93 Views
ਗੁਰੂ ਘਰ ’ਚੋਂ ਸ਼ਹੀਦੀ ਦੀ ਦਾਤ ਮੰਗਣ ਵਾਲ਼ਾ ਯੋਧਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ)
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ,
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ।
ਜਿੱਤ ਜਦੋਂ ਤਕ ਮਿਲ਼ਦੀ ਨਾ, ਜੰਗ ਜਾਰੀ ਏ,
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ।
ਕੱਲ 15 ਜਨਵਰੀ ਨੂੰ ਮੇਰੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਜਨਮ ਦਿਨ ਹੈ। ਉਹ 15 ਜਨਵਰੀ 1971 ਨੂੰ ਜਨਮੇ ਅਤੇ 30 ਜੂਨ 1993 ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਹਨਾਂ ਨੇ ਸ਼ਹਾਦਤ ਦੀ ਬਖ਼ਸ਼ਿਸ਼ ਲਈ ਗੁਰੂ ਚਰਨਾਂ ’ਚ ਬੇਅੰਤ ਅਰਦਾਸਾਂ ਕੀਤੀਆਂ ਸਨ। ਉਹ ਹਰੇਕ ਮੱਸਿਆ ’ਤੇ ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ) ਜਾ ਕੇ ਦਰਸ਼ਨ-ਇਸ਼ਨਾਨ ਤੇ ਸੇਵਾ ਕਰਦੇ ਅਤੇ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ (ਪੱਟੀ) ਵਿਖੇ ਬਣ ਰਹੀ ਇਮਾਰਤ ਦੀ ਸੇਵਾ ’ਚ ਰੋਜ਼ਾਨਾ ਹਿੱਸਾ ਲੈਂਦੇ ਸਨ।
ਉਸ ਸਮੇਂ ਗੁਰਦੁਆਰਾ ਭੱਠ ਸਾਹਿਬ ਦੇ ਜਥੇਦਾਰ ਬਾਬਾ ਰਸਾਲ ਸਿੰਘ ਜੀ ਨਿਹੰਗ (ਦਲ ਪੰਥ ਬਾਬਾ ਬਿਧੀ ਚੰਦ) ਸਨ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਕਸ਼ਮੀਰ ਸਿੰਘ ਸਿੱਖੀ ਰੰਗ ’ਚ ਰੰਗਿਆ ਗਿਆ ਸੀ। ਫਿਰ ਉਹਨਾਂ ਨੂੰ ਘਰ-ਪਰਿਵਾਰ ਨਾਲ਼ ਤਾਂ ਕੋਈ ਮੋਹ ਹੀ ਨਹੀਂ ਰਿਹਾ। ਉਹ ਸਕੂਲ ਤੋਂ ਦੌੜ ਕੇ ਗੁਰਦੁਆਰਾ ਸਾਹਿਬ ਹੀ ਆ ਜਾਂਦੇ ਤੇ ਬਾਬਾ ਰਸਾਲ ਸਿੰਘ ਦੇ ਹਰ ਬਚਨ ਦੀ ਪਾਲਣਾ ਕਰਦੇ।
ਬਾਬਾ ਰਸਾਲ ਸਿੰਘ ਦੇ ਨਾਲ਼ ਹੀ ਕਸ਼ਮੀਰ ਸਿੰਘ ਨੇ ਧਰਮ ਯੁੱਧ ਮੋਰਚੇ ’ਚ ਗ੍ਰਿਫ਼ਤਾਰੀ ਦਿੱਤੀ ਸੀ। ਜਦ ਮੈਂ ਬਾਬਾ ਰਸਾਲ ਸਿੰਘ ਨਿਹੰਗ ਦੀਆਂ ਤਸਵੀਰਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨਾਲ਼ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਮੇਰੇ ਚਾਚਾ ਜੀ ਕਸ਼ਮੀਰ ਸਿੰਘ ਸ਼ੀਰਾ ਵੀ ਇਸ ਸਮੇਂ ਨਾਲ਼ ਹੋਣਗੇ ਤੇ ਕਾਸ਼ ਮੇਰਾ ਵੀ ਜਨਮ ਪਹਿਲਾਂ ਹੋਇਆ ਹੁੰਦਾ ਤੇ ਮੈਂ ਵੀ ਸੰਤ ਭਿੰਡਰਾਂਵਾਲ਼ਿਆਂ ਦੇ ਸਰੀਰਕ ਰੂਪ ’ਚ ਦਰਸ਼ਨ ਕਰਕੇ ਆਪਣਾ ਜਨਮ ਸਫ਼ਲ ਕਰਦਾ।
ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਕਸ਼ਮੀਰ ਸਿੰਘ ਦੇ ਮਨ ’ਚ ਅਜਿਹਾ ਰੋਹ ਪੈਦਾ ਹੋਇਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੇ ਸਤਿਕਾਰ, ਧਰਮ-ਕੌਮ ਦੀ ਰਾਖੀ, ਸਿੱਖੀ ਦੀ ਆਨ-ਸ਼ਾਨ ਦੀ ਬਹਾਲੀ, ਬਾਣੀ-ਬਾਣੇ ਦੀ ਸਲਾਮਤੀ, ਪੰਥ ਦੀ ਚੜ੍ਹਦੀ ਕਲਾ, ਜਬਰ-ਜ਼ੁਲਮ ਦੇ ਖ਼ਿਲਾਫ਼ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਸਥਾਪਨਾ ਲਈ ਕੁਝ ਕਰਨਾ ਚਾਹੁੰਦੇ ਸਨ। ਦਰਜ਼ੀ ਦੀ ਦੁਕਾਨ ’ਤੇ ਕੰਮ ਕਰਦਿਆਂ ਛੇਤੀ ਹੀ ਉਹਨਾਂ ਦਾ ਜੁਝਾਰੂ ਸਿੰਘਾਂ ਨਾਲ਼ ਮੇਲ਼ ਹੋ ਗਿਆ ਤੇ ਉਹ ਕੱਪੜੇ ਸੀਣੇ ਕੇ ਛੱਡ ਕੇ ਕੌਮ ਦੇ ਫੱਟ ਸੀਣ ਤੁਰ ਪਏ।
ਉਹਨਾਂ ਨੇ ਗੁ. ਭੱਠ ਸਾਹਿਬ (ਪੱਟੀ) ਵਿਖੇ ਜੋ ਦਿਨ-ਰਾਤ ਅਥਾਹ ਸੇਵਾ ਅਤੇ ਬੰਦਗੀ ਕੀਤੀ ਸੀ, ਹੁਣ ਓਹੀ ਉਹਨਾਂ ਦੀ ਤਾਕਤ ਬਣ ਗਈ। ਗੁਰਬਾਣੀ ਅਤੇ ਸੇਵਾ ਦੀ ਸ਼ਕਤੀ ਨਾਲ਼ ਉਹਨਾਂ ਨੇ ਬੇਅੰਤ ਕਾਰਵਾਈਆਂ ਕੀਤੀਆਂ ਤੇ ਖ਼ਾਲਸਾ ਪੰਥ ਦੇ ਦੁਸ਼ਮਣਾਂ ਨੂੰ ਸੋਧਿਆ। ਉਹਨਾਂ ਦਾ ਗੁਰਬਾਣੀ ਨਾਲ਼ ਐਨਾ ਪਿਆਰ ਸੀ ਕਿ ਰੋਜ਼ਾਨਾ ਅੰਮ੍ਰਿਤ ਵੇਲ਼ੇ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਤੇ ਹਰੇਕ ਐਕਸ਼ਨ ’ਚ ਜਾਣ ਤੋਂ ਪਹਿਲਾਂ ਉਹ ਅਰਦਾਸ ਕਰਦੇ ਤੇ ਉਹਨਾਂ ਨੂੰ ਸਫ਼ਲਤਾ ਵੀ ਮਿਲ਼ਦੀ।
ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਸਾਰੇ ਜੁਝਾਰੂ ਸਾਥੀ ਬਾਬਾ ਸੁੱਖਾ ਸਿੰਘ ਖਾਰਾ ਸਰਹਾਲੀ, ਭਾਈ ਮੇਜਰ ਸਿੰਘ ਸ਼ਹੀਦ, ਭਾਈ ਭੁਪਿੰਦਰ ਸਿੰਘ ਭਿੰਦਾ ਦਸੰਧੀ ਮੱਲ੍ਹ, ਭਾਈ ਤਰਸੇਮ ਸਿੰਘ ਬੱਗਾ ਕੰਗ, ਭਾਈ ਦਲਬੀਰ ਸਿੰਘ ਖੇਲਾ, ਭਾਈ ਨਿਸ਼ਾਨ ਸਿੰਘ ਮਖੂ, ਭਾਈ ਗੁਰਸੇਵਕ ਸਿੰਘ ਜੰਮੂ, ਭਾਈ ਨਰਿੰਦਰ ਸਿੰਘ ਗੱਗੋਬੂਹਾ, ਭਾਈ ਬਖ਼ਸ਼ੀਸ਼ ਸਿੰਘ ਸ਼ੀਸ਼ਾ ਅਤੇ ਭਾਈ ਕੁਲਵਿੰਦਰ ਸਿੰਘ ਵਲਟੋਹਾ ਆਦਿ ਬਹੁਤ ਚੜ੍ਹਦੀ ਕਲਾ ਤੇ ਉੱਚੇ-ਸੁੱਚੇ ਕਿਰਦਾਰ ਵਾਲ਼ੇ ਗੁਰਸਿੱਖ ਸਨ। ਜਿਨ੍ਹਾਂ ਨੇ ਕਿਸੇ ਬੇਦੋਸ਼ੇ ਨਾਲ਼ ਧੱਕਾ ਨਾ ਕੀਤਾ, ਪਰ ਸਰਕਾਰ ਨੂੰ ਵਾਹਣੀ ਪਾਈ ਰੱਖਿਆ ਤੇ ਸਿੱਖੀ ਦੇ ਬੋਲ-ਬਾਲੇ ਕੀਤੇ।
ਭਾਈ ਕਸ਼ਮੀਰ ਸਿੰਘ ਸ਼ੀਰਾ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਖ਼ਿਲਾਫ਼ ਬਕਵਾਸ ਕਰਨ ਵਾਲ਼ੇ ਪੱਟੀ ਦੇ ਇੱਕ ਹਿੰਦੂ ਆੜਤੀਏ ਨੂੰ ਸੋਧਿਆ। ਨੌਰੰਗਾਬਾਦ ਦੇ ਇੱਕ ਕੈਟ ਨੂੰ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ। ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਜਰਨੈਲ ਭਾਈ ਸੁਖਵਿੰਦਰ ਸਿੰਘ ਸੰਘਾ ਨੂੰ ਸ਼ਹੀਦ ਕਰਨ ਵਾਲ਼ੇ ਐੱਸ.ਪੀ. ਅਪਰੇਸ਼ਨ ਹਰਜੀਤ ਸਿਹੁੰ ਨੂੰ ਪੰਜ ਪੁਲਸੀਆਂ ਸਮੇਤ ਗੱਡੀ ਚਾੜ੍ਹਿਆ। ਭਾਰਤੀ ਫ਼ੋਰਸਾਂ ਨਾਲ਼ ਕਈ ਮੁਕਾਬਲੇ ਕੀਤੇ, ਸਰਕਾਰੀ ਦੱਲਾਗਿਰੀ ਕਰਨ ਵਾਲ਼ੇ ਅਖੌਤੀ ਕਾਮਰੇਡਾਂ ’ਤੇ ਵੀ ਨਿਸ਼ਾਨੇ ਵਿੰਨੇ, ਪੰਜਾਬੀ ਬੋਲੀ ਦਾ ਸਤਿਕਾਰ ਬਹਾਲ ਕਰਵਾਇਆ, ਕਈ ਧੀਆਂ ਦੇ ਘਰ ਵਸਾਏ, ਨਸ਼ੇੜੀਆਂ-ਬਦਮਾਸ਼ਾਂ ਨੂੰ ਗ਼ਲਤ ਕੰਮਾਂ ਤੋਂ ਵਰਜਿਆ ਤੇ ਨੌਜਵਾਨਾਂ ਨੂੰ ਧਰਮ ਦੇ ਰਾਹ ਤੋਰਿਆ।
ਮੇਰੇ ਜਨਮ ਸਮੇਂ ਚਾਚਾ ਜੀ ਭਾਈ ਕਸ਼ਮੀਰ ਸਿੰਘ ਸ਼ੀਰਾ ਘਰ ਆਏ ਤੇ ਬਚਨ ਕਰ ਗਏ ਕਿ “ਆ ਗਿਆ ਮੇਰੇ ਵੰਡੇ ਦਾ ਰਣਜੀਤ ਸਿੰਘ, ਹੁਣ ਮੈਂ ਸ਼ਹੀਦੀ ਪਾ ਜਾਣੀ ਏਂ।” ਉਹਨਾਂ ਦਾ ਹਰ ਕਦਮ ਸ਼ਹੀਦੀ ਵੱਲ ਵਧ ਰਿਹਾ ਸੀ। ਉਹ ਬੇਖ਼ੌਫ਼ ਹੋ ਕੇ ਵਿਚਰ ਰਹੇ ਸਨ। ਸਿੱਖ ਸੰਘਰਸ਼ ਦੌਰਾਨ ਉਹਨਾਂ ਨੇ ਜਲੰਧਰ ਦੀ ਜੇਲ੍ਹ ਵੀ ਕੱਟੀ ਤੇ ਜੇਲ੍ਹ ਨੇ ਉਹਨਾਂ ਦੀ ਸੋਚ ਨੂੰ ਹੋਰ ਬਲਵਾਨ, ਤਿੱਖਾ ਅਤੇ ਪ੍ਰਚੰਡ ਕਰ ਦਿੱਤਾ। ਉਹ ਆਪਣੇ ਭਰਾਵਾਂ ਦੇ ਡੁੱਲ੍ਹੇ ਖ਼ੂਨ ਨਾਲ਼ ਪ੍ਰਣ ਕਰ ਚੁੱਕੇ ਸਨ ਕਿ ਅਸੀਂ ਪਿਛਾਂਹ ਨਹੀਂ ਹਟਾਂਗੇ, ਅਸੀਂ ਸਿੱਖ ਧਰਮ ਅਤੇ ਖ਼ਾਲਿਸਤਾਨ ਲਈ ਮਰ ਮਿਟਾਂਗੇ।
ਆਖ਼ਰ ਇੱਕ ਦਿਨ ਜੱਲਾਦ ਥਾਣੇਦਾਰ ਗੁਲਜ਼ਾਰ ਚੰਦ ਦੀ ਅਗਵਾਈ ’ਚ ਪੁਲਿਸ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਸ੍ਰੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਤਰਨ ਤਾਰਨ ਦੇ ਸੀ.ਆਈ.ਏ. ਸਟਾਫ਼ ਅਤੇ ਕੰਗ ਪਿੰਡ ਦੀ ਪੁਲਿਸ ਚੌਂਕੀ ’ਚ ਆਪ ਨੂੰ ਘੋਰ ਤਸੀਹੇ ਦਿੱਤੇ ਗਏ। ਤਸ਼ੱਦਦ ਦੌਰਾਨ ਆਪ ਦੇ ਚੱਡੇ ਪਾੜੇ ਗਏ, ਨਹੁੰ ਖਿੱਚੇ ਗਏ, ਕਰੰਟ ਲਾਏ ਗਏ, ਖੱਬੀ ਲੱਤ ਤੋੜੀ ਗਈ ਤੇ ਘੋਟਣੇ ਫੇਰ-ਫੇਰ ਕੇ ਆਪ ਦਾ ਸਰੀਰ ਪਿੰਜ ਕਰ ਦਿੱਤਾ ਗਿਆ ਤੇ ਪਰ ਇਸ ਦੌਰਾਨ ਵੀ ਗੁਰੂ ਕਾ ਲਾਲ ‘ਵਾਹਿਗੁਰੂ-ਵਾਹਿਗੁਰੂ’ ਜਪਦਾ ਰਿਹਾ।
ਫਿਰ ਪੁਲਿਸ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ, ਭਾਈ ਤਰਸੇਮ ਸਿੰਘ ਬੱਗਾ, ਭਾਈ ਪ੍ਰਿਤਪਾਲ ਸਿੰਘ, ਭਾਈ ਮਨਜੀਤ ਸਿੰਘ ਤੇ ਇੱਕ ਅਣਪਛਾਤੇ ਸਿੰਘ ਨੂੰ ਭੁੱਲਰ ਵਾਲ਼ੀ ਨਹਿਰ ਦੇ ਬਾਗੜੀਆਂ ਵਾਲ਼ੇ ਪੁਲ਼ ’ਤੇ ਪਿੰਡ ਬਾਠ (ਜ਼ਿਲ੍ਹਾ ਤਰਨ ਤਾਰਨ) ਵਿਖੇ ਲਿਜਾ ਕੇ 30 ਜੂਨ 1993 ਨੂੰ ਤੜਕਸਾਰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਸ਼ਹੀਦੀ ਤੋਂ ਪਹਿਲਾਂ ਵੀ ਆਪ ਨੇ ਜ਼ਖ਼ਮੀ ਹਾਲਤ ’ਚ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਤੇ ਆਪਣਾ ਸੋਹਿਲਾ ਖ਼ੁਦ ਪੜ੍ਹਿਆ ਸੀ। ਅਖ਼ੀਰ ਸਮੇਂ ਆਪ ਨੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗਜਾਏ ਤੇ ਹਿੱਕ ਤਾਣ ਕੇ ਸ਼ਾਨ ਨਾਲ਼ ਗੋਲ਼ੀਆਂ ਖਾਧੀਆਂ ਤੇ ਜ਼ਾਲਮ ਪੁਲਸੀਆਂ ਨੂੰ ਵੀ ਸ਼ਰਮਸਾਰ ਕਰ ਦਿੱਤਾ।
ਅਗਲੇ ਦਿਨ ਪੁਲਿਸ ਨੇ ਅਖ਼ਬਾਰਾਂ ’ਚ ਕਹਾਣੀ ਘੜੀ ਕਿ “ਪੰਜ ਖਾੜਕੂ ਮਾਰੇ ਗਏ ਤੇ ਮੁਕਾਬਲੇ ਵਾਲ਼ੀ ਜਗ੍ਹਾ ਤੋਂ ਇੱਕ 303 ਰਾਈਫ਼ਲ, ਇੱਕ-ਇੱਕ ਨਾਲ਼ੀ ਰਾਈਫ਼ਲ, ਇੱਕ-ਇੱਕ 12 ਬੋਰ ਬੰਦੂਕ, ਦੋ ਹੈਂਡ ਗ੍ਰਨੇਡ ਤੇ ਕੁਝ ਕਾਰਤੂਸ ਬਰਾਮਦ ਹੋਏ ਹਨ।” ਪਰ ਜੇ ਸੱਚਮੁੱਚ ਹੀ ਇਹ ਪੰਜੇ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਨਾ ਹੁੰਦੇ, ਸਿੰਘਾਂ ਕੋਲ਼ ਐਨੇ ਹਥਿਆਰ ਹੁੰਦੇ ਤਾਂ ਫਿਰ ਅਸਲੀ ਮੁਕਾਬਲੇ ’ਚ ਪੁਲਸੀਆਂ ਦੇ ਸੱਥਰ ਵਿਛ ਜਾਣੇ ਸੀ।
ਭਾਈ ਕਸ਼ਮੀਰ ਸਿੰਘ ਸ਼ੀਰਾ ਬੜਾ ਨਿਧੜਕ ਯੋਧਾ ਸੀ। ਉਸ ਨੇ ਪੁਲਸੀਆਂ ਦੇ ਜ਼ੁਲਮ ਨੂੰ ਹਰਾ ਦਿੱਤਾ, ਪਰ ਆਪ ਈਨ ਨਾ ਮੰਨੀ, ਨਾ ਸਾਥੀਆਂ ਦੀਆਂ ਠਾਹਰਾਂ ਬਾਰੇ ਦੱਸਿਆ ਤੇ ਨਾ ਹੀ ਹਥਿਆਰਾਂ ਦੇ ਟਿਕਾਣਿਆਂ ਦਾ। ਜਿਵੇਂ ਬਹਾਦਰ ਬਾਬਾ ਬਿਧੀ ਚੰਦ ਜੀ ਬਲ਼ਦੇ ਭੱਠ ਵਿੱਚ ਬੈਠ ਕੇ ਛੇਵੇਂ ਪਾਤਸ਼ਾਹ ਜੀ ਦੀ ਮਿਹਰ ਸਦਕਾ ਡੋਲ੍ਹੇ ਨਹੀਂ ਸਨ, ਅੱਗ ਵੀ ਉਹਨਾਂ ਨੂੰ ਸਾੜ ਨਹੀਂ ਸੀ ਸਕੀ। ਇਸੇ ਤਰ੍ਹਾਂ ਭਾਈ ਕਸ਼ਮੀਰ ਸਿੰਘ ਸ਼ੀਰਾ ਵੀ ਦਸਮੇਸ਼ ਪਿਤਾ ਦੀ ਸਿੱਖੀ ਅਤੇ ਸਿੱਖ ਸੰਘਰਸ਼ ਨਾਲ਼ ਨਿਭ ਗਏ, ਉਹ ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਸਿਧਾਂਤ ਉੱਤੇ ਡਟ ਗਏ।
ਉਹਨਾਂ ਦੀ ਅਰਦਾਸ ਪੂਰੀ ਹੋਈ, ਸ਼ਹੀਦੀ ਦੀ ਬਖ਼ਸ਼ਿਸ਼ ਹੋਈ, ਉਹ ਬਾਜ਼ਾਂ ਵਾਲ਼ੇ ਦੀ ਗੋਦ ਵਿੱਚ ਜਾ ਬਿਰਾਜੇ ਅਤੇ ਸੁਨੇਹਾ ਦੇ ਗਏ ਕਿ ਜਦ ਧਰਮ ’ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਾਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲੇ ਲਾਉਣਾ ਹੈ ਤੇ ਕੌਮ ਨੂੰ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਆਜ਼ਾਦ ਕਰਵਾਉਣਾ ਹੈ।
ਮੈਨੂੰ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਭਤੀਜਾ ਹੋਣ ਦਾ ਮਾਣ ਪ੍ਰਾਪਤ ਹੈ। ਉਹਨਾਂ ਦਾ ਜੀਵਨ ਅਤੇ ਸ਼ਹਾਦਤ ਮੇਰੇ ਲਈ ਪ੍ਰੇਰਨਾ ਸ੍ਰੋਤ ਹੈ। ਉਹਨਾਂ ਦੇ ਬਚਨਾਂ ਸਦਕਾ ਹੀ ਦਾਸ ਪੰਥਕ ਸਫ਼ਾਂ ’ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਰਾਹੀਂ ਸਰਗਰਮ ਹੈ ਤੇ ਕੌਮੀ ਸ਼ਹੀਦਾਂ ਦਾ ਇਤਿਹਾਸ ਲਿਖਣ ਲਈ ਯਤਨਸ਼ੀਲ ਹੈ। ਸਾਡੇ ਇਹ ਸ਼ਹੀਦ ਸਿੱਖੀ ਦੇ ਮਹਿਲਾਂ ਦੀਆਂ ਨੀਂਹਾਂ ਹਨ, ਨੀਂਹਾਂ ਵਿੱਚ ਪੈਣ ਵਾਲ਼ੀਆਂ ਇੱਟਾਂ ਤੇ ਮਸਾਲਾ ਬੇਸ਼ੱਕ ਦਿਸਦਾ ਨਹੀਂ ਹੁੰਦਾ, ਪਰ ਮਹਿਲਾਂ ’ਚ ਵਸਣ ਵਾਲ਼ਿਆਂ ਨੂੰ ਹਰ ਪਲ਼ ਲਾਜ਼ਮੀ ਚੇਤੇ ਹੋਣਾ ਚਾਹੀਦਾ ਹੈ ਕਿ ਇਸ ਆਲੀਸ਼ਾਨ ਮਹਿਲ ਦੀਆਂ ਬੁਨਿਆਦਾਂ ’ਚ ਕਿਹੜੇ ਸ਼ਹੀਦਾਂ ਦੇ ਸਿਰ ਲੱਗੇ ਹਨ। ਖ਼ਾਲਸਾ ਪੰਥ ਦੇ ਸਮੂਹ ਸ਼ਹੀਦਾਂ ਨੂੰ ਸਾਡਾ ਪ੍ਰਣਾਮ ਹੈ, ਉਹਨਾਂ ਦੇ ਪਾਏ ਪੂਰਨਿਆਂ ’ਤੇ ਪਹਿਰਾ ਦੇਣਾ ਅਤੇ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰਨਾ ਸਾਡਾ ਪੰਥਕ ਫ਼ਰਜ਼ ਹੈ।
ਉੱਚਾ ਰੁਤਬਾ ਹੈ ਕੌਮੀ ਸ਼ਹੀਦਾਂ ਦਾ,
ਗੂੜ੍ਹਾ ਸੁਰਖ਼ ਸ਼ਹਾਦਤਾਂ ਦਾ ਰੰਗ ਲੋਕੋ।
ਟੁੱਟਣੇ ਸੰਗਲ ਗ਼ੁਲਾਮੀ ਦੇ ਹਨ ਬਾਕੀ,
ਤੇ ਜਾਰੀ ਹੈ ਅਜ਼ਾਦੀ ਦੀ ਜੰਗ ਲੋਕੋ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
…………

Author: Gurbhej Singh Anandpuri
ਮੁੱਖ ਸੰਪਾਦਕ