ਲੱਖਪਤ, ਸਰਹੱਦ ਨੇੜੇ ਵਸਿਆ ਗੁਜਰਾਤ ਦਾ ਹੀ ਨਹੀਂ ਪੂਰੇ ਪੱਛਮੀ ਭਾਰਤ ਦਾ ਆਖਰੀ ਪਿੰਡ ਹੈ। ਕਿਸੇ ਸਮੇਂ ਇਹ ਵੱਡਾ ਸ਼ਹਿਰ ਅਖਵਾਉਂਦਾ ਸੀ ਤੇ ਇਸਦੀ ਇਲਾਕੇ ਵਿੱਚ ਤੂਤੀ ਬੋਲਦੀ ਸੀ। ਇਸਦਾ ਨਾਮ ਲੱਖਪਤ ਵੀ ਇਸ ਕਰਕੇ ਪਿਆ ਕਿਉਂਕਿ ਲੱਖਾਂਪਤੀ ਬੰਦੇ ਇਸ ਸ਼ਹਿਰ ਦੇ ਵਸਨੀਕ ਸਨ। ਸੰਨ 1820 ਤੱਕ ਇੱਥੇ ਗੁਜਰਾਤ ਦੀ ਸਭ ਤੋਂ ਵੱਡੀ ਬੰਦਰਗਾਹ ਹੋਇਆ ਕਰਦੀ ਸੀ ਅਤੇ ਸਮੁੰਦਰੀ ਰਸਤੇ ਅਰਬ ਦੇਸ਼ਾਂ ਤੱਕ ਜਹਾਜ਼ ਚੱਲਦੇ ਸਨ ਤੇ ਮਸਾਲੇ, ਦਾਲਾਂ ਆਦਿ ਦਾ ਵਪਾਰ ਹੋਇਆ ਕਰਦਾ ਸੀ।
ਸੰਨ 1819 ਵਿੱਚ ਇੱਕ ਵੱਡਾ ਭੂਚਾਲ ਆਇਆ ਜਿਸਨੂੰ ਗੁਜਰਾਤੀ ਲੋਕ ਆਪਣੀ ਭਾਸ਼ਾ ਵਿੱਚ`ਅੱਲਾਬੰਦ’ ਬੋਲਦੇ ਹਨ। ਇਸ ਨਾਲ ਧਰਤੀ ਉਪਰ ਉਠ ਗਈ ਤੇ ਸਮੁੰਦਰ ਸੁੱਕ ਗਿਆ। ਅਰਬ ਸਾਗਰ ਦਸ ਕਿਲੋਮੀਟਰ ਪਿੱਛੇ ਪਾਕਿਸਤਾਨ ਵੱਲ ਚਲਿਆ ਗਿਆ ਜਿਸ ਨਾਲ ਸਭ ਕੁਝ ਤਬਾਹ ਹੋ ਗਿਆ ਤੇ ਕਾਰੋਬਾਰ ਬੰਦ ਹੋ ਗਏ। ਲੋਕ ਇਸ ਸ਼ਹਿਰ ਨੂੰ ਛੱਡਕੇ ਜਾਣ ਲੱਗ ਪਏ ਤੇ ਹੌਲੀ-ਹੌਲੀ ਇਸ ਸ਼ਹਿਰ ਖੰਡਰ ਬਣ ਗਿਆ।
ਇਤਿਹਾਸ ਮੁਤਾਬਕ ਗੁਰੂ ਸਾਹਿਬ ਆਪਣੀ ਚੌਥੀ ਉਦਾਸੀ ਦੌਰਾਨ ਇੱਥੇ ਆਏ ਤੇ ਮੱਕੇ ਜਾਣ ਲਈ ਉਹਨਾਂ ਇਸ ਬੰਦਰਗਾਹ ਤੋਂ ਜਹਾਜ਼ ਲਿਆ। ਇੱਥੇ ਉਹਨਾਂ ਦੀ ਯਾਦ ਵਿੱਚ ਪਿੰਡ ਦੇ ਐਨ ਵਿਚਕਾਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਇਹ ਇਮਾਰਤ ਉਸ ਸਮੇਂ ਕਿਸੇ ਹਿੰਦੂ ਦਾ ਘਰ ਹੋਇਆ ਕਰਦੀ ਸੀ, ਗੁਰੂ ਸਾਹਿਬ ਤੋਂ ਬਾਅਦ ਇਹ ਗੁਰਦੁਆਰਾ ਦੇ ਰੂਪ ਵਿੱਚ ਤਬਦੀਲ ਹੋਈ ਤੇ ਯੂਨੈਸਕੋ ਵਰਲਡ ਹੈਰੀਟੇਜ ਮੁਤਾਬਕ ਇਹ ਇਮਾਰਤ ਲਗਭਗ 500 ਸਾਲ ਪੁਰਾਣੀ ਦੱਸੀ ਜਾਂਦੀ ਹੈ। ਹੁਣ ਭਾਰਤ ਦਾ ਪੁਰਾਤਤਵ ਵਿਭਾਗ ਇਸਦੀ ਦੇਖ-ਭਾਲ ਕਰ ਰਿਹਾ ਹੈ।
ਮੈਂ ਸੋਚਦਾਂ ਹਾਂ ਕਿ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਕਾਰਨ ਹੀ ਇਹ ਬਾਬਿਆਂ ਦੇ ਹਥੌੜਿਆਂ ਤੋਂ ਬਚ ਗਈ, ਨਹੀਂ ਤਾਂ ਕਦੋਂ ਦਾ ਇੱਥੇ ਸੰਗਮਰ-ਮਰ ਚੜਿਆ ਹੋਣਾ ਸੀ। ਸੋ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਇਹੋ ਜਿਹੀਆਂ ਥਾਵਾਂ ਵੱਲ ਆਈਏ ਤੇ ਸਾਡੀਆਂ ਇਤਿਹਾਸਕ ਇਮਾਰਤਾਂ ਨੂੰ ਦੇਖੀਏ। ਸਾਡੀ ਵਿਰਾਸਤ ਦੇਖੀਏ ਤੇ ਬਗਲੇ ਬਾਬਿਆਂ ਤੱਕ ਸੁਨੇਹਾ ਪੁੱਜਦਾ ਕਰੀਏ ਕਿ ਅਸਲ ਵਿੱਚ ਸੇਵਾ-ਸੰਭਾਲ ਕੀ ਹੁੰਦੀ ਹੈ।
Ripandeep Singh Chahal
Author: Gurbhej Singh Anandpuri
ਮੁੱਖ ਸੰਪਾਦਕ