ਅੰਮ੍ਰਿਤਸਰ, 13 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਆਡੀਓ ਵਿੱਚ ਸ਼੍ਰੋਮਣੀ ਕਮੇਟੀ ਦੀ ਹੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੇਹੱਦ ਗੰਦੀਆਂ ਗਾਲਾਂ ਕੱਢੀਆਂ ਹਨ। ਇਸ ਸੰਬੰਧੀ ਗੱਲ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਗਾਲਾਂ ਕੱਢਣ ਵਾਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਉਸਨੇ ਆਪਣੇ ਅਹੁਦੇ ਅਤੇ ਸ਼ਖਸੀਅਤ ਦਾ ਮਾਣ-ਸਤਿਕਾਰ ਕਾਇਮ ਨਹੀਂ ਰੱਖਿਆ ਤੇ ਐਨੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਕੇ ਸੰਸਾਰ ਭਰ ਦੀਆਂ ਸੰਗਤਾਂ ਤੋਂ ਲਾਹਣਤਾਂ ਖੱਟ ਲਈਆਂ ਹਨ। ਧਾਮੀ ਦੀ ਮੰਦਭਾਸ਼ਾ ਨੇ ਸਾਬਤ ਕਰ ਦਿੱਤਾ ਕਿ ਉਹ ਕੋਈ ਗੁਰਮੁਖ, ਨਿਮਾਣਾ, ਨੇਕ, ਸੂਝਵਾਨ, ਪੜਿਆ-ਲਿਖਿਆ ਤੇ ਸਿਆਣਾ ਨਹੀਂ, ਸਗੋਂ ਉਸਦੇ ਅੰਦਰ ਗੰਦਗੀ ਭਰੀ ਹੋਈ ਹੈ ਤੇ ਉਹ ਬਜ਼ੁਰਗ ਉਮਰ ਵਿੱਚ ਵੀ ਗਾਲਾਂ ਕੱਢ ਰਿਹਾ ਹੈ। ਅਜਿਹੇ ਲੋਕ ਸਿੱਖ ਕੌਮ ਨੂੰ ਕੀ ਸੇਧ ਦੇਣਗੇ, ਉਸਨੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਅਤੇ ਸੰਸਥਾ ਦਾ ਵੱਕਾਰ ਵੀ ਰੋਲ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੁਰੰਤ ਆਦੇਸ਼ ਕਰਨ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਉਸ ਨੂੰ ਧਾਰਮਿਕ ਤਨਖਾਹ ਵੀ ਲਗਾਈ ਜਾਵੇ ਅਤੇ ਬੀਬੀ ਜਗੀਰ ਕੌਰ ਨੂੰ ਚਾਹੀਦਾ ਹੈ ਕਿ ਉਹ ਧਾਮੀ ਉੱਤੇ ਕਾਨੂੰਨੀ ਕਾਰਵਾਈ ਕਰਵਾਵੇ। ਉਹਨਾਂ ਕਿਹਾ ਕਿ ਪ੍ਰਧਾਨ ਧਾਮੀ ਜੋ ਕਦੇ ਜੁਰਅਤ ਨਾਲ ਕੌਮ, ਪੰਥ ਅਤੇ ਗੁਰੂ ਵੱਲ ਨਹੀਂ ਖੜ ਸਕਦੇ, ਇਹ ਤਾਂ ਸੁਖਬੀਰ ਸਿੰਘ ਬਾਦਲ ਦੀ ਚਾਪਲੂਸੀ ਨੇ ਜੱਗ ਜ਼ਾਹਰ ਕਰ ਦਿੱਤਾ ਸੀ, ਪਰ ਤੁਸੀਂ ਇੰਨੀ ਗੰਦੀ ਸ਼ਬਦਾਵਲੀ ਵਰਤ ਸਕਦੇ ਹੋ (ਉਹ ਵੀ ਇੱਕ ਪੱਤਰਕਾਰ ਨਾਲ ਗੱਲ ਕਰਦਿਆਂ) ਇਸ ਗੱਲ ਨੇ ਹਰ ਸਿੱਖ ਨੂੰ ਹੈਰਾਨ ਹੀ ਨਹੀਂ ਬਲਕਿ ਪ੍ਰੇਸ਼ਾਨ ਵੀ ਕਰ ਦਿੱਤਾ ਹੈ। ਸਵਾਲ ਇਹ ਨਹੀਂ ਹੈ ਕਿ ਉਹ ਸ਼ਬਦ ਕਿਸ ਲਈ ਵਰਤੇ ਗਏ ਹਨ, ਸਵਾਲ ਇਹ ਹੈ ਕਿ ਇਹ ਸ਼ਬਦ ਵਰਤ ਕੌਣ ਰਿਹਾ ਹੈ। ਜ਼ਰਾ ਸੋਚੋ ਤੁਸੀਂ ਦੁਨੀਆਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਅਕਸ ਪੇਸ਼ ਕੀਤਾ ਹੈ ? ਤੁਹਾਨੂੰ ਮੁਆਫ਼ੀ ਦੀ ਬਜਾਇ ਅੱਜ ਅਸਤੀਫ਼ਾ ਲਿਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਕਲਾ ਵਰਤਾ ਰਹੇ ਹਨ ਅਤੇ ਬਾਦਲਾਂ ਦੇ ਚਾਪਲੂਸ ਅਤੇ ਚਮਚਿਆਂ ਦੇ ਕਰੂਪ ਚਿਹਰੇ ਨੰਗੇ ਕਰ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੀਬੀ ਜਗੀਰ ਕੌਰ ਨਾਲ ਜਿੰਨੇ ਮਰਜ਼ੀ ਵਖਰੇਵੇਂ, ਮੱਤਭੇਦ ਅਤੇ ਅਸਹਿਮਤੀ ਹੋਵੇ ਪਰ ਉਸਨੂੰ ਭੱਦੀ ਸ਼ਬਦਾਵਲੀ ਬੋਲਣਾ, ਕਿਸੇ ਪੱਖ ਤੋਂ ਵੀ ਜਾਇਜ਼ ਨਹੀਂ ਹੈ, ਧਾਮੀ ਸਿੱਖੀ ਸਿਧਾਂਤ ਤੋਂ ਕੋਰਾ ਹੈ, ਹਾਲਾਂਕਿ ਕਿਸੇ ਦਾ ਵੀ ਸਾਰਥਿਕ ਵਿਰੋਧ ਅਤੇ ਆਲੋਚਨਾ ਹੋ ਸਕਦੀ ਹੈ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਗਾਲਾਂ ਕੱਢਣ ਦਾ ਹੱਕ ਕਿਸ ਨੇ ਦਿੱਤਾ ਹੈ, ਇਹ ਸਿੱਖਿਆ ਉਸਨੇ ਕਿੱਥੋਂ ਪ੍ਰਾਪਤ ਕੀਤੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕੇਵਲ ਗਾਲਾਂ ਹੀ ਕੱਢੀਆਂ ਹਨ ਪਰ ਅਕਤੂਬਰ 2020 ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ (ਤੇਜਾ ਸਿੰਘ ਸਮੁੰਦਰੀ ਹਾਲ) ਵਿੱਚ ਹੀ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਅਤੇ ਅਧਿਕਾਰੀਆਂ ਨੇ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ ਮੰਗ ਰਹੇ ਗੁਰਸਿੱਖਾਂ ਨੂੰ ਡਾਂਗਾਂ ਅਤੇ ਤਲਵਾਰਾਂ ਨਾਲ ਕੁੱਟਿਆ-ਵੱਢਿਆ ਸੀ, ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਤਿੰਨ ਸੰਘਰਸ਼ਸ਼ੀਲ ਗੁਰਸਿੱਖ ਬੀਬੀਆਂ ਜਿਨ੍ਹਾਂ ਵਿੱਚ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਦੀ ਸੁਪਤਨੀ ਬੀਬੀ ਰਜਵੰਤ ਕੌਰ, ਬੀਬੀ ਮਨਿੰਦਰ ਕੌਰ ਅਤੇ ਬੀਬੀ ਰਾਜਵਿੰਦਰ ਕੌਰ ਦੀ ਵੀ ਸ਼੍ਰੋਮਣੀ ਕਮੇਟੀ ਨੇ ਭਾਰੀ ਕੁੱਟਮਾਰ ਕੀਤੀ, ਦੁਮਾਲੇ ਲਾਹੇ ਅਤੇ ਬੀਬੀਆਂ ਦੇ ਕੱਪੜੇ ਤੱਕ ਪਾੜ ਦਿੱਤੇ ਸਨ। ਉਹਨਾਂ ਕਿਹਾ ਕਿ ਸਿੱਖ ਤਾਂ ਬੇਗਾਨੀ ਔਰਤ ਉੱਤੇ ਵੀ ਵਾਰ ਨਹੀਂ ਕਰਦੇ ਤੇ ਨਾ ਹੀ ਮੰਦਾ ਬੋਲਦੇ ਹਨ, ਪਰ ਬਾਦਲ ਦਲੀਏ ਅਤੇ ਸ਼੍ਰੋਮਣੀ ਕਮੇਟੀ ਵਾਲੇ ਆਪਣੀਆਂ ਹੀ ਸਿੱਖ ਬੀਬੀਆਂ ਨੂੰ ਗਾਲਾਂ ਕੱਢਦੇ ਹਨ ਤੇ ਜਦੋਂ ਗੁੰਡਾਗਰਦੀ ਉੱਤੇ ਉੱਤਰ ਆਉਂਦੇ ਹਨ ਤਾਂ ਬੁੱਚੜ ਪੁਲਿਸ ਅਫਸਰਾਂ ਵਾਂਗ ਸਿੰਘਾਂ ਅਤੇ ਸਿੰਘਣੀਆਂ ਉੱਤੇ ਜੁਲਮ ਢਾਹੁੰਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ