104 Views
ਜਥੇਦਾਰਾਂ ਨੂੰ ਬਲੈਕਮੇਲ ਕਰ ਰਹੇ ਨੇ ਬਾਦਲ ਦਲੀਏ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ 9 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਨੂੰ ਨਹੀਂ, ਬਲਕਿ ਗਦਾਰ ਸੁਖਬੀਰ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਹੋਈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਸ ਕੀਤਾ ਮਤਾ ਸੌਂਪਿਆ ਅਤੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ। ਜਿਸ ਉੱਤੇ ਸਖਤ ਪ੍ਰਤੀਕਰਮ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਬਾਦਲ ਦਲੀਆਂ ਦੀ ਮੱਤ ਮਾਰੀ ਜਾ ਚੁੱਕੀ ਹੈ ਤੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਖੁੱਲ੍ਹਮ ਖੁੱਲ੍ਹਾ ਪੰਥ ਦੇ ਸਿਧਾਂਤਾਂ ਵਿਰੁੱਧ ਭੁਗਤ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਦੁਰਵਰਤੋਂ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਨੇ ਆਪਣੀ ਸਾਰੀ ਉਮਰ ਖ਼ਾਲਸਾ ਪੰਥ ਅਤੇ ਖ਼ਾਲਿਸਤਾਨ ਦੇ ਸੰਘਰਸ਼ ਲੇਖੇ ਲਾ ਦਿੱਤੀ, ਹਥਿਆਰਬੰਦ ਸੰਘਰਸ਼ ਲੜਿਆ, ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲਿਆ, ਸਾਹਿਤ ਰਚਿਆ ਤੇ ਅਥਾਹ ਸੇਵਾਵਾਂ ਨਿਭਾਈਆਂ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ, ਸਿੰਘਾਂ ਨੂੰ ਸ਼ਹੀਦ ਕਰਵਾਇਆ, ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿੱਤੀ, ਜਥੇਦਾਰਾਂ ਦੀ ਸ਼ਾਨ ਨੂੰ ਰੋਲਿਆ, ਹੁਕਮਨਾਮੇ ਦੀ ਪਰੰਪਰਾ ਨੂੰ ਢਾਹ ਲਾਈ, ਸਿੱਖਾਂ ਦੇ ਦੁਸ਼ਮਣਾਂ ਨਾਲ ਯਾਰੀ ਪਾਈ, ਸਿੱਖ ਨੌਜਵਾਨੀ ਦੇ ਕਾਤਲ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ, ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਕੀਤੀ ਅਤੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ। ਉਹਨਾਂ ਕਿਹਾ ਕਿ ਤਨਖਾਹ ਭੁਗਤ ਰਿਹਾ ਸੁਖਬੀਰ ਸਿੰਘ ਬਾਦਲ ਕੋਈ ਸੇਵਾਦਾਰ ਨਹੀਂ, ਬਲਕਿ ਉਹ ਪੰਥ ਦਾ ਮੁਜ਼ਰਿਮ ਤੇ ਵੱਡਾ ਗੁਨਾਹਗਾਰ ਸੀ। ਉਹਨਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਬਾਦਲਕਿਆਂ ਦੇ ਚਾਪਲੂਸ ਆਖ ਰਹੇ ਨੇ ਕਿ ਸੁਖਬੀਰ ਨੇ ਗੁਨਾਹ ਮੰਨ ਕੇ ਪੰਥ ‘ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ ਤੇ ਬਾਦਲ ਸਾਬ੍ਹ ਹੁਣ 21ਵੀਂ ਸਦੀ ਦੇ ਮਹਾਨ ਅਕਾਲੀ ਹਨ। ਜਦ ਕਿ ਬਾਦਲਕਿਆਂ ਨੇ ਤਾਂ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਹੈ, ਉਹ ਜਥੇਦਾਰਾਂ ਨੂੰ ਬਲੈਕਮੇਲ ਕਰ ਰਹੇ ਹਨ, ਜਥੇਦਾਰਾਂ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਚੁੱਕੇ ਹਨ, ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੋਏ ਹੁਕਮ ਅਨੁਸਾਰ ਅਜੇ ਤੱਕ ਅਸਤੀਫੇ ਨਹੀਂ ਦਿੱਤੇ, ਬਾਦਲਕੇ ਸੋਸ਼ਲ ਮੀਡੀਆ ਉੱਤੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ ਅਤੇ 2 ਦਸੰਬਰ ਵਾਲੇ ਫੈਸਲੇ ਤੋਂ ਦੁਖੀ ਹਨ ਤੇ ਅਕਾਲੀ ਦਲ ਦੀ ਅਗਵਾਈ ਲਈ ਆਪਣੇ ਆਪ ਨੂੰ ਦੁੱਧ ਧੋਤੇ ਸਮਝ ਰਹੇ ਹਨ। ਇਹਨਾਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਥ ਦੇ ਗ਼ਦਾਰ ਬਾਦਲਕੇ ਕਦੇ ਵੀ ਨਹੀਂ ਸੁਧਰ ਸਕਦੇ, ਇਹ ਫਿਰ ਪੰਥ ਦਾ ਨੁਕਸਾਨ ਕਰਨਗੇ। ਪਰ ਪੰਥ ਦਾ ਕੁਝ ਨਹੀਂ ਵਿਗੜੇਗਾ ਤੇ ਬਾਦਲਾਂ ਦਾ ਕੱਖ ਨਹੀਂ ਰਹੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਬਾਦਲ ਦਲੀਆਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਜਦੋਂ ਬਾਦਲਾਂ ਦੀ ਸਰਕਾਰ ਵਿੱਚ ਬੇਅਦਬੀਆਂ ਹੋ ਰਹੀਆਂ ਸਨ ਅਤੇ ਇਨਸਾਫ ਮੰਗਦੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਸਨ ਉਦੋਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਿਉਂ ਨਾ ਕੀਤੀ, ਤੁਹਾਡੀਆਂ ਜ਼ਮੀਰਾਂ ਕਿਉਂ ਮਰ ਗਈਆਂ ਹਨ, ਤੁਸੀਂ ਗੁਰੂ ਦੇ ਸਿੱਖ ਨਹੀਂ ਬਲਕਿ ਬਾਦਲਾਂ ਦੇ ਪਾਲਤੂ ਬਣ ਚੁੱਕੇ ਹੋ, ਤੁਸੀਂ ਸੁਖਬੀਰ ਬਾਦਲ ਦਾ ਹੁਕਮ ਵਜਾ ਰਹੇ ਹੋ, ਤਲਵੇ ਚੱਟ ਰਹੇ ਹੋ, ਪੰਥ ਤੁਹਾਡੀਆਂ ਕਰਤੂਤਾਂ ਨੂੰ ਵੇਖ ਰਿਹਾ ਹੈ, ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਣਤਾਂ ਪਾਉਣਗੀਆਂ। ਉਹਨਾਂ ਕਿਹਾ ਕਿ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਣ ਵਾਲੇ ਅਤੇ ਸਿੱਖਾਂ ਦੇ ਕਤਲ ਕਰਵਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮਾਮੂਲੀ ਤਨਖਾਹ ਲੱਗੀ ਹੈ ਤੇ ਬਾਦਲ ਦਲੀਏ ਅੰਦਰੋਂ ਉਸ ਤੋਂ ਵੀ ਔਖੇ ਹਨ, ਪਰ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਚਲਾਈ ਗੋਲੀ ਕਰਕੇ ਉਸਨੂੰ ਪੰਥ ਵਿੱਚੋਂ ਛੇਕਣ ਦੀਆਂ ਮੰਗਾਂ ਕਰ ਰਹੇ ਹਨ ਜੇ ਬਾਦਲ ਦਲੀਆਂ ਦੀ ਨਜ਼ਰਾਂ ‘ਚ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤਾ ਖ਼ਾਲਸਾਈ ਕਾਰਨਾਮਾ ਪੰਥ ਵਿਰੋਧੀ ਹੈ ਤਾਂ ਉਹਨਾਂ ਨੂੰ ਪੁਲਿਸ ਕੋਲ ਫੜਾਉਣ ਦੀ ਬਜਾਏ ਜਥੇਦਾਰਾਂ ਕੋਲ ਮਾਮੂਲੀ ਤਨਖਾਹ ਲਵਾ ਦੇਣ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਲੱਗੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲ ਦਲੀਆਂ ਨੇ ਜਥੇਦਾਰਾਂ ਉੱਤੇ ਦਬਾਅ ਪਵਾ ਕੇ ਪਹਿਲਾਂ ਵੀ ਕਈ ਪੰਥ ਵਿਰੋਧੀ ਫੈਸਲੇ ਕਰਵਾਏ ਸਨ ਜੋ ਖ਼ਾਲਸਾ ਪੰਥ ਨੇ ਕਦੇ ਵੀ ਨਹੀਂ ਮੰਨੇ, ਤੇ ਜਥੇਦਾਰਾਂ ਦਾ ਪੰਥ ਵਿੱਚ ਭਾਰੀ ਵਿਰੋਧ ਹੋਇਆ ਤੇ ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪਏ। ਜੇ ਹੁਣ ਵੀ ਜਥੇਦਾਰ, ਬਾਦਲਾਂ ਦੇ ਆਖੇ ਲੱਗ ਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਦੇ ਹਨ ਤਾਂ ਜਥੇਦਾਰਾਂ ਦਾ ਹਾਲ ਵੀ ਜਥੇਦਾਰ ਅਰੂੜ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਾਲਾ ਹੋਵੇਗਾ ਤੇ ਪੰਥ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਅਨੁਸਾਰ ਉਸਨੂੰ ਤੁਰੰਤ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਵੇ, ਉਸਨੂੰ ਹੁਣ ਸਿੱਖ ਅਤੇ ਅਕਾਲੀ ਅਖਵਾਉਣ ਦਾ ਕੋਈ ਹੱਕ ਨਹੀਂ, ਉਹ ਪੰਥ ਅਤੇ ਪੰਜਾਬ ਦੀ ਸਿਆਸਤ ਤੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਕੋਈ ਦਖਲਅੰਦਾਜੀ ਨਾ ਕਰੇ।
Author: Gurbhej Singh Anandpuri
ਮੁੱਖ ਸੰਪਾਦਕ