Home » ਧਾਰਮਿਕ » ਇਤਿਹਾਸ » ਫ਼ਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗਜਾਏ : ਜੇਲ੍ਹਰ ਸੁਨੀਲ ਗੁਪਤਾ

ਫ਼ਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗਜਾਏ : ਜੇਲ੍ਹਰ ਸੁਨੀਲ ਗੁਪਤਾ

134 Views
ਫ਼ਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗਜਾਏ : ਜੇਲ੍ਹਰ ਸੁਨੀਲ ਗੁਪਤਾ
ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਆਖ਼ਰੀ ਪਲ਼ਾਂ ਨੂੰ ਤਿਹਾੜ ਜੇਲ੍ਹ ਦੇ ਅਫ਼ਸਰ ਸੁਨੀਲ ਗੁਪਤਾ ਨੇ ਆਪਣੀ ਕਿਤਾਬ ‘ਬਲੈਕ ਵਰੰਟ’ ਵਿੱਚ ਬਾਖ਼ੂਬੀ ਕਲਮਬੰਦ ਕੀਤਾ ਹੈ ਜੋ ਅੰਗਰੇਜ਼ੀ ਵਿੱਚ ਹੈ, ਇਹ ਕਿਤਾਬ ਉਹਨਾਂ ਨੇ ਸੀਨੀਅਰ ਪੱਤਰਕਾਰ ਸੁਨੇਤਰਾ ਚੌਧਰੀ ਦੇ ਨਾਲ਼ ਮਿਲ਼ ਕੇ ਲਿਖੀ ਹੈ। ਜੇਲ੍ਹਰ ਸੁਨੀਲ ਗੁਪਤਾ ਲਿਖਦਾ ਹੈ ਕਿ ਤਿਹਾੜ੍ਹ ਜੇਲ੍ਹ ਦੇ ਇਤਿਹਾਸ ਵਿੱਚ ਸਤਵੰਤ ਸਿੰਘ ਅਤੇ ਕੇਹਰ ਸਿੰਘ ਅਜਿਹੇ ਵਿਅਕਤੀਆਂ ਦੇ ਤੌਰ ’ਤੇ ਜਾਣੇ ਜਾਣਗੇ ਜਿਨ੍ਹਾਂ ਨੇ ਸਿੱਖ ਰਵਾਇਤਾਂ ਅਨੁਸਾਰ ਫ਼ਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਏ।
ਗੁਪਤਾ ਨੇ ਤਿਹਾੜ ਜੇਲ੍ਹ ’ਚ 35 ਸਾਲਾ ਨੌਕਰੀ ਦੌਰਾਨ ਬਿੱਲਾ ਅਤੇ ਰੰਗਾ ਨੂੰ 1982, ਮਕਬੂਲ ਭੱਟ ਨੂੰ 1984, ਕਰਤਾਰ ਸਿੰਘ ਅਤੇ ਉਜਾਗਰ ਸਿੰਘ ਨੂੰ 1985, ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ 1989 ਅਤੇ ਅਫ਼ਜ਼ਲ ਗੁਰੂ ਨੂੰ 2013 ’ਚ ਫ਼ਾਂਸੀ ’ਤੇ ਝੂਲਦਿਆਂ ਅੱਖੀਂ ਵੇਖਿਆ।
ਜੇਲ੍ਹਰ ਲਿਖਦਾ ਹੈ ਕਿ ਦਸੰਬਰ 1984 ’ਚ ਤਿਹਾੜ ਜੇਲ੍ਹ ਨੇ ਇੰਦਰਾ ਗਾਂਧੀ ਦੇ ਕਤਲ ਕੇਸ ’ਚ ਕੇਹਰ ਸਿੰਘ, ਸਤਵੰਤ ਸਿੰਘ ਅਤੇ ਬਲਬੀਰ ਸਿੰਘ ਵਿਰੁੱਧ ਕੇਸ ਚਲਾਉਣ ਲਈ ਆਪਣੇ ਆਪ ਨੂੰ ਤਿਆਰ ਕੀਤਾ।
ਕਿਤਾਬ ’ਚ ਇਸ ਹਾਈ ਪ੍ਰੋਫ਼ਾਈਲ ਕੇਸ ਨੂੰ ਮੁੱਢ ਤੋਂ ਲੈ ਕੇ ਅੰਜ਼ਾਮ ਤਕ ਸਾਰੀ ਬਰੀਕੀ ਵਿੱਚ ਕੀਤੀ ਗਈ ਪਲੈਨਿੰਗ ਨੂੰ ਡਾਕੂਮੈਂਟ ਕੀਤਾ ਗਿਆ ਹੈ। ਤਿਹਾੜ ਜੇਲ੍ਹ ਵਿੱਚ ਪਹਿਲੀ ਵਾਰ ਇਸ ਕੇਸ ਨੂੰ ਲੈ ਕੇ ਜੇਲ੍ਹ ਕੰਪਲੈਕਸ ਦੇ ਅੰਦਰ ਹੀ ਅਦਾਲਤ ਤਿਆਰ ਕੀਤੀ ਗਈ ਕਿਉਂਕਿ ਏਜੰਸੀਆਂ ਅਤੇ ਸਰਕਾਰ ਨੂੰ ਇਹ ਖ਼ਦਸ਼ਾ ਸੀ ਕਿ ਦੋਸ਼ੀਆਂ ਨੂੰ ਵਾਰ-ਵਾਰ ਅਦਾਲਤ ਵਿੱਚ ਲੈ ਕੇ ਜਾਣ ਅਤੇ ਵਾਪਸ ਲਿਆਉਣ ਦੇ ਹਲਾਤਾਂ ਨਾਲ ਨਜਿੱਠਣਾ ਬੜਾ ਔਖਾ ਹੈ।
ਇਹਨਾਂ ਤਿੰਨਾਂ ਸਿੰਘਾਂ ਦੇ ਵਕੀਲ ਪੀ.ਐੱਨ. ਲੇਖੀ, ਆਰ.ਐੱਸ. ਸੋਢੀ ਅਤੇ ਰਾਮ ਜੇਠ ਮਲਾਨੀ ਨੇ ਸੁਪਰੀਮ ਕੋਰਟ ’ਚ ਤਿਹਾੜ ਜੇਲ੍ਹ ਦੇ ਅੰਦਰ ਟਰਾਇਲ ਚਲਾਉਣ ਨੂੰ ਚੁਣੌਤੀ ਦਿੱਤੀ ਪਰ ਅਦਾਲਤ ਨੇ ਸਰਕਾਰ ਦੀ ਗੱਲ ਮੰਨਦਿਆਂ ਤਿਹਾੜ ਜੇਲ੍ਹ ’ਚ ਕੋਰਟ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ।
ਤਿਹਾੜ੍ਹ ਦੀ ਜੇਲ੍ਹ ਨੰਬਰ ਤਿੰਨ ਵਿੱਚ ਸੁਪਰਡੈਂਟ ਦੇ ਕਮਰੇ ਨੂੰ ਕੋਰਟ ਰੂਮ ’ਚ ਤਬਦੀਲ ਕੀਤਾ ਗਿਆ। ਤਿੰਨੇ ਸਿੰਘਾਂ ਨੂੰ ਜੇਲ੍ਹ ਨੰਬਰ ਇੱਕ ਤੋਂ ਤਿੰਨ ਵਿੱਚ ਵੈਨ ’ਤੇ ਲਿਆਇਆ ਜਾਂਦਾ ਸੀ। ਪਹਿਲੀ ਵਾਰ ਐਡੀਸ਼ਨਲ ਸ਼ੈਸ਼ਨ ਜੱਜ ਮਹੇਸ਼ ਚੰਦਰਾ, ਗਵਾਹਾਂ ਅਤੇ ਦੋਸ਼ੀਆਂ ਲਈ ਬੁਲੇਟ ਪਰੂਫ਼ ਗਲਾਸ (ਕਵਚ) ਬਣਾਏ ਗਏ।
ਗੁਪਤਾ ਲਿਖਦਾ ਹੈ ਕਿ ਜੱਜ ਚੰਦਰਾ ਬੁਲੇਟ ਪਰੂਫ਼ ਕਵਚ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਸੀ। ਜੇਲ੍ਹਰ ਲਿਖਦਾ ਹੈ ਕਿ ਜੱਜ ਵੱਖ-ਵੱਖ ਪਾਸਿਓਂ ਮਾਨਸਿਕ ਦਬਾਅ ਹੇਠ ਲਗਦਾ ਸੀ। ਜਦੋਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਇਹ ਸ਼ਿਕਾਇਤ ਕਰਦੇ ਸੀ ਕਿ ਸਾਡੇ ਨਾਲ਼ ਜੇਲ੍ਹ ਅੰਦਰ ਮਾੜਾ ਸਲੂਕ ਕੀਤਾ ਜਾਂਦਾ ਹੈ, ਕੁੱਟ-ਮਾਰ ਕੀਤੀ ਜਾਂਦੀ ਹੈ ਤਾਂ ਜੱਜ ਸਾਡੇ ਨਾਲ਼ ਅਦਾਲਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਾਈਵੇਟ ਤੌਰ ’ਤੇ ‘ਗੰਢ-ਤੁਪ’ ਤੈਅ ਕਰ ਲੈਂਦਾ ਸੀ ਕਿ “ਜੇ ਮੈਂ ਇਹ ਕਹਾਂਗਾ ਤਾਂ ਤੁਸੀਂ ਇਹ ਕਹਿ ਦਿਓ।”
ਜਦੋਂ ਕਦੇ ਸਿੰਘ, ਜੱਜ ਨੂੰ ਇਕੱਲਿਆਂ ਵਿੱਚ ਮਿਲ਼ ਕੇ ਆਪਣੀਆਂ ਸਮੱਸਿਆਵਾਂ ਦੱਸਣਾ ਚਾਹੁੰਦੇ ਸਨ ਤਾਂ ਜੱਜ ਡਰ ਵਿੱਚੋਂ ਉਹਨਾਂ ਨੂੰ ਮਿਲ਼ਣ ਤੋਂ ਇਨਕਾਰ ਕਰ ਦਿੰਦਾ ਸੀ। ਕਿਤਾਬ ਵਿੱਚ ਕੁਝ ਅਜਿਹੇ ਇੰਕਸ਼ਾਫ਼ ਹਨ ਜੋ ਭਾਰਤੀ ਜਸਟਿਸ ਸਿਸਟਮ ਦੇ ਖੋਖਲੇਪਨ ਨੂੰ ਉਜਾਗਰ ਕਰਦੇ ਹਨ।
ਗੁਪਤਾ ਲਿਖਦੇ ਹਨ ਕਿ ਜੱਜ ਮਹੇਸ਼ ਚੰਦਰਾ ਨੂੰ ਇਹ ਕੇਸ ਇਸ ਕਰਕੇ ਸੌਂਪਿਆ ਗਿਆ ਸੀ ਕਿ ਉਹ ਸਰਕਾਰੀ ਪੱਖ ਦਾ ਪੂਰਾ ਧਿਆਨ ਰੱਖਣ। ਏ.ਸੀ.ਪੀ. ਰਾਜਿੰਦਰਾ ਪ੍ਰਸਾਦ ਖੋਚਰ ਨੇ ਜੇਲ੍ਹਰ ਨੂੰ ਕਿਹਾ ਕਿ ਸਾਡੇ ਕੋਲ਼ ਇਸ ਜੱਜ ਦੇ ਖ਼ਿਲਾਫ਼ ਬਹੁਤ ਸ਼ਿਕਾਇਤਾਂ ਹਨ, ਜੇਕਰ ਇਸ ਨੇ ਉਹ ਫ਼ੈਸਲਾ ਜੋ ਸਰਕਾਰ ਚਾਹੁੰਦੀ ਹੈ, ਨਾ ਦਿੱਤਾ ਤਾਂ ਅਸੀਂ ਇਸ ਨੂੰ ਬੇ-ਪਰਦ ਕਰ ਦਿਆਂਗੇ।
ਜੇਲ੍ਹਰ ਗੁਪਤਾ ਕਹਿੰਦੇ ਹਨ ਕਿ ਇਹ ਇਕ ਆਮ ਧਾਰਨਾ ਸੀ ਕਿ ਜੇ ਮਰਨ ਵਾਲ਼ੀ ਦੇਸ਼ ਦੀ ਪ੍ਰਧਾਨ ਮੰਤਰੀ ਨਾ ਹੁੰਦੀ ਤਾਂ ਇਹਨਾਂ ਸਿੰਘਾਂ ਨੇ ਬਰੀ ਹੋ ਜਾਣਾ ਸੀ ਅਤੇ ਇਹ ਸੋਚ ਸਿੱਖ ਭਾਈਚਾਰੇ ਵਿੱਚ ਬਹੁਤ ਵਾਰ ਵਿਚਾਰੀ ਅਤੇ ਪ੍ਰਵਾਨ ਕੀਤੀ ਗਈ। ਇਹ ਗੱਲ ਸਾਫ਼ ਸੀ ਕਿ ਕੇਹਰ ਸਿੰਘ ਦੇ ਵਿਰੁੱਧ ਕੋਈ ਪੁਖਤਾ ਸਬੂਤ ਨਹੀਂ ਸਨ।
ਪਹਿਲਾ ਕਾਰਨ ਗੁਪਤਾ ਲਿਖਦੇ ਹਨ ਕਿ ਬੇਅੰਤ ਸਿੰਘ ਜੋ ਮੁੱਖ ਸ਼ੂਟਰ ਸੀ ਉਸ ਨੂੰ ਮੌਕੇ ’ਤੇ ਮਾਰ ਦਿੱਤਾ ਗਿਆ ਤੇ ਉਸ ਦੀ ਮੌਤ ਨਾਲ਼ ਕਤਲ ਪਿੱਛੇ ਸਾਜ਼ਿਸ਼ ਅਤੇ ਅਸਲ ਮਨੋਰਥ ਕੀ ਸੀ ਉਹ ਗੁਆਚ ਗਿਆ।
ਦੂਜਾ ਕੇਹਰ ਸਿੰਘ ਦੇ ਖ਼ਿਲਾਫ਼ ਇੱਕੋ-ਇੱਕ ਸਬੂਤ ਜੋ ਪੁਲੀਸ ਨੇ ਜਬਰੀ ਤਿਆਰ ਕੀਤਾ ਸੀ ਉਹ ਸੀ ਬਿਮਲ ਕੌਰ ਖ਼ਾਲਸਾ ਦੀ ਗਵਾਹੀ ਜੋ ਬੇਅੰਤ ਸਿੰਘ ਦੀ ਸੁਪਤਨੀ ਸੀ।
ਕਿਤਾਬ ਲਿਖਣ ਵਾਲ਼ਾ ਬਿਆਨ ਕਰਦਾ ਹੈ ਕਿ ਇਸ ਕੇਸ ਵਿੱਚ ਬਹੁਤ ਸਾਰੇ ਐਸੇ ਪੱਖ ਸਨ ਜਿਨ੍ਹਾਂ ਵਿੱਚ ਕਮੀਆਂ ਤੇ ਤਰੁੱਟੀਆਂ ਸਨ ਪਰ ਸੁਪਰੀਮ ਕੋਰਟ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
ਗੁਪਤਾ ਕਹਿੰਦਾ ਹੈ ਕਿ ਸਤਵੰਤ ਸਿੰਘ ਪਹਿਲੇ ਦਿਨ ਤੋਂ ਹੀ ਲੜਾਕੂ ਸੁਭਾਅ ਦਾ ਸੀ ਅਤੇ ਆਪਣੇ ਜੇਲ੍ਹ ਗਾਰਡ ਉੱਤੇ ਵੀ ਹਮਲਾ ਕਰ ਦਿੰਦਾ ਸੀ। ਕਈ ਵਾਰ ਉਹ ਕੋਰਟ ’ਚ ਲੜ ਵੀ ਪੈਂਦਾ ਸੀ ਤੇ ਜੱਜ ਇਸ ਗੱਲ ਤੋਂ ਬੜਾ ਭੈਅ ਖਾਂਦਾ ਸੀ। ਇਥੋਂ ਤਕ ਕਿ ਸਤਵੰਤ ਸਿੰਘ ਕਈ ਵਾਰ ਆਪਣੇ ਵਕੀਲ ਦਾ ਵੀ ਲਿਹਾਜ਼ ਨਹੀਂ ਸੀ ਕਰਦਾ। ਕੇਸ ਦੀ ਪੈਰਵਾਈ ਦੌਰਾਨ ਜਦੋਂ ਪੀ.ਐੱਨ. ਲੇਖੀ ਨੇ ਜਿਰ੍ਹਾ ਕੀਤਾ ਕਿ “ਸਤਵੰਤ ਸਿੰਘ ਬੇਕਸੂਰ ਹੈ ਤੇ ਜਿਹੜਾ ਕਤਲ ਹੋਇਆ ਹੈ ਉਹ ਇਹ ਇੱਕ ਅੰਤਰ-ਰਾਸ਼ਟਰੀ ਸਾਜਿਸ਼ ਹੈ।” ਤਾਂ ਸਤਵੰਤ ਸਿੰਘ ਇੱਕਦਮ ਬੋਲਿਆ ਕਿ “ਮੈਂ ਮਾਰਿਆਂ ਉਸ ਨੂੰ, ਮੈਨੂੰ ਨਹੀਂ ਪਤਾ ਇਹ ਇੱਦਾਂ ਕਿਉਂ ਕਹਿ ਰਹੇ ਨੇ ? ਬਸ, ਮੈਂ ਮਾਰਿਆ ਉਸ ਨੂੰ ।”
ਕਿਤਾਬ ਲਿਖਣ ਵਾਲ਼ੇ ਨੇ ਸਤਵੰਤ ਸਿੰਘ ਨੂੰ ਗੱਭਰੂ ਜਵਾਨ ਲਿਿਖਆ ਹੈ। ਸਮੇਂ ਦੇ ਨਾਲ਼-ਨਾਲ਼ ਸਤਵੰਤ ਸਿੰਘ ਦਾ ਗੁੱਸਾ ਠੰਢਾ ਪੈਂਦਾ ਗਿਆ ਤੇ ਜਿਹੜਾ ਆਪਣੇ ਸਕਿਓਰਟੀ ਗਾਰਡ ’ਤੇ ਵੀ ਹਮਲਾ ਕਰਨ ਤੋਂ ਨਹੀਂ ਝਿਜਕਦਾ ਸੀ, ਉਹ ਸਮੇਂ ਦੇ ਨਾਲ਼-ਨਾਲ਼ ਉਹਨਾਂ ਨਾਲ਼ ਗੱਲਾਂ ਅਤੇ ਫੁੱਟਬਾਲ ਵੀ ਖੇਡਣ ਲਗ ਪਿਆ। ਸਤਵੰਤ ਸਿੰਘ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਵੇਲ਼ੇ ਉਸ ਨੂੰ ਗੋਲ਼ੀਆਂ ਲੱਗੀਆਂ ਸਨ ਤੇ ਉਸ ਦਾ ਇਲਾਜ ਜੇਲ੍ਹ ਅੰਦਰ ਹੀ ਕੀਤਾ ਗਿਆ ਸੀ। ਉਸ ਦਾ ਕਮਰਾ ਜੇਲ੍ਹ ਦਾ ਸੈੱਲ ਘੱਟ ਅਤੇ ਹਸਪਤਾਲ ਜ਼ਿਆਦਾ ਲਗਦਾ ਸੀ।
ਇੱਕ ਨੌਜਵਾਨ ਲੱਖੀ ਰਾਮ ਉਸ ਦਾ ਖਾਣਾ ਬਣਾਉਂਦਾ ਸੀ। ਲੱਖੀ ਰਾਮ ਇੰਟੈਲੀਜੈਂਸੀ ਬਿਓਰੋ ਦਫ਼ਤਰ ’ਚ ਕੰਮ ਕਰਨ ਵਾਲ਼ੇ ਤੀਜੇ ਦਰਜ਼ੇ ਦੇ ਮੁਲਾਜ਼ਮ ਦਾ ਬੇਟਾ ਸੀ ਅਤੇ ਉਸ ਨੂੰ ਇਸ ਕਰਕੇ ਰੱਖਿਆ ਗਿਆ ਸੀ ਕਿ ਸਰਕਾਰ ਨੂੰ ਇਹ ਡਰ ਸੀ ਕਿ ਸਤਵੰਤ ਸਿੰਘ ਨੂੰ ਕੋਈ ਖਾਣੇ ਵਿੱਚ ਜ਼ਹਿਰ ਨਾ ਦੇ ਦੇਵੇ।
ਉਂਝ ਇਹਨਾਂ ਤਿੰਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਘਰੋਂ ਮੁਲਾਕਾਤ ਵਾਲ਼ੇ ਦਿਨ ਖਾਣਾ ਲਿਆਉਣ ਦੀ ਇਜਾਜ਼ਤ ਸੀ ਅਤੇ ਬਾਪੂ ਤਰਲੋਕ ਸਿੰਘ (ਸਤਵੰਤ ਸਿੰਘ ਦਾ ਪਿਤਾ) ਆਪਣੇ ਪੁੱਤਰ ਦੇ ਸੈੱਲ ਵਿੱਚ ਬਹਿ ਕੇ ਦੁਪਹਿਰ ਦਾ ਖਾਣਾ ਖਾਂਦਾ ਸੀ।
ਜੇਲ੍ਹਰ ਲਿਖਦਾ ਹੈ ਕਿ ਕੇਹਰ ਸਿੰਘ ਦੀ ਦਿੱਖ ਇੱਕ ਸਰਕਾਰੀ ਅਫ਼ਸਰ ਵਾਂਗ ਸੀ। ਉਸ ਦੀ ਸ਼ਖ਼ਸੀਅਤ ’ਚੋਂ ਸ਼ਾਂਤ ਅਤੇ ਸਾਦਾਪਨ ਝਲਕਦਾ ਸੀ ਅਤੇ ਉਹ ਕਦੇ ਵੀ ਸਾਡੀ ਲਈ ਸਮੱਸਿਆ ਨਹੀਂ ਬਣਿਆ। ਉਹ ਇੱਕ ਧਾਰਮਿਕ ਪ੍ਰਚਾਰਕ ਵਾਂਗ ਸੀ, ਉਹ ਜਾਂ ਤਾਂ ਧਾਰਮਿਕ ਕਿਤਾਬਾਂ ਪੜ੍ਹ ਕੇ ਸਮਾਂ ਗੁਜਾਰਦਾ ਸੀ ਜਾਂ ਫਿਰ ਬੈੱਡ ’ਤੇ ਆਰਾਮ ਕਰਦਾ ਸੀ।
ਸੁਨੀਲ ਗੁਪਤਾ, ਬਲਬੀਰ ਸਿੰਘ ਬਾਰੇ ਚੰਗੀ ਰਾਏ ਨਹੀਂ ਰੱਖਦਾ ਜੋ ਕਿ ਦਿੱਲੀ ਪੁਲੀਸ ਦਾ ਇੰਸਪੈਕਟਰ ਸੀ ਜਿਸ ਬਾਰੇ ਉਹ ਕਹਿੰਦਾ ਹੈ ਕਿ ਇਹ ਬੜਬੋਲਾ ਵਿਅਕਤੀ ਸੀ। ਕੇਹਰ ਸਿੰਘ ਦੇ ਸੈੱਲ ਦੇ ਨਾਲ਼ ਹੀ ਬਲਬੀਰ ਸਿੰਘ ਦਾ ਸੈੱਲ ਸੀ ਅਤੇ ਇਸ ਦੀ ਸਜ਼ਾ ਦਾ ਆਧਾਰ ਪੁਲੀਸ ਦੀ ਕਹਾਣੀ ਸੀ ਕਿ ਸਤੰਬਰ ਦੇ ਪਹਿਲੇ ਹਫ਼ਤੇ ਇਸ ਨੇ ਇੱਕ ਬਾਜ਼ ਵੇਖਿਆ ਜਿਸ ਨੇ ਇਸ ਨੂੰ ਇੰਦਰਾ ਗਾਂਧੀ ਦੇ ਕਤਲ ਦਾ ਸੰਕੇਤ ਦਿੱਤਾ।
ਗੁਪਤਾ ਨੂੰ ਲਗਦਾ ਹੈ ਕਿ ਬਲਬੀਰ ਸਿੰਘ ਦਾ ਆਪਣਾ ਬੜਬੋਲਾ ਰਵੱਈਆ ਹੀ ਇਸ ਦੀ ਸਜ਼ਾ ਦਾ ਕਾਰਨ ਬਣਿਆ ਪਰ ਸੁਪਰੀਮ ਕੋਰਟ ਨੇ ਟਰਾਇਲ ਕੋਰਟ ਵੱਲੋਂ ਬਲਬੀਰ ਸਿੰਘ ਨੂੰ ਦਿੱਤੀ ਫ਼ਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਜਿਸ ਤੋਂ ਇੰਟੈਲੀਜੈਂਸੀ ਬਿਓਰੋ ਵਾਲ਼ੇ ਬਹੁਤ ਔਖੇ ਸਨ।
ਜਿਵੇਂ-ਜਿਵੇਂ ਫ਼ਾਂਸੀ ਦੀ ਤਾਰੀਖ਼ ਨੇੜੇ ਆਉਂਦੀ ਗਈ, ਸਤਵੰਤ ਸਿੰਘ ਸ਼ਾਂਤ ਹੁੰਦਾ ਗਿਆ ਅਤੇ ਉਸ ਨੇ ਖਾਣਾ ਵੀ ਘੱਟ ਕਰ ਦਿੱਤਾ। ਕੇਹਰ ਸਿੰਘ ਦਾ ਪਰਿਵਾਰ ਉਸ ਦੀ ਜਾਨ ਬਚਾਉਣ ਲਈ ਹੱਥ-ਪੈਰ ਮਾਰਦਾ ਰਿਹਾ। ਪਰ ਸਤਵੰਤ ਸਿੰਘ ਨੇ ਕਿਹਾ ਕਿ “ਪਰਮਾਤਮਾ ਕੋਲ਼ ਹੀ ਇਹ ਅਧਿਕਾਰ ਹੈ ਕਿ ਉਹ ਮੇਰੇ ਬਾਰੇ ਅੰਤਿਮ ਫ਼ੈਸਲਾ ਕਰੇ।”
6 ਜਨਵਰੀ 1989 ਵਾਲ਼ੇ ਦਿਨ ਇਹ ਦੋਵੇਂ ਵਿਅਕਤੀ ਕਾਫ਼ੀ ਸ਼ਾਂਤ ਸਨ। ਨਿਤਨੇਮ ਕਰਨ ਤੋਂ ਬਾਅਦ ਕੇਹਰ ਸਿੰਘ ਨੇ ਫ਼ਾਂਸੀ ਅਹਾਤੇ ਵੱਲ ਜਾਣ ਲੱਗਿਆਂ ਜੇਲ੍ਹਰ ਨੂੰ ਕਿਹਾ ਕਿ “ਹੁਣ ਵੀ ਮੇਰੀ ਫ਼ਾਂਸੀ ਰੋਕਣ ਲਈ ਕੁਝ ਹੋ ਸਕਦਾ ਹੈ ?” ਪਰ ਸਤਵੰਤ ਸਿੰਘ ਨੇ ਕੁਝ ਨਹੀਂ ਕਿਹਾ।
ਜੇਲ੍ਹਰ ਲਿਖਦਾ ਹੈ ਕਿ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ਫ਼ਾਂਸੀ ਦੇ ਤਖ਼ਤੇ ’ਤੇ ਝੂਲਣ ਤੋਂ ਪਹਿਲਾਂ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਏ।
ਗੁਪਤਾ ਨੇ ਲਿਿਖਆ ਹੈ ਕਿ ਮੈਨੂੰ ਇਹ ਆਖ਼ਰੀ ਦ੍ਰਿਸ਼ ਯਾਦ ਹੈ ਜਦੋਂ ਉਹਨਾਂ ਉੱਤੇ ਕਾਲ਼ਾ ਕੱਪੜਾ ਪਾਇਆ ਗਿਆ ਤੇ ਪਲ਼ਾਂ ਵਿੱਚ ਹੀ ਉਹ ਅੱਖਾਂ ਤੋਂ ਓਹਲੇ ਹੋ ਗਏ।
ਸਰਕਾਰ ਨੇ ਫ਼ੈਸਲਾ ਕੀਤਾ ਕਿ ਉਹਨਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ। ਉਹਨਾਂ ਦਾ ਜੇਲ੍ਹ ਨੰਬਰ ਤਿੰਨ ਵਿੱਚ ਸਸਕਾਰ ਕੀਤਾ ਗਿਆ। ਦਿੱਲੀ ਨਗਰ ਨਿਗਮ ਨੇ ਉਸ ਜਗ੍ਹਾ ਨੂੰ ਸ਼ਮਸ਼ਾਨ ਘਾਟ ਐਲਾਨ ਦਿੱਤਾ। ਅਗਲੇ ਦਿਨ ਜੇਲ੍ਹ ਅਧਿਕਾਰੀਆਂ ਨੇ ਅਸਥੀਆਂ ਪਾਉਣ ਲਈ ਪਰਿਵਾਰ ਨੂੰ ਵੀ ਡਿਪਟੀ ਜੇਲ੍ਹ ਸੁਪਰੀਟੈਂਡੈਂਟ ਦੇ ਨਾਲ਼ ਹਰਿਦੁਆਰ ਜਾਣ ਦੀ ਇਜਾਜ਼ਤ ਦੇ ਦਿੱਤੀ।
ਗੁਪਤਾ ਇਸ ਗੱਲ ਲਈ ਬੜਾ ਹੈਰਾਨ ਹੈ ਕਿ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਪਰਿਵਾਰ ਅਤੇ ਕੌਮ ਨੇ ਉਹਨਾਂ ਨੂੰ ਕਦੇ ਇਕੱਲਿਆ ਨਹੀਂ ਛੱਡਿਆ। ਉਹ ਲਿਖਦਾ ਹੈ ਕਿ ਕੌਮ ਸਤਵੰਤ ਸਿੰਘ ਤੇ ਕੇਹਰ ਸਿੰਘ ਦੇ ਮਕਸਦ ਨੂੰ ਆਪਣੇ ਨਾਲ਼ ਜੋੜ ਕੇ ਵੇਖਦੀ ਸੀ। ਕੌਮੀ ਸਮਰਥਨ ਉੱਤੇ ਹੈਰਾਨੀ ਵਿਖਾਉਂਦਿਆਂ ਜੇਲ੍ਹਰ ਨੇ ਲਿਿਖਆ ਹੈ ਕਿ ਕੌਮ ਅਤੇ ਪਰਿਵਾਰ ਇਹਨਾਂ ਦੇ ਨਾਲ਼ ਹਮੇਸ਼ਾਂ ਖੜ੍ਹੇ ਰਹੇ।
ਜੇਲ੍ਹਰ ਇਹ ਵੀ ਲਿਖਣਾ ਨਹੀਂ ਭੁੱਲਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ਦੋਹਾਂ ਨੂੰ ‘ਸ਼ਹੀਦ’ ਦਾ ਰੁਤਬਾ ਦਿੱਤਾ ਗਿਆ ਹੈ।
ਫ਼ਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦਾ ਜੋ ਜੈਕਾਰਾ ਲਾਇਆ ਸੀ ਉਹ ਅੱਜ ਵੀ ਕੌਮ ’ਚ ਗੂੰਜਦਾ ਹੈ ਤੇ ਹਮੇਸ਼ਾਂ ਗੂੰਜਦਾ ਰਹੇਗਾ ਕਿਉਂਕਿ ਸਿੱਖ ਉਹਨਾਂ ਦੀ ਸ਼ਹਾਦਤ ਉੱਤੇ ਬੇਹੱਦ ਮਾਣ ਕਰਦੇ ਹਨ।
   
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?