ਅੰਮ੍ਰਿਤਸਰ, 28 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਯੋਧੇ ਵੀਰ ਖ਼ਾਲਸਾ ਗੁਰਮਤਿ ਅਕੈਡਮੀ ਅਤੇ ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਭਾਈ ਪਾਰਸ ਸਿੰਘ ਖ਼ਾਲਸਾ ਉਰਫ਼ ਭਾਈ ਵਿਕਰਮਜੀਤ ਸਿੰਘ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਅਤੇ ਮਹਾਨ ਕੀਰਤਨ ਸਮਾਗਮ ਗਲੀ ਨੰਬਰ 20, ਨਿਊ ਗੁਰਨਾਮ ਨਗਰ, ਮੰਦਰ ਵਾਲਾ ਬਾਜ਼ਾਰ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਦੌਰਾਨ ਯੋਧੇ ਵੀਰ ਖ਼ਾਲਸਾ ਗੱਤਕਾ ਅਖਾੜਾ ਦੇ ਖਿਡਾਰੀਆਂ ਨੇ ਜੰਗੀ ਜੌਹਰ ਵੀ ਵਿਖਾਏ। ਰਾਤ ਦੇ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਸਿੱਖ ਪ੍ਰਚਾਰਕ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਕਥਾਵਾਚਕ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਵਾਲੇ, ਰਾਗੀ ਭਾਈ ਮਨਦੀਪ ਸਿੰਘ, ਰਾਗੀ ਭਾਈ ਗੁਰਚਰਨ ਸਿੰਘ ਤਰਨ ਤਾਰਨ ਵਾਲੇ ਅਤੇ ਭਾਈ ਕਰਨਦੀਪ ਸਿੰਘ ਜੰਡਿਆਲੇ ਵਾਲੇ ਆਦਿ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਕਥਾਵਾਚਕ ਅਤੇ ਪ੍ਰਚਾਰਕ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਅਤੇ ਸਰਹੰਦ ਦੀਆਂ ਨੀਹਾਂ ਦਾ ਜੋਸ਼ੀਲਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਹਲੂਣਿਆ ਅਤੇ ਸਿੱਖ ਨੌਜਵਾਨਾਂ ਨੂੰ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਣ ਲਈ ਪ੍ਰੇਰਿਤ ਕੀਤਾ। ਯੋਧੇ ਵੀਰ ਖ਼ਾਲਸਾ ਗੁਰਮਤਿ ਅਕੈਡਮੀ ਦੇ ਭਾਈ ਪਾਰਸ ਸਿੰਘ ਖ਼ਾਲਸਾ ਨੇ ਸਮਾਪਤੀ ਉੱਤੇ ਸਭ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਗੁਰਪੰਥ ਸਿੰਘ ਨਿਹੰਗ, ਮਨਿੰਦਰ ਸਿੰਘ ਨਿਹੰਗ, ਖੁਸ਼ਹਾਲ ਸਿੰਘ ਨਿਹੰਗ, ਗੁਰਸ਼ਰਨ ਸਿੰਘ ਨਿਹੰਗ, ਪੁਖਰਾਜ ਸਿੰਘ ਨਿਹੰਗ, ਪ੍ਰੇਮ ਸਿੰਘ, ਹਰਮਨਦੀਪ ਸਿੰਘ ਕੰਗ, ਭਾਈ ਯਾਦਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਬਹੋੜੂ, ਭਾਈ ਪਰਮਜੀਤ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ