨਾਂ ਦੇ ਕਤਲ ਨਾ ਹੋਏ ਹੋਣ ? ਪਹਿਲੇ ਹੀ ਕਾਰਜਕਾਲ ਦੌਰਾਨ ਨਕਸਲਬਾੜੀਏ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਅਤੇ ਉਸ ਤੋ ਬਾਅਦ ਆਪਣੀ ਸਰਕਾਰ ਦੀ ਸਰਪ੍ਰਸਤੀ ਹੇਠ ਨਿਰੰਕਾਰੀ ਸਮਾਗਮ ਅਤੇ ਸਮਾਗਮ ਦੇ ਖਿਲਾਫ ਰੋਸ ਪ੍ਰਗਟ ਕਰਨ ਵਾਲੇ ਸਿੱਖਾਂ ‘ਤੇ ਨਿਰੰਕਾਰੀਆਂ ਵੱਲੋਂ ਅੰਨ੍ਹੇ ਵਾਹ ਗੋਲੀਆਂ ਚਲਾਕੇ 13 ਸਿੱਖਾਂਨੂੰ ਸ਼ਹੀਦ ਕਰਨ ਵਾਲੇ ਨਿਰੰਕਾਰੀਆਂ ਨੂੰ ਸੁਰੱਖਿਆ ਛਤਰੀ ਦੇਕੇ ਦਿੱਲੀ ਪੁੱਜਦੇ ਕੀਤਾ।ਇਸੇਤਰਾਂ ਹੀ ਅਨੇਕਾਂ ਹੋਰ ਵੀ ਮਾਮਲੇ ਹਨ,ਜਿੰਨਾਂ ਵਿੱਚ ਬਾਦਲ ਸਰਕਾਰ ਨੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਿੱਚ ਕੋਈ ਹਿਚਕਚਾਹਟ ਨਹੀ ਦਿਖਾਈ ਬਲਕਿ ਕੇਂਦਰੀ ਤਾਕਤਾਂ ਦੇ ਇੱਕ ਇਸਾਰੇ ਤੇ ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਬਜਾਏ ਉਹਨਾਂ ਦੀ ਪਿੱਠ ਪੂਰਕੇ ਦਿੱਲੀ ਦਾ ਚਹੇਤਾ ਬਨਣ ਨੂੰ ਤਰਜੀਹ ਦਿੱਤੀ।ਪੰਜਾਬ ਦੇ ਹਿਤਾਂ ਦੇ ਬਦਲੇ ਨਿੱਜੀ ਲਾਭ ਪਰਾਪਤ ਕੀਤੇ।ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸਮੇਤ ਸਰੋਮਣੀ ਅਕਾਲੀ ਦਲ ਸਾਰੀਆਂ ਹੀ ਸਿੱਖ ਸੰਸਥਾਵਾਂ,ਨਿਹੰਗ ਸਿੰਘ ਜਥੇਬੰਦੀਆਂ,ਸਿੱਖ ਵਿਦਿਆਰਥੀ ਜਥੇਬੰਦੀਆਂ ਅਤੇ ਟਕਸਾਲਾਂ ਨੂੰ ਕਮਜੋਰ ਕਰਕੇ ਆਪਣੇ ਅਤੇ ਕੇਂਦਰ ਦੇ ਹਿਤਾਂ ਦੀ ਪੂਰਤੀ ਲਈ ਵਰਤਿਆ।ਭਾਵੇਂ ਨੂਰ ਮਹਿਲੀਏ ਦਾ ਮਾਮਲਾ ਹੋਵੇ,ਬੰਦੀ ਸਿੰਘਾਂ ਦੇ ਸਬੰਧ ਵਿੱਚ ਪੰਜਾਬ ਬੰਦ ਕਰਨ ਦਾ ਮਾਮਲਾ ਹੋਵੇ ਜਾਂ ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਜੀ ਦਾ ਸਵਾਂਗ ਰਚਣ ਦਾ ਮਾਮਲ ਹੋਵੇ,,ਬੇਅਦਬੀਆਂ ਦੇ ਇਨਸਾਫ ਲਈ ਸਿੱਖਾਂ ਦੇ ਰੋਸ਼ ਪ੍ਰਦਰਸ਼ਨ ਦਾ ਮਾਮਲਾ ਹੋਵੇ,ਬਾਦਲ ਸਰਕਾਰ ਨੇ ਸ਼ਿਕਾਰ ਹਮੇਸਾਂ ਸਿੱਖ ਨੌਜਵਾਨਾਂ ਦਾ ਹੀ ਖੇਡਿਆ,ਦਰਸ਼ਨ ਸਿੰਘ ਲੁਹਾਰਾ,ਜਸਪਾਲ ਸਿੰਘ ਚੌੜ ਸਿੱਧਵਾਂ ,ਸ਼ਹੀਦ ਕਮਲਜੀਤ ਸਿੰਘ,ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਦੀਆਂ ਰੂਹਾਂ ਅੱਜ ਵੀ ਕੁਰਲਾ ਕੁਰਲਾ ਕੇ ਕਹਿ ਰਹੀਆਂ ਹਨ ਕਿ ਬਾਦਲ ਪਰਿਵਾਰ ਦੇ ਬਜਰ ਗੁਨਾਹ ਬਖਸ਼ਣਯੋਗ ਨਹੀ ਹਨ। ਸਿੰਘ ਸਾਹਿਬ ਜੀ ਉਪਰੋਕਤ ਗੁਨਾਹ ਤਾਂ ਸਿਰਫ ਟੂੰਕ ਮਾਤਰ ਹੀ ਹਨ,ਜਦੋਕਿ ਬਾਦਲਾਂ ਦੇ ਗੁਨਾਹਾਂ ਦੀਆਂ ਤਾਂ ਵਡ- ਆਕਾਰੀ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ ਜੀ। ਬਾਦਲ ਪਰਿਵਾਰ ਦੇ ਗੁਨਾਹ ਲਿਖਣ ਲਈ ਕਾਗਜ ਘੱਟ ਪੈ ਜਾਂਦਾ ਹੈ ਅਤੇ ਕਲਮ ਲਹੂ ਦੇ ਅੱਥਰੂ ਕੇਰਨ ਲੱਗਦੀ ਹੈ।ਇਸ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ “ਫਖ਼ਰ ਏ ਕੌਂਮ” ਪੁਰਸ਼ਕਾਰ ਵੀ ਵਾਪਸ ਲੈ ਲੈਣਾ ਬਣਦਾ ਹੈ।ਹੁਣ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ। ਸਿੰਘ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਨੂੰ ਤੁਸੀ ਜਿਹੜੇ ਗੁਨਾਹਾਂ ਵਿੱਚ ਤਨਖਾਹੀਆ ਕਰਾਰ ਦਿੱਤਾ ਹੈ,ਉਹ ਸਿਰਫ ਡੇਰਾ ਸਿਰਸਾ ਨਾਲ ਸਬੰਧਤ ਗੁਨਾਹ ਹੀ ਹਨ,ਜਦੋਕਿ ਉਹਨਾਂ ਦੇ ਗੁਨਾਹਾਂ ਦੀ ਪੰਡ ਵੀ ਆਪਣੇ ਪਿਤਾ ਦੇ ਗੁਨਾਹਾਂ ਦੀ ਪੰਡ ਤੋ ਘੱਟ ਬੋਝ ਵਾਲੀ ਨਹੀ ਹੈ।ਸਿੰਘ ਸਾਹਿਬ ਜੀ ਤੁਹਾਡੇ ਵੱਲੋਂ ਤਨਖਾਹੀਆਂ ਕਰਾਰ ਦਿੱਤੇ ਜਾਣ ਤੋ ਬਾਅਦ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸਨ,ਪੇਸ ਹੋਣ ਸਮੇ ਉਹਨਾਂ ਦਾ ਲਾਮ ਲਸ਼ਕਰ ਨਿਮਾਣੇ ਸਿਖ ਵਾਲਾ ਨਹੀ ਬਲਕਿ ਇੱਕ ਬੇਹੱਦ ਮਹੱਤਵਪੂਰਨ ਵਿਅਕਤੀ ਵਾਲਾ ਹੀ ਰਿਹਾ। ਇੱਕ ਬੰਦਾ ਪੰਥ ਦਾ ਦੋਸ਼ੀ ਹੋਵੇ, ਪੰਥ ਨਾਲ ਐਨੇ ਧੋਖੇ ਕੀਤੇ ਹੋਣ,ਸਭ ਤੋ ਮਹੱਤਵਪੂਰਨ ਕਿ ਤੁਹਾਡੇ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੌਜੂਦਗੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋ ਗੁਨਾਹਗਾਰ ਐਲਾਨਿਆ ਗਿਆ ਹੋਵੇ, ਪਰ ਉਹ ਵਿਅਕਤੀ ਪੇਸ਼ ਹੋਣ ਸਮੇਂ ਇਸ ਤਰ੍ਹਾਂ ਪ੍ਰੈਸ ਨੂੰ ਬੁਲਾ ਕੇ ਪੇਸ਼ ਹੋ ਰਿਹਾ ਸੀ ਜਿਵੇਂ ਕੋਈ ਤਨਖਾਹੀਆ ਸਿੱਖ ਨਹੀ ਬਲਕਿ ਕੋਈ ਬੇਹੱਦ ਖਾਸ ਵਿਅਕਤੀ ਜਾਂ ਕੋਈ ਲੋਕ ਨਾਇਕ ਆ ਰਿਹਾ ਹੋਵੇ,ਪਰ ਇੱਥੇ ਕੌਂਮ ਨੂੰ ਉਦੋਂ ਹੋਰ ਵੀ ਨਮੋਸ਼ੀ ਅਤੇ ਨਿਰਾਸਤਾ ਹੋਈ ਜਦੋ ਤੁਸੀ ਉਹਨਾਂ ਦੀ ਅਜਿਹੀ ਹਰਕਤ ਤੇ ਕੋਈ ਨੋਟਿਸ ਤੱਕ ਵੀ ਨਹੀ ਲਿਆ। ਸੁਖਬੀਰ ਸਿੰਘ ਬਾਦਲ ਨੇ ਜਿਹੜਾ ਕਾਗਜ ਆਪਣੇ ਪਛਤਾਵੇ ਵਾਲਾ ਪੱਤਰ ਲਿਖਣ ਲਈ ਵਰਤਿਆ ਹੈ,ਉਹ ਅਕਾਲੀ ਦਲ ਦੀ ਲੈਟਰਪੈਡ ਹੈ ,ਜਿਸਨੂੰ ਇੱਕ ਅਜਿਹਾ ਵਿਅਕਤੀ ਨਹੀ ਵਰਤ ਸਕਦਾ,ਜਿਹੜਾ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਚੁੱਕਾ ਹੋਵੇ ਅਤੇ ਜਿਸਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਬਜਰ ਗੁਨਾਹਾਂ ਬਦਲੇ ਖਾਸ ਕਰਕੇ ਅਕਾਲੀ ਦਲ ਨੂੰ ਕਮਜੋਰ ਕਰਨ ਦੇ ਦੋਸਾਂ ਵਿੱਚ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ,ਉਹਦੇ ਨਾਲ ਕੋਈ ਸਿੱਖ ਸਾਂਝ ਤੱਕ ਨਹੀ ਰੱਖਦਾ,ਪਰ ਉਹਨੂੰ ਦਰਬਾਰ ਸਾਹਿਬ ਵਿੱਚ ਮਹੱਤਵਪੂਰਨ ਵਿਅਕਤੀਆਂ ਵਾਲੀ ਸਹੂਲਤ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾ ਇਹ ਸਾਰਾ ਵਿਰਤਾਂਤ ਤੁਹਾਡੀ ਕਾਰਜਸ਼ੈਲੀ ਤੇ ਸਵਾਲੀਆ ਨਿਸਾਨ ਲਾਉਂਦਾ ਹੈ,ਇਸ ਲਈ ਇਹ ਵੀ ਜਰੂਰੀ ਬਣਦਾ ਹੈ ਕਿ ਸੁਖਬੀਰ ਬਾਦਲ ਨੂੰ ਅਤਿ ਮਹੱਤਵਪੂਰਨ ਵਿਅਕਤੀ ਵਾਲੀਆਂ ਸਹੂਲਤਾਂ ਪ੍ਰਦਾਨ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਤੌਹੀਨ ਕਰਨ ਵਾਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਜਿਹੜੇ ਸੁਖਬੀਰ ਸਿੰਘ ਬਦਲ ਦੇ ਨਾਲ ਹੀ ਪਹਿਲੀ ਵਾਰ ਆਪ ਜੀ ਦੇ ਸਨਮੁਖ ਪੇਸ਼ ਹੋਕੇ ਸੌਂਪੇ ਪੱਤਰ ਵਿੱਚ ਡੇਰਾ ਮੁਖੀ ਦੀ ਮੁਆਫੀ ਸਮੇ ਜਾਰੀ ਕੀਤੇ 90 ਲੱਖ ਰੁਪਏ ਤੋ ਵੱਧ ਦੇ ਇਸ਼ਤਿਹਾਰਾਂ ਸਬੰਧੀ ਚਿੱਟਾ ਝੂਠ ਬੋਲਣ ਦਾ ਗੁਨਾਹ ਵੀ ਕਰ ਚੁੱਕੇ ਹਨ, ਜਥੇਦਾਰ ਸਾਹਿਬ ਜੀ ! ਇਹ ਗੁਨਾਹ ਉਦੋ ਹੋਰ ਵੀ ਵੱਡੇ ਬਣ ਜਾਂਦੇ ਹਨ ਜਦੋ ਕੋਈ ਮਹੱਤਵਪੂਰਨ ਆਹੁਦੇ ਤੇ ਬੈਠਾ ਵਿਅਕਤੀ ਅਜਿਹਾ ਝੂਠ ਬੋਲ ਰਿਹਾ ਹੋਵੇ, ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਤੇ ਮਹਾਂਨ ਸੰਸਥਾ ਦੀ ਤੌਹੀਨ ਕਰਨ ਵਰਗੇ ਬਜਰ ਗੁਨਾਹ ਕਰਨ ਬਦਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਸ਼ਾਲੀ ਸਜ਼ਾ ਸੁਣਾਈ ਜਾਵੇ।ਸਿੰਘ ਸਾਹਿਬ ਜੀ ਫੈਸਲਾ ਸੁਨਾਉਣ ਤੋ ਪਹਿਲਾਂ ਇਹ ਵੀ ਤੁਹਾਡੇ ਧਿਆਨ ਵਿੱਚ ਹੋਣਾ ਜਰੂਰੀ ਹੈ ਕਿ ਸਿੱਖ ਪੰਥ ਹੁਣ ਸੁਚੇਤ ਰੂਪ ਵਿੱਚ ਇਹ ਸਾਰਾ ਵਿਰਤਾਂਤ ਸਮਝਣ ਦੇ ਸਮਰੱਥ ਹੈ। ਸਿੰਘ ਸਾਹਿਬਾਨ ਜੀਓ ਇਹ ਮਾਮਲਾ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦਾ ਹੀ ਨਹੀ ਹੈ,ਸਗੋਂ ਇਹ ਕੌਂਮ ਦੇ ਭਵਿੱਖ ਦਾ ਮਸਲਾ ਹੈ,ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਦਾ ਮਸਲਾ ਹੈ,ਇਹ ਸਿੰਘ ਸਾਹਿਬ ਦੇ ਰੁਤਬੇ ਦੀ ਖੋਈ ਹੋਈ ਭਰੋਸ਼ੇਯੋਗਤਾ ਦੀ ਮੁੜ ਬਹਾਲੀ ਦਾ ਮਾਮਲਾ ਹੈ।ਤੁਹਾਡਾ ਫੈਸਲਾ ਤਹਿ ਕਰੇਗਾ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਟਕਸਾਲਾਂ,ਨਿਹੰਗ ਸਿੰਘ ਜਥੇਬੰਦੀਆਂ , ਸਿੱਖੀ ਸਿਧਾਤਾਂ ਅਤੇ ਸਿੱਖ ਰਾਜਨੀਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਆਪ ਜੀ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਕੌਂਮ ਦੀਆਂ ਭਵਨਾਵਾਂ ਤੁਹਾਡੀ ਕਾਰਵਾਈ ਨਾਲ ਜੁੜੀਆਂ ਹੋਈਆਂ ਹਨ।ਤੁਹਾਡੇ ਰੁਤਬੇ ਅਤੇ ਭਰੋਸ਼ੇਯੋਗਤਾ ‘ਤੇ ਸੰਦੇਹ ਹੋਣ ਦੇ ਬਾਵਜੂਦ ਵੀ ਸਿੱਖ ਕੌਂਮ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਨਹੀ ਰਹਿਣਾ ਚਾਹੁੰਦੀ। ਸਿੱਖ ਕੌਂਮ ਦੋਨੋਂ ਵਕਤ ਇਹ ਅਰਦਾਸ ਕਰਦੀ ਹੈ ਕਿ ਤੁਹਾਡੇ ਸਮੇਤ ਪੰਜੇ ਸਤਿਕਾਰਯੋਗ ਸਿੰਘ ਸਾਹਿਬਾਨਾਂ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਰਪਾ ਕਰਨ ਕਿ ਆਪ ਜੀ ਕਿਸੇ ਵਿਅਕਤੀ ਵਿਸ਼ੇਸ਼,ਪਰਿਵਾਰ ਜਾਂ ਪਾਰਟੀ ਦਾ ਪ੍ਰਭਾਵ ਕਬੂਲੇ ਬਗੈਰ ਸਿੱਖ ਕੌਂਮ ਦੀਆਂ ਭਾਵਨਾਵਾਂ ਤੇ ਖਰੇ ਉੱਤਰ ਕੇ ਕੌਂਮ ਦੀ ਬਿਗੜੀ ਨੂੰ ਸੰਵਾਰਨ ਦੇ ਸਮਰੱਥ ਹੋ ਸਕੋਂ ਜੀ।ਗੁਰੂ ਰੂਪ ਸਿੱਖ ਸੰਗਤ ਜਿੱਥੇ ਆਪ ਜੀ ਤੋ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਥਕ ਰਵਾਇਤਾਂ ਅਨੁਸਾਰ ਫੈਸਲੇ ਦੀ ਆਸਮੰਦ ਹੈ, ਓਥੇ ਆਪ ਜੀ ਨੂੰ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਦੇ ਵਾਰਸ ਬਣੇ ਵੀ ਦੇਖਣਾ ਚਾਹੁੰਦੀ ਹੈ,ਇਸ ਲਈ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ, ਜਿਸਦਾ ਖ਼ੌਫ਼ ਰਾਜਨੀਤਕ ਸਿੱਖਾਂ ਦੇ ਮਨ ਵਿੱਚ ਬੈਠ ਜਾਵੇ ਅਤੇ ਉਹ ਕੌਮ ਨਾਲ ਧ੍ਰੋਹ ਕਮਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ।ਅਜਿਹਾ ਫੈਸਲਾ ਕੌਂਮ ਦੇ ਭਵਿੱਖ ਲਈ ਚਾਨਣ ਮੁਨਾਰਾ ਹੋਵੇਗਾ।
ਆਪ ਜੀ ਵੱਲੋਂ ਪੰਥਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਮਹਾਂਨ ਸਿੱਖ ਰਵਾਇਤਾਂ ਅਨੁਸਾਰ ਕੀਤੇ ਜਾਣ ਵਾਲੇ ਇਨਸਾਫ ਦਾ ਆਸਮੰਦ/
ਬਘੇਲ ਸਿੰਘ ਧਾਲੀਵਾਲ
99142-58142

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

2 Comments

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?