ਅੰਮ੍ਰਿਤਸਰ, 1 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ 31ਵੇਂ ਸ਼ਹੀਦੀ ਸਮਾਗਮ ਤੋਂ। ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਲਿਖੀ ਜੰਗੀ ਯੋਧੇ ਸ਼ਹੀਦਾਂ ਦੀ ਗਾਥਾ ਕਿਤਾਬ ਜਾਰੀ ਕੀਤੀ ਗਈ। ਇਹ ਕਿਤਾਬ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰਕ ਮੈਂਬਰਾਂ, ਸ਼ਹੀਦ ਭਾਈ ਦਇਆ ਸਿੰਘ ਚੋਹਲਾ ਦੇ ਭਰਾ, ਸ਼ਹੀਦ ਭਾਈ ਸੁਖਦੇਵ ਸਿੰਘ ਝਾਮਕਾ ਦੇ ਭਰਾ, ਸ਼ਹੀਦ ਭਾਈ ਹਰਪਾਲ ਸਿੰਘ ਪੱਪੂ ਬੱਬਰ ਦੇ ਭਰਾ ਅਤੇ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੇ ਭਤੀਜੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਵੱਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਮਾਲਵੇ ਦੇ 30 ਸ਼ਹੀਦਾਂ ਦੀਆਂ ਜੀਵਨੀਆਂ ਦਰਜ਼ ਹਨ, ਭਵਿੱਖ ਵਿੱਚ ਇਸ ਕਿਤਾਬ ਦੇ ਚਾਰ ਭਾਗ ਹੋਰ ਛਾਪੇ ਜਾਣਗੇ। ਉਹਨਾਂ ਨੇ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਕਿਤਾਬ ਪੜ੍ਹਨ ਦੀ ਅਪੀਲ ਕੀਤੀ, 93 ਪੰਨਿਆਂ ਦੀ ਇਹ ਕਿਤਾਬ ਭੇਟਾ ਰਹਿਤ ਹੈ। ਉਹਨਾਂ ਕਿਹਾ ਕਿ ਅਫ਼ਰੀਕਨ ਅਖਾਣ ਹੈ ਕਿ “ਜਦੋਂ ਤਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ, ਹਮੇਸ਼ਾਂ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ, ਸ਼ੇਰ ਦੀ ਨਿਰਭੈਅਤਾ ਦੀ ਕਹਾਣੀ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ, ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ।” ਭਾਰਤੀ ਹਕੂਮਤ ਸਾਡੇ ਇਹਨਾਂ ਯੋਧਿਆਂ ਨੂੰ ਅੱਤਵਾਦੀ ਅਤੇ ਦਹਿਸ਼ਤਗਰਦ ਕਹਿ ਕੇ ਭੰਡਦੀ ਹੈ ਪਰ ਇਹ ਸਾਡੀ ਕੌਮ ਦੇ ਨਾਇਕ ਸੂਰਮੇ ਅਤੇ ਰੋਲ ਮਾਡਲ ਹਨ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਅਰੰਭੇ ਖ਼ਾਲਿਸਤਾਨ ਦੀ ਅਜ਼ਾਦੀ ਸੰਘਰਸ਼ ਉੱਤੇ ਪਹਿਰਾ ਦੇਣਾ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਹਜ਼ਾਰਾਂ ਸਿੱਖ ਨੌਜਵਾਨ ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਮੈਦਾਨੇ ਜੰਗ ਵਿੱਚ ਨਿੱਤਰ ਆਏ ਤੇ ਜੂਝ ਕੇ ਸ਼ਹਾਦਤਾਂ ਪਾਈਆਂ, ਉਹ ਕਾਲ਼ਾ ਨਹੀਂ ਬਲਕਿ ਸੁਨਹਿਰੀ ਦੌਰ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਹਨਾਂ ਵਾਂਗ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਵੀ ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਤੇ ਭਾਈ ਅਮਰਦੀਪ ਸਿੰਘ ਅਮਰ ਦੀ ਪ੍ਰੇਰਨਾ ਸਦਕਾ ਸ਼ਹੀਦਾਂ ਦਾ ਇਤਿਹਾਸ ਸੰਭਾਲਣ ਦਾ ਕਾਰਜ ਅਰੰਭਿਆ ਹੈ।
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ