ਅੰਮ੍ਰਿਤਸਰ, 30 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ 1978 ਤੋਂ ਹੁਣ ਤੱਕ ਸ਼ਹੀਦ ਹੋਏ ਸਿੰਘਾਂ ਬਾਰੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਲੇਖਕ ਭਾਈ ਜਸਪ੍ਰੀਤ ਸਿੰਘ ਪੰਥ ਦਰਦੀ ਵੱਲੋਂ ਲਿਖੀ ਇੱਕ ਨਵੀਂ ਕਿਤਾਬ ਸਿੱਖ ਸੰਘਰਸ਼ ਦੀ ਮੁੱਢਲੀ ਜਾਣਕਾਰੀ ਜੋ ਪੰਜ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਜਾਰੀ ਕੀਤੀ ਗਈ। ਇਹ ਕਿਤਾਬ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੇ ਭਤੀਜੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਿੰਡਰਾਂਵਾਲਾ ਟਾਈਗਰ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਦਇਆ ਸਿੰਘ ਚੋਹਲਾ ਦੇ ਭਰਾ ਭਾਈ ਕਰਤਾਰ ਸਿੰਘ, ਸ਼ਹੀਦ ਭਾਈ ਬਗੀਚਾ ਸਿੰਘ ਕਾਲੀਆ ਸਕੱਤਰਾ ਦੇ ਭਰਾ ਭਾਈ ਪ੍ਰਤਾਪ ਸਿੰਘ, ਸ਼ਹੀਦ ਭਾਈ ਰੇਸ਼ਮ ਸਿੰਘ ਮਾੜੀ ਮੁਸਤਫਾ ਦੀ ਸੁਪਤਨੀ ਬੀਬੀ ਜਸਵਿੰਦਰ ਕੌਰ ਅਤੇ ਸ਼ਹੀਦ ਭਾਈ ਕਸ਼ਮੀਰ ਸਿੰਘ ਠੱਠਗੜ੍ਹ ਦੇ ਭਰਾ ਭਾਈ ਸਤਨਾਮ ਸਿੰਘ ਖ਼ਾਲਸਾ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਭਾਈ ਜਸਪ੍ਰੀਤ ਸਿੰਘ ਪੰਥ ਦਰਦੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਕਿਤਾਬ ਵਿੱਚ ਸਿੱਖ ਸੰਘਰਸ਼ ਨੂੰ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹ ਕਿਤਾਬ ਬੱਚਿਆਂ ਲਈ ਲਾਭਕਾਰੀ ਹੋਵੇਗੀ। ਲੇਖਕ ਭਾਈ ਜਸਪ੍ਰੀਤ ਸਿੰਘ ਪੰਥ ਦਰਦੀ ਨੇ ਕਿਹਾ ਕਿ ਮੇਰੀ ਪਲੇਠੀ ਕਿਤਾਬ ‘ਸਿੱਖ ਸੰਘਰਸ਼ ਬਾਰੇ ਮੁੱਢਲੀ ਜਾਣਕਾਰੀ (ਸਵਾਲ-ਜਵਾਬ)’ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਹ ਜਿੱਥੋਂ-ਜਿੱਥੋਂ ਵੀ ਜਿਸ ਤਰ੍ਹਾਂ ਮਿਲ਼ੀ ਉਸੇ ਤਰ੍ਹਾਂ ਬਿਆਨ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅੱਜ ਦੇ ਨੌਜਵਾਨ ਪਤਿਤਪੁਣਾ ਅਤੇ ਨਸ਼ੇ ਤਿਆਗ ਕੇ ਆਪਣੇ ਮਹਾਨ ਇਤਿਹਾਸ ਤੋਂ ਜਾਣੂੰ ਹੋਣ। ਲੇਖਕ ਜਸਪ੍ਰੀਤ ਸਿੰਘ ਪੰਥ ਦਰਦੀ ਨੇ ਸਿੱਖ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਗੁਰਮੀਤ ਸਿੰਘ ਗ੍ਰੀਸ, ਜਲਾਵਤਨੀ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਹਾਈਜੈਕਰ, ਫੈ਼ਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਲਖਵਿੰਦਰ ਸਿੰਘ ਕਾਹਲਵਾਂ ਅਤੇ ਭਾਈ ਸਤਨਾਮ ਸਿੰਘ ਨੰਗਲ ਝੋਰ, ਭਾਈ ਸੁਰਿੰਦਰ ਸਿੰਘ ਸੰਧੂ ਜਰਮਨੀ, ਭਾਈ ਜਤਿੰਦਰ ਸਿੰਘ ਅਮਰੀਕਾ, ਭਾਈ ਹਰਬੀਰ ਸਿੰਘ ਬਾਠ ਅਮਰੀਕਾ ਤੇ ਭਾਈ ਮਨਪ੍ਰੀਤ ਸਿੰਘ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸਿੰਘਾਂ ਨੇ ਦਾਸ ਨੂੰ ਕੌਮ ਦੇ ਸ਼ਹੀਦਾਂ ਤੋਂ ਜਾਣੂੰ ਕਰਵਾਇਆ ਤੇ ਲਿਖਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ