ਅੰਮ੍ਰਿਤਸਰ, 28 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਕੇਰਲਾ ਦੇ ਇੱਕ ਕੇਂਦਰੀ ਵਿਦਿਆਲੇ ‘ਚ ਵੀਰ ਬਾਲ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਦੋ ਬੱਚਿਆਂ ਵੱਲੋਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਦੀ ਨਕਲ ਉਤਾਰੀ ਗਈ, ਜਿਸ ‘ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹੇ ਪੰਥ ਵਿਰੋਧੀ ਕਾਰਿਆਂ ਨੂੰ ਖ਼ਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਇਹ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਅਜਿਹੀ ਹਰਕਤ ਕਰਵਾਈ ਗਈ ਹੈ, ਜਿਸ ਨੂੰ ਇੱਥੇ ਹੀ ਠੱਲ ਪਾਉਣ ਦੀ ਲੋੜ ਹੈ, ਨਹੀਂ ਤਾਂ ਇਹ ਰੁਝਾਨ ਭਵਿੱਖ ਵਿੱਚ ਸਿੱਖ ਕੌਮ ਲਈ ਬਹੁਤ ਨੁਕਸਾਨਦੇਹ ਹੋਵੇਗਾ। ਇਹ ਰੁਝਾਨ ਕਦਾਚਿਤ ਗੁਰਮਤਿ ਅਤੇ ਸਿੱਖੀ ਵਿੱਚ ਸ਼ਹਾਦਤਾਂ ਨੂੰ ਯਾਦ ਕਰਨ ਦੇ ਅਨੁਕੂਲ ਨਹੀਂ ਹੈ, ਇਹ ਉਹਨਾਂ ਦੀਆਂ ਸ਼ਹਾਦਤਾਂ ਨੂੰ ਛੋਟਾ ਕਰਨ ਦਾ ਯਤਨ ਹੈ, ਇਸ ਦੇ ਰੋਸ ਵਜੋਂ ਦੋਸ਼ੀਆਂ ਨੂੰ ਨੱਥ ਪਾਉਣ ਲਈ ਸਿੱਖ ਕੋਈ ਵੀ ਕਦਮ ਉਠਾ ਸਕਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੀ ਕੋਝੀ ਹਰਕਤ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਇਹ ਸਿੱਖੀ ਦੇ ਮੂਲ ਅਤੇ ਬੁਨਿਆਦੀ ਸਿਧਾਂਤਾਂ ਉੱਤੇ ਵੱਡਾ ਹਮਲਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਸ ਸਮੇਂ ਮੋਦੀ ਸਰਕਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਿਆ ਸੀ ਅਸੀਂ ਉਦੋਂ ਵੀ ਡਟਵਾਂ ਵਿਰੋਧ ਕੀਤਾ ਸੀ ਅਤੇ ਖਾਦਸ਼ਾ ਪ੍ਰਗਟਾਇਆ ਸੀ ਕਿ ਹੁਣ ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਅਤੇ ਮੰਦਰਾਂ ਵਿੱਚ ਸਾਹਿਬਜ਼ਾਦਿਆਂ ਦਾ ਸਵਾਂਗ ਉਤਾਰਿਆ ਜਾਵੇਗਾ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਰੂਹਾਨੀਅਤ ਨੂੰ ਰੋਲਣ ਦੇ ਯਤਨ ਹੋਣਗੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਕਲ ਅਤੇ ਹੁਣ ਸਾਹਿਬਜ਼ਾਦਿਆਂ ਦੀ ਨਕਲ ਉਸੇ ਗੱਲ ਦੇ ਹੀ ਸਿੱਟੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਹਨਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸ਼੍ਰੋਮਣੀ ਕਮੇਟੀ ਵੀ ਕਾਨੂਨੀ ਕਾਰਵਾਈ ਕਰਾਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਉੱਤੇ ਸੰਪਰਦਾਵਾਂ ਨੇ ਚੁੱਪੀ ਧਾਰਨ ਕੀਤੀ ਹੋਈ ਹੈ ਤੇ ਆਮ ਸਿੱਖ ਆਵਾਜ਼ ਬੁਲੰਦ ਕਰ ਰਹੇ ਹਨ। ਉਹਨਾਂ ਕਿਹਾ ਕਿ ਵੀਰ ਬਾਲ ਦਿਵਸ ਨੂੰ ਵੀ ਮੁੱਢੋਂ ਨਕਾਰਿਆ ਜਾਣਾ ਚਾਹੀਦਾ ਹੈ, ਸਾਹਿਬਜ਼ਾਦੇ ਆਮ ਬੱਚੇ ਨਹੀਂ ਬਲਕਿ ਸਾਡੇ ਬਾਬੇ ਹਨ। ਭਗਵੇਂ ਬ੍ਰਿਗੇਡ ਦੀ ਚਾਲ ਨੂੰ ਨਕਾਰੋ, ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਹੀ ਮਨਾਓ।ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਜਿਸ ਤਰ੍ਹਾਂ ਭਾਰਤੀ ਸੰਸਕ੍ਰਿਤੀ, ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਨਾਲ਼ ਜੋੜ ਕੇ ਭਾਰਤੀ ਗੌਰਵ ਦੇ ਖਾਤੇ ਪਾਇਆ ਜਾ ਰਿਹਾ ਹੈ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਧਰਮ ਲਈ, ਕੌਮ ਲਈ, ਪੰਥ ਲਈ, ਸਰਬੱਤ ਦੇ ਭਲੇ ਲਈ, ਮਨੁੱਖਤਾ ਦੀ ਰਾਖੀ ਲਈ, ਜਬਰ-ਜ਼ੁਲਮ ਦੇ ਖਾਤਮੇ ਲਈ ਅਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਸਰ ਪੰਥ (ਨਿਰਮਲ ਪੰਥ) ਚਲਾਇਆ ਉਸ ਖਾਲਸਾ ਪੰਥ ਦੀ ਅੱਡਰੀ, ਨਿਆਰੀ, ਵਿਲੱਖਣ ਹੋਂਦ-ਹਸਤੀ ਤੇ ਖਾਲਸਾ ਰਾਜ ਦੀ ਸਿਰਜਣਾ ਲਈ ਹੋਈਆਂ ਸਨ। ਜਿਸ ਸਮੇਂ ਸੰਨ 1704 ਵਿੱਚ ਇਹ ਸਾਕਾ ਵਾਪਰਿਆ ਉਸ ਸਮੇਂ ਭਾਰਤ ਦਾ ਇੱਕ ਦੇਸ਼ ਵਜੋਂ ਕੋਈ ਵਜੂਦ ਨਹੀਂ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲਾ ਭਾਰਤ 600 ਤੋਂ ਵੱਧ ਰਿਆਸਤਾਂ ‘ਚ ਵੰਡਿਆ ਹੋਇਆ ਸੀ। ਫਿਰ ਸਾਹਿਬਜ਼ਾਦਿਆਂ ਨੂੰ ਕਿਹੜੇ ਭਾਰਤ ਦੇ ਨਾਗਰਿਕ ਵਜੋਂ ਦਰਸਾਇਆ ਜਾ ਰਿਹਾ ਹੈ ? ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਅਖੰਡ ਭਾਰਤ ਕਹਿਣ ਵਾਲ਼ੇ ਕੋਰਾ ਝੂਠ ਬੋਲਦੇ ਹਨ। ਪੰਜਾਬ ਵੀ ਇੱਕ ਵੱਖਰਾ ਮੁਲਕ ਸੀ ਤੇ ਪੰਜਾਬ ਨੂੰ ਅੱਜ ਵੀ ਭਾਰਤ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਸੰਘਰਸ਼ਸ਼ੀਲ ਹੈ।
Author: Gurbhej Singh Anandpuri
ਮੁੱਖ ਸੰਪਾਦਕ