ਜਰਮਨੀ 6 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿਧਾਂਤ ਤੋਂ ਥਿੜਕੇ ਅਕਾਲੀ ਆਗੂਆਂ ਨੂੰ ਉਨ੍ਹਾਂ ਵਲੋਂ ਕੀਤੇ ਗਲਤ ਫੈਸਲਿਆਂ ਦਾ ਅਹਿਸਾਸ ਕਰਵਾਉਣ ਹਿੱਤ ਬੀਤੇ ਦਿਨੀ (2 ਦਸੰਬਰ,2024) ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਣਾਏ ਗਏ ਇਨਸਾਫ ਪੂਰਵਕ ਫੈਸਲੇ ਦੀ ਗਲੋਬਲ ਸਿੱਖ ਕੌਂਸਲ ਭਰਪੂਰ ਸ਼ਲਾਘਾ ਕਰਦੀ ਹੈ ਅਤੇ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਅੱਜ ਇਹ ਗੱਲ ਸਾਰੀ ਦੁਨੀਆਂ ਵਿੱਚ ਸੱਚ ਹੋ ਨਿਬੜੀ ਹੈ ਕਿ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਾਨ ਹੈ, ਮਹਾਨ ਹੈ ਅਤੇ ਇਥੋਂ ਸਿਰਫ ਫੈਸਲੇ ਹੀ ਨਹੀਂ ਹੁੰਦੇ ਸਗੋਂ ਪਾਰਦਰਸ਼ੀ ਢੰਗ ਨਾਲ ਇਨਸਾਫ ਹੁੰਦਾ ਵੀ ਦਿਖਾਈ ਦਿੰਦਾ ਹੈ। ਸਿੰਘ ਸਾਹਿਬਾਨਾਂ ਵਲੋਂ ਜਿੱਥੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਨੂੰ ਤਨਖਾਹੀਏ ਕਰਾਰ ਦੇ ਕੇ ਤਨਖਾਹਾਂ ਲਗਾਈਆਂ ਗਈਆਂ ਅਤੇ ਉਥੇ ਨਾਲ ਹੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਗਏ ਗਲਤ ਫੈਸਲਿਆਂ ‘ਤੇ ਵੀ ਅਫਸੋਸ ਜਾਹਰ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣ।
ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਗੱਲ ਵੀ ਕਹੀ ਗਈ ਹੈ ਕਿ ਪਿਛਲੇ ਰਹਿ ਚੁੱਕੇ ਜਥੇਦਾਰਾਂ ਵੱਲੋਂ ਕੁਝ ਅਜਿਹੇ ਕੰਮ ਦਬਾਅ ਹੇਠ ਜਾਂ ਹੋਰ ਤਰੀਕਿਆਂ ਨਾਲ ਕੀਤੇ ਗਏ ਹਨ ਜਿਸ ਕਰਕੇ ਹੁਣ ਸਾਨੂੰ ਮੌਜੂਦਾ ਜਥੇਦਾਰਾਂ ਨੂੰ ਲੋਕਾਂ ਦੇ ਸੰਗਤਾਂ ਦੀ ਕਚਹਿਰੀ ਵਿੱਚ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ ।
ਗਲੋਬਲ ਸਿੱਖ ਕੌਂਸਲ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੀ ਹੈ ਕਿ ਜਿੱਥੇ ਤੁਸੀਂ ਪਹਿਲੇ ਰਹਿ ਚੁੱਕੇ ਜਥੇਦਾਰ ਗੁਰਬਚਨ ਸਿੰਘ ਦੀਆਂ ਕੀਤੀਆਂ ਗਲਤੀਆਂ ਤੇ ਅਫਸੋਸ ਜਾਹਰ ਕੀਤਾ ਹੈ ਉਥੇ ਹੀ ਉਹਨਾਂ ਵੱਲੋਂ ਲਏ ਗਏ ਗਲਤ ਫੈਸਲਿਆਂ ਨੂੰ ਵੀ ਵਾਪਸ ਲਿਆ ਜਾਵੇ , ਜੋ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਉਹਨਾਂ ਨੇ ਇਹ ਫੈਸਲੇ ਕਿਸੇ ਦਬਾਅ ਜਾਂ ਹੋਰ ਤਰੀਕਿਆਂ ਨਾਲ ਕੀਤੇ ਹਨ ਜਿਨ੍ਹਾਂ ਵਿੱਚ 2003 ਨਾਨਕਸ਼ਾਹੀ ਕੈਲੰਡਰ ਦਾ ਰੱਦ ਕੀਤਾ ਜਾਣਾ ਵੀ ਸ਼ਾਮਲ ਹੈ। ਉਹ ਫੈਸਲਾ ਵੀ ਵਾਪਸ ਲੈ ਕੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਉਪਰਾਲੇ ਕੀਤੇ ਜਾਣ, ਇਹ ਅਸੀਂ ਦੁਨੀਆਂ ਭਰ ਵਿੱਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ।
ਉਮੀਦ ਕਰਦੇ ਹਾਂ ਕਿ ਤੁਸੀਂ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਜਰੂਰ ਹੀ ਸ਼ਲਾਘਾਯੋਗ ਫੈਸਲਾ ਕਰੋਗੇ ਅਤੇ ਸਿੱਖ ਸੰਗਤਾਂ ਦੀ ਆਪ ਜੀ ‘ਤੇ ਰੱਖੀ ਗਈ ਉਮੀਦ ਪੂਰੀ ਕਰੋਗੇ ।
Author: Gurbhej Singh Anandpuri
ਮੁੱਖ ਸੰਪਾਦਕ