ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਜਜ਼ਬੇ ਨੂੰ ਸਾਜ਼ਿਸ਼ ਤੇ ਦੁਨਿਆਵੀ ਤਾਕਤਾਂ ਨੂੰ ਜਾਂਚ ਲਈ ਕਹਿਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਅਵੱਗਿਆ
ਫਰੈਂਕਫਰਟ 6 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਸਵਿੰਦਰ ਸਿੰਘ,ਹਾਲੈਡ ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਗੁਨਾਹਾਂ ਨੂੰ ਕਬੂਲਣ ਤੋਂ ਬਾਅਦ ਗੋਗੂਨਾਂ ਤੋਂ ਮਿੱਟੀ ਝਾੜਨ ਵਾਲੀ ਮਾਮੂਲੀ ਜਿਹੀ ਲੱਗੀ ਤਨਖਾਹ ਅਨੁਸਾਰ ‘ਪਹਿਰੇਦਾਰੀ’ ਕਰਦਿਆਂ ਜੁਝਾਰੂ ਆਗੂ ਅਤੇ ਵਿਦਵਾਨ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕੀਤੇ ਬੇਅੰਤ ਗੁਨਾਹਾਂ ਦਾ ਇਨਸਾਫ ਕਰਨ ਦੀ ਕੋਸ਼ਿਸ਼ ਖਾਲਸਾਈ ਰਵਾਇਤਾਂ ਤੇ ਭਾਵਨਾਂ ਅਨੁਸਾਰੀ ਰਾਜੀਵ ਲੌਂਗੋਵਾਲ ਸਮਝੌਤਾ ਕਰਨ ਵਾਲੇ ਅਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਇਨਸਾਫ ਕਰਨ ਵਾਂਗ ਹੈ । ਪੰਥਕ ਜਜ਼ਬੇ ਨਾਲ ਪ੍ਰਣਾਏ ਹੋਏ, ਖਾਲਸਈ ਸਿਧਾਂਤਾਂ ਦੇ ਪਹਿਰੇਦਾਰ ਅਤੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਤਨ, ਮਨ ਤੇ ਧਨ ਨਾਲ ਯੋਗਦਾਨ ਪਾਉਣ ਵਾਲੇ ਭਾਈ ਚੌੜਾ ਦੀ ਗ੍ਰਿਫਤਾਰੀ ਦੌਰਾਨ ਅਕਾਲੀ ਦਲ ਬਾਦਲ ਦੇ ਕਰਿੰਦਿਆਂ ਵੱਲੋਂ ਦਸਤਾਰ ਉਤਾਰਨ ਦੇ ਘਿਨਾਉਣੇ ਕਾਰਨਾਮੇ ਦੀ ਵਰਲਡ ਸਿੱਖ ਪਾਰਲੀਮੈਂਟ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਦੀ ਸਰਕਾਰ ਵਿੱਚ ਸ਼ਾਮਲ ਮੰਤਰੀਆਂ ਵੱਲੋਂ ਸਿੱਖੀ ਸਿਧਾਂਤਾਂ ਦਾ ਘਾਣ, ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ, ਸਿੱਖਾਂ ਉਤੇ ਘਿਨਾਉਣਾ ਤਸ਼ੱਦਦ ਕਰਨ ਵਾਲੇ ਬੁੱਚੜ ਪੁਲਿਸ ਅਫਸਰਾਂ ਨੂੰ ਆਪਣੀ ਸਰਕਾਰ ਵਿੱਚ ਸ਼ਾਮਲ ਕਰਨ ਤੋਂ ਸ਼ੁਰੂ ਹੋ ਕੇ ਸਿੱਖ ਸੰਸਥਾਵਾਂ ਦਾ ਘਾਣ ਕਰਨ ਤੱਕ ਅਣਗਿਣਤ ਬੱਜਰ ਗੁਨਾਹ ਅਤੇ ਪਾਪ ਹਨ ਜਿਨ੍ਹਾਂ ਦੀ ਦਸਤਾਨ ਲੰਬੇਰੀ ਹੈ । ਇਹਨਾਂ ਦੇ ਬੱਜਰ ਗੁਨਾਹਾਂ ਦਾ ਜਾਗਦੀ ਜ਼ਮੀਰ ਵਾਲੇ ਸਿੱਖਾਂ ਵੱਲੋਂ ਲਗਾਤਾਰ ਵਿਰੋਧ ਕਰਨ ਤੋਂ ਬਾਅਦ ਹੀ ਇਹਨਾਂ ਦੀ ਰਾਜਨੀਤਿਕ ਹਾਰ ਹੋਈ ਤੇ ਸਿੱਖ ਪੰਥ ਵੱਲੋਂ ਇਹਨਾਂ ਨੂੰ ਪੂਰਨ ਰੂਪ ਵਿੱਚ ਨਕਾਰਿਆ ਜਾ ਚੁੱਕਾ ਹੈ ।
ਸੱਤਾ ਦੇ ਨਸ਼ਾ ਉਤਰਨ ਅਤੇ ਕੁਰਸੀ ਦਾ ਹੰਕਾਰ ਟੁੱਟਣ ਤੋਂ ਬਾਅਦ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਲੀ ਖਾਨਾਜੰਗੀ ਨੂੰ ਠੱਲ੍ਹ ਪਾਉਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ । ਸੁਖਬੀਰ ਸਿੰਘ ਬਾਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਜੋ ਕਿ ਸਮੁੱਚੇ ਪੰਥ ਨੂੰ ਪ੍ਰਵਾਨਿਤ ਨਾ ਹੋਣ ਕਰਕੇ 2 ਦਸੰਬਰ ਨੂੰ ਜਿਹੜੀ ਤਨਖਾਹ ਲਗਾਈ ਗਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਪੰਥਕ ਪਾਰਟੀ ਦੱਸ ਕੇ ਇਸ ਪਾਰਟੀ ਦੀ ਮੁੜ ਸੁਰਜੀਤੀ ਕਰਨ ਦੀ ਗੱਲ ਕੀਤੀ ਗਈ ਸੀ ਉਹ ਵੀ ਸਮੁੱਚੇ ਪੰਥ ਨੂੰ ਪ੍ਰਵਾਨ ਨਹੀਂ ਹੈ । ਇਸ ਲਈ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਪੰਥਕ ਰਵਾਇਤਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਬੇਅੰਤ ਗੁਨਾਹਾਂ ਦਾ ਇਨਸਾਫ ਕਰਨ ਦੀ ਕੋਸ਼ਿਸ਼ ਸਿੱਖ ਰਵਾਇਤਾਂ ਦੇ ਅਨੁਸਾਰੀ ਹੈ । ਭਾਈ ਨਰਾਇਣ ਸਿੰਘ ਚੌੜਾ ਦੇ ਚੁੱਕੇ ਕਦਮ ਤੋਂ ਬਾਅਦ ਜਿਸ ਤਰ੍ਹਾਂ ਦਾ ਪ੍ਰਤੀਕਰਮ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਦਿੱਤਾ ਹੈ ਉਸ ਨਾਲ ਉਨ੍ਹਾਂ ਦੇ ਅੰਦਰ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਪ੍ਰਤੀ ਅਸ਼ਰਧਾ ਪ੍ਰਗਟ ਰੂਪ ਵਿੱਚ ਬਾਹਰ ਆ ਗਈ ਅਕਾਲ ਤਖ਼ਤ ਅੱਗੇ ਭੁੱਲ ਬਖ਼ਸ਼ਾਉਣਾ ਇੱਕ ਮਹਿਜ਼ ਡਰਾਮਾ ਹੈ । ਇਸ ਤੋਂ ਅੱਗੇ ਜਾ ਕੇ ਜਥੇਦਾਰ ਰਘਬੀਰ ਸਿੰਘ ਵੱਲੋਂ ਭਾਈ ਚੌੜਾ ਵੱਲੋਂ ਚੁੱਕੇ ਕਦਮ ਨੂੰ ਸਾਜ਼ਿਸ਼ ਦੱਸ ਕੇ ਇਸ ਦੀ ਦਿੱਲੀ ਤਖਤ ਦੀਆ ਏਜੰਸੀਆਂ ਤੋਂ ਜਾਂਚ ਮੰਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਰਬਉੱਚ ਨਾ ਸਮਝਦਿਆਂ ਹੋਇਆਂ ਇਸ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਇਹ ਜਥੇਦਾਰ ਖਾਲਸਾ ਪੰਥ ਦੇ ਥਾਪੇ ਹੋਏ ਨਹੀਂ ਹਨ ਬਲਕਿ ਇੱਕ ਸਿਆਸੀ ਪਾਰਟੀ ਦੇ ਰਹਿਮੋ ਕਰਮ ਤੇ ਬਣੇ ਹੋਏ ਜਥੇਦਾਰ ਹਨ । ਭਾਈ ਨਰਾਇਣ ਸਿੰਘ ਚੌੜਾ ਦਾ ਪੱਖ ਜਾਣੇ ਬਿਨਾਂ ਉਨ੍ਹਾਂ ਦਾ ਵਿਰੋਧ ਮੰਦਭਾਗਾ ਹੈ ਅਤੇ ਇਹ ਉਹਨਾਂ ਵਿਦਵਾਨਾਂ, ਆਗੂਆਂ ਜਾਂ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ ਜੋ ਕਿ ਭਾਰਤ ਦੇ ਸੰਵਿਧਾਨ ਅੰਦਰ ਰਹਿਣ ਨੂੰ ਤਰਜੀਹ ਦਿੰਦੇ ਹਨ ਅਤੇ ਸਿੱਖ ਸਿਧਾਂਤਾਂ ਦੀ ਸਤਹੀ ਸਮਝ ਰੱਖਦੇ ਹਨ । ਉਹ ਸਿੱਖ ਪੰਥ ਨੂੰ ਪ੍ਰਣਾਏ ਹੋਏ, ਤੇ ਅਜ਼ਾਦੀ ਦੇ ਸੰਘਰਸ਼ ਵਿੱਚ ਤਨ, ਮਨ ਤੇ ਧਨ ਨਾਲ ਹਿਸਾ ਪਾਉਣ ਵਾਲੇ ਜੁਝਾਰੂਆਂ ਦੇ ਉੱਚੇ ਸੁੱਚੇ ਕਿਰਦਾਰ ਅਤੇ ਪੰਥਕ ਸੋਚ ਤੋਂ ਅਣਜਾਣ ਹਨ । ਵਰਲਡ ਸਿੱਖ ਪਾਰਲੀਮੈਂਟ ਦੀ ਅਪੀਲ ਹੈ ਕਿ ਉਹ ਪੰਥਕ ਸ਼ਖਸੀਅਤਾਂ ਖਿਲਾਫ ਭੰਡੀ ਪ੍ਰਚਾਰ ਤੋਂ ਗੁਰੇਜ਼ ਕਰਨ ।
Author: Gurbhej Singh Anandpuri
ਮੁੱਖ ਸੰਪਾਦਕ