ਟਾਂਡਾ ਉੜਮੁੜ 11 ਅਗਸਤ ( ਪਰਮਜੀਤ ਸਿੰਘ ਬੁੱਟਰ )- ਪੰਜਾਬ ਵਿਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਕੂਲ ਖੁੱਲਿਆ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਸਕੂਲਾਂ ਵਿਚੋਂ ਵਿਦਿਆਰਥੀ ਕੋਰੋਨਾ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲੇ ਵਿਚ ਟਾਂਡਾ ਦੇ ਪਿੰਡ ਜਾਜਾ ਵਿਚ ਸਰਕਾਰੀ ਹਾਈ ਸਕੂਲ ‘ਚੋਂ ਬੱਚੇ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਜਾਜਾ ਦੇ ਸਰਕਾਰੀ ਹਾਈ ਸਕੂਲ ਵਿਚੋਂ ਕਰੀਬ 6 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਕੀਤੇ ਗਏ ਕੋਰੋਨਾ ਟੈਸਟਾਂ ਦੌਰਾਨ 6 ਵਿਦਿਆਰਥੀਆਂ ਦੇ ਟੈਸਟ ਪਾਜ਼ੇਟਿਵ ਆਉਣ ਕਾਰਨ ਬੱਚਿਆਂ ਨੂੰ ਲੈ ਕੇ ਫਿਕਰ ਵੱਧ ਗਈ ਹੈ।
ਐੱਸ. ਐੱਮ. ਓ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਰਵੀ ਕੁਮਾਰ, ਡਾਕਟਰ ਸਰੋਜ, ਚਰਨਜੀਤ ਕੌਰ ਰਜਿੰਦਰ ਸਿੰਘ ਦੀ ਟੀਮ ਨੇ ਸਕੂਲ ਦੇ ਸਟਾਫ਼ ਮੈਂਬਰਾਂ ਅਤੇ 74 ਵਿਦਿਆਰਥੀਆਂ ਦੇ ਰੇਪਿਡ ਟੈਸਟਾਂ ਵਿੱਚੋਂ 6 ਬੱਚਿਆਂ ਦਾ ਟੈਸਟ ਪਾਜ਼ੇਟਿਵ ਨਿਕਲਿਆ। ਸਰਕਾਰੀ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਅਜੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਟੈਸਟ ਹੋਣੇ ਬਾਕੀ ਹਨ। ਪਿਛਲੇ ਕਈ ਦਿਨਾਂ ਤੋਂ ਕੋਈ ਵੀ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ ਅਤੇ ਅੱਜ 6 ਵਿਦਿਆਰਥੀਆਂ ਦੇ ਪਾਜ਼ੇਟਿਵ ਆਉਣ ਕਾਰਨ ਫਿਕਰ ਵੱਧ ਗਈ ਹੈ। ਇਥੇ ਦੱਸ ਦੇਈਏ ਕਿ ਕੱਲ੍ਹ ਲੁਧਿਆਣਾ ਦੇ 2 ਸਕੂਲਾਂ ਵਿਚੋਂ ਕਰੀਬ 20 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਦਕਿ ਪੂਰੇ ਸੂਬੇ ਵਿਚੋਂ 28 ਬੱਚੇ ਕੋਰੋਨਾ ਦੀ ਲਪੇਟ ਵਿਚ ਆਏ ਸਨ।
Author: Gurbhej Singh Anandpuri
ਮੁੱਖ ਸੰਪਾਦਕ