ਅੰਮ੍ਰਿਤਸਰ, 4 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਵੀਹਵੀਂ ਸਦੀ ਦੇ ਮਹਾਨ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਕੌਮੀ ਘਰ ਖ਼ਾਲਿਸਤਾਨ ਦੇ ਅਰੰਭੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਤਿੰਨ ਸਕੇ ਭਰਾਵਾਂ ਅਮਰ ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ (ਡਿਪਟੀ ਚੀਫ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ), ਲੈਫਟੀਨੈਂਟ ਜਨਰਲ ਸ਼ਹੀਦ ਭਾਈ ਪਰਮਜੀਤ ਸਿੰਘ ਕਾਲਾ, ਲੈਫਟੀਨੈਂਟ ਜਨਰਲ ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜਾ (ਛੋਟਾ ਪੈਂਟਾ) ਅਤੇ ਉਹਨਾਂ ਦੇ ਜੀਜਾ ਜੀ ਸ਼ਹੀਦ ਭਾਈ ਚੈਂਚਲ ਸਿੰਘ ਉਦੋਕੇ ਤੇ ਸਮੂਹ ਪੁਰਾਤਨ ਅਤੇ ਵਰਤਮਾਨ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਸਾਵਣ ਮੱਲ, ਪਿੰਡ ਛੱਜਲਵੱਡੀ, ਨੇੜੇ ਟਾਂਗਰਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ 6 ਦਸੰਬਰ 2024 ਨੂੰ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ਼ ਮਨਾਇਆ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੇ ਭਰਾਤਾ ਜੁਝਾਰੂ ਗਿਆਨੀ ਹਰਚਰਨ ਸਿੰਘ ਛੱਜਲਵੱਡੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਪ੍ਰਚਾਰਕ ਹਰ ਜਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਪੰਥਕ ਜਥੇਬੰਦੀਆਂ ਦੇ ਆਗੂ ਸਿੱਖ ਸੰਘਰਸ਼ ਅਤੇ ਅਜੋਕੇ ਹਲਾਤਾਂ ਸੰਬੰਧੀ ਵਿਚਾਰ ਸਾਂਝੇ ਕਰਨਗੇ। ਫੈਡਰੇਸ਼ਨ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਜੁਝਾਰੂ ਗਿਆਨੀ ਹਰਚਰਨ ਸਿੰਘ ਛਜਲਵੱਡੀ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ, ਉਹਨਾਂ ਦੇ ਤਿੰਨ ਸਕੇ ਭਰਾ ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ, ਸ਼ਹੀਦ ਭਾਈ ਪਰਮਜੀਤ ਸਿੰਘ ਕਾਲਾ ਅਤੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜਾ ਸਿੱਖ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਏ ਹਨ, ਅਤੇ ਉਹਨਾਂ ਦੇ ਜੀਜਾ ਜੀ ਭਾਈ ਚੈਂਚਲ ਸਿੰਘ ਉਦੋਕੇ ਤੇ ਉਹਨਾਂ ਦਾ ਸਪੁੱਤਰ ਅਤੇ ਭਰਾ ਵੀ ਸੰਘਰਸ਼ ਵਿੱਚ ਲੇਖੇ ਲੱਗੇ ਹਨ। ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੇ ਮਾਤਾ-ਪਿਤਾ ਜੀ ਨੇ ਵੀ ਜੇਲ੍ਹ ਕੱਟੀ ਹੈ, ਜੁਝਾਰੂ ਗਿਆਨੀ ਹਰਚਰਨ ਸਿੰਘ ਛੱਜਲਵੱਡੀ ਨੇ ਵੀ ਜੇਲ੍ਹ ਕੱਟੀ ਹੈ ਅਤੇ ਉਹਨਾਂ ਦੀ ਭੈਣ ਬੀਬੀ ਸਰਬਜੀਤ ਕੌਰ ਗੁੱਡੀ ਦੀ ਵੀ ਵੱਡੀ ਕੁਰਬਾਨੀ ਹੈ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਵੀ ਇਸੇ ਪਰਿਵਾਰ ਨਾਲ ਸੰਬੰਧਿਤ ਸਨ। ਇਸ ਪਰਿਵਾਰ ਦੇ 20 ਦੇ ਕਰੀਬ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਲਿਖੀ ਤਵਾਰੀਖ ਸ਼ਹੀਦ ਏ ਖਾਲਿਸਤਾਨ (ਭਾਗ ਪਹਿਲਾ) ਕਿਤਾਬ ਵਿੱਚ ਇਹਨਾ ਸੂਰਮਿਆਂ ਦਾ ਇਤਿਹਾਸ ਵੀ ਛਾਪਿਆ ਗਿਆ ਹੈ ਜੋ ਗਿਆਨੀ ਹਰਚਰਨ ਸਿੰਘ ਛੱਜਲਵੱਡੀ ਨੂੰ ਸਤਿਕਾਰ ਸਹਿਤ ਭੇਟ ਕੀਤੀ ਗਈ ਹੈ।
Author: Gurbhej Singh Anandpuri
ਮੁੱਖ ਸੰਪਾਦਕ