ਅੰਮ੍ਰਿਤਸਰ, 28 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਜਸਪ੍ਰੀਤ ਸਿੰਘ ਰਾਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਖ਼ਿਮਾ ਜਾਚਨਾ ਕੀਤੀ ਹੈ, ਜਿਸ ਉੱਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਸਪ੍ਰੀਤ ਸਿੰਘ ਰਾਣਾ ਆਪਣੇ ਪੱਤਰ ਵਿੱਚ ਝੂਠ ਬੋਲ ਰਿਹਾ ਹੈ। ਉਹ ਕਹਿ ਰਿਹਾ ਕਿ “ਹੱਥ ਵੱਜਣ ਕਾਰਨ ਦਸਤਾਰ ਉਤਰ ਗਈ।” ਜਦ ਕਿ ਉਸ ਨੇ ਪਿੱਛੋਂ ਹੱਥ ਪਾ ਕੇ ਜਾਣ ਮਬੁੱਝ ਕੇ ਦਸਤਾਰ ਉਤਾਰੀ ਅਤੇ ਮੰਦੀ ਸ਼ਬਦਾਵਲੀ ਵੀ ਬੋਲੀ ਤਾਂ ਜੋ ਭਾਈ ਨਰੈਣ ਸਿੰਘ ਦੀ ਇੱਜਤ, ਸਵੈਮਾਣ ਤੇ ਅਣਖ਼ ਨੂੰ ਰੋਲਿਆ ਜਾ ਸਕੇ। ਉਸ ਨੇ ਪੱਤਰ ਰਾਹੀਂ ਸਿੱਖ ਕੌਮ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਗੁੰਮਰਾਹ ਕਰਨ ਦਾ ਯਤਨ ਅਤੇ ਚਲਾਕੀ ਕੀਤੀ ਹੈ ਤੇ ਇੱਕ ਗ਼ਲਤੀ ਤੋਂ ਬਾਅਦ ਦੂਜੀ ਗਲਤੀ ਦੁਹਰਾਅ ਦਿੱਤੀ ਹੈ। ਪੱਤਰ ਵਿੱਚ ਰਾਣੇ ਨੇ ਇਹ ਵੀ ਲਿਖਿਆ ਕਿ ਉਹ ਦਸਤਾਰ ਉਤਾਰੇ ਜਾਣ ਵਾਲੇ ਸ਼ਖਸ ਨੂੰ ਜਾਣਦਾ ਨਹੀਂ ਸੀ, ਰਾਣਾ ਆਪਣੇ ਬਾਰੇ ਕਹਿ ਰਿਹਾ ਕਿ ਉਹ ਸਿੱਖ ਪਰਿਵਾਰ ਵਿੱਚੋਂ ਹੈ ਅਤੇ ਦਸਤਾਰ ਦੇ ਮੁਕਾਬਲੇ ਵੀ ਕਰਵਾਉਂਦਾ ਰਿਹਾ ਹੈ। ਜਿਸ ਦੇ ਜਵਾਬ ਵਿੱਚ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਤੈਨੂੰ ਇੱਕ ਸਿੱਖ ਦੀ ਦਸਤਾਰ ਲਾਹੁਣ ਦਾ ਹੱਕ ਕਿਸਨੇ ਦਿੱਤਾ ਹੈ, ਕੀ ਤੈਨੂੰ ਦਸਤਾਰ ਦੀ ਮਹਾਨਤਾ ਬਾਰੇ ਨਹੀਂ ਪਤਾ। ਇਹ ਤਾਂ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਅਤੇ ਸ਼ਹੀਦਾਂ ਦੇ ਖ਼ੂਨ ਨਾਲ ਰੰਗੀ ਹੋਈ ਮਹਾਨ ਦਾਤ ਹੈ। ਉਹਨਾਂ ਕਿਹਾ ਕਿ ਕਾਜ਼ੀ ਨੂਰ ਮੁਹੰਮਦ ‘ਜੰਗਨਾਮੇ’ ਵਿੱਚ ਲਿਖਦੇ ਹਨ ਕਿ ਸਿੱਖ ਤਾਂ ਦੁਸ਼ਮਣ ਦੀ ਵੀ ਦਸਤਾਰ ਨਹੀਂ ਲਾਹੁੰਦੇ ਅਤੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦੇ। ਪਰ ਰਾਣੇ ਨੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰ ਕੇ ਸਿੱਖ ਕੌਮ ਅਤੇ ਸਿੱਖ ਸੰਘਰਸ਼ ਦੀ ਪੱਗ ਨੂੰ ਹੱਥ ਪਾਇਆ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਹਵਾਲੇ ਦਿੰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਜਦ ਸਰ ਬੁਲੰਦ ਖਾਨ ਨੂੰ ਹਰਾਇਆ ਤਾਂ ਖ਼ਾਨ ਨੇ ਆਪਣੀ ਪੱਗ ਲਾਹ ਕੇ ਸ਼ੁਕਰਚੱਕੀਆ ਦੇ ਪੈਰਾਂ ਵਿੱਚ ਰੱਖ ਦਿੱਤੀ, ਚੜ੍ਹਤ ਸਿੰਘ ਨੇ ਖਾਨ ਦੀ ਪੱਗ ਉਸਦੇ ਸਿਰ ਉੱਤੇ ਰੱਖ ਕੇ ਕਿਹਾ ਕਿ ਅਸੀਂ ਕਿਸੇ ਦੀ ਦਸਤਾਰ ਲਾਹ ਕੇ ਇੱਜਤ ਨਹੀਂ ਉਛਾਲਦੇ, ਭਾਵੇਂ ਉਹ ਜੰਗ ਵਿੱਚ ਹਾਰਿਆ ਹੋਇਆ ਦੁਸ਼ਮਣ ਵੀ ਕਿਉਂ ਨਾ ਹੋਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਰਾਣੇ ਦੀ ਇੱਕ ਤਸਵੀਰ ਵਿੱਚ ਪੋਸਟਰ ਨਜ਼ਰ ਆ ਰਿਹਾ ਜਿਸ ਉੱਤੇ ਲਿਖਿਆ ਕਿ ਪੱਗੜੀ ਸੰਭਾਲ ਜੱਟਾ। ਪਰ ਰਾਣਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੁਲਸ ਹਿਰਾਸਤ ਵਿੱਚ ਜਕੜੇ ਭਾਈ ਨਰਾਇਣ ਸਿੰਘ ਚੌੜਾ ਦੀ ਜਬਰੀ ਦਸਤਾਰ ਉਤਾਰ ਰਿਹਾ ਹੈ, ਰਾਣੇ ਵਰਗੇ ਗੁਰੂ ਦੇ ਨਹੀਂ ਬਲਕਿ ਬਾਦਲ ਦੇ ਸਿੱਖ ਬਣ ਚੁੱਕੇ ਹਨ, ਇਹਨਾਂ ਨੇ ਤਾਂ ਸੁਖਬੀਰ ਬਾਦਲ ਦੀ ਚਾਪਲੂਸੀ ਦੀਆਂ ਹੱਦਾਂ ਟੱਪ ਦਿੱਤੀਆਂ ਹਨ ਅਤੇ ਸੰਘਰਸ਼ਸ਼ੀਲ ਸਿੱਖਾਂ ਦੀਆਂ ਪੱਗਾਂ ਲਾਹੁਣੀਆਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦਾ ਸੱਭਿਆਚਾਰ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਕੱਥੂਨੰਗਲ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾਹੀ ਸੀ, ਲਾਪਤਾ 328 ਪਾਵਨ ਸਰੂਪਾਂ ਦੇ ਸੰਘਰਸ਼ ਸਮੇਂ ਸਤਿਕਾਰ ਕਮੇਟੀ ਵਾਲੇ ਸਿੰਘਾਂ-ਸਿੰਘਣੀਆਂ ਦੀਆਂ ਦਸਤਾਰਾਂ ਅਤੇ ਕਕਾਰ ਰੋਲੇ ਗਏ ਸਨ, ਪਰ ਹੁਣ ਬਾਦਲਕਿਆਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਦਾ ਸਮਾਂ ਆ ਗਿਆ। ਉਹਨਾਂ ਕਿਹਾ ਕਿ ਪੰਥ ਵਿਰੋਧੀ ਕਾਰਿਆਂ ਨਾਲ ਬਾਦਲਕਿਆਂ ਨੇ ਆਪਣੀ ਸਿਆਸੀ ਕਬਰ ਖੋਦ ਲਈ ਹੈ, ਇਹ ਅਕਾਲੀ ਅਤੇ ਸਿੱਖ ਅਖਵਾਉਂਦੇ ਹੱਕਦਾਰ ਨਹੀਂ ਹਨ। ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜਸਪ੍ਰੀਤ ਸਿੰਘ ਰਾਣੇ ਵਿਰੁੱਧ ਪੰਥਕ ਪਰੰਪਰਾਵਾਂ ਅਨੁਸਾਰ ਦੋਹਰੀ ਕਾਰਵਾਈ ਕਰਨ ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੰਤੁਸ਼ਟੀ ਮਿਲੇ। ਉਹਨਾਂ ਕਿਹਾ ਕਿ ਰਾਣੀ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਵੀ ਦਰਜ ਹੋਣਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ