ਪਿੰਡ ਨੌਰੰਗਾਬਾਦ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ,
ਤਰਨਤਾਰਨ ਜ਼ਿਲ੍ਹੇ ਦਾ ਇਹ ਇਕ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ ਜੋ ਤਰਨਤਾਰਨ ਤੋਂ ਗੋਇੰਦਵਾਲ ਜਾਂਦਿਆਂ 6 ਕਿ. ਮੀ. (4 ਮੀਲ) ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ ਰੱਖਿਆ ਜੋ ਵਿਗੜਦਾ ਵਿਗੜਦਾ ਨੌਰੰਗਾਬਾਦ ਬਣ ਗਿਆ। ਇਹ ਸਰਾਂ ਕਿਲ੍ਹੇ ਵਾਂਗ ਬਣਵਾਈ ਗਈ ਸੀ ਜਿਸ ਦੀਆਂ ਚਾਰ ਨੁੱਕਰਾਂ ਤੇ ਬੁਰਜ ਸਨ। ਇਸ ਸਰਾਂ ਦਾ ਰਕਬਾ ਇੱਕ ਮੁਰੱਬਾ ਜ਼ਮੀਨ ਤੱਕ ਫੈਲਿਆ ਹੋਇਆ ਸੀ। ਇਸ ਦੀਆਂ ਕੰਧਾਂ ਦੋ ਗਜ਼ ਚੌੜੀਆਂ ਸਨ । ਬਾਅਦ ਵਿੱਚ ਇਹ ਸਰਾਂ ਪਿੰਡ ਵਿੱਚ ਬਦਲਣ ਲੱਗੀ ਅਤੇ ਸਾਰਾ ਪਿੰਡ ਸਰਾਂ ਵਿੱਚ ਹੀ ਰਹਿੰਦਾ ਸੀ। ਹੁਣ ਸਰਾਂ ਦੇ ਸਿਰਫ ਖੰਡਰ ਹੀ ਬਾਕੀ ਹਨ।ਇਸ ਪਿੰਡ ਦੇ ਲਹਿੰਦੇ ਪਾਸੇ ਖਸਤਾ ਹਾਲਤ ਵਿੱਚ ਇੱਕ ਤਲਾਬ, ਅਤੇ ਖੂਹ ਮੋਜੂਦ ਹੈ ਜੋਂ ਕਿ ਬੈਸਾਖ ਸੁਦੀ 5. 1952 ਅਪ੍ਰੈਲ 1895 ਨੂੰ ਬਿਸ਼ਨ ਕੌਰ, ਪ੍ਰੇਮ ਕੌਰ ਵਿਧਵਾ, ਲਾਲਾ, ਫੇਰੂਮਲ ਸੇਠ ਧਰਤੀ ਵਾਲਾ ਕਟੜਾ ਚੜ੍ਹਤ ਸਿੰਘ ,ਕੂਚਾ ਲੁਹਾਰਾਂ ਅੰਮ੍ਰਿਤਸਰ ਦੁਆਰਾ ਬਣਾਏ ਗਏ ਹਨ।
ਇਥੇ ਹੀ ਉੱਘੇ ਸੰਤ ਬਾਬਾ ਬੀਰ ਸਿੰਘ ਦਾ ਇਸ ਥਾਂ ਡੇਰਾ ਸੀ ਜਿਨ੍ਹਾਂ ਦੀ ਆਸਪਾਸ ਬਹੁਤ ਮਾਨਤਾ ਸੀ। ਇਸ ਥਾਂ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਗੁਰਦੁਆਰੇ ਨਾਲ ਲਗਭਗ 150 ਏਕੜ ਜ਼ਮੀਨ ਵੀ ਹੈ। ਇਸ ਗੁਰਦੁਆਰੇ ਵਿਚ ਹਰ ਸਾਲ 27 ਵਿਸਾਖ, 28 ਸਾਵਣ ਅਤੇ ਮਾਘੀ ਵਾਲੇ ਦਿਨ ਭਾਰੀ ਮੇਲੇ ਲਗਦੇ ਹਨ। ਇਸ ਗੁਰਦੁਆਰੇ ਦੇ ਨੇੜੇ ਹੀ ਇਕ ਥੜ੍ਹਾ ਹੈ ਅਤੇ ਛੱਤ ਤੋਂ ਬਿਨਾਂ ਦੋ ਮੰਜ਼ਲੀ ਇਕ ਇਮਾਰਤ ਵੀ ਹੈ ਜੋ ਉਨ੍ਹਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਯਾਦ ਵਿਚ ਬਣਾਈ ਗਈ ਸੀ। ਇਹ ਬਾਬਾ ਜੀ ਬਾਬਾ ਵੀਰ ਸਿੰਘ ਦੇ ਅਧਿਆਤਮਕ ਗੁਰੂ ਸਨ ਅਤੇ ਇਸ ਥਾਂ ਤਿੰਨ ਦਿਨ ਲਈ ਠਹਿਰੇ ਸਨ। ਮਹਾਰਾਜਾ ਰਣਜੀਤ ਸਿੰਘ ਦੇ 1839 ਵਿੱਚ ਅਕਾਲ ਚਲਾਣਾ ਕਰ ਜਾਣ ਬਾਅਦ ਜੋ ਉਤਰਾਅ-ਚੜਾਅ ਲਾਹੌਰ ਦੇ ਸਿੱਖ ਦਰਬਾਰ ਵਿੱਚ ਹੋਣ ਲੱਗੇ, ਉਹਨਾਂ ਤੋਂ ਬਾਬਾ ਬੀਰ ਸਿੰਘ ਬਹੁਤ ਦੁਖੀ ਸਨ ਅਤੇ ਸਿੱਖ ਰਾਜ ਦੀ ਚੜ੍ਹਦੀ ਕਲਾ ਲਈ ਤੱਤਪਰ ਸਨ। ਇਸ ਸੰਕਟਮਈ ਸਮੇਂ ਵਿੱਚ ਸਿੱਖ ਫੌਜੀ ਅਤੇ ਕਿਸਾਨ ਵਰਗ ਅਗਵਾਈ ਲੈਣ ਲਈ ਉਹਨਾਂ ਕੋਲ ਪਹੁੰਚਣ ਲੱਗੇ। ਇੱਥੋਂ ਤਕ ਕਿ ਉਸ ਸਮੇਂ ਦੇ ਕਈ ਸਿਰਕੱਢ ਸਰਦਾਰ ਅਤੇ ਦਰਬਾਰੀ ਵੀ ਉਹਨਾਂ ਦੇ ਡੇਰੇ ਵਿੱਚ ਜਾਂਦੇ ਸਨ, ਜਿਹਨਾਂ ਵਿੱਚੋਂ ਪ੍ਰਮੁੱਖ ਅਤਰ ਸਿੰਘ ਸੰਧਾਵਾਲੀਆ, ਕੰਵਰ, ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ, ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਪੁੱਤਰ ਜਵਾਹਰ ਸਿੰਘ ਨਲਵਾ ਅਤੇ ਦੀਵਾਨ ਬਸਾਖਾ ਸਿੰਘ ਸਨ। ਇਸ ਇਕੱਠ ਨਾਲ ਬਾਬਾ ਬੀਰ ਸਿੰਘ ਦਾ ਨੌਰੰਗਾਬਾਦ ਵਿਖੇ ਡੇਰਾ ਇੱਕ ਪ੍ਰਕਾਰ ਨਾਲ ਲਾਹੌਰ ਦੇ ਸਿੱਖ ਦਰਬਾਰ ਉੱਤੇ ਡੋਗਰਿਆਂ ਦੇ ਗਲਬੇ ਵਿਰੁੱਧ ਬਗਾਵਤ ਦਾ ਕੇਂਦਰ ਬਣ ਗਿਆ। ਹਰੀ ਸਿੰਘ ਡੋਗਰਾ, ਜੋ ਇਸ ਸਮੇਂ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ, ਨੌਰੰਗਬਾਬਾਦ ਵਿਖੇ ਹੋ ਰਹੀਆਂ ਸਰਗਰਮੀਆਂ ਨੂੰ ਜਰ ਨਾ ਸਕਿਆ ਕਿਉਂ ਜੋ ਇਹ ਸਾਰਾ ਕੁਝ ਉਸ ਦੀ ਆਪਣੀ ਹੋਂਦ ਲਈ ਖਤਰੇ ਦਾ ਸੂਚਕ ਸੀ। ਇਸ ਖ਼ਤਰੇ ਨੂੰ ਮੂਲੋਂ ਮੁਕਾਉਣ ਲਈ ਉਸ ਨੇ ਮੀਆਂ ਲਾਭ ਸਿੰਘ ਦੀ ਅਗਵਾਈ ਹੇਠ 20,000 ਫੌਜੀ ਅਤੇ 50 ਤੋਪਾਂ ਬਾਬਾ ਬੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰਨ ਲਈ ਭੇਜ ਦਿੱਤੀਆਂ ਜਿਹਨਾਂ ਨੇ 7 ਮਈ, 1844 ਨੂੰ ਨੌਰੰਗਾਬਾਦ ਦੇ ਡੇਰੇ ਨੂੰ ਘੇਰ ਲਿਆ। ਬਾਬਾ ਜੀ ਨੇ ਆਪਣੇ ਭਰਾ ਸਿਖ ਫ਼ੌਜੀਆਂ ਨਾਲ ਲੜਣ ਤੌਂ ਆਪਣੇ ਸਾਥੀਆਂ ਨੂੰ ਮਨ੍ਹਾ ਕਰ ਦਿੱਤਾ। ਬਾਬਾ ਬੀਰ ਸਿੰਘ, ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਬਾਬਾ ਬੀਰ ਸਿੰਘ ਦੇ ਸੈਂਕੜੇ ਸ਼ਰਧਾਲੂ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ।ਇਸ ਪਿੰਡ ਦਾ ਕੁੱਲ ਰਕਬਾ 687 ਹੈਕਟੇਅਰ ਹੈ।
ਇਸ ਪਿੰਡ ਵਿੱਚ ਦੋ ਗੋਤਾਂ ਦੇ ਲੋਕ ਮੁੱਖ ਤੌਰ ਤੇ ਵੱਸਦੇ ਹਨ। ਇੱਕ ਗੋਤ ਸਰਾਵਾਂ ਜਿਨ੍ਹਾਂ ਦਾ ਪਿਛਲਾ ਸੰਬੰਧ ਪੱਕੇ ਪਟਿਆਲੇ ਨਾਲ ਹੈ। ਇਸ ਗੋਤ ਦਾ ਵਡੇਰਾ ਚੌਧਰੀ ਮੱਲ ਪੱਕੇ ਪਟਿਆਲੇ ਤੋਂ ਉਠ ਕੇ ਨੌਰੰਗਾਬਾਦ ਆ ਕੇ ਵੱਸ ਗਿਆ ਸੀ । ਦੂਸਰੀ ਗੋਤ ਖੇੜੇ ਹਨ, ਇਹਨਾਂ ਦੇ ਵਡੇਰੇ ਚੌਧਰੀ ਦਾ ਮਿੱਤਰ ਹੋਣ ਕਰਕੇ ਇੱਥੇ ਹੀ ਵੱਸ ਗਿਆ । ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ।
ਪਿੰਡ ਵਿੱਚ ਬਾਬਾ ਜੀਉਣ ਸ਼ਾਹ ਵਲੀ ਅਤੇ ਬਾਬਾ ਲਛਮਣ ਦਾਸ ਦੀਆਂ ਸਮਾਧਾਂ ਹਨ।****
Author: Gurbhej Singh Anandpuri
ਮੁੱਖ ਸੰਪਾਦਕ