ਅੰਮ੍ਰਿਤਸਰ 6 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਕਰਾਰ ਦਿੱਤੇ ਗਏ ਸਿਆਸੀ ਆਗੂ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਬੀਤੇ ਸਮੇਂ ਵਿੱਚ ਕੀਤੇ ਗੁਨਾਹ ਕਬੂਲ ਕਰਕੇ ਖਾਲਸਾ ਪੰਥ ਕੋਲੋਂ ਮੁਆਫ਼ੀ ਮੰਗੀ, ਜਿਸਤੇ ਪੰਜ ਸਿੰਘ ਸਾਹਿਬਾਨ ਨੇ ਪੰਥਕ ਰਵਾਇਤਾਂ ਮੁਤਾਬਿਕ ਉਹਨਾਂ ਨੂੰ ਤਨਖਾਹ ਲਗਾਈ ਗਈ । ਇਸ ਮੌਕੇ ਸਿੰਘ ਸਾਹਿਬਾਨ ਨੇ ਉਸ ਵਕਤ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਵੀ ਦੋਸ਼ੀ ਮੰਨਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਗਿਆਨੀ ਗੁਰਬਚਨ ਸਿੰਘ ਕੋਲੋਂ ਸਾਰੀਆਂ ਸਹੂਲਤਾਂ ਵਾਪਿਸ ਲੈਣ ਅਤੇ ਗਿਆਨੀ ਗੁਰਮੁੱਖ ਸਿੰਘ ਦੀ ਬਦਲੀ ਕਰਨ ਦੇ ਆਦੇਸ਼ ਦਿੱਤੇ ਸਨ । ਸੌਦਾ ਸਾਧ ਨੂੰ ਮੁਆਫ਼ੀ ਦੇਣ ਤੋਂ ਬਾਅਦ ਪੰਥ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ। ਉਸ ਵਕਤ ਭਾਈ ਸਤਨਾਮ ਸਿੰਘ ਅਤੇ ਸਾਥੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੀ ਹੈਸੀਅਤ ਵਿੱਚ ਜਥੇਦਾਰਾਂ ਕੋਲੋਂ ਸਪਸ਼ਟੀਕਰਨ ਮੰਗ ਲਿਆ ਸੀ । ਜਥੇਦਾਰਾਂ ਵੱਲੋਂ ਸਪਸ਼ਟੀਕਰਨ ਕਰਨ ਦੇਣ ਦੀ ਥਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਹੀ ਹਟਾ ਦਿੱਤਾ ਗਿਆ ਸੀ। ਅੱਜ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੱਕ ਮੰਗ-ਪੱਤਰ ਸੌਂਪਿਆ ਅਤੇ ਬੇਨਤੀ ਕੀਤੀ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਖ਼ਾਲਸਾ ਜੁਗਤ ਨੂੰ ਨਜ਼ਰ-ਅੰਦਾਜ਼ ਕਰਨ ਕਾਰਨ ਢਾਹ ਲੱਗੀ ਸੀ। ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਿਸ ਦ੍ਰਿੜ੍ਹਤਾ ਨਾਲ਼ ਫ਼ੈਸਲੇ ਲਏ ਗਏ ਹਨ ਉਹ ਯਕੀਨਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਵਿੱਚ ਵਾਧਾ ਕਰਨ ਲਈ ਭਵਿੱਖ ਵਿੱਚ ਸਹਾਈ ਹੋਣਗੇ। ਅਸੀਂ ਸ਼ਲਾਘਾ ਕਰਦੇ ਹਾਂ ਕਿ ਪੰਥਕ ਜੁਗਤ ਦਾ ਲਿਸ਼ਕਾਰਾ ਕੁਝ ਹੱਦ ਤੱਕ ਦੇਖਣ ਨੂੰ ਮਿਲ਼ਿਆ ਹੈ ਸਾਲ 2015 ਦੌਰਾਨ ਵਾਪਰੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿਰੋਧੀ ਦੋਸ਼ਾਂ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੁਖਬੀਰ ਸਿੰਘ ਬਾਦਲ ਨੇ ਸਵੀਕਾਰ ਕੀਤੀਆਂ ਸਨ। ਇਸ ਦੇ ਨਾਲ਼ ਹੀ ਤਤਕਾਲੀ ਜਥੇਦਾਰਾਂ ਨੂੰ ਵੀ ਦੋਸ਼ੀ ਸਮਝਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ। ਆਪ ਜੀ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਮ੍ਰਿਤ ਸੰਚਾਰ ਜਥੇ ਦੇ ਸਿੰਘਾਂ ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ (ਖੰਡਾ), ਭਾਈ ਸਤਨਾਮ ਸਿੰਘ ਝੰਜੀਆਂ ਅਤੇ ਸਾਥੀ ਸ਼ਾਮਲ ਹਨ, ਨੇ ਪੰਥਕ ਜੁਗਤ ਤੇ ਪਹਿਰਾ ਦੇਂਦੇ ਹੋਏ ਤਤਕਾਲੀ ਜਥੇਦਾਰਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ। ਸਿਆਸੀ ਦਬਾਅ ਹੇਠ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਪੰਜ ਸਿੰਘਾ ਨੂੰ 1 ਜਨਵਰੀ 2016 ਨੂੰ ਨੌਕਰੀਆਂ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਏ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਫ਼ੈਸਲਾ ਗ਼ਲਤ ਸੀ। ਖ਼ਾਲਸਾ ਪੰਥ ਦੀਆਂ ਭਾਵਨਾਵਾਂ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇਹ ਜ਼ਰੂਰੀ ਬਣਦਾ ਹੈ ਇਨ੍ਹਾਂ ਪੰਜ ਸਿੰਘਾਂ ਦਾ ਮੁੱਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਨ੍ਹਾਂ ਨੂੰ ਨੌਕਰੀਆਂ ਤੋਂ ਕੱਢੇ ਜਾਣ ਦਾ ਮਤਾ ਰੱਦ ਕਰਕੇ ਇਨ੍ਹਾਂ ਨੂੰ ਮੁੜ ਸਨਮਾਨ ਨਾਲ ਬਹਾਲ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਤਨਖਾਹਾਂ ਦਾ ਪਿਛਲਾ ਸਾਰਾ ਬਕਾਇਆ ਦਿੱਤਾ ਜਾਵੇ। ਪੰਥ ਦੇ ਵਡੇਰੇ ਹਿੱਤਾਂ ਅਤੇ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਇਸ ਬਾਰੇ ਜਲਦ ਫ਼ੈਸਲਾ ਲਿਆ ਜਾਵੇ। ਇਹ ਬੇਨਤੀ ਪੱਤਰ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਬਾਬਾ ਹਰਦੀਪ ਸਿੰਘ ਮਹਿਰਾਜ (ਪੰਥ ਸੇਵਕ ਜਥਾ ਮਾਲਵਾ) ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਭਾਈ ਬਲਜੀਤ ਸਿੰਘ ਖ਼ਾਲਸਾ (ਮੁੱਖ ਸੰਪਾਦਕ ਵੰਗਾਰ) ਬੀਬੀ ਸੰਦੀਪ ਕੌਰ (ਚੇਅਰਮੈਨ ਸ਼ਹੀਦ ਭਾਈ ਧਰਮ ਸਿੰਘ ਖ਼ਾਲਸਾ ਟਰੱਸਟ) ਭਾਈ ਦਿਲਬਾਗ ਸਿੰਘ ਸੁਲਤਾਨਵਿੰਡ(ਮੁੱਖ ਜਥੇਦਾਰ ਜਥਾ ਸਿਰਲੱਥ ਖਾਲਸਾ) ਆਦਿ ਸ਼ਾਮਿਲ ਸਨ ।
Author: Gurbhej Singh Anandpuri
ਮੁੱਖ ਸੰਪਾਦਕ