Home » ਸੰਪਾਦਕੀ » ਸ੍ਰੋਮਣੀ ਕਮੇਟੀ ਦਾ ਨਾਇਕ ਸੁਖਬੀਰ ਸਿੰਘ ਬਾਦਲ ਕਿਉਂ, ਗੁਰੂ ਪੰਥ ਕਿਉਂ ਨਹੀਂ – ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

ਸ੍ਰੋਮਣੀ ਕਮੇਟੀ ਦਾ ਨਾਇਕ ਸੁਖਬੀਰ ਸਿੰਘ ਬਾਦਲ ਕਿਉਂ, ਗੁਰੂ ਪੰਥ ਕਿਉਂ ਨਹੀਂ – ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

36 Views

ਸ੍ਰੋਮਣੀ ਕਮੇਟੀ ਦਾ ਨਾਇਕ ਸੁਖਬੀਰ ਸਿੰਘ ਬਾਦਲ ਕਿਉਂ, ਗੁਰੂ ਪੰਥ ਕਿਉਂ ਨਹੀਂ – ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

ਹੁਣੇ ਜਿਹੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਪੰਥ ਦੀ ਥਾਂ ਬਾਦਲ ਪਰਿਵਾਰ ,ਬਾਦਲ ਪੰਥ ਜਿਸਦੇ ਸਿਰਜਣਹਾਰ ਪ੍ਰਕਾਸ਼ ਸਿੰਘ ਬਾਦਲ ਸਨ ,ਦਾ ਧਰਮ ਪਾਲਦਿਆਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅਕਾਲ ਤਖਤ ਦੇ ਜਥੇਦਾਰ ਤੋਂ ਮੰਗ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਿਆ ਜਾਵੇ । ਇਸ ਲਈ ਉਨ੍ਹਾਂ ਕਮੇਟੀ ਦੀ ਮੀਟਿੰਗ ਵਿਚ ਮਤਾ ਵੀ ਲਿਆਂਦਾ ਹੈ।ਧਾਮੀ ਨੇ ਕਿਹਾ ਕਿ ਗੋਲੀ ਦੀ ਇਸ ਘਟਨਾ ਦੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਇਕ ਕਮੇਟੀ ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ, ਸੁਖਹਰਪ੍ਰੀਤ ਸਿੰਘ ਰੋਡੇ ਅੰਤ੍ਰਿੰਗ ਮੈਂਬਰ, ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਅਤੇ ਪ੍ਰਤਾਪ ਸਿੰਘ ਸਕੱਤਰ (ਕੋਆਰਡੀਨੇਟਰ) ਦਾ ਗਠਨ ਕੀਤਾ ਗਿਆ ਹੈ, ਜੋ ਤਿੰਨ ਹਫਤਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਸੰਬੰਧੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਸਿਖ ਸੰਗਤ ਨਾਰਾਇਣ ਸਿੰਘ ਚੌੜਾ ਦੇ ਐਕਸ਼ਨ ਨਾਲ ਸਹਿਮਤ ਨਹੀਂ, ਕਿਉਂ ਇਸ ਐਕਸ਼ਨ ਨੇ ਲੀਹੋਂ ਲਥੇ ਬਾਦਲ ਦਲ ਨੂੰ ਉਭਰਨ ਦਾ ਭਰਮ ਬਣਾਇਆ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਦਾ ਸੇਵਾਦਾਰ ਤੇ ਨਿਰਮਾਣ ਸਖਸ਼ੀਅਤ ਦੀ ਮਿਥ ਘੜਨ ਦਾ ਬਾਦਲ ਦਲ ਨੂੰ ਮੌਕਾ ਦਿਤਾ ਹੈ।ਪਾਵਨ ਅਸਥਾਨ ਦਰਬਾਰ ਸਾਹਿਬ ਕੋਲ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ।ਭਾਵੇਂ ਕਿ ਕੁਛ ਪੰਥਕ ਧਿਰਾਂ ਭਾਈ ਚੌੜਾ ਦੇ ਐਕਸ਼ਨ ਨੂੰ ਦੁਰਸਤ ਠਹਿਰਾ ਰਹੀਆਂ ਹਨ।ਇਸ ਦੀ ਤੁਲਨਾ ਮੱਸਾ ਰੰਘੜ ਦੇ ਐਕਸ਼ਨ ਨਾਲ ਕਰ ਰਹੀਆਂ ਹਨ। ਪਰ ਇਹ ਸਚ ਹੈ ਕਿ ਇਸ ਐਕਸ਼ਨ ਤੋਂ ਬਾਅਦ ਕਲੀਅਰ ਹੋ ਗਿਆ ਕਿ ਗੁਨਾਹਗਾਰ ਅਕਾਲੀ ਲੀਡਰਸ਼ਿਪ ਵਿਚ ਕੋਈ ਤਬਦੀਲੀ ਨਹੀਂ ਆਈ ਇਹਨਾਂ ਦਾ ਪ੍ਰੋਗਰਾਮ ਸਿਖ ਸਿਧਾਂਤ ਛਿਕੇ ਟੰਗਕੇ ਸਤਾ ਹਾਸਿਲ ਕਰਨਾ ਹੈ।

ਪਰ ਭਾਈ ਚੌੜਾ ਦੀ ਭਾਵੁਕਤਾ ਵਿਚ ਇਹ ਗਲਤੀ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਤੋਂ ਵਡੀ ਹੈ।ਸੁਖਬੀਰ ਸਿੰਘ ਬਾਦਲ ਆਪ ਮੰਨ ਗਿਆ ਕਿ ਉਹ ਗੁਰੂ ਬੇਅਦਬੀ,ਸੌਦਾ ਸਾਧ ਨੂੰ ਮਾਫੀ ,ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਵਿਖੇ ਤਲਬ ਕਰਨ ,ਬਹਿਬਲ ਗੋਲੀ ਕਾਂਡ,ਤੇ ਬੁਚੜ ਪੁਲੀਸ ਅਫਸਰਾਂ ਨੂੰ ਅਕਾਲੀ ਸਰਕਾਰ ਵਿਚ ਉਚੇ ਅਹੁਦੇ ਦਿਵਾਉਣ ਦਾ ਜ਼ਿੰਮੇਵਾਰ ਹੈ।

ਸਿਖ ਪੰਥ ਹਾਲੇ ਵੀ ਮੰਨਦਾ ਕਿ ਸੁਖਬੀਰ ਬਾਦਲ ਦੇ ਗੁਨਾਹਾਂ ਦੀ ਸਜ਼ਾ ਜੋ ਅਕਾਲ ਤਖਤ ਸਾਹਿਬ ਤੋਂ ਦਿਤੀ ਗਈ ਹੈ ਉਹ ਸੰਤੁਸ਼ਟੀਜਨਕ ਨਹੀਂ ਹੈ।ਉਸਨੂੰ ਪੰਥ ਵਿਚੋਂ ਛੇਕਣਾ ਚਾਹੀਦਾ ਸੀ ਜਾਂ ਅਕਾਲੀ ਦਲ ਵਿਚੋਂ ਬਾਹਰ ਕਢਿਆ ਜਾਣਾ ਚਾਹੀਦਾ ਸੀ।ਪਰ ਜਥੇਦਾਰ ਬਾਦਲਕਿਆਂ ਦੇ ਕਾਬਜ ਪ੍ਰਬੰਧ ਵਿਚ ਏਨਾ ਹੀ ਕੁਝ ਕਰ ਸਕਦੇ ਸਨ।ਪਰ ਹੋਲੀ ਹੋਲੀ ਇਹਨਾਂ ਫੈਸਲਿਆਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਨੇ ਦਲੀਲ ਦਿਤੀ ਕਿ ਜਥੇਦਾਰਾਂ ਦੀ ਬਣਾਈ ਕਮੇਟੀ ਚੋਣ ਕਮਿਸ਼ਨ ਅਨੁਸਾਰ ਅਕਾਲੀ ਦਲ ਵਰਗੀ ਸਿਆਸੀ ਜਮਾਤ ਨਹੀਂ ਬਣਾ ਸਕਦੀ।ਇਸ ਬਾਰੇ ਅਕਾਲ ਤਖਤ ਸਾਹਿਬ ਵਿਚਾਰ ਕਰੇ।

ਸੁਆਲ ਇਹ ਹੈ ਕਿ ਜੇਕਰ ਅਕਾਲੀ ਦਲ ਸਿਰਫ ਧਰਮ ਨਿਰਪਖ ਰਾਜਨੀਤਕ ਜਮਾਤ ਹੈ ਉਸ ਨੂੰ ਸ੍ਰੋਮਣੀ ਕਮੇਟੀ ਉਪਰ ਕਬਜਾ ਛਡਣਾ ਚਾਹੀਦਾ।ਇਸ ਨਾਲ ਖਾਲਸਾ ਜੀ ਦੇ ਬੋਲਬਾਲੇ ਸਭਿਆਚਾਰ ,ਸਿੱਖੀ ਦੇ ਪ੍ਰਚਾਰ ਦਾ ਘਾਣ ਹੋ ਰਿਹਾ,ਪ੍ਰਚਾਰ ਦੀ ਘਾਟ ਹੋਣ ਕਾਰਣ ਸਿੱਖ ਵਡੀ ਗਿਣਤੀ ਵਿਚ ਈਸਾਈ ਬਣ ਰਹੇ ਹਨ।ਸਿੱਖੀ ਤੋਂ ਦੂਰ ਹੋ ਰਹੇ ਹਨ।ਬਹੁਗਿਣਤੀ ਸਿਖਾਂ ਨੂੰ ਆਪਣੇ ਫਲਸਫੇ ,ਸਿਧਾਂਤ ਤੇ ਇਤਿਹਾਸ ਦੀ ਜਾਣਕਾਰੀ ਵੀ ਨਹੀਂ ਹੈ।

ਸਿਖ ਪੰਥ ਨੂੰ ਪੰਥਕ ਜਮਾਤ ਦੀ ਲੋੜ ਹੈ, ਨਾ ਕਿ ਧਰਮ ਨਿਰਪਖ ਸਿਆਸੀ ਜਮਾਤ ਦੀ।ਫਿਰ ਸਿਆਸੀ ਜਮਾਤ ਕਾਂਗਰਸ, ਭਾਜਪਾ ,ਆਪ ਵੀ ਹਨ,ਉਸ ਤੋਂ ਵੀ ਸਿਖ ਪੰਥ ਰਾਜਸੀ ਲਾਭ ਪ੍ਰਾਪਤ ਕਰ ਸਕਦਾ ਹੈ ਜਿੰਨੇ ਕੁ ਧਰਮ ਨਿਰਪੱਖ ਅਜਿਹੇ ਅਕਾਲੀ ਦਲ ਤੋਂ। ਜਥੇਦਾਰ ਅਕਾਲ ਤਖਤ ਇਸ ਫੈਸਲੇ ਨੂੰ ਬਦਲਣ ਦਾ ਯਤਨ ਨਾ ਕਰਨ।ਜੇ ਸੰਘ ਪਰਿਵਾਰ ਭਾਜਪਾ ਵਰਗੀ ਰਾਜਸੀ ਜਮਾਤ ਬਣਾ ਸਕਦਾ ਹੈ ਤਾਂ ਅਕਾਲੀ ਦਲ ਵੀ ਬਣਾ ਲਵੇਗਾ।ਪਰ ਸਤਾ ਪਿਛੇ ਅਕਾਲੀ ਦਲ ਦਾ ਸਰੂਪ ਵਿਗਾੜਨਾ ਪੰਥਕ ਵਿਰਾਸਤ ਨਾਲ ਧੋਖਾ ਹੈ ਜਿਥੇ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਖਲੌਤੀ ਹੈ ਤੇ ਇਕ ਹੋਰ ਗੁਨਾਹ ਕਰਨਾ ਚਾਹੁੰਦੀ ਹੈ।

ਸੁਆਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਪ੍ਰਤੀਨਿਧ ਹਨ ਜਾਂ ਖਾਲਸਾ ਪੰਥ ਦੇ।ਜੇ ਉਹ ਖਾਲਸਾ ਪੰਥ ਦੇ ਪ੍ਰਤੀਨਿਧ ਹਨ ਤਾਂ ਉਨਾਂ ਸ੍ਰੋਮਣੀ ਕਮੇਟੀ ਵਿਚ ਮਤਾ ਕਿਉਂ ਨਹੀਂ ਪਾਸ ਕਰਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਿਖ ਪੰਥ ਵਿਚੋਂ ਛੇਕਿਆ ਜਾਵੇ।ਕੀ ਭਾਈ ਚੌੜੇ ਦੀ ਗਲਤੀ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਤੋਂ ਵਡੀ ਹੈ।ਇਸ ਗਲ ਦਾ ਜੁਆਬ ਧਾਮੀ ਨੂੰ ਦੇਣਾ ਪਵੇਗਾ।ਕਿਉਂ ਕਿ ਲੰਮੇ ਸਮੇਂ ਤੋਂ ਉਹ ਸੁਖਬੀਰ ਦੀ ਪੁਸ਼ਤ ਪਨਾਹੀ ਕਰਕੇ
ਸਿਖ ਪੰਥ ਵਿਚ ਸ਼ੱਕੀ ਸਖਸ਼ੀਅਤ ਬਣ ਰਹੇ ਹਨ।ਗੁਰਮਤਿ ਦਾ ਸੰਦੇਸ਼ ਹੈ ਕਿ ਜੇ ਕੋਈ ਜਾਣਦਾ ਹੋਇਆ ਵੀ ਅਣਜਾਣ ਬਣ ਕੇ ਗਲਤ ਕਰਮ ਕਰੀ ਜਾਂਦਾ ਹੈ ਤਾਂ ਉਸਨੂੰ ਸਿਆਣਾ ਕੌਣ ਆਖੇਗਾ ਉਸਦੀ ਹਾਲਤ ਤਾਂ ਉਸ ਮਨੁੱਖ ਵਰਗੀ ਹੈ ਜੋ ਹੱਥ ਵਿੱਚ ਜਗਦਾ ਹੋਇਆ ਦੀਵਾ ਲੈ ਕੇ ਖੂਹ ਵਿੱਚ ਡਿਗ ਪਵੇ-

ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।। ੨੧੬।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?