ਬਾਦਲ ਦਲ ਨੂੰ ਨਕਾਰ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਮਜ਼ਬੂਤ ਕਰਨ ਖ਼ਾਲਸਾ ਪੰਥ ਅਤੇ ਪੰਜਾਬ ਵਾਸੀ
ਬਾਦਲ ਦਲ ਨਾਲ ਟੱਕਰ ਲੈਣ ਲਈ ਖ਼ਾਲਸਾ ਪੰਥ ਨੂੰ ਲਾਮਬੰਦ ਕਰਨ ਜਥੇਦਾਰ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 14 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲ ਦਲ ਨੇ ਸ਼ਹੀਦਾਂ ਦੀ ਧਰਤੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ‘ਤੇ ਸਿਆਸੀ ਕਾਨਫਰੰਸ ਕਰਕੇ ਇੱਕ ਵਾਰ ਫਿਰ ਖ਼ਾਲਸਾ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਿਆ ਹੈ, ਜਦੋਂ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮੌਜੂਦਾ ਲੀਡਰਸ਼ਿਪ ਨੂੰ ਦੋਸ਼ੀ ਅਤੇ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ ਇਹ ਹੁਣ ਪੰਥ, ਪੰਜਾਬ ਅਤੇ ਅਕਾਲੀ ਦਲ ਦੀ ਅਗਵਾਈ ਕਰਨ ਦੀ ਹੱਕਦਾਰ ਨਹੀਂ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਪਣੇ ਗੁਨਾਹ ਕਬੂਲੇ ਸਨ, ਪਰ ਹੁਣ ਉਹ ਆਪਣੀਆਂ ਕਹੀਆਂ ਗੱਲਾਂ ਤੋਂ ਭਗੌੜਾ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰ ਰਿਹਾ ਹੈ। ਬਾਦਲ ਦਲ ਸੱਤਾ ਹਾਸਲ ਕਰਨ ਲਈ ਮੁੜ ਤਰਲੋਮੱਛੀ ਹੋਇਆ ਫਿਰਦਾ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦੇ ਸਿਰ ਉੱਤੇ ਬਿਠਾਉਣਾ ਚਾਹੁੰਦਾ ਹੈ।
ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਟੋਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 2 ਦਸੰਬਰ ਵਾਲੇ ਫ਼ੈਸਲੇ ਬਦਲਣ ਲਈ ਹਰ ਪੈਂਤੜਾ ਖੇਡ ਕੇ ਮਜ਼ਬੂਰ ਕੀਤਾ ਹੈ ਤੇ ਦੂਜੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਵਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਪਾਸੇ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ 2 ਦਸੰਬਰ ਦੇ ਫੈਸਲੇ ਅਨੁਸਾਰ ਅਜੇ ਤੱਕ ਬਾਦਲ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਿਤ 7 ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਇਹ ਤਖ਼ਤ ਸਾਹਿਬ ਨੂੰ ਖੁੱਲ੍ਹਮ-ਖੁੱਲ੍ਹੀ ਚੁਣੌਤੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਬਾਡੀ ਲੈਂਗੁਏਜ਼ ਤੋਂ ਮਹਿਸੂਸ ਹੋ ਰਿਹਾ ਕਿ ਉਹ ਬਾਦਲ ਦਲ ਦੇ ਦਬਾਅ ਹੇਠ ਆ ਚੁੱਕੇ ਹਨ ਤੇ ਛੇਤੀ ਹੀ ਸਿਆਸੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਣਗੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਦਲ ਵੱਲੋਂ ਇਹ ਪ੍ਰਚਾਰਨਾ ਕਿ ਜੇ 7 ਮੈਂਬਰੀ ਕਮੇਟੀ ਨੂੰ ਮੰਨਿਆ ਤਾਂ ਪਾਰਟੀ ਦੀ ਕਾਨੂੰਨੀ ਮਾਨਤਾ ਰੱਦ ਹੋ ਜਾਊਗੀ, ਇਹ ਕੋਰਾ ਝੂਠ ਹੈ ਤੇ ਸੱਤ ਮੈਂਬਰੀ ਕਮੇਟੀ ਨੂੰ ਨਾ ਮੰਨਣ ਦੇ ਬਹਾਨੇ ਘੜੇ ਜਾ ਰਹੇ ਹਨ। ਉਹਨਾਂ ਸਵਾਲ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਡਾ ਹੈ ਜਾਂ ਕਾਨੂੰਨ ? ਜਦੋਂ ਬਾਦਲ ਦਲ ਧਾਰਮਿਕ ਮਾਮਲਿਆਂ ਅਤੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਦਖਲਅੰਦਾਜੀ ਕਰਦਾ ਹੈ, ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ ਚੋਣਾਂ ਲੜਦਾ ਹੈ, ਧਾਰਮਿਕ ਜੋੜ ਮੇਲਿਆਂ ‘ਤੇ ਕਾਨਫਰੰਸਾਂ ਕਰਦਾ ਹੈ, ਗੋਲਕਾਂ ਦੀ ਦੁਰਵਰਤੋਂ ਕਰਦਾ ਹੈ ਕੀ ਓਦੋਂ ਪਾਰਟੀ ਦੀ ਮਾਨਤਾ ਰੱਦ ਨਹੀਂ ਹੁੰਦੀ ?
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਜਨਮ ਹੀ ਸਿੱਖੀ, ਗੁਰਦੁਆਰਿਆਂ ਤੇ ਸਿੱਖ ਸੰਘਰਸ਼ ਵਿੱਚ ਹੋਇਆ ਸੀ ਪਰ ਅੱਜ ਬਾਦਲਕੇ ਆਖ ਰਹੇ ਨੇ ਕਿ ਜੇ ਸਾਡਾ ਧਰਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੋਈ ਵਾਸਤਾ ਨਿਕਲ ਆਇਆ ਤਾਂ ਕਾਨੂੰਨੀ ਅੜਚਨ ਆਵੇਗੀ। ਉਹਨਾਂ ਕਿਹਾ ਜੇ ਇਹੀ ਗੱਲ ਹੈ ਤਾਂ ਫਿਰ ਬਾਦਲਕੇ ਪੰਥਕ ਹੋਣ ਦਾ ਡਰਾਮਾ ਕਿਉਂ ਕਰਦੇ ਹਨ। ਉਹ ਐਲਾਨ ਕਰਨ ਕਿ ਕਾਂਗਰਸ, ਭਾਜਪਾ ਤੇ ਝਾੜੂ ਵਾਂਗ ਹੀ ਬਾਦਲ ਦਲ ਵੀ ਇੱਕ ਨਿਰੋਲ ਸਿਆਸੀ ਪਾਰਟੀ ਹੈ ਤੇ ਬਾਦਲ ਦਲ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਪਾਸੇ ਹੱਟ ਜਾਵੇ।
ਭਾਈ ਰਣਜੀਤ ਸਿੰਘ ਨੇ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਜੁੰਡਲੀ ਕਦੇ ਵੀ ਸੁਧਰ ਨਹੀਂ ਸਕਦੀ, ਇਹ ਫਿਰ ਪੰਥ ਤੇ ਪੰਜਾਬ ਨਾਲ ਵੱਡੀਆਂ ਗੱਦਾਰੀਆਂ ਕਰਨਗੇ ਅਤੇ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁੜ ਮੱਥਾ ਲਾ ਲਿਆ ਹੈ। ਉਹਨਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਤਲਬ ਕਰਕੇ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਏ ਅਤੇ ਬਾਦਲ ਦਲ ਨਾਲ ਟੱਕਰ ਲੈਣ ਲਈ ਖ਼ਾਲਸਾ ਪੰਥ ਨੂੰ ਲਾਮਬੰਦ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਪੰਥ ਅਤੇ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਸੰਘਰਸ਼ ਉੱਤੇ ਪਹਿਰਾ ਦੇ ਰਹੀ ਹੈ, ਖਾਲਸਾ ਪੰਥ ਅਤੇ ਪੰਜਾਬ ਵਾਸੀ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਮਾਨ ਦਲ ਸਾਥ ਦੇਣ। ਉਹਨਾਂ ਇਹ ਵੀ ਕਿਹਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਮਲੋਆ ਵੱਲੋਂ ਖਾਲਿਸਤਾਨ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਹਨਾਂ ਇਹ ਵੀ ਕਿਹਾ ਕਿ ਵੱਖਰੀ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਾਉਣ ਦੀ ਲੋੜ ਨਹੀਂ ਸੀ, ਸਗੋਂ ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੇ ਬੋਲਾਂ ਅਨੁਸਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਹਮਾਇਤ ਕਰਨੀ ਚਾਹੀਦੀ ਸੀ।
Author: Gurbhej Singh Anandpuri
ਮੁੱਖ ਸੰਪਾਦਕ