Home » ਸੰਪਾਦਕੀ » ਧਰਮ ਉੱਤੇ ਕਲੰਕ ਅਤੇ ਸਮਾਜ ਦੀ ਅਰਥ ਵਿਵਸਥਾ ਤੇ ਬੇਲੋੜਾ ਭਾਰ ਸਾਧ, ਪੁਜਾਰੀ ਅਤੇ ਡੇਰੇ

ਧਰਮ ਉੱਤੇ ਕਲੰਕ ਅਤੇ ਸਮਾਜ ਦੀ ਅਰਥ ਵਿਵਸਥਾ ਤੇ ਬੇਲੋੜਾ ਭਾਰ ਸਾਧ, ਪੁਜਾਰੀ ਅਤੇ ਡੇਰੇ

20 Views

ਧਰਮ ਉੱਤੇ ਕਲੰਕ ਅਤੇ ਸਮਾਜ ਦੀ ਅਰਥ ਵਿਵਸਥਾ ਤੇ ਬੇਲੋੜਾ ਭਾਰ ਸਾਧ, ਪੁਜਾਰੀ ਅਤੇ ਡੇਰੇ
———————————————————–

ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}
ਅਰਥ:- (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ। ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ——
———————————————————–
ਧਰਮ ਇੱਕ ਨਿਰਮਲ ਕਰਮ ਦਾ ਰਾਹ ਹੈ, ਜੋ ਵੀ ਮਨੁੱਖ ਇਸ ਰਾਹ ਤੇ ਚੱਲੇ ਉਹ ਵਿਕਾਰਾਂ ਤੋਂ ਰਹਿਤ, ਕਿਰਤ ਕਰਕੇ, ਵੰਡ ਛੱਕਕੇ ਅਤੇ ਸੱਚ ਦੇ ਰਾਹ ਦਾ ਜੀਵਨ ਗੁਜ਼ਾਰੇ ਅਤੇ ਮਨੁੱਖਤਾ ਦੇ ਕੰਮ ਆਵੇ। ਆਪ ਜੀਵੇ ਤੇ ਦੂਜਿਆਂ ਨੂੰ ਜੀਣ ਦੇਵੇ ਤੇ ਕੋਸ਼ਿਸ ਕਰੇ ਕਿ ਸਮਾਜ ਉਸਾਰਕ ਬਣੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਤਾਰਪੁਰ ਵਿਖੇ ਹੱਥੀਂ ਖੇਤੀ ਕਰਕੇ ਸਿੱਖਾਂ ਨੂੰ ਕਿਰਤ ਕਰਕੇ ਸਮਾਜ ਦੀ ਤੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਦਾ ਉਪਦੇਸ਼ ਦਿੱਤਾ ਕਿਉਂਕਿ ਭੋਜਨ, ਰਹਿਣ ਲਈ ਘਰ ਅਤੇ ਤਨ ਢਕਣ ਲਈ ਕੱਪੜਾ ਮਨੁੱਖੀ ਜੀਵਨ ਲਈ ਜ਼ਰੂਰੀ ਅਤੇ ਮੁਢਲੀਆਂ ਲੋੜਾਂ ਹਨ।
ਅਜੋਕੇ ਸਮੇਂ ਵਿੱਚ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਗਰੀਬੀ ਬਹੁਤ ਹੈ, ਭਾਵੇਂ ਕਿ ਮੀਡੀਏ ਜਾਂ ਸਰਕਾਰ ਦੇ ਦਾਅਵੇ ਹਨ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਸਥਿਰ ਹੈ ਤੇ ਅੱਗੇ ਵਧ ਰਹੀ ਹੈ ਪਰ ਬਹੁਤ ਸਾਰੀ ਜਨਤਾ ਜੀਵਨ ਦੀਆ ਮੁੱਢਲੀਆਂ ਲੋੜਾਂ ਤੋਂ ਵਾਝੀਂ ਹੈ। ਦੂਸਰੇ ਪਾਸੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਧਰਮ ਦੇ ਨਾਂ ਉੱਤੇ ਚੱਲਣ ਵਾਲੇ ਡੇਰੇ, ਆਸ਼ਰਮ, ਕੁਟੀਆਂ ਅਤੇ ਹੋਰ ਸਮਾਨਅੰਤਰ ਸਥਾਨ ਹਨ, ਜਿਨਾਂ ਦੇ ਮੁਖੀ ਜਾਂ ਪ੍ਰਬੰਧਕ ਆਮ ਤੌਰ ਤੇ ਬਿਲਕੁੱਲ ਵਿਹਲੇ ਰਹਿੰਦੇ ਹਨ ਤੇ ਫਿਰ ਵੀ ਉਹਨਾਂ ਕੋਲ ਆਲੀਸ਼ਾਨ ਮਕਾਨ ਹਨ ਤੇ ਉਹ ਆਰਾਮ ਦਾ ਜੀਵਨ ਬਿਤਾ ਰਹੇ ਹਨ। ਧਰਮ ਦੇ ਨਾਂ ਤੇ ਅਨੇਕਾਂ ਲੋਕਾਂ ਨੇ ਆਪਣਾ ਤੋਰੀ ਫੁਲਕਾ ਚਲਾ ਰੱਖਿਆ ਹੈ। ਹਰ ਦੇਸ਼ ਵਿੱਚ ਟੈਕਸ ਸਿਸਟਮ ਹੈ, ਭਾਰਤ ਵਿੱਚ ਭਾਵੇਂ ਉਨਾਂ ਪ੍ਰਚਲਿਤ ਨਹੀਂ ਜਿਤਨਾ ਪੱਛਮੀ ਦੇਸ਼ਾਂ ਵਿੱਚ ਹੈ, ਕਾਨੂੰਨੀ ਤੌਰ ਤੇ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਟੈਕਸ ਚੁਕਾਵੇ ਤਾਂ ਕਿ ਸਰਕਾਰ ਲੋੜੀਦੀਆਂ ਸਹੂਲਤਾਂ ਵਿੱਦਿਆ, ਸਫਾਈ, ਖੇਡ ਮੈਦਾਨ, ਲਾਇਬਰੇਰੀ ਅਤੇ ਹੋਰ ਸਮਾਜ ਨੂੰ ਪ੍ਰਦਾਨ ਕਰ ਸਕੇ। ਡੇਰੇਦਾਰਾਂ ਕੋਲੇ ਸਾਰੀ ਕਮਾਈ ਨਗਦੀ ਹੁੰਦੀ ਹੈ ਉਹ ਕਿਸੇ ਤਰਾਂ ਦਾ ਟੈਕਸ ਸਰਕਾਰ ਨੂੰ ਨਹੀਂ ਭਰਦੇ। ਪੱਛਮੀ ਮੁਲਕਾਂ ਕਨੇਡਾ, ਅਮਰੀਕਾ ਅਤੇ ਯੂਰਪ ਵਿੱਚ ਵੀ ਕਈ ਸਿੱਖ ਪ੍ਰਚਾਰਕ ਸਥਾਈ ਵਸਨੀਕ ਹਨ ਤੇ ਉਹਨਾਂ ਦੀ ਵੀ ਕਮਾਈ ਨਗਦ ਹੀ ਹੈ ਤੇ ਬਹੁਤੇ ਕਦੇ ਟੈਕਸ ਅਦਾ ਨਹੀਂ ਕਰਦੇ। ਪੰਜਾਬ ਤੋਂ ਵੀ ਸਾਧ ਲਾਣਾ ਤੇ ਰਾਗੀ ਢਾਡੀ ਆਕੇ ਇਹਨਾਂ ਦੇਸ਼ਾਂ ਦੀ ਆਰਥਕਿ ਪ੍ਰਣਾਲੀ ਤੋਂ ਲਾਭ ਉਠਾਉਦੇਂ ਹਨ।
ਪੰਜਾਬ ਦੇ ਬਹੁਤੇ ਪਿੰਡਾਂ ਦੇ ਡੇਰਿਆਂ ਵਿੱਚ ਅਖੌਤੀ ਮਹਾਂਪੁਰਖ ਸਦਾ ਵਿਹਲੇ ਰਹਿੰਦੇ ਹਨ, ਪਿੰਡਾਂ ਦੀ ਬਹੁਤੀ ਵਸੋਂ ਦੇ ਲਵੇਰਿਆਂ ਦਾ ਦੁੱਧ ਅਤੇ ਮਾਇਆ ਇਹਨਾਂ ਕੋਲੇ ਪਹੁੰਚਦੀ ਹੈ, ਬੱਚੇ ਭਾਵੇਂ ਭੁੱਖੇ ਅਤੇ ਵਿੱਦਿਆ ਤੋ ਵਾਝੇਂ ਰਹਿਣ ਪਰ ਕਮਾਈ ਵਾਲੇ ਮਹਾਂਪੁਰਖ ਹੱਥੋਂ ਲੋਕਾਈ ਦੀ ਲੁੱਟ ਧਰਮ ਦੇ ਨਾਂ ਤੇ ਜਾਰੀ ਹੈ। ਅਨਪੜਤਾ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇਹਨਾਂ ਹੱਥੋਂ ਲੁੱਟੀਦੇਂ ਹਨ, ਸਿਹਤ ਸੇਵਾਵਾਂ ਦੀ ਘਾਟ ਕਾਰਨ ਹਰ ਬਿਮਾਰੀ, ਸ਼ਗਨ, ਅਪਸ਼ਗਨ ਹਰ ਇੱਕ ਸਮਝ ਤੋਂ ਬਾਹਰੀ ਚੀਜ਼ ਧਰਮ ਜਾਂ ਰੱਬ ਦੀ ਕਰਨੀ ਬਣਾਕੇ ਪੇਸ਼ ਕੀਤੀ ਜਾਂਦੀ ਹੈ ਤੇ ਇਸਦਾ ਫਾਇਦਾ ਸਾਧਾਂ ਦੇ ਲੋਟੂ ਟੋਲਿਆਂ ਨੇ ਰੱਜਕੇ ਉਠਾਇਆ ਹੈ। ਸਿੱਖੀ ਦੇ ਗ੍ਰਹਿਸਤ ਮਾਰਗ, ਕਿਰਤ ਕਰਨ ਅਤੇ ਸਮਾਜ ਉਸਾਰੀ ਦੇ ਗੁਣਾ ਤੋਂ ਕੋਹਾਂ ਦੂਰ ਇਹ ਵਿਹਲੜ ਫਿਰ ਵੀ ਸਿੱਖੀ ਮੰਡਲ ਵਿੱਚ ਸੰਤ ਮਹਾਂਪੁਰਖ ਅਖਵਾਉਂਦੇ ਹਨ, ਬਹੁਤੇ ਅਨਪੜ ਹਨ ਪਰ ਫਿਰ ਵੀ ਬ੍ਰਹਮਗਿਆਨੀ ਕਹਾਉਂਦੇ ਹਨ। ਇਹ ਸਾਧ ਗਿਆਨ ਵਿਹੂਣੀ ਜਨਤਾ ਦੇ ਚੜਾਏ ਪੈਸੇ ਤੋਂ ਅੱਖਾਂ ਦੇ ਕੈਂਪ, ਸਕੂਲ, ਕਾਲਿਜ, ਹਸਪਤਾਲ ਬਣਾਉਦੇਂ ਹਨ, ਲੰਗਰ ਲਵਾ ਦਿੰਦੇ ਹਨ, ਕਦੇ-ਕਦੇ ਕਿਸੇ ਦੀ ਪੈਸੇ ਦੇਕੇ ਮਦਦ ਵੀ ਕਰ ਦਿੰਦੇ ਹਨ ਤਾਂ ਕਿ ਲੋਕ ਇਹਨਾਂ ਨੂੰ ਮਹਾਂ -ਪਰਉਪਕਾਰੀ ਸਮਝਣ ਪਰ ਭੋਲੀ ਜਨਤਾ ਇਹ ਨਹੀਂ ਸਮਝਦੀ ਕਿ ਸਾਧ ਉਨਾਂ ਦੇ ਪੈਸੇ ਨਾਲ ਸਾਰਾ ਕੁੱਝ ਕਰਕੇ ਜਨਤਾ ਤੋਂ ਵਾਹ-ਵਾਹ ਖੱਟਦੇ ਹਨ ਤੇ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰਦੇ ਹਨ। ਸਾਧਾਂ ਦੀ ਜੁੱਤੀ ਤੋਂ ਲੈਕੇ ਪੱਗ ਤੱਕ ਸਾਰਾ ਸਮਾਨ ਅੰਨੇ ਸ਼ਰਧਾਲੂ ਚੜਾਉਦੇਂ ਹਨ ਤੇ ਸਾਧ ਦੇ ਮਰਨ ਤੋਂ ਬਾਅਦ ਆਪਣੀਆਂ ਹੀ ਚੜਾਈਆਂ ਜੁੱਤੀਆਂ (ਜਿਵੇਂ ਰਾੜੇ ਡੇਰੇ ਈਸ਼ਰ ਸਿੰਘ ਦੀਆਂ ਜੁੱਤੀਆਂ) ਨੂੰ ਮੱਥੇ ਵੀ ਆਪ ਹੀ ਟੇਕਦੇ ਹਨ। ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦੀ ਬਜਾਏ ਜੁੱਤੀਆਂ ਦੇ ਸਿੱਖ ਬਣਾ ਦਿੰਦੇ ਹਨ। ਰਾਜਨੀਤਕ ਲੀਡਰ, ਅਦਾਕਾਰ, ਵਪਾਰੀ, ਕਿਸਾਨ, ਮੁਲਾਜ਼ਮ ਲਗਭਗ ਹਰ ਵਰਗ ਇਸ ਸਾਧ ਮਾਫੀਏ ਦੇ ਚੁੰਗਲ ਵਿੱਚ ਫਸ ਚੁੱਕਾ ਹੈ। ਰਾਜਨੀਤਕ ਲੋਕ ਸਾਧਾਂ ਨੰ ਵਰਤਦੇ ਹਨ ਤਾਂਕਿ ਸਾਧਾਂ ਦੇ ਹੋਰ ਸ਼ਰਧਾਲੂਆਂ ਜ਼ਰੀਏ ਕਾਲਾ ਧਨ ਬਚਾਇਆ ਜਾ ਸਕੇ। ਇਹ ਵੀ ਸਮਾਜਿਕ ਆਰਥਿਕਤਾ ਵਿੱਚ ਵੱਡਾ ਘਪਲਾ ਹੈ ਜੋ ਸਾਧਾਂ ਜਾਂ ਹੋਰ ਧਾਰਮਿਕ ਵਿਅਕਤੀਆਂ ਜ਼ਰੀਏ ਹੋ ਰਿਹਾ ਹੈ।
ਆਮ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਫਲਾਣੇ ਸੰਤ/ਮਹਾਂਪੁਰਖ ਬੜੇ ਕਮਾਈ ਵਾਲੇ ਹਨ। ਇਹ ਗੱਲ ਵਾਕਿਆ ਹੀ 100 ਪ੍ਰਤੀਸ਼ਤ ਠੀਕ ਹੈ ਸਾਰੇ ਹੀ ਸਾਧ ਬੜੇ ਕਮਾਈ ਵਾਲੇ ਤੇ ਪਹੁੰਚੇ ਹੋਏ ਹਨ ਕਿਉਂਕਿ ਉਹ ਅੰਨੇ ਤੇ ਗਿਆਨ ਵਿਹੂਣੇ ਸ਼ਰਧਾਲੂਆ ਤੋਂ ਚੰਗੀ ਕਮਾਈ ਕਰਕੇ ਐਸ਼ ਕਰਦੇ ਹਨ ਤੇ ਬਿਨਾਂ ਕਿਸੇ ਟੈਕਸ ਭਰੇ ਤੋਂ ਆਪਣਾ ਧੰਦਾ ਚਲਾ ਰਹੇ ਹਨ।
ਜੇਕਰ ਸਿੱਖੀ ਪ੍ਰਚਾਰ ਕਰਨ ਲਈ ਮਨ ਕਰਦਾ ਹੈ ਤਾਂ ਹਰ ਪਿੰਡ ਵਿੱਚ ਗੁਰਦੁਵਾਰਾ ਹੈ ਬਲਕਿ ਹੁਣ ਤਾਂ ਇੱਕ ਤੋਂ ਵੀ ਜ਼ਿਆਦਾ ਗੁਰਦੁਵਾਰੇ ਹਨ ਉਥੋਂ ਕਿਉਂ ਨਹੀਂ ਪ੍ਰਚਾਰ ਕੀਤਾ ਜਾਂਦਾ, ਆਪਣੇ ਨਿੱਜੀ ਡੇਰਿਆਂ ਦੀ ਭਰਮਾਰ ਕਿਉਂ? ਇਨਾਂ ਸਾਧਾਂ ਦੀਆਂ ਜਾਇਦਾਦਾਂ, ਗੱਡੀਆਂ, ਆਮਦਨਾਂ, ਚੜਾਵੇ, ਖਰਚੇ ਸਾਰਿਆਂ ਦਾ ਹਿਸਾਬ ਹੋਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਅਰਥ ਵਿਵਸਥਾ ਵਿੱਚ ਇਹ ਬਹੁਤ ਵੱਡੀ ਚੋਰ ਮੋਰੀ ਹੈ।
ਪੁਜਾਰੀਵਾਦ ਵੀ ਸਾਡੇ ਧਰਮ ਤੇ ਕਲੰਕ ਹੈ, ਬੱਚਾ ਜੰਮਣ ਤੋਂ ਲੈਕੇ ਬੰਦੇ ਦੇ ਮਰਨ ਤੱਕ, ਗੱਡੀਆਂ, ਘਰ, ਵਪਾਰ, ਬਿਮਾਰੀ ਹਰ ਛੋਟੇੋ ਵੱਡੇ ਕੰਮ ਲਈ ਗ੍ਰੰਥੀਆਂ ਨੂੰ ਪੈਸੇ ਦੇਕੇ ਅਰਦਾਸਾਂ ਕਰਾ ਰਹੇ ਹਾਂ। ਕਨੇਡਾ, ਇਗਲੈਂਡ, ਅਮਰੀਕਾ ਵਿੱਚ ਕਈ ਵਾਰ ਬੜਾ ਹਾਸੋਹੀਣਾ ਮਾਹੌਲ ਹੁੰਦਾ ਹੈ, ਜਿਹੜੇ ਗ੍ਰੰਥੀ ਨੂੰ ਆਪ ਅਜੇ ਇਮੀਗ੍ਰੇਸ਼ਨ ਨਹੀਂ ਮਿਲੀ ਹੁੰਦੀ (ਭਾਵ ਕਿ ਆਪ ਕੱਚੇ ਤੌਰ ਤੇ ਰਹਿੰਦਾ ਹੈ) ਉਸ ਤੋਂ ਅਸੀਂ ਆਪਣੇ ਪਰਿਵਾਰ ਨੂੰ ਵੀਜ਼ਾ ਮਿਲ ਜਾਣ ਲਈ ਅਰਦਾਸਾਂ ਕਰਵਾਉਦੇਂ ਹਾਂ। ਕਿ ਸਿੱਖ ਨੰ ਆਪਣੀ ਕੀਤੀ ਅਰਦਾਸ ਤੇ ਵਿਸ਼ਵਾਸ ਨਹੀਂ ਰਿਹਾ ਜਾਂ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਕਿ ਉਹ ਸਿਰਫ ਤੇ ਸਿਰਫ ਗ੍ਰੰਥੀਆਂ ਦੀ ਕੀਤੀ ਅਰਦਾਸ ਹੀ ਕਬੂਲਦੇ ਹਨ। ਮੈਂ ਗੰਥੀ ਸਿੰਘਾਂ ਦਾ ਵਿਰੋਧੀ ਨਹੀਂ ਪਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੰਗਤ ਨੂੰ ਨਿਰੋਲ ਗੁਰਮਿਤ ਫਲਸਫੇ ਨਾਲ ਜੋੜਣ ਤੇ ਆਪ ਵੀ ਜੁੜਣ।
ਅਕਾਲ ਤਖਤ ਦੇ ਪੁਜਾਰੀ (ਜਥੇਦਾਰ) ਵੀ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਤੇ ਸੰਗਤਾਂ ਦੇ ਚੜਾਵੇ ਤੇ ਪਲਣ ਵਾਲੇ ਹੀ ਹਨ। ਮੌਜੂਦਾ ਹਾਲਾਤਾਂ ਵਿੱਚ ਜੋ ਕਲੰਕ ਇਹ ਸਿੱਖ ਸਿਧਾਂਤਾਂ ਅਤੇ ਕੌਮ ਤੇ ਲਾ ਰਹੇ ਹਨ ਉਸਤੋਂ ਹਰ ਸੂਝਵਾਨ ਸਿੱਖ ਜਾਣੂ ਅਤੇ ਦੁੱਖੀ ਹੈ ਤੇ ਕਿਤੇ ਨਾ ਕਿਤੇ ਇਸ ਪਿੱਛੇ ਵੀ ਸਾਧਾਂ ਅਤੇ ਵਿਹਲੜ ਡੇਰੇਦਾਰਾਂ ਦਾ ਪੂਰਾ-ਪੂਰਾ ਹੱਥ ਹੈ।
ਖਾਲਸੇ ਦੀ 300 ਸਾਲਾ ਸ਼ਤਾਬਦੀ ਮੌਕੇ ਜਸਟਿਸ ਅਜੀਤ ਸਿੰਘ ਬੈਂਸ ਨੇ ਸੰਤ ਸਮਾਜ ਦੀ ਹੀ ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਿੱਖੋ ਤੁਸੀਂ ਹੀ ਗੁਰੂ ਸਾਹਿਬ ਦੇ ਅਸਲੀ ਵਾਰਸ ਤੇ ਸੰਤਾਨ ਹੋ ਜੋ ਹੱਕ-ਸੱਚ ਦੀ ਕਿਰਤ ਵੀ ਕਰਦੇ ਹੋ ਤੇ ਕੌਮੀ ਮੁਹਿੰਮਾ ਵਿੱਚ ਯੋਗਦਾਨ ਵੀ ਪਾਉਦੇਂ ਹੋ। ਵਿਹਲੇ ਰਹਿਕੇ ਡੇਰੇ ਬਣਾਕੇ, ਕੌਮ ਤੇ ਭੀੜ ਪੈਣ ਤੇ ਭੋਰਿਆਂ ਵਿੱਚ ਬੰਦਗੀਆਂ ਕਰਕੇ ਮਹਾਂਪੁਰਖ ਅਤੇ ਗੁਰੂ ਸਾਹਿਬ ਦੀ ਅੰਸ਼-ਵੰਸ਼ ਕਹਾਉਣ ਵਾਲੇ ਤਾਂ ਮਨੱਖ ਕਹਾਉਣ ਦੇ ਹੱਕਦਾਰ ਵੀ ਨਹੀਂ ਹਨ।
ਇਕੱਲਾ ਸਿੱਖ ਧਰਮ ਹੀ ਇਸਤੋਂ ਪ੍ਰਭਾਵਿਤ ਨਹੀਂ ਲਗਭਗ ਸਾਰੇ ਧਰਮ ਹੀ ਇਸ ਤਰਾਂ ਦੇ ਵਿਹਲੜਾਂ ਦੀ ਮਾਰ ਹੇਠ ਹਨ। ਸਾਡੇ ਸਮਾਜ ਵਿੱਚ ਇੱਕ ਜੋਤਸ਼ੀ ਵਰਗ ਹੈ ਜੋ ਬੜੇ ਤਰੀਕੇ ਨਾਲ ਸਮਾਜ ਨੂੰ ਲੁੱਟਦਾ ਹੈ, ਸ਼ਹਿਰਾਂ ਦੀ ਪੜੀ ਲਿਖੀ ਅਖਵਾਉਣ ਵਾਲੀ ਜਨਤਾ ਸਭ ਤੋਂ ਵੱਧ ਇਹਨਾਂ ਦੀ ਮਾਰ ਥੱਲੇ ਹੈ। ਬਹੁਤੇ ਆਮ ਲੋਕ, ਲੀਡਰ, ਅਦਾਕਾਰ, ਵਪਾਰੀ ਇਹਨਾਂ ਤੋਂ ਪੁੱਛੇ ਬਿਨਾਂ ਪੈਰ ਨਹੀਂ ਪੁੱਟਦੇ, ਭਾਰਤ ਦੇਸ਼ ਦਾ ਮੀਡੀਆ ਇਹਨਾਂ ਦਾ ਸਭ ਤੋਂ ਵੱਡਾ ਪ੍ਰਚਾਰਕ ਤੇ ਤਾਬਿਆਦਾਰ ਹੈ। ਲੋਕਾਈ ਦਾ ਭਵਿੱਖ ਦੱਸਣ ਵਾਲੇ ਇਹ ਜੋਤਸ਼ੀ ਜਾਂ ਤਾਂਤਰਿਕ ਆਪ ਹੀ ਲੋਕਾਂ ਦੇ ਰਹਿਮੋ -ਕਰਮ ਅਤੇ ਪੈਸੇ ਤੇ ਪਲਦੇ ਹਨ। ਆਪਣੇ ਜੋਤਿਸ਼ ਵਪਾਰ ਲਈ ਤਾਂ ਇਹਨਾਂ ਨੂੰ ਇਸ਼ਤਿਹਾਰ ਦੇਣੇ ਪੈਂਦੇ ਹਨ ਪਰ ਦੂਸਰੇ ਲੋਕਾਂ ਦੇ ਵਪਾਰ, ਪਰਿਵਾਰ, ਜ਼ਿੰਦਗੀ ਦਾ ਰਹੱਸ ਤੇ ਭਵਿੱਖ ਦੱਸਣ ਦੇ ਦਾਅਵੇ ਕਰਦੇ ਹਨ।
ਅੰਤ ਵਿੱਚ ਮੇਰੀ ਨਿੱਜੀ ਸੋਚ ਹੈ ਕਿ ਅਜਿਹੇ ਅਖੌਤੀ ਕਮਾਈਆਂ ਵਾਲੇ ਸੰਤ ਮਹਾਂਪੁਰਖ ਅਤੇ ਪੁਜਾਰੀ ਜੋ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਕਿਰਤ, ਗ੍ਰਹਿਸਤ ਨੂੰ ਤਿਆਗਕੇ ਵਿਹਲੇ ਰਹਿੰਦੇ ਹਨ ਤੇ ਕਿਰਤੀ ਗ੍ਰਹਿਸਤੀ ਸਿੱਖਾਂ ਦੀ ਕਮਾਈ ਤੇ ਪਲਦੇ ਹਨ, ਸਿੱਖਾਂ ਨੂੰ ਇਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀ ਆਮਦਨ ਅਤੇ ਖਰਚਿਆਂ ਦਾ ਹਿਸਾਬ ਲਵੇ ਤੇ ਹੋਰਾਂ ਧਨਾਢਾਂ ਵਾਂਗ ਇਹਨਾਂ ਤੋਂ ਵੀ ਟੈਕਸ ਉਗਰਾਹਿਆ ਜਾਵੇ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਤੇ ਪ੍ਰਭਾਵ ਪਵੇਗਾ ਕਿਉਂਕਿ ਜਨਤਾ ਦਾ ਪੈਸਾ ਵਿਅਰਥ ਨਹੀਂ ਜਾਵੇਗਾ ਤੇ ਦੇਸ਼ ਦੀ ਤਰੱਕੀ ਵਿੱਚ ਲੱਗੇਗਾ। ਜੇਕਰ ਅਸੀਂ ਇਸ ਲੁੱਟ ਖਸੁੱਟ ਤੋਂ ਬਚਕੇ ਗੁਰੂ ਸਾਹਿਬਾਨ ਦੇ ਦਿੱਤੇ ਕਿਰਤ ਕਰਨ, ਵੰਡ ਛਕਣ, ਸੁੱਚੀ (ਵਿਕਾਰ ਰਹਿਤ) ਰਹਿਣੀ ਅਤੇ ਸਮਾਜ ਉਸਾਰਕ ਸਿਧਾਂਤ ਨੂੰ ਦਿਲੋਂ ਅਪਣਾ ਲਈਏ ਤਾਂ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੋ ਨਿਬੜੇਗੀ ਤੇ ਸਮਾਜ ਦਾ ਆਰਥਿਕ ਵਕਾਸ ਵੀ ਹੋਵੇਗਾ।

–ਸਿੰਘ ਸਭਾ ਕਨੇਡਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?