ਅੰਮ੍ਰਿਤਸਰ, 19 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅੰਤ੍ਰਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਵਿੱਚ ਪ੍ਰਧਾਨਗੀ ਬਚਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈ ਹੈ। ਭਾਈ ਰਣਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਮੁੱਚਾ ਖ਼ਾਲਸਾ ਪੰਥ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਡੱਟ ਕੇ ਖੜ੍ਹਾ ਹੈ।
ਉਹਨਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਇਸ ਸਮੇਂ ਬਾਦਲਾਂ ਅੱਗੇ ਝੁਕੇ ਨਹੀਂ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਹੀਂ ਨਿਭਾਈ ਤੇ ਉਹਨਾਂ ਨੇ ਅਹੁਦੇ ਦਾ ਵੀ ਮੋਹ ਨਹੀਂ ਕੀਤਾ ਸਗੋਂ ਪੰਥਕ ਹਿੱਤਾਂ ਦੀ ਡੱਟ ਕੇ ਪਹਿਰੇਦਾਰੀ ਕੀਤੀ ਹੈ, ਗਿਆਨੀ ਹਰਪ੍ਰੀਤ ਸਿੰਘ ਦੇ ਇਸ ਸਟੈਂਡ ਨਾਲ ਉਹਨਾਂ ਦਾ ਸੰਗਤਾਂ ਵਿੱਚ ਮਾਣ-ਸਤਿਕਾਰ ਕਾਇਮ ਰਹੇਗਾ ਪਰ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਲਾਹਣਤਾਂ ਖੱਟ ਲਈਆਂ ਹਨ।
ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰਾਂ ਨੇ ਫੈਸਲੇ ਲਏ ਸਨ, ਉਹ ਬਾਦਲ ਦਲ ਨੂੰ ਮਨਜ਼ੂਰ ਨਹੀਂ ਹਨ। ਬਾਦਲਕਿਆਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਰਾਹ ਵਿੱਚ ਰੋੜਾ ਲੱਗਦਾ ਸੀ, ਜਥੇਦਾਰ ਨੂੰ ਬਦਨਾਮ ਕਰਨ ਲਈ ਪਹਿਲਾਂ ਉਹਨਾਂ ਦੇ ਸਾਬਕਾ ਸਾਂਢੂ ਅਤੇ ਵਿਰਸਾ ਸਿੰਘ ਵਲਟੋਹਾ ਪਾਸੋਂ ਤੇ ਆਈ.ਟੀ. ਸੈੱਲ ਰਾਹੀਂ ਕਿਰਦਾਰਕੁਸ਼ੀ ਕਰਵਾਈ ਗਈ, ਤੇ ਹੁਣ ਬਾਦਲਕਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਪਾਸੇ ਕਰਕੇ ਗਿਆਨੀ ਰਘਬੀਰ ਸਿੰਘ ਨੂੰ ਵੀ ਸੁਨੇਹਾ ਦਿੱਤਾ ਕਿ ਜੇਕਰ ਤੂੰ ਆਪਣੇ ਫੈਸਲੇ ਉੱਤੇ ਅੜਿਆ ਰਿਹਾ ਤਾਂ ਤੇਰੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਕੀਤੀ ਜਾਵੇਗੀ। ਬਾਦਲ ਦਲੀਏ ਤਖ਼ਤਾਂ ਦੇ ਜਥੇਦਾਰਾਂ ਨੂੰ ਤਨਖਾਹਦਾਰ ਮੁਲਾਜ਼ਮਾਂ ਅਤੇ ਸੀਰੀ-ਨੌਕਰਾ ਵਾਂਗ ਹੀ ਵਰਤਣਾ ਚਾਹੁੰਦੇ ਹਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਹ ਕੇ ਬਾਦਲ ਦਲ ਨੇ ਆਪਣੇ ਲਈ ਇੱਕ ਹੋਰ ਟੋਆ ਪੁੱਟ ਲਿਆ ਹੈ ਜਿਸ ਵਿੱਚ ਸਮੁੱਚਾ ਬਾਦਲ ਦਲ ਗਰਕ ਹੋ ਜਾਵੇਗਾ। ਬਾਦਲ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ, ਬਾਦਲਕੇ ਅਜੇ ਵੀ ਸੁਧਰੇ ਨਹੀਂ ਤੇ ਉਹ ਪਹਿਲਾਂ ਵਾਂਗ ਹੀ ਪੰਥਕ ਸਿਧਾਂਤਾਂ ਦਾ ਘਾਣ ਕਰਨਗੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਹੁਣ ਦੀ ਬਜਾਏ ਅੰਤ੍ਰਿੰਗ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹੁੰਦੇ ਜੋ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀ ਹੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢ ਰਿਹਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦੋ ਦਸੰਬਰ ਨੂੰ ਹੋਏ ਫੈਸਲੇ ਅਨੁਸਾਰ ਬਾਦਲ ਦਲ ਨੇ ਅਜੇ ਤੱਕ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ, ਨਾ ਹੀ ਨਵੀਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਮੰਨਿਆ ਹੈ, ਉਲਟਾ ਬਾਦਲ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਸੱਤ ਮੈਂਬਰੀ ਕਮੇਟੀ ਦੀ ਮੈਂਬਰ ਬੀਬਾ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ) ਵਿਰੁੱਧ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਦੋਸ਼ ਲਗਾ ਕੇ ਜੋ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਪਹਿਲਾਂ ਤਾਂ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਦੋਂ ਬਰਗਾੜੀ ਤੇ ਬਹਿਬਲ ਕਾਂਡ ਵਾਪਰੇ ਉਦੋਂ ਇਹ ਜਾਂਚ ਕਮੇਟੀਆਂ ਕਿੱਥੇ ਸਨ, ਸਗੋਂ ਇਹ ਸਾਰੇ ਉਹਨਾਂ ਵਿੱਚ ਦੋਸ਼ੀ ਹਨ। ਉਹਨਾਂ ਕਿਹਾ ਕਿ ਕੀ ਬਾਦਲ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਜਥੇਦਾਰ ਲਾਇਆ ਸੀ ਤਾਂ ਉਦੋਂ ਇਹਨਾਂ ਦੀਆਂ ਪਹਿਲਾਂ ਬਣੀਆਂ ਜਾਂਚ ਕਮੇਟੀਆਂ ਅਤੇ ਪੜਤਾਲਾਂ ਵਿੱਚ ਕੀ ਉਹ ਦੋਸ਼ੀ ਸਨ ? ਪਰ ਹੁਣ ਜਦੋਂ ਦੋ ਦਸੰਬਰ ਵਾਲੇ ਫੈਸਲੇ ‘ਚ ਜਥੇਦਾਰ ਹਰਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਤਾਂ ਬਾਦਲ ਦਲ ਵੱਲੋਂ ਉਹਨਾਂ ਵਿਰੁੱਧ ਦੂਸ਼ਣਬਾਜ਼ੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਰਘਬੀਰ ਸਿੰਘ ਨੂੰ ਪਹਿਲਾਂ ਹੀ ਬਾਦਲਕੇ ਝੁਕਾ ਚੁੱਕੇ ਹਨ ਉਹਨਾਂ ਪਾਸੋਂ ਅਸਤੀਫਿਆਂ ਦਾ ਸਮਾਂ ਵਧਾਇਆ ਗਿਆ। ਉਹਨਾਂ ਕਿਹਾ ਕਿ ਜੇ ਹੁਣ ਅੱਗੇ ਵੀ ਜਥੇਦਾਰ ਰਘਬੀਰ ਸਿੰਘ ਕੋਈ ਕਮਜ਼ੋਰੀ ਜਾਂ ਨਰਮਾਈ ਵਿਖਾ ਜਾਂਦੇ ਹਨ ਤਾਂ ਉਨ੍ਹਾਂ ਦਾ ਹਾਲ ਵੀ ਬਾਦਲਕੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਲਾ ਕਰਵਾ ਦੇਣਗੇ।
Author: Gurbhej Singh Anandpuri
ਮੁੱਖ ਸੰਪਾਦਕ