ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ
ਅੰਮ੍ਰਿਤਸਰ, 19 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਅਕਾਲੀ ਦਲ ਬਾਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਵਿਰੁੱਧ ਕੀਤੀ ਟਿੱਪਣੀ ਉੱਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬੀਬੀ ਸਤਵੰਤ ਕੌਰ (ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਅਤੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਤਰੀ ਹਨ) ਦੇ ਖ਼ਿਲਾਫ਼ ਬਾਦਲ ਦਲ ਦੇ ਆਗੂਆਂ ਅਤੇ ਆਈ.ਟੀ. ਸੈੱਲ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਸਮੁੱਚਾ ਸਿੱਖ ਜਗਤ, ਬੀਬਾ ਸਤਵੰਤ ਕੌਰ ਦੇ ਨਾਲ਼ ਖੜ੍ਹਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਬਾਦਲ ਉੱਤੇ ਕੀਤੇ ਜਾਨਲੇਵਾ ਹਮਲੇ ਤੋਂ ਇੱਕ ਦਿਨ ਪਹਿਲਾਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਬੀਬੀ ਸਤਵੰਤ ਕੌਰ ਨਾਲ ਮੁਲਾਕਾਤ ਕਰਨਾ ਸਹਿਜ-ਸੁਭਾਵਿਕ ਵਰਤਾਰਾ ਸੀ ਪਰ ਬਾਦਲਾਂ ਦੇ ਪੀ.ਟੀ.ਸੀ. ਚੈੱਨਲ ਵੱਲੋਂ ਇਸ ਮੁਲਾਕਾਤ ਨੂੰ ਸ਼ੱਕੀ ਤੌਰ ‘ਤੇ ਪੇਸ਼ ਕਰਨਾ, ਹਊਆ ਬਣਾਉਣਾ ਤੇ ਬੀਬਾ ਸਤਵੰਤ ਕੌਰ ਦੀ ਜਾਂਚ ਕੀਤੇ ਜਾਣ ਦਾ ਬਿਆਨ ਦੇਣਾ ਬਹੁਤ ਘਟੀਆ ਸਿਆਸਤ ਹੈ।
ਉਹਨਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਤਾਂ ਪਹਿਲਾਂ ਹੀ ਪੁਲਿਸ ਅਤੇ ਸਰਕਾਰ ਉੱਤੇ ਰੋਹ ਹੈ ਕਿ ਉਹਨਾਂ ਨੇ ਬੀਬਾ ਸਤਵੰਤ ਕੌਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕਿਉਂ ਕੀਤੀ ? ਇਸ ਮਾਮਲੇ ‘ਚ ਬਾਦਲ ਦਲ, ਮੀਡੀਆ ਅਤੇ ਪੁਲਿਸ ਵੱਲੋਂ ਬੇਵਜ੍ਹਾ ਬੀਬਾ ਸਤਵੰਤ ਕੌਰ ਦਾ ਨਾਮ ਜੋੜਿਆ ਜਾ ਰਿਹਾ ਹੈ। ਇਹ ਸ਼ਹੀਦ ਪਰਿਵਾਰਾਂ ਦੀ ਤੌਹੀਨ ਅਤੇ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਣ ਵਾਲੀ ਗੱਲ ਹੈ। ਪਰ ਬਾਦਲ ਦਲ ਜਿਸ ਨੂੰ ਬੀਬਾ ਸਤਵੰਤ ਕੌਰ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਸੀ ਤੇ ਪੁਲਿਸ ਦੇ ਕਾਰੇ ਦੀ ਨਿਖੇਧੀ ਕਰਨੀ ਚਾਹੀਦੀ ਸੀ ਉਹ ਉਲਟਾ ਬੀਬਾ ਸਤਵੰਤ ਕੌਰ ਵਿਰੁੱਧ ਬਿਆਨ ਦਾਗ ਰਹੇ ਹਨ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਵਿੱਚ ਜਦੋਂ ਦਾ ਸੱਤ ਮੈਂਬਰੀ ਕਮੇਟੀ ਵਿੱਚ ਬੀਬਾ ਸਤਵੰਤ ਕੌਰ ਦਾ ਨਾਮ ਆਇਆ ਹੈ ਉਦੋਂ ਤੋਂ ਹੀ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਅੱਖਾਂ ਵਿੱਚ ਬੀਬਾ ਸਤਵੰਤ ਕੌਰ ਰੜਕ ਰਹੀ ਹੈ, ਬਾਦਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਮੰਨਣ ਦੀ ਬਜਾਏ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਨੂੰ ਨਿਸ਼ਾਨਾ ਬਣਾ ਰਹੇ ਹਨ।
ਫੈਡਰੇਸ਼ਨ ਆਗੂਆਂ ਨੇ ਸਮੁੱਚੇ ਬਾਦਲ ਦਲ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਉਹਨਾਂ ਵਿਰੁੱਧ ਸਖ਼ਤ ਐਕਸ਼ਨ ਕੀਤਾ ਜਾਵੇਗਾ, ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦਾ ਅਪਮਾਨ ਹਰਗਿਜ਼ ਨਹੀਂ ਸਹਾਰਾਂਗੇ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਨੂੰ ਬੀਬੀ ਸਤਵੰਤ ਕੌਰ ਦੇ ਨਾਲ ਖੜ੍ਹਨਾ ਚਾਹੀਦਾ ਹੈ, ਉਹਨਾਂ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।
ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਾਥੀ ਹੋਣ ਦਾ ਜੋ ਕਈ ਫੈਡਰੇਸ਼ਨ ਆਗੂ ਦਾਅਵਾ ਕਰਦੇ ਹਨ, ਉਹਨਾਂ ਦਾ ਹੀ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਦੇ ਮਾਮਲੇ ਵਿੱਚ ਚੁੱਪ ਰਹਿਣਾ ਨਮੋਸ਼ੀਜਨਕ ਗੱਲ ਹੈ।
Author: Gurbhej Singh Anandpuri
ਮੁੱਖ ਸੰਪਾਦਕ