ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਅਗਨ ਸ਼ਸਤਰ ਦੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਵੱਲੋਂ ਲਿਖਤੀ ਬਿਆਨ…
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
੨੦ ਮੱਘਰ ਨਾਨਕਸ਼ਾਹੀ ਸੰਮਤ ੫੫੬ ਨੂੰ ਭਾਈ ਨਰਾਇਣ ਸਿੰਘ ਵੱਲੋਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਬਾਹਰੀ ਪਰਿਕਰਮਾ ਵਿੱਚ ਸਥਿਤ ਘੰਟਾ ਘਰ ਡਿਓੜੀ ਦੇ ਬਾਹਰ-ਵਾਰ ੧੭੫ ਇੰਡੀਅਨ ਸੁਰਖਿਆ ਦਸਤਿਆਂ ਦੀ ਰਾਖੀ ਵਿਚ ਬਰਛਾ ਬਰਦਾਰ ਦੀ ਹੈਸੀਅਤ ਵਿੱਚ ਤਾਇਨਾਤ ਸੁਖਬੀਰ ਸਿੰਘ ਬਾਦਲ ਦੇ ਸਨਮੁਖ ਅਗਨੀ ਸਸ਼ਤਰ ਦਾ ਜੋ ਖੜਾਕ ਕੀਤਾ ਹੈ ਉਹ ਇਕ ਅਤਿ ਸੰਜੀਦਾ ਮਸਲਾ ਹੈ।
ਸਿੱਖਾਂ ਦੇ ਕਈ ਹਿੱਸਿਆਂ ਨੇ ਭਾਈ ਨਰਾਇਣ ਸਿੰਘ ਵੱਲੋਂ ਕੀਤੀ ਕਾਰਵਾਈ ਦੇ ਸਮੇਂ ਅਤੇ ਸਥਾਨ ਬਾਰੇ ਇਤਰਾਜ਼ ਜ਼ਾਹਿਰ ਕੀਤੇ ਹਨ। ਭਾਈ ਨਰਾਇਣ ਸਿੰਘ ਖਾਲਸਾ ਪੰਥ ਨੂੰ ਸਮਰਪਿਤ ਇਕ ਗਿਆਨਵਾਨ, ਜਾਂਬਾਜ਼, ਸੰਗਰਾਮੀ, ਸਿਦਕਵਾਨ ਤੇ ਨਿਸ਼ਕਾਮ ਸਖਸ਼ੀਅਤ ਹਨ ਅਤੇ ਆਪਣੇ ਵੱਲੋਂ ਚੁੱਕੇ ਕਦਮ ਦੇ ਸਮੇਂ ਤੇ ਸਥਾਨ ਦੀ ਚੋਣ ਬਾਰੇ ਉਹ ਹੀ ਬਿਹਤਰ ਸਪਸ਼ਟ ਕਰ ਸਕਦੇ ਹਨ।
ਵਿਆਪਕ ਰਾਜਸੀ ਹਾਲਾਤ ਨੂੰ ਵਿਚਾਰਦਿਆਂ ਇਹ ਗੱਲ ਪਰਤੱਖ ਹੈ ਕਿ ਇਸ ਸਮੇਂ ਸਿੱਖ ਦਿੱਲੀ ਦਰਬਾਰ ਦੇ ਜ਼ਬਰ ਦੀ ਕੌਮਾਂਤਰੀ ਮੁਹਿੰਮ ਅਤੇ ਤੇਜੀ ਨਾਲ ਬਦਲ ਰਹੇ ਅੰਤਰ-ਰਾਸ਼ਟਰੀ ਹਾਲਾਤ ਕਰਕੇ ਚੁਣੌਤੀਆਂ ਭਰਪੂਰ ਦੌਰ ਵਿਚੋਂ ਲੰਘ ਰਹੇ ਹਨ। ਅਜਿਹੇ ਵਿਚ ਸਿੱਖਾਂ ਦੇ ਅੰਦਰੂਨੀ ਖੇਮਿਆਂ ਵਿਚ ਵਾਪਰਨ ਵਾਲੀ ਹਿੰਸਾ ਹਾਲਾਤ ਨੂੰ ਹੋਰ ਪੇਚੀਦਾ ਕਰਕੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਵਿਚ ਹੋਰ ਵਾਧਾ ਕਰ ਸਕਦੀ ਹੈ। ਰਾਜਸੀ ਰਣਨੀਤੀ ਦੇ ਪੱਖ ਤੋਂ ਸਿੱਖਾਂ ਨੂੰ ਅੰਦਰੂਨੀ ਹਿੰਸਾ ਤੋਂ ਬਚ ਕੇ ਰਹਿਣ ਦੀ ਲੋੜ ਹੈ।
ਭਾਈ ਨਰਾਇਣ ਸਿੰਘ ਵੱਲੋਂ ਵਰਤਾਈ ਗਈ ਘਟਨਾ ਅਚਾਨਕ ਜਾਂ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੋਈ ਤੇ ਨਾ ਹੀ ਇਸ ਨੂੰ ਸਹੀ ਜਾਂ ਗਲਤ ਦੀ ਸੀਮਤ ਧਾਰਨਾ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਦੀ ਪਿੱਠਭੂਮੀ ਵਿਚ ਬਾਦਲ ਦਲ ਨੁਮਾ ਅਕਾਲੀ ਕਹਾਉਣ ਵਾਲੇ ਵੱਖ ਵੱਖ ਧੜਿਆਂ ਵੱਲੋਂ ਬੀਤੇ ਕਰੀਬ ਪੰਜ ਦਹਾਕਿਆਂ ਦੌਰਾਨ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ ਅਤੇ ਪੰਜਾਬ ਦੇ ਹਿਤਾਂ ਨਾਲ ਕੀਤੇ ਵਿਸਾਹ ਘਾਤ ਦਾ ਲੰਮਾ ਇਤਿਹਾਸ ਪਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਉੱਤੇ ਸੂਖਮ ਅਤੇ ਸਥੂਲ ਹਮਲੇ (ਗੁਰੂ ਪਾਤਿਸ਼ਾਹ ਦੇ ਸਵਾਂਗ ਤੇ ਸ਼ਬਦ ਗੁਰੂ ਵਿਰੋਧੀ ਅਮਲ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਘੋਰ ਬੇਅਦਬੀ ਤੱਕ) ਕਰਨ ਵਾਲੇ ਗੁਰੂ ਦੋਖੀ ਸਿਰਸੇ ਵਾਲੇ ਪਾਖੰਡੀ ਨਾਲ ਸਾਂਝ, ਸਿੱਖਾਂ ’ਤੇ ਜ਼ਬਰ ਕਰਨ ਵਾਲੇ ਪੁਲਿਸ ਅਫਸਰਾਂ ਨਾਲ ਸਹਿਯੋਗ ਕਰਨ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ, ਸੌਦਾ ਸਾਧ ਮੁਆਫੀ ਕਾਂਡ ਵਿਚ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਨੂੰ ਢਾਹ ਲਾਉਣ, ਸੌਦਾ ਸਾਧ ਮੁਆਫੀ ਕਾਂਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਰਾਜਸੀ ਹਿੱਤ ਲਈ ਵਰਤ ਕੇ ਉਸਦੀ ਧਾਰਮਿਕ ਸ਼ਾਖ ਨੂੰ ਖੋਰਾ ਲਾਉਣ ਅਤੇ ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਬਣਾਉਣ ਦੇ ਗੁਨਾਹ ਸੁਖਬੀਰ ਬਾਦਲ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖੜ੍ਹੇ ਹੋ ਕੇ ਕਬੂਲੇ ਹਨ। ਇਸ ਤੋਂ ਇਲਾਵਾ ਦੇਸ ਪੰਜਾਬ ਦੇ ਹਿਤਾਂ ਨੂੰ ਆਪਣੀਆਂ ਰਾਜਸੀ ਲਾਲਸਾਵਾਂ ਉੱਤੋਂ ਕੁਰਬਾਨ ਕਰਨ ਦਾ ਹਿਸਾਬ ਹੋਣਾ ਅਜੇ ਬਾਕੀ ਹੈ।
ਸੋ ੨੦ ਮੱਘਰ ਵਾਲੀ ਘਟਨਾ ਜਿਸ ਮਹੌਲ ਦੀ ਉਪਜ ਹੈ ਉਹ ਮਹੌਲ ਸਿਰਜਣ ਲਈ ਬਾਦਲ ਦਲ ਦੀ ਸਮੁੱਚੀ ਮੌਜੂਦਾ ਤੇ ਸਾਬਕਾ ਅਗਵਾਈ (ਲੀਡਰਸ਼ਿੱਪ) ਅਤੇ ਮੌਜੂਦਾ ਜਥੇਦਾਰ, ਜਿਹਨਾ ਇੰਨੇ ਗੰਭੀਰ ਗੁਨਾਹਾਂ ਦੇ ਕਬੂਲਨਾਮੇ ਬਾਰੇ ਇਕ ਅਧੂਰਾ ਤੇ ਪੰਥਕ ਕਸੌਟੀ ਪੱਖੋਂ ਬਿਲਕੁਲ ਕੱਚਾ ਫੈਸਲਾ ਕੀਤਾ ਹੈ, ਸਮੂਹਕ ਰੂਪ ਵਿੱਚ ਜਿੰਮੇਵਾਰ ਹਨ।
ਪੰਥ ਨੂੰ ਸਮਰਪਿਤ ਇਕ ਸਿਦਕੀ ਤੇ ਸਿਰੜੀ ਸਿੱਖ ਵੱਲੋਂ ੨੦ ਮੱਘਰ ਵਾਲੀ ਘਟਨਾ ਅੰਜਾਮ ਦੇਣੀ ਬਾਦਲ ਦਲੀਆਂ, ਸਮੂਹ ਸਿੱਖਾਂ ਅਤੇ ਖਾਲਸਾ ਪੰਥ ਲਈ ਗੰਭੀਰ ਚਿੰਤਨ ਦਾ ਸਬੱਬ ਬਣਨੀ ਚਾਹੀਦੀ ਸੀ। ਪਰ ਬਾਦਲ ਦਲ ਦੇ ਆਗੂਆਂ ਨੇ ਇਸ ਘਟਨਾ ਤੋਂ ਬਾਅਦ ਖਾਲਸਾ ਪੰਥ ਦੀ ਖਾੜਕੂ ਲਹਿਰ ਨੂੰ ਨਿੰਦਣ ਦਾ ਪੈਂਤੜਾ ਲੈ ਕੇ ਆਪਣੇ ਹੋਸ਼ੇਪਣ ਦਾ ਮੁਜਾਹਿਰਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਬਾਦਲ ਦਲੀਏ ਸਭ ਪਰਦੇ ਲਾਹ ਕੇ ਕੇਂਦਰ ਦੀ ਸੱਤਾਧਾਰੀ ਭਾਜਪਾ ਦੀ ਖੁਸ਼ਨੂਦੀ ਹਾਸਿਲ ਕਰਨ ਲਈ ਜਿਸ ਹੱਦ ਤੱਕ ਗਏ ਹਨ ਉਹ ਦਰਸਾਉਂਦਾ ਹੈ ਕਿ ਨਾ ਤਾਂ ਇਹ ਮੌਜੂਦਾ ਹਾਲਾਤ ਨੂੰ ਸਮਝ ਰਹੇ ਹਨ ਤੇ ਨਾ ਹੀ ਇਹਨਾ ਬੀਤੇ ਤੋਂ ਕੁਝ ਸਿੱਖਿਆ ਹੈ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਮਤਾ ਪਾ ਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਲਈ ਆਪਣੇ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਕਹਿਣਾ ਸਰਾਸਰ ਗਲਤ ਅਤੇ ਰੱਦ ਕਰਨਯੋਗ ਕਾਰਵਾਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਇਹ ਕਦਮ ਦਰਸਾਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਨਿਰਪੱਖ ਨਹੀ ਸਗੋਂ ‘ਨੈਤਿਕ ਤੌਰ ਉਤੇ ਅਗਵਾਈ ਦੇ ਅਯੋਗ’ ਲੀਡਰਸ਼ਿਪ ਦੇ ਦਬਾਅ ਵਿੱਚ ਹੈ ਅਤੇ ਉਹ ਅਜੇ ਵੀ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਬਾਦਲ ਦਲ ਦੇ ਰਾਜਸੀ ਮੁਫਾਦਾਂ ਲਈ ਵਰਤੋਂ ਕਰਨ ਉੱਤੇ ਤੁਲੇ ਹੋਏ ਹਨ ਜਿਹਾ ਕਿ ਉਹਨਾ 2015 ਵਿਚ ਸਿਰਸੇ ਵਾਲੇ ਪਾਖੰਡੀ ਨੂੰ ਮਾਫੀ ਦਿਵਾ ਕੇ ਕੀਤਾ ਸੀ। ਬਾਦਲਕੇ ਅਜੇ ਵੀ ਉਹੀ ਕੁਝ ਕਰ ਰਹੇ ਹਨ ਜਿਸ ਕਰਕੇ ਉਹ ਸਿੱਖਾਂ ਵੱਲੋਂ ਰੱਦ ਕੀਤੇ ਗਏ ਹਨ। ਇਹ ਇਹਨਾ ਦੇ ਹੰਕਾਰੀ ਵਤੀਰੇ ਦਾ ਸੂਚਕ ਹੈ ਤੇ ਇਹੀ ਇਹਨਾ ਦੇ ਹਾਸ਼ੀਆਗ੍ਰਸਤ ਹੋਣ ਦਾ ਇਕ ਵੱਡਾ ਕਾਰਨ ਵੀ ਹੈ।
ਬਾਦਲ ਦਲ ਦੇ ਰਾਜਸੀ ਆਗੂਆਂ ਵੱਲੋਂ ਕੀਤੀ ਬਿਆਨਬਾਜ਼ੀ, ਸ਼੍ਰੋਮਣੀ ਕਮੇਟੀ ਵੱਲੋਂ ਭਾਈ ਚੌੜਾ ਨੂੰ ਖਾਲਸਾ ਪੰਥ ਵਿਚੋਂ ਛੇਕਣ ਦੇ ਮਤੇ ਅਤੇ ਜਥੇਦਾਰਾਂ ਵਲੋਂ ਕੀਤੇ ਦਿਸ਼ਾਹੀਣ ਫੈਸਲੇ ਨੇ ਸਿੱਖਾਂ ਵਿਚ ਅੰਦਰੂਨੀ ਕੁੜੱਤਣ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਅਜਿਹਾ ਕਰਕੇ ਇਹ ਸਭ ਜਾਣੇ ਅਣਜਾਣੇ ਵਿੱਚ ਭਾਜਪਾ ਦੇ ਸਿੱਖਾਂ ਵਿਚਲੇ ਪਾੜੇ ਨੂੰ ਹੋਰ ਵਧਾਉਣ ਦੇ ਏਜੰਡੇ ਨੂੰ ਹੀ ਪੂਰਾ ਕਰ ਰਹੇ ਹਨ।
ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਿਰਜੇ ਜਾ ਰਹੇ ਬਿਰਤਾਂਤ ਪਿੱਛੇ ਦਿੱਲੀ ਦਰਬਾਰ ਦੀ ਸੱਤਾਧਾਰੀ ਧਿਰ ਭਾਜਪਾ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ। ਭਾਜਪਾ ਇਸ ਕਾਰਵਾਈ ਵਿਚ ਅਹਿਮ ਸੂਤਰਧਾਰ ਹੈ ਤੇ ਇਸ ਤੱਥ ਨੂੰ ਕਿਸੇ ਵੀ ਤਰ੍ਹਾਂ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ। ਸਾਰੇ ਪੰਥ ਦੀ ਸੂਤਰਧਾਰਤਾ ਦੀ ਬਜਾਏ ਜਥੇਦਾਰਾਂ ਵੱਲੋਂ ਸਿਰਫ ਭਾਜਪਾ ਨਾਲ ਚੱਲਦੇ ਰਹੇ ਬਾਦਲ ਦਲ ਦੇ ਧੜਿਆਂ ਨੂੰ ਹੀ ਸੂਤਰਧਾਰ ਕਰਨ ਦੀ ਕਵਾਇਦ ਸ਼ੁਰੂ ਕਰਨਾ ਖਾਸ ਗੌਰ ਕਰਨ ਵਾਲੀ ਗੱਲ ਹੈ। ਬਾਦਲ ਪਰਿਵਾਰ ਵੱਡੇ ਗੁਨਾਹਾਂ ਦਾ ਭਾਗੀਦਾਰ ਹੈ ਪਰ ਇਹਨਾ ਗੁਨਾਹਾਂ ਲਈ ਸਿਰਫ ਇਹੀ ਜਿੰਮੇਵਾਰ ਨਹੀਂ ਹਨ। ਬਾਦਲ ਦਲ ਦੇ ਦਾਗੀ-ਬਾਗੀ ਕਹੇ ਜਾਂਦੇ ਸਭ ਇਹਨਾ ਗੁਨਾਹਾਂ ਲਈ ਜ਼ਿੰਮੇਵਾਰ ਹਨ। ਸੋ, ਬਿਨਾ ਢਾਂਚਾਗਤ ਤੇ ਨੀਤੀਗਤ ਤਬਦੀਲੀ ਦੇ ਸਿਰਫ ਚਿਹਰੇ (ਬਾਦਲਾਂ ਨੂੰ) ਬਦਲ ਕੇ ਇਸ ਪਾਰਟੀ ਨੂੰ ਮੁੜ ਸਥਾਪਿਤ ਕਰਨ ਦੇ ਯਤਨ ਅਸਲ ਵਿਚ ਇਸ ਪਾਰਟੀ ਨੂੰ ਕੇਂਦਰੀ ਹਕੂਮਤ ਉੱਤੇ ਕਾਬਜ਼ ਭਾਜਪਾ ਅਨੁਸਾਰੀ ਕਰਨ ਦੀ ਕਵਾਇਦ ਹੀ ਹੋਵੇਗੀ। ਇਸ ਲਈ ਜਥੇਦਾਰਾਂ ਦੇ ਫੈਸਲਿਆਂ ਤੋਂ ਉਤਸ਼ਾਹਿਤ ਹੋ ਕੇ ਅਕਾਲੀ ਦਲ ਦੀ ਪਿਛਲੀਆਂ ਲੀਹਾਂ ਉੱਤੇ ਹੀ ਉਸਾਰੀ ਕਰਨ ਦੇ ਚਾਹਵਾਨ ਸਿੱਖ ਹਿੱਸਿਆਂ ਨੂੰ ਸਾਰੇ ਹਾਲਾਤ ਨੂੰ ਵੇਖ ਕੇ ਆਪਣੇ ਅਮਲ ਸੰਕੋਚਣ ਦੀ ਲੋੜ ਹੈ। ਸਿੱਖ ਵੋਟ-ਰਾਜਨੀਤੀ ਤੇ ਪੰਥਕ ਸਿਆਸਤ ਦੇ ਸਨਮੁੱਖ ਮੌਜੂਦਾ ਸੰਕਟ ਨੂੰ ਮਹਿਜ਼ ਕਿਸੇ ਇਕ ਵੋਟਤੰਤਰੀ ਪਾਰਟੀ ਦੀ ਸੂਤਰਧਾਰਤਾ ਨਾਲ ਨਹੀਂ ਨਜਿੱਠਿਆ ਜਾ ਸਕਦਾ। ਇਸ ਵਾਸਤੇ ਸਮੁੱਚੀ ਪੰਥਕ ਰਾਜਨੀਤੀ ਦੇ ਚਾਰੇ ਪ੍ਰਮੁੱਖ ਹਿੱਸਿਆਂ- ਤਖਤ ਸਾਹਿਬਾਨ ਦੀ ਸਿਰਮੌਰਤਾ, ਨਿਰਪੱਖ ਤੇ ਵੋਟਤੰਤਰ ਵਾਲੀਆਂ ਰਾਜਸੀ ਧਿਰਾਂ ਦੇ ਪ੍ਰਭਾਵ ਤੋਂ ਮੁਕਤ ਖੁਦਮੁਖਤਿਆਰ ਗੁਰਦੁਆਰਾ ਪ੍ਰਬੰਧਨ, ਦੂਜੇ ਸੰਸਾਰੀ ਤਖਤਾਂ ਮਤਹਿਤ ਵੋਟ-ਰਾਜਨੀਤੀ ਅਤੇ ਖਾਲਸਾ ਜੀ ਕੇ ਬੋਲ-ਬਾਲੇ ਵਾਲਾ ਦੇਸ-ਕਾਲ ਘੜ੍ਹਨ ਦੇ ਸੰਘਰਸ਼ ਨੂੰ ਸੂਤਰਬਧ ਕਰਨ ਦੀ ਲੋੜ ਹੈ।
ਵੱਲੋ: ਭਾਈ ਦਲਜੀਤ ਸਿੰਘ
੨੭ ਮੱਘਰ ੫੫੬ ਨਾਨਕਸ਼ਾਹੀ
੧੨ ਦਸੰਬਰ ੨੦੨੪ ਈ.
Author: Gurbhej Singh Anandpuri
ਮੁੱਖ ਸੰਪਾਦਕ