Home » ਅੰਤਰਰਾਸ਼ਟਰੀ » ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਲੜਨ ਵਾਲੇ ਜ਼ਿੰਦਾ ਸ਼ਹੀਦ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਈ ਜਾਵੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਲੜਨ ਵਾਲੇ ਜ਼ਿੰਦਾ ਸ਼ਹੀਦ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਈ ਜਾਵੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

56 Views

ਅੰਮ੍ਰਿਤਸਰ, 16 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਦਹਾਕਿਆਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ (ਮਰਨ ਵਰਤ) ਰੱਖ ਕੇ ਸੰਘਰਸ਼ ਕਰਨ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਜੋ 93 ਸਾਲ ਦੀ ਉਮਰ ‘ਚ ਅਮਰੀਕਾ ਵਿਖੇ ਚੜ੍ਹਾਈ ਕਰ ਗਏ ਹਨ, ਉਹਨਾਂ ਦੇ ਅਕਾਲ ਚਲਾਣੇ ‘ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜ਼ਿੰਦਾ ਸ਼ਹੀਦ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੇ ਸੰਘਰਸ਼ ਨੂੰ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੇ ਬਾਸ਼ਿੰਦੇ ਹਮੇਸ਼ਾਂ ਯਾਦ ਰੱਖਣਗੇ। ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦਹਾਕਾ ਸੰਘਰਸ਼ ਕੀਤਾ, ਉਹਨਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਰਹੀਏ। ਉਹਨਾਂ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਲਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਪੂ ਜੀ ਦੇ ਸਿੱਖੀ ਸਿਦਕ, ਸਿਰੜ, ਸਬਰ ਅਤੇ ਪੰਥਕ ਸੇਵਾਵਾਂ ਨੂੰ ਪ੍ਰਣਾਮ ਹੈ। ਬਾਪੂ ਜੀ ਨੇ ਵਡੇਰੀ ਉਮਰ ਵਿੱਚ ਵੀ ਸੰਘਰਸ਼ ਲੜ ਕੇ ਸਿੱਖ ਕੌਮ ਨੂੰ ਜਾਗਰੂਕ ਕੀਤਾ, ਉਹ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰ-ਰਾਸ਼ਟਰੀ ਪੱਧਰ ‘ਤੇ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਰਨ ਵਰਤ ਸੰਘਰਸ਼ ਦੌਰਾਨ ਖ਼ਤ ਲਿਖ ਕੇ ਭਾਰਤੀ ਸਿਸਟਮ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਪੇਸ਼ ਕੀਤਾ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਉਹ ਪੰਥਕ ਸ਼ਖਸੀਅਤ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸੰਤ ਬਾਬਾ ਠਾਕੁਰ ਸਿੰਘ ਖ਼ਾਲਸਾ, ਬਾਪੂ ਜੋਗਿੰਦਰ ਸਿੰਘ ਰੋਡੇ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਭਾਈ ਧਿਆਨ ਸਿੰਘ ਮੰਡ, ਬੀਬੀ ਬਿਮਲ ਕੌਰ ਖ਼ਾਲਸਾ, ਭਾਈ ਚਰਨਜੀਤ ਸਿੰਘ ਤਲਵੰਡੀ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਆਦਿ ਸੰਘਰਸ਼ੀ ਤੇ ਜੁਝਾਰੂ ਸਿੰਘਾਂ ਨਾਲ ਰਲ਼ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਹਿਮ ਸਰਗਰਮੀਆਂ ਕੀਤੀਆਂ। ਉਹਨਾਂ ਨੇ ਮਨੁੱਖੀ ਹੱਕਾਂ ਲਈ ਵੀ ਅਥਾਹ ਕਾਰਜ ਕੀਤੇ ਅਤੇ ਇਸ ਦੌਰਾਨ ਅਨੇਕਾਂ ਵਾਰ ਤਸ਼ੱਦਦ ਝੱਲਿਆ ਤੇ ਜੇਲ੍ਹਾਂ ਕੱਟੀਆਂ। ਉਹ ਆਖ਼ਰੀ ਸਵਾਸਾਂ ਤੱਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਪਹਿਰੇਦਾਰ ਰਹੇ। ਭਾਈ ਗੁਰਬਖਸ਼ ਸਿੰਘ ਖ਼ਾਲਸਾ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੇ 83 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਵਿਖੇ 16 ਜਨਵਰੀ 2015 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰਾਹੀਂ ਡਟਵਾਂ ਸੰਘਰਸ਼ ਕੀਤਾ। ਉਹਨਾਂ ਦੇ ਸੰਘਰਸ਼ ਸਦਕਾ ਘਰ-ਘਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਪਹੁੰਚੀ ਤੇ ਬਾਪੂ ਜੀ ਨੇ ਕੇਂਦਰ ‘ਚ ਮੋਦੀ ਸਰਕਾਰ ਤੇ ਪੰਜਾਬ ‘ਚ ਬਾਦਲ ਸਰਕਾਰ ਨੂੰ ਵੀ ਵਾਹਣੇ ਪਾਈ ਰੱਖਿਆ, ਭਾਵੇਂ ਕਿ ਇਸ ਬਦਲੇ ਬਾਪੂ ਜੀ ਨੂੰ ਬਾਦਲ ਸਰਕਾਰ ਦੇ ਜਬਰ-ਜ਼ੁਲਮ ਦਾ ਵੀ ਸ਼ਿਕਾਰ ਹੋਣਾ ਪਿਆ। ਉਹਨਾਂ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਨੂੰ ਵੀ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਤੇ ਬਾਪੂ ਸੂਰਤ ਸਿੰਘ ਨੂੰ ਪਹਿਲਾਂ ਬਾਦਲ ਸਰਕਾਰ, ਫਿਰ ਕੈਪਟਨ ਸਰਕਾਰ ਅਤੇ ਫਿਰ ਭਗਵੰਤ ਮਾਨ ਸਰਕਾਰ ਨੇ ਜਬਰੀ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਨਜ਼ਰਬੰਦ ਕਰੀ ਰੱਖਿਆ। ਬਾਪੂ ਸੂਰਤ ਸਿੰਘ ਖ਼ਾਲਸਾ ਦਾ ਘਰ ਉਸ ਸਮੇਂ ਸਿੱਖ ਸੰਘਰਸ਼ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ, ਜਥੇਬੰਦੀਆਂ ਦੇ ਆਗੂਆਂ ਅਤੇ ਸੰਗਤਾਂ ਦਾ ਇਕੱਠ ਹੁੰਦਾ ਸੀ। ਹਰ ਰੋਜ਼ ਪੰਜਾਬ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਮਾਰਚ ਤੇ ਪ੍ਰਦਰਸ਼ਨ ਹੁੰਦੇ ਸਨ। ਅੰਨ੍ਹ ਤਿਆਗਣ ਕਾਰਨ ਬਾਪੂ ਸੂਰਤ ਸਿੰਘ ਜੀ ਤਿਲ-ਤਿਲ ਕਰਕੇ ਮਰ ਰਹੇ ਸਨ ਪਰ ਉਹਨਾਂ ਆਪਣਾ ਹਠ ਨਾ ਤਿਆਗਿਆ। ਬਾਪੂ ਸੂਰਤ ਸਿੰਘ ਨੂੰ ਕਈ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ, ਹਸਪਤਾਲ ਵਿੱਚ ਉਹਨਾਂ ਦੇ ਹੱਥ-ਪੈਰ ਜੰਜ਼ੀਰਾਂ ਨਾਲ ਬੰਨ੍ਹੇ ਗਏ ਤੇ ਪੁਲਿਸ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਜਬਰੀ ਨਾਲੀ ਰਾਹੀਂ ਖੁਰਾਕ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਬਾਪੂ ਸੂਰਤ ਸਿੰਘ ਨੂੰ ਜਦੋਂ ਅਸੀਂ ਮਿਲਣ ਜਾਂਦੇ ਸੀ ਤਾਂ ਉਹ ਪੰਥ ਦੀਆਂ ਹੀ ਬਾਤਾਂ ਪਾਉਂਦੇ ਸੀ, ਉਹਨਾਂ ਵਿੱਚ ਕਮਾਲ ਦਾ ਪੰਥਕ ਜਜ਼ਬਾ ਸੀ ਤੇ ਉਹ ਰੋਮ-ਰੋਮ ਕਰਕੇ ਗੁਰਸਿੱਖੀ ਰੰਗ ‘ਚ ਰੰਗੇ ਹੋਏ ਸਨ, ਉਹ ਮੇਰੇ ਵੱਲੋਂ ਲਿਖੇ ਜਾਂਦੇ ਲੇਖਾਂ ਤੇ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਅਕਸਰ ਹੀ ਸਲਾਹੁੰਦੇ ਸਨ ਤੇ ਉਹਨਾਂ ਨੇ ਤਵਾਰੀਖ਼ ਸ਼ਹੀਦ-ਏ-ਖਾਲਿਸਤਾਨ (ਭਾਗ ਦੂਜਾ) ਕਿਤਾਬ ਵਿੱਚ ਸੰਦੇਸ਼ ਵੀ ਲਿਖਿਆ। ਉਹਨਾਂ ਨੇ ਸਰਕਾਰ ਨਾਲ ਸਮਝੌਤਾ ਨਹੀਂ ਕੀਤਾ, ਉਹ ਝੁਕੇ ਤੇ ਡਰੇ ਨਹੀਂ ਤੇ ਆਖਰੀ ਸਵਾਸਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਿਆ। ਉਹਨਾਂ ਨੇ ਸੰਨ 2023 ਵਿੱਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਿਆ ਤੇ ਸੰਘਰਸ਼ ਨੂੰ ਬਦਲਵਾਂ ਰੂਪ ਦੇ ਕੇ ਮੁਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰ ਦਿੱਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?