ਅੰਮ੍ਰਿਤਸਰ, 18 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਭਾਈ ਕਰਨਪ੍ਰੀਤ ਸਿੰਘ ਵੇਰਕਾ ਨੇ ਅਮਰ ਸ਼ਹੀਦ ਭਾਈ ਫ਼ੌਜਾ ਸਿੰਘ ਦੀ ਸਤਿਕਾਰਯੋਗ ਸਿੰਘਣੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਬੀਬੀ ਅਮਰਜੀਤ ਕੌਰ ਦੇ ਸਿੱਖੀ ਸਿਦਕ, ਸਿਰੜ ਅਤੇ ਪੰਥਕ ਸੇਵਾ ਨੂੰ ਸਾਡਾ ਪ੍ਰਣਾਮ ਹੈ। ਬੀਬੀ ਅਮਰਜੀਤ ਕੌਰ ਦਾ ਸਾਰਾ ਜੀਵਨ ਹੀ ਸਿੱਖ ਧਰਮ ਨੂੰ ਸਮਰਪਿਤ ਅਤੇ ਸੰਘਰਸ਼ਸ਼ੀਲ ਰਿਹਾ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਖ਼ਾਲਸਾ ਪੰਥ ਲਈ ਬਹੁਤ ਸਤਿਕਾਰਤ ਹਨ, ਇਹਨਾਂ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਥਕ ਆਗੂਆਂ ਨੇ ਇਹ ਵੀ ਕਿਹਾ ਕਿ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਦੇਹਧਾਰੀ ਗੁਰੂਡੰਮ੍ਹ ਵਿਰੁੱਧ 13 ਅਪ੍ਰੈਲ 1978 ਨੂੰ ਅਰੰਭੇ ਸੰਘਰਸ਼ ‘ਚ ਨਕਲੀ ਨਿਰੰਕਾਰੀਆਂ ਵਿਰੁੱਧ ਜੂਝਦਿਆਂ ਅਖੰਡ ਕੀਰਤਨੀ ਜਥੇ ਦੇ ਜੁਝਾਰੂ ਗੁਰਸਿੱਖ ਭਾਈ ਫ਼ੌਜਾ ਸਿੰਘ ਨੇ 13 ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀਤਾ ਤੇ ਇਸ ਸਾਕੇ ਨੇ ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹ ਦਿੱਤਾ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਖੰਡ ਕੀਰਤਨੀ ਜਥੇ ਦੀਆਂ ਰੈਣ ਸਬਾਈਆਂ ਤੇ ਹੋਰ ਪੰਥਕ ਸਮਾਗਮਾਂ ਵਿੱਚ ਕਈ ਵਾਰ ਬੀਬੀ ਅਮਰਜੀਤ ਕੌਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਉਹ ਰੋਮ-ਰੋਮ ਕਰਕੇ ਗੁਰਸਿੱਖੀ ਰੰਗ ‘ਚ ਰੰਗੇ ਹੋਏ ਸਨ ਤੇ ਉਹਨਾਂ ਨੂੰ ਸੰਘਰਸ਼ ਦੀਆਂ ਕਈ ਘਟਨਾਵਾਂ ਬਾਰੇ ਅਥਾਹ ਜਾਣਕਾਰੀ ਸੀ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼ਹੀਦ ਭਾਈ ਫ਼ੌਜਾ ਸਿੰਘ ਜੀ ਦੀ ਸੰਤ ਜਰਨੈਲ ਸਿੰਘ ਜੀ ਨਾਲ ਕਾਫ਼ੀ ਨੇੜਤਾ ਸੀ ਤੇ ਬੀਬੀ ਅਮਰਜੀਤ ਕੌਰ ਦਾ ਵੀ ਖ਼ਾਲਿਸਤਾਨੀ ਸੰਘਰਸ਼ ਵਿੱਚ ਹਥਿਆਰਬੰਦ ਹੋ ਕੇ ਜੂਝ ਰਹੇ ਬੱਬਰ ਖ਼ਾਲਸਾ ਜਥੇਬੰਦੀ ਦੇ ਜੁਝਾਰੂ ਸਿੰਘਾਂ ਅਤੇ ਹੋਰ ਸੰਘਰਸ਼ਸ਼ੀ ਗੁਰਸਿੱਖਾਂ ਨਾਲ ਮੇਲ ਰਿਹਾ। ਬੀਬੀ ਅਮਰਜੀਤ ਕੌਰ ਜੀ ਦੀ ਪੰਥਕ ਘਾਲਣਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ। ਉਹਨਾਂ ਦੇ ਸਰੀਰਕ ਵਿਛੋੜੇ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਅਹਿਦ ਕਰਦੇ ਹਾਂ ਕਿ ਸ਼ਹੀਦਾਂ ਦਾ ਡੁੱਲਿਆ ਖ਼ੂਨ ਅਜਾਈ ਨਹੀਂ ਜਾਣ ਦਿਆਂਗੇ ਤੇ ਉਹਨਾਂ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦਿੰਦੇ ਹੋਏ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਰਹਾਂਗੇ।
Author: Gurbhej Singh Anandpuri
ਮੁੱਖ ਸੰਪਾਦਕ